22.4 C
Toronto
Saturday, September 13, 2025
spot_img
Homeਜੀ.ਟੀ.ਏ. ਨਿਊਜ਼ਘਰੇਲੂ ਹਿੰਸਾ ਕਾਰਨ ਸਾਰਾ ਸਾਲ ਭਰੇ ਰਹਿੰਦੇ ਹਨ ਕੈਨੇਡਾ 'ਚ ਆਸਰਾ ਘਰ

ਘਰੇਲੂ ਹਿੰਸਾ ਕਾਰਨ ਸਾਰਾ ਸਾਲ ਭਰੇ ਰਹਿੰਦੇ ਹਨ ਕੈਨੇਡਾ ‘ਚ ਆਸਰਾ ਘਰ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਘਰੇਲੂ ਹਿੰਸਾ ਦੇ ਮਾਮਲੇ ਲਗਾਤਾਰਤਾ ਨਾਲ ਵਾਪਰਦੇ ਰਹਿੰਦੇ ਹਨ ਅਤੇ ਕਲੇਸ਼ਾਂ, ਕੁਟਾਪਿਆਂ, ਕਤਲਾਂ ਆਦਿ ਦੇ ਅਨੇਕਾਂ ਕੇਸ ਅਦਾਲਤਾਂ ਵਿਚ ਪੁੱਜਦੇ ਹਨ। ਤਸ਼ੱਦਦ ਦਾ ਸ਼ਿਕਾਰ ਹੋ ਰਹੇ ਜੀਵਨ ਸਾਥੀ (ਪਤੀ ਜਾਂ ਪਤਨੀ) ਨੂੰ ਸੁਰੱਖਿਆ ਵਾਸਤੇ ਅਕਸਰ ਕਿਸੇ ਆਸਰਾ ਘਰ ਦਾ ਸਹਾਰਾ ਲੈਣਾ ਪੈ ਜਾਂਦਾ ਹੈ। ਪੁਲਿਸ ਰਾਹੀਂ ਪ੍ਰਾਪਤ ਜਾਣਕਾਰੀ ਅਨੁਸਾਰ ਅਜਿਹੇ ਕੇਸਾਂ ਵਿਚ ਤਸ਼ੱਦਦ ਦਾ ਸ਼ਿਕਾਰ ਅਕਸਰ ਔਰਤਾਂ ਹੁੰਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਵੀ ਘਰ ਛੱਡ ਕੇ ਆਸਰਾ ਘਰ ਵਿਚ ਜਾਣਾ ਪੈਂਦਾ ਹੈ। 2019 ਦੇ 365 ਦਿਨਾਂ ਦੌਰਾਨ ਟੋਰਾਂਟੋ ਨੇੜੇ ਸਥਿਤ ਮਿਸੀਸਾਗਾ ਅਤੇ ਬਰੈਂਪਟਨ ਸ਼ਹਿਰਾਂ ਵਿਚ ਪੁਲਿਸ ਨੂੰ ਘਰਾਂ ਅੰਦਰ ਆਪਸੀ ਝਗੜਿਆਂ/ਲੜਾਈਆਂ/ਕੁਟਾਪਿਆਂ ਦੀਆਂ ਰਿਕਾਰਡ ਤੋੜ 18377 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ਵਿਚੋਂ 10818 ਸ਼ਿਕਾਇਤਾਂ ਪਤੀ-ਪਤਨੀ ਜਾਂ ਲੜਕੇ-ਲੜਕੀਆਂ ਦੋਸਤਾਂ ਦੇ ਝਗੜਿਆਂ ਦੀਆਂ ਸਨ। ਇਥੇ ਹੀ ਬੱਸ ਨਹੀਂ ਇਨ੍ਹਾਂ ਦੋਵਾਂ ਸ਼ਹਿਰਾਂ ਵਿਚ 2019 ਦੌਰਾਨ ਹੋਏ ਕੁੱਲ 27 ਕਤਲਾਂ ਵਿਚੋਂ 13 ਕਤਲ ਘਰਾਂ ਦੇ ਵਧੇ ਝਗੜਿਆਂ ਦਾ ਸਿੱਟਾ ਸਨ। 11 ਜਨਵਰੀ 2020 ਨੂੰ ਬਰੈਂਪਟਨ ਵਿਖੇ ਇਸ ਸਾਲ ਘਰੇਲੂ ਹਿੰਸਾ ਦਾ ਪਹਿਲਾ ਕਤਲ ਹੀਰਲ ਪਟੇਲ ਦਾ ਸੀ, ਜਿਸ ਤੋਂ ਬਾਅਦ ਉਸ ਮ੍ਰਿਤਕਾ ਦੇ ਸਾਬਕਾ ਪਤੀ ਰਾਕੇਸ਼ਬਾਈ ਪਟੇਲ ਨੇ ਖੁਦਕੁਸ਼ੀ ਕਰ ਲਈ ਸੀ। ਗੁੱਸੇ, ਜ਼ਿੱਦਾਂ, ਅੜੀਆਂ ਕਾਰਨ ਰਿਸ਼ਤਿਆਂ ਵਿਚ ਵਿਗਾੜ ਪੈਣਾ ਲਗਾਤਾਰਤਾ ਨਾਲ ਜਾਰੀ ਰਹਿ ਰਿਹਾ ਹੈ, ਜਿਸ ਕਰਕੇ ਦੇਸ਼ ਵਿਚ ਉਪਲੱਬਧ ਆਸਰਾ ਘਰ ਪੀੜਤ ਔਰਤਾਂ ਅਤੇ ਬੱਚਿਆਂ ਨਾਲ ਭਰੇ ਰਹਿੰਦੇ ਹਨ। ਇਹ ਵੀ ਕਿ ਆਸਰਾ ਘਰ ਭਰੇ ਰਹਿੰਦੇ ਹੋਣ ਕਰਕੇ ਬਹੁਤ ਸਾਰੇ ਮਾਮਲਿਆਂ ਵਿਚ ਪੀਤੜਾਂ ਨੂੰ ਕਿਤੇ ਢੋਹੀ ਨਹੀਂ ਮਿਲਦੀ ਤਾਂ ਉਨ੍ਹਾਂ ਨੂੰ ਆਪਣੇ ਘਰ ਵਿਚ ਝਗੜਾਲੂ ਤਸ਼ੱਦਦੀ ਵਿਅਕਤੀ ਨਾਲ ਦਿਨ ਕਟੀ ਕਰਦੇ ਰਹਿਣਾ ਪੈਂਦਾ ਹੈ, ਜਿਸ ਕਰਕੇ ਖੁਦਕੁਸ਼ੀਆਂ ਤੱਕ ਦੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਇਸੇ ਕਾਰਨ ਕੈਨੇਡਾ ਵਿਚ ਹੋਰ ਆਸਰਾ ਘਰ (ਅਪਾਰਟਮੈਂਟ) ਉਸਾਰਨ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਘਰੇਲੂ ਹਿੰਸਾ ਕਿਤੇ ਇਕ ਭਾਈਚਾਰੇ ਤੱਕ ਸੀਮਤ ਨਹੀਂ ਹੈ ਅਤੇ ਕੈਨੇਡਾ ਵਿਚ ਚੰਗਾ ਜੀਵਨ ਜਿਉਣ ਦਾ ਸੁਪਨਾ ਲੈ ਕੇ ਪੁੱਜੇ ਵਿਅਕਤੀ/ਪਰਿਵਾਰਾਂ ਦੇ ਭਾਈਚਾਰੇ ਵੀ ਇਸ ਵਿਚ ਸ਼ਾਮਿਲ ਹਨ। ਟੋਰਾਂਟੋ ਅਤੇ ਵੈਨਕੁਵਰ ਇਲਾਕਿਆਂ ‘ਚ ਸਥਿਤ ਆਸਰਾ ਘਰਾਂ ਵਿਚ ਦੋਵਾਂ ਪੰਜਾਬਾਂ (ਭਾਰਤ ਤੇ ਪਾਕਿਸਤਾਨ) ਦੇ ਨਾਲ ਨਾਲ ਅਫਗਾਨਸਿਤਾਨ, ਸ੍ਰੀ ਲੰਕਾ, ਬੰਗਲਾਦੇਸ਼, ਚੀਨ, ਫਿਲਪਾਈਨ ਦੀਆਂ ਘਰੇਲੂ ਹਿੰਸਾ ਤੋਂ ਪੀੜਤ ਔਰਤਾਂ ਦਾ ਹੋਣਾ ਆਮ ਵਰਤਾਰਾ ਹੈ। ਆਸਰਾ ਘਰ ਵਿਚ ਠਹਿਰ 30 ਦਿਨਾਂ ਤੱਕ ਦੀ ਸੀਮਤ ਹੁੰਦੀ ਹੈ, ਜਿਸ ਦੌਰਾਨ ਉਨ੍ਹਾਂ ਨੂੰ ਆਪਣੀ ਰਿਹਾਇਸ਼ ਦਾ ਪ੍ਰਬੰਧ ਕਰਨਾ ਪੈਂਦਾ ਹੈ, ਪਰ ਕੈਨੇਡਾ ਵਿਚ ਰਿਹਾਇਸ਼ ਮਹਿੰਗੀ ਹੋਣ ਕਾਰਨ ਇਕੱਲੀ ਔਰਤ ਵਾਸਤੇ ਕਿਫ਼ਾਇਤੀ ਮਕਾਨ ਲੱਭਣਾ ਸੌਖਾ ਕੰਮ ਨਹੀਂ ਹੈ।

RELATED ARTICLES
POPULAR POSTS