Breaking News
Home / ਮੁੱਖ ਲੇਖ / ਪੰਜਾਬ ‘ਚ ਆਪਣਾ ਹੀ ਨੁਕਸਾਨ ਕਰ ਰਹੀ ਹੈ ‘ਆਪ’

ਪੰਜਾਬ ‘ਚ ਆਪਣਾ ਹੀ ਨੁਕਸਾਨ ਕਰ ਰਹੀ ਹੈ ‘ਆਪ’

316844-1rZ8qx1421419655-300x225ਦਰਬਾਰਾ ਸਿੰਘ ਕਾਹਲੋਂ
ਦੋ ਸਾਲ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਸਮੇਂ ਪੰਜਾਬ ਦੇ ਧਾਰਮਿਕ ਅਤੇ ਮਿਹਨਤਕਸ਼ ਬਿਰਤੀ ਵਾਲੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਰਾਜ ਅੰਦਰ ਸਰਕਾਰ ਅਤੇ ਸੱਤਾ ਸ਼ਕਤੀ ਦੇ ਨਾਲ-ਨਾਲ ਕਾਂਗਰਸ, ਬਹੁਜਨ ਸਮਾਜ ਪਾਰਟੀ, ਖੱਬੇ ਪੱਖੀ ਪਾਰਟੀਆਂ ਅਤੇ ਸਿੱਖ ਰੈਡੀਕਲ ਰਾਜਨੀਤਕ ਗਰੁੱਪਾਂ ਦੀ ਅਗਵਾਈ ਨੂੰ ਨਕਾਰ ਦਿੱਤਾ ਸੀ। ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੀ ਲਹਿਰ ਖੜ੍ਹੀ ਕੀਤੀ ਜਿਸ ਦਾ ਸੂਬੇ ਵਿੱਚ ਨਾ ਕੋਈ ਰਾਜਨੀਤਕ ਆਗੂ ਸੀ ਅਤੇ ਨਾ ਹੀ ਵਿਚਾਰਧਾਰਾ, ਜਥੇਬੰਦੀ ਅਤੇ ਪਾਰਟੀ ਕਾਡਰ ਸੀ। ਸੂਬੇ ਦੇ ਲੋਕਾਂ ਨੇ ਇਸ ਪਾਰਟੀ ਦੇ ਚਾਰ ਉਮੀਦਵਾਰ ਜਿਤਾ ਕੇ ਉਸ ਦੀ ਅਤੇ ਉਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਲਾਜ ਰੱਖ ਲਈ। ਇਸ ਪਾਰਟੀ ਨੇ ਪੂਰੇ ਦੇਸ਼ ਅੰਦਰ 434 ਉਮੀਦਵਾਰ ਖੜ੍ਹੇ ਕੀਤੇ ਸਨ ਜਿਨ੍ਹਾਂ ਵਿੱਚੋਂ ਸਿਰਫ਼ ਪੰਜਾਬ ਅੰਦਰ ਪੰਜਾਬੀਆਂ ਨੇ ਇਸ ਦੇ ਚਾਰ ਉਮੀਦਵਾਰ ਜਿਤਾਏ। ਬਾਕੀ ਸਭ, ਸਮੇਤ ਕੇਜਰੀਵਾਲ, ਹਾਰ ਗਏ ਅਤੇ ਇਨ੍ਹਾਂ ਵਿੱਚੋਂ ਵਧੇਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।
ਪੰਜਾਬੀਆਂ ਨੇ ਤਾਂ ਆਮ ਆਦਮੀ ਪਾਰਟੀ ਲਈ ਇੱਕ ਤਾਕਤਵਰ ਜਨਤਕ ਲਹਿਰ ਦੀ ਸਿਰਜਣਾ ਕੀਤੀ ਸੀ ਅਤੇ ਸੱਤਾਧਾਰੀ ਅਕਾਲੀ-ਭਾਜਪਾ ਅਤੇ ਸਥਾਪਿਤ ਕਾਂਗਰਸ ਦੇ ਤਾਕਤਵਰ ਸੰਗਠਨ ਨੂੰ ਵਖਤ ਪਾ ਦਿੱਤਾ ਸੀ, ਹੁਣ ਇਸ ਪਾਰਟੀ ਦੇ ਗ਼ੈਰ-ਪੰਜਾਬੀ ਅਤੇ ਕੱਚ-ਘਰੜ ਆਗੂਆਂ ਨੇ ਆਪਣੇ ਤੁਗ਼ਲਕੀ ਅਤੇ ਅਹਿਮਕਾਨਾ ਕਾਰਿਆਂ ਅਤੇ ਫ਼ੈਸਲਿਆਂ ਰਾਹੀਂ ਖ਼ੁਦ ਆਪਣੇ ਵਿਰੁੱਧ ਹੀ ਲਹਿਰ ਖੜ੍ਹੀ ਕਰ ਲਈ ਹੈ। ਅਕਾਲੀ-ਭਾਜਪਾ ਗੱਠਜੋੜ ਜਾਂ ਕਾਂਗਰਸ ਦੇ ਜਿਹੜੇ ਆਗੂ ਇਸ ਨਵੀਂ ਪਾਰਟੀ ਦੀ ਰਾਜਨੀਤਕ ਪਰਿਵਰਤਨਸ਼ੀਲ ਲਹਿਰ ਤੋਂ ਚਿੰਤਿਤ ਨਜ਼ਰ ਆ ਰਹੇ ਸਨ, ਅੱਜ ਉਨ੍ਹਾਂ ਨੇ ਇਸ ਵਿਰੁੱਧ ਹਮਲਾਵਰ ਰੁਖ਼ ਅਪਣਾ ਲਿਆ ਹੈ। ਦਰਅਸਲ ਇਸ ਪਾਰਟੀ ਦੇ ਬਾਹਰੀ ਗ਼ੈਰ-ਪੰਜਾਬੀ ਅਤੇ ਅੰਦਰੂਨੀ ਰਾਜਨੀਤੀ ਪੱਖੋਂ ਦਿਸ਼ਾਹੀਣ ਆਗੂ ਆਮ ਆਦਮੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਰਾਹ ਪੈ ਗਏ ਹਨ। ਇਨ੍ਹਾਂ ਕੌਮੀ ਆਗੂਆਂ ਨੂੰ ਹਰਿੰਦਰ ਸਿੰਘ ਖ਼ਾਲਸਾ ਅਤੇ ਧਰਮਵੀਰ ਗਾਂਧੀ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦਾ ਕੋਈ ਹੱਕ ਨਹੀਂ ਸੀ ਕਿਉਂਕਿ ਉਹ ਦੋਵੇਂ ਪਰਿਵਰਤਨਸ਼ੀਲ ਪ੍ਰਗਤੀਸ਼ੀਲ ਲਹਿਰ ਦੇ ਹਰਕਾਰੇ ਪੰਜਾਬੀਆਂ ਦੇ ਨੁਮਾਇੰਦੇ ਹਨ। ਇਵੇਂ ਡਾਕਟਰ ਦਲਜੀਤ ਸਿੰਘ ਤੇ ਜੱਸੀ ਜਸਰਾਜ ਆਦਿ ਵਰਗੇ ਆਗੂਆਂ ਨੂੰ ਪਾਰਟੀ ਤੋਂ ਲਾਂਭੇ ਕਰਨ ਦਾ ਕੋਈ ਹੱਕ ਨਹੀਂ ਸੀ। ਪਾਰਟੀ ਆਗੂਆਂ ਨੇ ਪ੍ਰਸਿੱਧ ਸਿੱਖ ਵਕੀਲ ਹਰਵਿੰਦਰ ਸਿੰਘ ਫੂਲਕਾ, ਜਿਸ ਨੇ ਜੀਵਨ ਦਾ ਵੱਡਾ ਹਿੱਸਾ ਦਿੱਲੀ ਅਤੇ ਹੋਰ ਥਾਵਾਂ ‘ਤੇ ਨਵੰਬਰ 1984 ਸਿੱਖ ਕਤਲੇਆਮ ਪੀੜਤ ਸਿੱਖ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਲੇਖੇ ਲਗਾ ਦਿੱਤਾ, ਨੂੰ ਪਾਰਟੀ ਅੰਦਰ ਨੀਵਾਂ ਵਿਖਾਉਣ ਅਤੇ ਯੋਗ ਜ਼ਿੰਮੇਵਾਰ ਅਗਵਾਈ ਨਾ ਸੌਂਪਣ ਜਿਹੇ ਤੁਗ਼ਲਕੀ ਫ਼ੈਸਲਿਆਂ ਰਾਹੀਂ ਪੰਜਾਬੀਆਂ ਅਤੇ ਸਿੱਖਾਂ ਦੇ ਸਨਮਾਨ ਨੂੰ ਵੱਡੀ ਠੇਸ ਪਹੁੰਚਾਈ ਹੈ।
ਦੇਸ਼ ਅਤੇ ਪੰਜਾਬ ਵਿੱਚ ਲੋਕਾਂ ਨੂੰ ਭ੍ਰਿਸ਼ਟਾਚਾਰ ਰਹਿਤ ਜਵਾਬਦੇਹ ਅਤੇ ਪਾਰਦਰਸ਼ੀ ਸਰਕਾਰ ਅਤੇ ਸ਼ਾਸਨ ਦੇਣ ਦੇ ਦਾਅਵੇ ਕਰਨ ਵਾਲੇ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਕਥਿਤ ਤੌਰ ‘ਤੇ ਆਈ.ਏ.ਐਸ. ਅਧਿਕਾਰੀ ਰਾਜਿੰਦਰ ਕੁਮਾਰ ਨੂੰ ਆਪਣਾ ਪ੍ਰਮੁੱਖ ਸਕੱਤਰ ਨਿਯੁਕਤ ਕਰ ਰੱਖਿਆ ਸੀ। ਇਸ ਗੱਲ ਨੇ ਉਨ੍ਹਾਂ ਦੀ ਲੀਡਰਸ਼ਿਪ ‘ਤੇ ਪ੍ਰਸ਼ਨਚਿੰਨ੍ਹ ਲਗਾ ਦਿੱਤਾ ਹੈ। ਉਨ੍ਹਾਂ ਵੱਲੋਂ ਆਪਣੀ ਸਰਕਾਰ ਵਿੱਚ ਭ੍ਰਿਸ਼ਟ ਅਤੇ ਜਾਅਲੀ ਡਿਗਰੀਆਂ ਵਾਲੇ ਲੋਕ ਮੰਤਰੀ ਬਣਾਏ ਗਏ। ਪੰਜਾਬ ਅੰਦਰ ਪੂਰੀ ਰਾਜਨੀਤਕ, ਸੰਗਠਨਾਤਮਿਕ ਅਤੇ ਸੰਘਰਸ਼ਮਈ ਪ੍ਰੋਗਰਾਮ ਉਲੀਕਣ ਦੀ ਜ਼ਿੰਮੇਵਾਰੀ ਗ਼ੈਰ-ਪੰਜਾਬੀ ਅਤੇ ਡਿਕਟੇਟਰਾਨਾ ਬੋਲੀ ਬੋਲਣ ਵਾਲੇ ਸੰਜੈ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਸੌਂਪ ਰੱਖੀ ਹੈ। ਉਹ ਪੰਜਾਬੀ ਆਗੂਆਂ, ਇੱਥੋਂ ਤੱਕ ਕਿ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਟਿੱਚ ਸਮਝਦੇ ਹਨ। ਇਸ ਪਾਰਟੀ ਦੀ ਚੰਡੀਗੜ੍ਹ ਰੈਲੀ ਬੁਰੀ ਤਰ੍ਹਾਂ ਠੁੱਸ ਰਹੀਂ ਇਸ ਤੋਂ ਵੀ ਇਸ ਨੇ ਇਸ ਦੀ ਮਕਬੂਲੀਅਤ ਵਿੱਚ ਆ ਰਹੀ ਕਮੀ ਭਾਂਪਣ ਦੀ ਜ਼ਹਿਮਤ ਨਹੀਂ ਕੀਤੀ।
ਆਮ ਆਦਮੀ ਪਾਰਟੀ ਪੰਜਾਬ ਅੰਦਰ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਭਗੌੜਿਆਂ ਦਾ ਜਮਘਟ ਬਣਦੀ ਜਾ ਰਹੀ ਹੈ। ਖ਼ੁਦ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਸੱਤਾ ਲਾਲਸਾ ਹਿੱਤ ਕਈ ਰਾਜਨੀਤਕ ਪਾਰਟੀਆਂ ਅਤੇ ਗਰੁੱਪ ਬਦਲ ਚੁੱਕੇ ਹਨ। ਪਾਰਟੀ ਵਿੱਚ ਰੰਗ-ਕਰਮੀਆਂ, ਕਲਾਕਾਰਾਂ ਅਤੇ ਕਾਮੇਡੀਅਨਾਂ ਦਾ ਬੋਲ-ਬਾਲਾ ਇਸ ਦੇ ਅਕਸ ਛਬੀ ਨੂੰ ਠੇਸ ਪਹੁੰਚਾ ਰਿਹਾ ਹੈ। ਪਿਛਲੇ ਦਿਨੀਂ ਇੱਕ ਅਧਿਆਪਕ ਦਾ ਕਾਮੇਡੀਅਨ ਪੁੱਤਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਇੱਕ ਨਵਾਂ ਉਡਾਰੀ ਮਾਰ ਕੇ ਪਾਰਟੀ ਵਿੱਚ ਆਇਆ ਕਾਮੇਡੀਅਨ ਗੁਰਪ੍ਰੀਤ ਘੁੱਗੀ, ਪੰਜਾਬ ਵਿੱਚ ਅਜੇ ਸੱਤਾ ਵਿੱਚ ਆਏ ਨਹੀਂ ਪਰ ਅਧਿਆਪਕ ਵਰਗ ਦੀ ਆਲੋਚਨਾ ਕਰਨ ਅਤੇ ਉਨ੍ਹਾਂ ਨੂੰ ਸਬਕ ਸਿਖਾਉਣ ਦੀ ਗੱਲਾਂ ਕਰਨ ਕਰਕੇ ਪਾਰਟੀ ਦੀ ਵੱਡੀ ਬਦਨਾਮੀ ਦਾ ਕਾਰਨ ਬਣੇ। ਬਾਅਦ ਵਿੱਚ ਮੁਆਫ਼ੀ ਮੰਗਣ ਅਤੇ ਸਪਸ਼ਟੀਕਰਨ ਦੀ ਕਵਾਇਦ ਪਾਰਟੀ ਦੇ ਵੱਡੇ ਰਾਜਨੀਤਕ ਨੁਕਸਾਨ ਦੀ ਪੂਰਤੀ ਨਾ ਕਰ ਸਕੀ। ਪੰਜਾਬ ਅੰਦਰ ਜਿਉਂ-ਜਿਉਂ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ-ਤਿਉਂ ਰਾਜਨੀਤਕ ਮੈਦਾਨ ਭਖ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸ਼ਾਂਤ ਪਾਣੀਆਂ ਨੂੰ ਅੱਗ ਲਾਉਣ ਅਤੇ ਰਾਜ ਅੰਦਰ ਭਾਈਚਾਰਕ ਸਾਂਝ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਮਾਹੌਲ ਭੰਗ ਕਰਨ ਲਈ ਪੰਜਾਬ ਵਿਰੋਧੀ ਤਾਕਤਾਂ ਵੀ ਸਰਗਰਮ ਹੋ ਗਈਆਂ ਹਨ। ਬਰਗਾੜੀ ਅਤੇ ਜਵਾਹਰ ਸਿੰਘ ਵਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਅਜੇ ਸਿੱਖ ਸੰਗਤਾਂ ਅਤੇ ਪੰਜਾਬੀਆਂ ਦੇ ਮਨਾਂ ਵਿੱਚ ਤਾਜ਼ੇ ਹਨ ਕਿ ਲੁਧਿਆਣਾ ਵਿਖੇ ਗੀਤਾ ਬੇਅਦਬੀ ਬਾਅਦ ਮੁਸਲਿਮ ਭਾਈਚਾਰੇ ਦੇ ਗੜ੍ਹ ਮਾਲੇਰਕੋਟਲਾ ਵਿਖੇ 24 ਜੂਨ 2016 ਨੂੰ ਕੁਰਾਨ ਸ਼ਰੀਫ਼ ਦੀ ਬੇਅਦਬੀ ਘਟਨਾ ਨੇ ਪੰਜਾਬ ਦੀ ਅਫ਼ਿਰਕੂ ਸ਼ਾਂਤੀ ਵਲੂੰਧਰ ਕੇ ਰੱਖ ਦਿੱਤੀ। ਇਸ ਘਟਨਾ ਨਾਲ ਦਿੱਲੀ ਦੇ ਆਮ ਆਦਮੀ ਪਾਰਟੀ ਵਿਧਾਇਕ ਨਰੇਸ਼ ਯਾਦਵ ਦਾ ਨਾਮ ਆਉਣ ਕਰਕੇ ਪਾਰਟੀ ਦੇ ਅਕਸ ਨੂੰ ਵੱਡਾ ਧੱਕਾ ਲਗਾ ਹੈ। ਇਸ ਘਟਨਾ ਅਤੇ ਯੂਥ ਮੈਨੀਫੈਸਟੋ ਦੇ ਟਾਈਟਲ ਦੀ ਇਤਰਾਜ਼ਯੋਗ ਫੋਟੋ ਨੇ ਪੰਜਾਬ ਅੰਦਰ ਕੇਜਰੀਵਾਲ ਦਾ ਤਿੰਨ ਰੋਜ਼ਾ ਦੌਰਾ ਕਿਰਕਰਾ ਕਰਕੇ ਰੱਖ ਦਿੱਤਾ। ਹਰ ਥਾਂ ਉਸ ਨੂੰ ਰਾਜਨੀਤਕ ਅਤੇ ਜਨਤਕ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਪੰਜਾਬ ਲਈ ਚੋਣ ਮੈਨੀਫੈਸਟੋ ਤਿਆਰ ਕਰਨ ਦਾ ਕਾਰਨ ਬੁਧੀਜੀਵੀ ਪੰਜਾਬੀ ਆਗੂਆਂ ਨੂੰ ਸੌਂਪਣਾ ਚਾਹੀਦਾ ਸੀ। ਅਸ਼ੀਸ਼ ਖੇਤਾਨ ਵਰਗਾ ਆਗੂ ਪੰਜਾਬ, ਪੰਜਾਬੀ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਪੇਂਡੂਆਂ, ਸ਼ਹਿਰੀਆਂ ਅਤੇ ਮੁਲਾਜ਼ਮਾਂ ਆਦਿ ਦੇ ਮਸਲੇ ਕੀ ਜਾਣੇ? ਇਹ ਲੋਕ ਪੰਜਾਬੀਆਂ ਨੂੰ ਲੋਕ ਲੁਭਾਊ ਨਾਅਰਿਆਂ ਵਿੱਚ ਲਪੇਟਣ ਲਈ 10 ਮੈਨੀਫੈਸਟੋ ਤਿਆਰ ਕਰ ਰਹੇ ਹਨ ਪਰ ਇਨ੍ਹਾਂ ਦੀ ਰਾਜਨੀਤਕ ਸੋਚ ਦਾ ਦੀਵਾਲਾ ਪਹਿਲੇ ਯੂਥ ਮੈਨੀਫੈਸਟੋ ਵਿੱਚ ਹੀ ਨਿਕਲ ਗਿਆ ਹੈ। ਕੇਜਰੀਵਾਲ ਨੇ ਇਹ ਇਤਰਾਜ਼ਯੋਗ ਮੈਨੀਫੈਸਟੋ ਬਿਨਾਂ ਦੇਖੇ ਪਰਖੇ ਹੀ ਅੰਮ੍ਰਿਤਸਰ ਤੋਂ ਜਾਰੀ ਕਰ ਦਿੱਤਾ। ਅਸ਼ੀਸ਼ ਖੇਤਾਨ ਨੇ ਇਸ ਦੀ ਪਵਿੱਤਰਤਾ ਦੀ ਤੁਲਨਾ ਗੀਤਾ, ਕੁਰਾਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਕੇ ਸਿੱਖਾਂ ਅਤੇ ਦੂਜੇ ਧਰਮਾਂ ਦੇ ਪੰਜਾਬੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਅਕਾਲ ਤਖ਼ਤ ਸਾਹਿਬ, ਦਮਦਮੀ ਟਕਸਾਲ ਤੇ ਹੋਰ ਅਨੇਕ ਸਿੱਖ ਜਥੇਬੰਦੀਆਂ ਸਮੇਤ ਭਾਜਪਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਇਸ ਦਾ ਸਖ਼ਤ ਨੋਟਿਸ ਲਿਆ। ਸਿੱਟੇ ਵਜੋਂ ਸਾਰੇ ਪਾਰਟੀ ਨੇਤਾਵਾਂ ਨੂੰ ਮੁਆਫ਼ੀ ਮੰਗਣ ਲਈ ਮਜਬੂਰ ਹੋਣਾ ਪਿਆ ਹੈ। ਇਸ ਸਾਰੇ ਘਟਨਾਕ੍ਰਮ ਨੇ ‘ਆਪ’ ਦੇ ਅਕਸ ਨੂੰ ਭਾਰੀ ਢਾਅ ਲਾਈ ਹੈ।
ਆਮ ਆਦਮੀ ਪਾਰਟੀ ਨੇ ਜਿਵੇਂ ਰਾਜਨੀਤਕ ਤੌਰ ‘ਤੇ ਗ਼ਲਤੀ ਦਰ ਗ਼ਲਤੀ ਕੀਤੀ ਹੈ ਇਵੇਂ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਧਾਰਮਿਕ ਵਿਰਸੇ ਤੋਂ ਕੋਰੇ ਇਸ ਦੇ ਆਗੂਆਂ ਨੇ ਆਪਣੇ ਰਾਜਨੀਤਕ ਭਵਿੱਖ ਦੇ ਪੈਂਰੀ ਆਪ ਕੁਹਾੜਾ ਮਾਰ ਲਿਆ ਹੈ। ਨਿਰਸੰਦੇਹ ਪੰਜਾਬੀ ਨਸ਼ਿਆਂ ਅਤੇ ਬੇਰੁਜ਼ਗਾਰੀ ਜਿਹੀਆਂ ਸਮੱਸਿਆਵਾਂ ਦੇ ਨਾਲ-ਨਾਲ ਮੌਜੂਦਾ ਰਾਜ ਪ੍ਰਬੰਧ ਅਤੇ ਰਵਾਇਤੀ ਸਿਆਸੀ ਪਾਰਟੀਆਂ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ਤੋਂ ਬੇਹੱਦ ਦੁਖੀ ਹਨ ਅਤੇ ਕਿਸੇ ਹੋਰ ਚੰਗੇ-ਸੁਚੱਜੇ ਬਦਲ ਦੀ ਰਾਹ ਦੇਖ ਰਹੇ ਹਨ। ਇਸ ਸਥਿਤੀ ਵਿੱਚ ਉਨ੍ਹਾਂ ਨੂੰ ‘ਆਮ ਆਦਮੀ ਪਾਰਟੀ’ ਤੋਂ ਕੁਝ ਆਸ ਬੱਝੀ ਸੀ ਪਰ ਇਸ ਦੇ ਆਗੂਆਂ ਦੀ ਕਾਰਗੁਜ਼ਾਰੀ ਅਤੇ ਨੀਤੀਆਂ ਨੇ ਪੰਜਾਬੀਆਂ ਨੂੰ ਨਿਰਾਸ਼ ਹੀ ਕੀਤਾ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …