ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਲਈ ਬਰੈਂਪਟਨ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ‘ਚ
ਬਰੈਂਪਟਨ/ਬਿਊਰੋ ਨਿਊਜ : ਛੇਤੀ ਹੀ ਬਰੈਂਪਟਨ ਵਿਚ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ਨੂੰ ਲੈ ਕੇ ਨਵਾਂ ਕਾਨੂੰਨ ਬਣ ਜਾਵੇਗਾ, ਜਿਸ ਦੇ ਬਣਨ ਤੋਂ ਬਾਅਦ ਬਿਨਾ ਪਰਮਿਟ ਤੋਂ ਨਾ ਤਾਂ ਪਟਾਕਿਆਂ ਦੀ ਵਿਕਰੀ ਹੋ ਸਕੇਗੀ ਅਤੇ ਨਾ ਹੀ ਚਲਾਏ ਜਾ ਸਕਣਗੇ।
ਕੌਂਸਲ ਨੇ ਆਪਣੇ ਸਟਾਫ਼ ਨੂੰ ਪਟਾਕਿਆਂ ਦੇ ਸਬੰਧ ‘ਚ ਉਪ ਕਾਨੂੰਨ ਨੂੰ ਸੋਧਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਬਰੈਂਪਟਨ ਖੇਤਰ ਵਿਚ ਵੱਖੋ-ਵੱਖ ਮੌਕਿਆਂ ‘ਤੇ ਜਿਨ੍ਹਾਂ ਵਿਚ ਵਿਕਟੋਰੀਆ ਡੇਅ, ਕੈਨੇਡਾ ਡੇਅ, ਦੀਵਾਲੀ ਅਤੇ ਨਵੇਂ ਸਾਲ ਆਦਿ ਦੇ ਮੌਕੇ ‘ਤੇ ਰਾਤ ਨੂੰ ਚੱਲਣ ਵਾਲੇ ਪਟਾਕਿਆਂ ਲਈ ਪਰਮਿਟ ਲਾਜ਼ਮੀ ਕੀਤਾ ਜਾ ਸਕੇ। ਪਰ ਇਸ ਦੇ ਨਾਲ ਹੀ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਛੋਟੀ ਰੇਂਜ ਵਾਲੇ ਪਟਾਕਿਆਂ ਲਈ ਪਰਮਿਟ ਦੀ ਲੋੜ ਨਹੀਂ ਪਵੇਗੀ। ਪਰ ਨਵਾਂ ਕਾਨੂੰਨ ਬਣਨ ਤੋਂ ਬਾਅਦ ਵੱਡੀ ਰੇਂਜ ਵਾਲੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਲਈ ਪਰਮਿਟ ਲਾਜ਼ਮੀ ਹੋਵੇਗਾ। ਜੇਕਰ ਪਟਾਕਿਆਂ ਨੂੰ ਲੈ ਕੇ ਸੋਧ ਕਾਨੂੰਨ ਬਰੈਂਪਟਨ ਕੌਂਸਲ ਵੱਲੋਂ ਪੇਸ਼ ਕਰਨ ਤੋਂ ਬਾਅਦ ਪਾਸ ਕਰ ਦਿੱਤਾ ਜਾਂਦਾ ਹੈ ਤਾਂ ਉਹ ਪਟਾਕੇ ਜੋ 10 ਫੁੱਟ (3 ਮੀਟਰ) ਦੀ ਦੂਰੀ ਤੋਂ ਦੂਰ ਜਾ ਸਕਦੇ ਹਨ ਉਨ੍ਹਾਂ ਨੂੰ ਵੱਡੀ ਰੇਂਜ ਵਿਚ ਰੱਖਦਿਆਂ ਉਨ੍ਹਾਂ ਲਈ ਪਰਮਿਟ ਲਾਜ਼ਮੀ ਹੋ ਜਾਵੇਗਾ ਜਦੋਂਕਿ 10 ਫੁੱਟ ਦੇ ਦਾਇਰੇ ਵਿਚ ਰਹਿਣ ਵਾਲੇ ਪਟਾਕਿਆਂ ਨੂੰ ਛੋਟੀ ਰੇਂਜ ਵਿਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਲਈ ਬਿਨਾ ਪਰਮਿਟ ਤੋਂ ਵਰਤਣ ਦੀ ਇਜਾਜ਼ਤ ਕਾਇਮ ਰਹੇਗੀ।
ਧਿਆਨ ਰਹੇ ਕਿ ਉਕਤ ਸਿਫਾਰਸ਼ਾਂ ਨੂੰ ਨਵੇਂ ਕਾਨੂੰਨ ਦਾ ਜਾਮ ਪਹਿਨਾਉਣ ਤੋਂ ਪਹਿਲਾਂ ਪਟਾਕੇ ਵੇਚਣ ਵਾਲਿਆਂ, ਪਟਾਕਾ ਉਦਯੋਗ ਐਸੋਸੀਏਸ਼ਨ ਵੱਖੋ-ਵੱਖ ਧਾਰਮਿਕ ਸਥਾਨਾਂ ਦੇ ਆਗੂਆਂ ਨਾਲ ਲੜੀਵਾਰ ਮੀਟਿੰਗ ਦਾ ਦੌਰ ਚਲਦਾ ਰਿਹਾ। ਇਨ੍ਹਾਂ ਮੀਟਿੰਗਾਂ ਅਤੇ ਆਮ ਜਨਤਾ ਤੋਂ ਮਿਲੀਆਂ ਟਿੱਪਣੀਆਂ ਤੋਂ ਬਾਅਦ ਇਹ ਸਿਫਾਰਸ਼ਾਂ ਦੇ ਰੂਪ ਵਿਚ ਸਹਮਣੇ ਆਈਆਂ। ਹਾਂ ਜਦੋਂ ਉਪ ਕਾਨੂੰਨ ਵਿਚ ਸੋਧ ਨਹੀਂ ਹੋ ਜਾਂਦੀ ਅਤੇ ਕੌਂਸਲ ਵੱਲੋਂ ਇਸ ਨੂੰ ਪ੍ਰਵਾਨਗੀ ਨਹੀਂ ਦੇ ਦਿੱਤੀ ਜਾਂਦੀ ਤਦ ਤੱਕ ਸਾਰੇ ਉਪਭੋਗਤਾ ਪਟਾਕਿਆਂ ਲਈ ਮੁਫ਼ਤ ਪਰਮਿਟ ਵਾਲੀ ਵਰਤਮਾਨ ਪ੍ਰਕਿਰਿਆ ਜਾਰੀ ਰਹੇਗੀ ਅਤੇ ਉਨ੍ਹਾਂ ਦੀਆਂ ਦਰਖਾਸਤਾਂ ‘ਤੇ ਮਾਮਲਾ ਦਰ ਮਾਮਲਾ ਆਧਾਰ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਜਿੱਥੇ ਸਲਾਨਾ ਲਾਇਸੰਸ ਫੀਸ ਦਾ ਨਿਯਮ ਲਾਗੂ ਹੋਵੇਗਾ ਉਥੇ ਪਟਾਕਿਆਂ ਨੂੰ ਚਲਾਉਣ ਅਤੇ ਵੇਚਣ ਦੇ ਦੌਰਾਨ ਇਨ੍ਰਾਂ ਦੀ ਸੁਰੱਖਿਅਤ ਢੰਗ ਨਾਲ ਵਰਤੋਂ ਲਈ ਸਿਖਲਾਈ ਮੁਹਿੰਮ ਵੀ ਵਿੱਢੀ ਜਾਵੇਗੀ। ਇਸ ਦੇ ਨਾਲ-ਨਾਲ ਸੜਕਾਂ ਕਿਨਾਰੇ ਪੈਦਲ ਤੁਰਨ ਦੇ ਰਸਤਿਆਂ, ਸਕੂਲ ਯਾਰਡਾਂ ਅਤੇ ਹੋਰ ਪਬਲਿਕ ਥਾਵਾਂ ‘ਤੇ ਪਟਾਕਿਆਂ ਦੀ ਵਰਤੋਂ ‘ਤੇ ਮਨਾਹੀ ਜਾਰੀ ਰਹੇਗੀ।
ਪਰਮਿਟ ਨਹੀਂ ਜ਼ਰੂਰੀ : ਅਨਾਰ, ਚਕਰੀ, ਫੁੱਲਝੜੀਆਂ ਆਦਿ ਛੋਟੀ ਰੇਂਜ ਵਾਲੇ ਪਟਾਕਿਆਂ ਦੇ ਦਾਇਰੇ ਵਿਚ ਆਉਣਗੇ, ਜਿਨ੍ਹਾਂ ਦੀ 10 ਫੁੱਟ (3 ਮੀਟਰ) ਤੋਂ ਦੂਰ ਜਾਣ ਦੀ ਸੰਭਾਵਨਾ ਨਹੀਂ। ਇਨ੍ਹਾਂ ਦੀ ਵਰਤੋਂ ਲਈ ਪਰਮਿਟ ਜ਼ਰੂਰੀ ਨਹੀਂ।
ਪਰਮਿਟ ਜ਼ਰੂਰੀ : ਰੋਮਨ ਮੋਮਬੱਤੀਆਂ, ਆਤਿਸ਼ਬਾਜ਼ੀਆਂ, ਰਾਕੇਟ, ਬੰਬ, ਉਡਦੀਆਂ ਲਾਲਟੈਣਾਂ ਆਦਿ ਵੱਡੀ ਰੇਂਜ ਵਾਲੇ ਪਟਾਕਿਆਂ ਦੇ ਦਾਇਰੇ ‘ਚ ਆਉਣਗੇ, ਜਿਨ੍ਹਾਂ ਦੀ 10 ਫੁੱਟ (3 ਮੀਟਰ) ਤੋਂ ਦੂਰ ਜਾਣ ਦੀ ਸੰਭਾਵਨਾ ਹੈ।
ਸਾਡੇ ਨਿਵਾਸੀਆਂ, ਸਥਾਨਕ ਸਮੂਹ ਭਾਈਚਾਰੇ ਅਤੇ ਧਾਰਮਿਕ ਸਮੂਹਾਂ ਦੇ ਨਾਲ-ਨਾਲ ਪਟਾਕਾ ਉਦਯੋਗ ਨਾਲ ਸਬੰਧਤ ਲੋਕਾਂ ਨਾਲ ਹੋਏ ਵਿਚਾਰ-ਵਟਾਂਦਰੇ ਤੋਂ ਬਾਅਦ ਬਰੈਂਪਟਨ ਵਿਚ ਪਟਾਕਿਆਂ ਦੀ ਵਰਤੋਂ ਲਈ ਨਵੇਂ ਨਿਯਮ ਸਥਾਪਤ ਕੀਤੇ ਜਾ ਰਹੇ ਹਨ। ਨਵੇਂ ਨਿਯਮਾਂ ਨਾਲ ਸਾਡੇ ਨਿਵਾਸੀ ਆਪਣੀ ਸਿਹਤ ਅਤੇ ਸੁਰੱਖਿਆ ਨੂੰ ਮੁੱਖ ਤਰਜੀਹ ਦਿੰਦੇ ਹੋਏ ਧਾਰਮਿਕ ਅਤੇ ਦੂਜੇ ਤਿਉਹਾਰਾਂ ਦੀਆਂ ਛੁੱਟੀਆਂ ਦੌਰਾਨ ਆਪਣੀ ਖੁਸ਼ੀ ਨੂੰ ਹੋਰ ਵੀ ਸੁਰੱਖਿਅਤ ਢੰਗ ਨਾਲ ਪ੍ਰਗਟਾ ਸਕਣਗੇ।
-ਮੇਅਰ ਲਿੰਡਾ ਜੈਫਰੀ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …