ਕੈਨੇਡਾ ਦੀ ਰੱਖਿਆ ਨੀਤੀ ਬਾਰੇ ਜਨਤਕ ਤੌਰ ‘ਤੇ ਕਰਾਂਗੇ ਸਲਾਹ-ਮਸ਼ਵਰਾ : ਰੱਖਿਆ ਮੰਤਰੀ ਹਰਜੀਤ ਸੱਜਣ
ਓਟਵਾ/ਬਿਊਰੋ ਨਿਊਜ਼ : ਦੇਸ਼ ਦੀ ਜਨਤਾ ਰੱਖਿਆ ਨੀਤੀ ਬਾਰੇ ਕੀ ਵਿਚਾਰ ਰੱਖਦੀ ਹੈ ਇਹ ਜਾਨਣ ਲਈ ਹੁਣ ਟਰੂਡੋ ਸਰਕਾਰ ਨੇ ਇਕ ਮੁਹਿੰਮ ਚਲਾਉਣ ਦਾ ਉਪਰਾਲਾ ਕੀਤਾ ਹੈ। ਰਾਸ਼ਟਰ ਪੱਧਰ ‘ਤੇ ਬਹਿਸ ਛੇੜਨ ਦੇ ਇਰਾਦੇ ਨਾਲ ਸਰਕਾਰ ਕੈਨੇਡਾ ਦੀ ਰੱਖਿਆ ਨੀਤੀ ਬਾਰੇ ਜਨਤਕ ਤੌਰ ‘ਤੇ ਸਲਾਹ ਮਸ਼ਵਰਾ ਸ਼ੁਰੂ ਕਰਨ ਜਾ ਰਹੀ ਹੈ। ਇਹ ਖੁਲਾਸਾ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਕੀਤਾ ਗਿਆ। ਸੱਜਣ ਨੇ ਆਖਿਆ ਕਿ ਸ਼ੁਰੂ ਹੋਈ ਜਨਤਕ ਪੜਚੋਲ ਦੌਰਾਨ ਆਪਣੀ ਰਾਇ ਰੱਖਣ ਲਈ ਲੋਕਾਂ ਨੂੰ ਸੱਦਾ ਦਿੱਤਾ ਜਾਵੇਗਾ ਤੇ ਇਹ ਸਿਲਸਿਲਾ ਜੁਲਾਈ ਦੇ ਅੰਤ ਤੱਕ ਚੱਲੇਗਾ । 31 ਜੁਲਾਈ ਤੱਕ ਕੈਨੇਡੀਅਨ ਇਸ ਸਬੰਧ ਵਿੱਚ ਆਪਣੀ ਫੀਡਬੈਕ ਆਨਲਾਈਨ ਸਬਮਿਟ ਕਰ ਸਕਦੇ ਹਨ। ਇਸ ਸਬੰਧ ਵਿੱਚ ਸਰਕਾਰ ਦੇਸ਼ ਭਰ ਵਿੱਚ ਛੇ ਗੋਲਮੇਜ਼ ਮੀਟਿੰਗਾਂ ਵੀ ਕਰਾਵੇਗੀ। ਸੱਜਣ ਨੇ ਦੱਸਿਆ ਕਿ ਇਸ ਨਾਲ ਸਰਕਾਰ ਨੂੰ ਨਵੀਆਂ ਰੱਖਿਆ ਨੀਤੀਆਂ ਬਣਾਉਣ ਵਿੱਚ ਮਦਦ ਮਿਲੇਗੀ ਤੇ ਜਿਨ੍ਹਾਂ ਨੂੰ ਸਰਕਾਰ 2017 ਦੇ ਸ਼ੁਰੂ ਵਿੱਚ ਜਾਰੀ ਕਰੇਗੀ। ਸੱਜਣ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਸਾਰੇ ਕੈਨੇਡੀਅਨਜ਼ ਇਸ ਮੁਹਿੰਮ ਵਿੱਚ ਹਿੱਸਾ ਲੈਣ। ਉਨ੍ਹਾਂ ਆਖਿਆ ਕਿ ਭਾਵੇਂ ਘਰੇਲੂ ਜਾਂ ਕੌਮਾਂਤਰੀ ਮੁਹਾਜ ਹੋਵੇ ਸੁਰੱਖਿਆ ਨੂੰ ਲੈ ਕੇ ਨਵੀਆਂ ਚੁਣੌਤੀਆਂ ਨਾਲ ਸਾਨੂੰ ਕਿਸ ਤਰ੍ਹਾਂ ਸਿੱਝਣਾ ਚਾਹੀਦਾ ਹੈ ਇਸ ਬਾਰੇ ਕੈਨੇਡੀਅਨਾਂ ਦੀ ਰਾਇ ਜਾਨਣਾ ਉਨ੍ਹਾਂ ਲਈ ਬਹੁਤ ਜ਼ਰੂਰੀ ਹੈ। ਇਹ ਚੁਣੌਤੀਆਂ ਆਈਐਸਆਈਐਸ ਤੇ ਬੋਕੋ ਹਰਮ ਤੋਂ ਲੈ ਕੇ ਸਾਈਬਰ ਕ੍ਰਾਈਮ ਤੱਕ ਹੋ ਸਕਦੀਆਂ ਹਨ। ਸਮਾਂ ਬਦਲ ਚੁੱਕਿਆ ਹੈ ਤੇ ਸਾਨੂੰ ਆਪਣੇ ਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਲਈ ਇਸ ਉੱਤੇ ਮੁੜ ਆਪਣਾ ਧਿਆਨ ਕੇਂਦਰਿਤ ਕਰਨਾ ਹੋਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …