ਓਟਵਾ/ਬਿਊਰੋ ਨਿਊਜ਼ : ਇਸ ਸਮੇਂ ਫੈਡਰਲ ਹੈਲਥ ਕੇਅਰ ਫੰਡਿੰਗ ਡੀਲ ਸੁਰਖੀਆਂ ਵਿੱਚ ਹੋਣ ਦੇ ਨਾਲ ਨਾਲ ਹੈਲਥ ਕੇਅਰ, ਮਹਿੰਗਾਈ ਤੇ ਅਰਥਚਾਰੇ ਵਰਗੇ ਮਸਲੇ ਪੂਰੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਅਜਿਹੇ ਵਿੱਚ ਲਿਬਰਲਾਂ ਨੂੰ ਇੱਕ ਵਾਰੀ ਮੁੜ ਵੋਟਰਾਂ ਦਾ ਸਮਰਥਨ ਮਿਲਣ ਕਾਰਨ ਕੰਸਰਵੇਟਿਵਾਂ ਨਾਲ ਉਨ੍ਹਾਂ ਦਾ ਸਖ਼ਤ ਮੁਕਾਬਲਾ ਚੱਲ ਰਿਹਾ ਹੈ।
ਇੱਕ ਪ੍ਰੋਗਰਾਮ ਵਿੱਚ ਗੱਲ ਕਰਦਿਆਂ ਨੈਨੋਜ਼ ਰਿਸਰਚ ਗਰੁੱਪ ਦੇ ਚੇਅਰਮੈਨ ਨਿੱਕ ਨੈਨੋਜ਼ ਨੇ ਆਖਿਆ ਕਿ ਇਸ ਸਮੇਂ ਹੈਲਥ ਕੇਅਰ ਕੌਮੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਲਿਬਰਲਾਂ ਦੀ ਹੈਲਥ ਕੇਅਰ ਫੰਡਿੰਗ ਡੀਲ ਨੂੰ ਸਵੀਕਾਰਨ ਲਈ ਕੈਨੇਡਾ ਦੇ ਪ੍ਰੀਮੀਅਰਜ਼ ਵੱਲੋਂ ਹਾਮੀ ਭਰੀ ਗਈ ਹੈ। ਪਿਛਲੇ ਇੱਕ ਹਫਤੇ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਮੁੱਦੇ ਕਾਰਨ ਸਾਰੇ ਪਾਸੇ ਚਰਚਾ ਵਿੱਚ ਹਨ। ਇਸ ਨਾਲ ਪਿਛਲੇ ਚਾਰ ਹਫਤਿਆਂ ਤੋਂ ਹਵਾ ਦਾ ਰੁਖ ਲਿਬਰਲਾਂ ਵੱਲ ਨਜ਼ਰ ਆ ਰਿਹਾ ਹੈ। ਨੈਨੋਜ਼ ਵੱਲੋਂ ਰੱਖੀ ਜਾ ਰਹੀ ਪਲ-ਪਲ ਦੀ ਖਬਰ ਵਿੱਚ ਦਸੰਬਰ ਤੋਂ ਕੰਸਰਵੇਟਿਵ, ਲਿਬਰਲਾਂ ਤੋਂ ਅੱਗੇ ਚੱਲ ਰਹੇ ਸਨ ਪਰ ਜਨਵਰੀ ਦੇ ਮੱਧ ਤੋਂ ਲਿਬਰਲਾਂ ਨੂੰ ਵੋਟਰਾਂ ਦਾ ਸਕਾਰਾਤਮਕ ਸਮਰਥਨ ਮਿਲਣ ਲੱਗਿਆ ਜਿਸ ਕਾਰਨ ਹੁਣ ਦੋਵਾਂ ਪਾਰਟੀਆਂ ਵਿੱਚ ਫਰਕ ਬਹੁਤ ਘੱਟ ਰਹਿ ਗਿਆ ਹੈ। ਇਸ ਸਮੇਂ ਹਾਲਾਤ ਇਹ ਹਨ ਕਿ ਦੋਵਾਂ ਪਾਰਟੀਆਂ ਨੂੰ 33 ਫੀਸਦੀ ਅੰਕਾਂ ਦਾ ਸਮਰਥਨ ਹਾਸਲ ਹੋ ਰਿਹਾ ਹੈ ਤੇ ਦੋਵਾਂ ਵਿੱਚ ਫਸਵਾਂ ਮੁਕਾਬਲਾ ਚੱਲ ਰਿਹਾ ਹੈ। ਨੈਨੋਜ਼ ਨੇ ਆਖਿਆ ਕਿ ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਕਿਫਾਇਤੀ ਘਰਾਂ ਤੇ ਕਾਨੂੰਨ ਅਤੇ ਵਿਵਸਥਾ ਵਰਗੇ ਮੁੱਦਿਆਂ ਨੂੰ ਲੈ ਕੇ ਲਿਬਰਲਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰੀ ਰੱਖਦੇ ਹਨ ਪਰ ਹੈਲਥ ਕੇਅਰ ਦੇ ਮੁੱਦੇ ਉੱਤੇ ਉਨ੍ਹਾਂ ਵੱਲੋਂ ਚੁੱਪ ਵੱਟੀ ਹੋਈ ਹੈ। ਇਸ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਦੇ ਸਮਰਥਨ ਵਿੱਚ ਵੀ ਵਾਧਾ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਨੂੰ ਇਸ ਸਮੇਂ 21 ਫੀਸਦੀ ਵੋਟਰਾਂ ਦਾ ਸਮਰਥਨ ਹਾਸਲ ਹੋ ਰਿਹਾ ਹੈ। ਇਹ ਲਿਬਰਲਾਂ ਲਈ ਖਤਰੇ ਦੀ ਘੰਟੀ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਦਾ ਐਨਡੀਪੀ ਨਾਲ ਕੌਨਫੀਡੈਂਸ ਐਂਡ ਸਪਲਾਈ ਸਮਝੌਤਾ ਹੋਇਆ ਪਿਆ ਹੈ।