Breaking News
Home / ਮੁੱਖ ਲੇਖ / ਸਰਕਾਰੀ ਅਫਸਰਾਂ ਦੇ ਰਾਹ ‘ਚ ਕੰਡੇ ਨਾ ਖਿਲਾਰੇ ਜਾਣ ਤਾਂ ਉਹ ਵਧੀਆ ਨਤੀਜੇ ਦਿਖਾ ਸਕਦੇ ਹਨ

ਸਰਕਾਰੀ ਅਫਸਰਾਂ ਦੇ ਰਾਹ ‘ਚ ਕੰਡੇ ਨਾ ਖਿਲਾਰੇ ਜਾਣ ਤਾਂ ਉਹ ਵਧੀਆ ਨਤੀਜੇ ਦਿਖਾ ਸਕਦੇ ਹਨ

316844-1rZ8qx1421419655-300x225ਕਿਰਨ ਬੇਦੀ
ਪੁਡੂਚੇਰੀ ਦੀ ਉਪ-ਰਾਜਪਾਲ ਵਜੋਂ ਮੇਰਾ ਪਹਿਲਾ ਹਫਤਾ ਉਨ੍ਹਾਂ ਗੱਲਾਂ ਦੀ ਪੁਸ਼ਟੀ ਕਰਦਾ ਹੈ, ਜਿਨ੍ਹਾਂ ਵਿਚ ਮੇਰਾ ਲੰਬੇ ਸਮੇਂ ਤੋਂ ਯਕੀਨ ਬਣਿਆ ਰਿਹਾ ਹੈ ਭਾਵ ਕਿ ਸਰਕਾਰ ਦੇ ਉੱਚੇ ਅਤੇ ਤਾਕਤਵਰ ਅਹੁਦਿਆਂ ‘ਤੇ ਬੈਠ ਕੇ ਤੁਸੀਂ ਜਿਥੇ ਲੋਕਾਂ ਦੀ ਸੇਵਾ ਕਰ ਸਕਦੇ ਹੋ, ਉਥੇ ਹੀ ਪ੍ਰਤੱਖ ਨਤੀਜੇ ਵੀ ਹਾਸਿਲ ਕਰ ਸਕਦੇ ਹੋ। ਜੇ ਸਰਕਾਰੀ ਅਫਸਰਾਂ ਦੇ ਰਾਹ ਵਿਚ ਕੰਡੇ ਨਾ ਖਿਲਾਰੇ ਜਾਣ ਤਾਂ ਉਹ ਹੋਰ ਵੀ ਵਧੀਆ ਨਤੀਜੇ ਦਿਖਾ ਸਕਦੇ ਹਨ। ਮੈਂ ਮਾਣਯੋਗ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਇਸ ਅਹੁਦੇ ਨੂੰ ਕਬੂਲ ਕੀਤਾ, ਜਿਥੇ ਮੈਨੂੰ ਵੱਡੇ ਪੱਧਰ ‘ਤੇ ਰਾਸ਼ਟਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਦਿੱਲੀ ਛੱਡਣ ਤੋਂ ਪਹਿਲਾਂ ਹੀ ਮੈਂ ਪੁਡੂਚੇਰੀ ਬਾਰੇ ਸੰਖੇਪ ਜਾਣਕਾਰੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।ઠ
ਇਥੋਂ ਤੱਕ ਕਿ ਚੇਨਈ ਹਵਾਈ ਅੱਡੇ ਤੋਂ ਪੁਡੂਚੇਰੀ ਤੱਕ ਦੋ ਘੰਟਿਆਂ ਦੇ ਸਫਰ ਦੌਰਾਨ ਹੀ ਚੀਫ ਸੈਕਟਰੀ ਮਨੋਜ ਪਰਿਡਾ ਤੋਂ ਕਈ ਗੱਲਾਂ ਸਿੱਖੀਆਂ ਕਿਉਂਕਿ ਮੈਂ ਇਕ ਵੀ ਦਿਨ ਫਜ਼ੂਲ ਨਹੀਂ ਗੁਆਉਣਾ ਚਾਹੁੰਦੀ ਸੀ। ਮੈਂ ਜਾਣਦੀ ਸੀ ਕਿ ਮੇਰੇ ‘ਤੇ ਕੀਤੇ ਗਏ ਭਰੋਸੇ ਅਤੇ ਮੇਰੇ ਮੋਢਿਆਂ ‘ਤੇ ਪਾਈ ਗਈ ਜ਼ਿੰਮੇਵਾਰੀ ਦੀ ਕਿੰਨੀ ਅਹਿਮੀਅਤ ਹੈ।
ਮੈਨੂੰ ਇਸ ਅਹੁਦੇ ਨਾਲ ਜੁੜੀਆਂ ਤਾਕਤਵਰ ਸੰਭਾਵਨਾਵਾਂ ਦਾ ਅਹਿਸਾਸ ਤਾਂ 1998 ਵਿਚ ਹੀ ਹੋ ਗਿਆ ਸੀ, ਜਦੋਂ ਮੈਨੂੰ ਦਿੱਲੀ ਦੇ ਉਪ-ਰਾਜਪਾਲ ਦੀ ਵਿਸ਼ੇਸ਼ ਸਕੱਤਰ ਬਣਾਇਆ ਗਿਆ ਸੀ। ਮੈਨੂੰ ਯਾਦ ਹੈ ਕਿ ਉਦੋਂ ਮੈਂ ਉਪ-ਰਾਜਪਾਲ ਤੇਜਿੰਦਰ ਖੰਨਾ ਦੇ ਸਮਰਥਨ ਨਾਲ ਰਾਜ ਭਵਨ ਨੂੰ ਆਮ ਨਾਗਰਿਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਖੋਲ੍ਹ ਦਿੱਤਾ ਸੀ। ਮੈਂ ਇਸ ਗੱਲ ਲਈ ਉਨ੍ਹਾਂ ਦੀ ਅਹਿਸਾਨਮੰਦ ਹਾਂ ਕਿ ਉਨ੍ਹਾਂ ਨੇ ਮੈਨੂੰ ਅਜਿਹਾ ਢਾਂਚਾ ਸਥਾਪਿਤ ਕਰਨ ਦੀ ਇਜਾਜ਼ਤ ਦਿੱਤੀ, ਜੋ 24 ਘੰਟੇ ਸ਼ਿਕਾਇਤ ਕਰਨ ਵਾਲਿਆਂ ਲਈ ਖੁੱਲ੍ਹਾ ਰਹਿੰਦਾ ਸੀ।
ਭਾਰਤ ਦੀ ਰਾਜਧਾਨੀ ਵਿਚ ਜਿਥੇ ਲੱਖਾਂ ਲੋਕ ਰਹਿੰਦੇ ਹਨ, ਅਜਿਹਾ ਤੰਤਰ ਹੋਰ ਕਿਤੇ ਵੀ ਮੌਜੂਦ ਨਹੀਂ ਸੀ। ਸੱਚਮੁਚ ਤੇਜਿੰਦਰ ਖੰਨਾ ਬਹੁਤ ਹੀ ਸੰਵੇਦਨਸ਼ੀਲ ਵਿਅਕਤੀ ਹਨ। ਮੈਨੂੰ ਇਹ ਵੀ ਯਾਦ ਹੈ ਕਿ ਆਮ ਸ਼ਹਿਰੀ ਦਿੱਲੀ ਦੇ ਉਪ-ਰਾਜਪਾਲ ਦੇ ਅਹੁਦੇ ‘ਤੇ ਬੈਠੇ ਵਿਅਕਤੀ ਤੋਂ ਕਿਹੋ ਜਿਹੀਆਂ ਉਮੀਦਾਂ ਰੱਖਦੇ ਸਨ। ਮੈਂ ਇਹ ਗੱਲਾਂ ਅਜੇ ਵੀ ਭੁੱਲੀ ਨਹੀਂ ਹਾਂ।ઠ
ਇਸ ਤੋਂ ਇਲਾਵਾ ਇਨ੍ਹਾਂ ਸਾਰੇ ਵਰ੍ਹਿਆਂ ਦੌਰਾਨ ਕੁਝ ਵਿਸ਼ੇਸ਼ ਤਰ੍ਹਾਂ ਦੀਆਂ ਘਟਨਾਵਾਂ ਨੂੰ ਨੇੜਿਓਂ ਜਾਂਚਣ ਅਤੇ ਸੱਚਮੁੱਚ ਦੁਖਦਾਈ ਘਟਨਾਵਾਂ ਨੂੰ ਸਪੱਸ਼ਟ ਤੌਰ ‘ਤੇ ਦੇਖਣ ਦਾ ਮੌਕਾ ਮਿਲਿਆ। ਮੈਨੂੰ ਇਹ ਵੀ ਅਹਿਸਾਸ ਹੋਇਆ ਹੈ ਕਿ ਜੇ ਸਹੀ ਜਗ੍ਹਾ ‘ਤੇ ਬੈਠੇ ਲੋਕਾਂ ਨੇ ਸਹੀ ਫੈਸਲੇ ਲਏ ਹੁੰਦੇ ਤਾਂ ਇਹ ਦੁਖਦਾਈ ਘਟਨਾਵਾਂ ਟਲ ਸਕਦੀਆਂ ਸਨ। ਮਿਸਾਲ ਵਜੋਂ ਦਸੰਬਰ 2013 ਦਾ ‘ਨਿਰਭਯਾ ਕਾਂਡ’ ਸਪੱਸ਼ਟ ਤੌਰ ‘ਤੇ ਟਾਲਿਆ ਜਾ ਸਕਦਾ ਸੀ।
ਮੈਂ ਵੱਖ-ਵੱਖ ਟੀ. ਵੀ. ਬਹਿਸਾਂ ਵਿਚ ਇਹ ਗੱਲ ਠੋਕ-ਵਜਾ ਕੇ ਕਹਿੰਦੀ ਰਹੀ ਹਾਂ ਕਿਉਂਕਿ ઠਇਕ ਆਮ ਸ਼ਹਿਰੀ ਵਜੋਂ ਮੈਂ ਇਸ ਘਟਨਾ ਤੋਂ ਬਹੁਤ ਬੇਚੈਨ ਹੋਈ ਸੀ ਪਰ ਬੀਤੀ 29 ਮਈ ਨੂੰ ਜਦੋਂ ਮੈਂ ਪੁਡੂਚੇਰੀ ਦੀ ਰਾਜਪਾਲ ਵਜੋਂ ਸਹੁੰ ਚੁੱਕੀ ਤਾਂ ਮੈਨੂੰ ਅਜਿਹਾ ਲੱਗਾ ਕਿ ਜਿਵੇਂ ਮੇਰੇ ਅੰਦਰਲਾ ਆਮ ਸ਼ਹਿਰੀ ਬਹੁਤ ਮਜ਼ਬੂਤ ਹੋ ਰਿਹਾ ਹੈ, ਜਿਹੜਾ ਸਾਰਾ ਕੁਝ ਕਰ ਸਕੇਗਾ, ਜੋ-ਜੋ ਕਰਨ ਦੀ ਲੋੜ ਪਵੇਗੀ।
ਮੈਂ ਹਮੇਸ਼ਾ ਇਸ ਗੱਲ ਪ੍ਰਤੀ ਜਾਗਰੂਕ ਰਹੀ ਹਾਂ ਕਿ ਕੁਝ ਵੀ ਪ੍ਰਤੱਖ ਨਹੀਂ ਹੁੰਦਾ, ਕੋਈ ਵੀ ਅਹੁਦਾ ਹਮੇਸ਼ਾ ਲਈ ਨਹੀਂ ਹੁੰਦਾ। ਅਹਿਮੀਅਤ ਇਸ ਗੱਲ ਦੀ ਹੈ ਕਿ ਜਦੋਂ ਤੁਹਾਨੂੰ ਮੌਕਾ ਮਿਲਦਾ ਹੈ ਤਾਂ ਤੁਸੀਂ ਉਸ ਦੀ ਸਹੀ ਢੰਗ ਨਾਲ ਵਰਤੋਂ ਕਿਵੇਂ ਕਰਦੇ ਹੋ?ઠ
ਜਿਸ ਦਿਨ ਮੈਂ ਸਹੁੰ ਚੁੱਕੀ, ਉਸ ਦਿਨ ਮੇਰਾ ‘ਮਦਰਜ਼ ਡੇ’ ਸੀ। ਇਸ ਦਿਨ ਮੇਰੀ ਮਾਂ ਪੰਜ ਤੱਤਾਂ ਵਿਚ ਵਿਲੀਨ ਹੋਈ ਸੀ ਪਰ ਉਨ੍ਹਾਂ ਦੀ ਆਤਮਾ ਅੱਜ ਵੀ ਮੈਨੂੰ ਆਸ਼ੀਰਵਾਦ ਦਿੰਦੀ ਹੈ। ਉਨ੍ਹਾਂ ਤੋਂ ਹੀ ਮੈਂ ਸਿੱਖਿਆ ਸੀ ਕਿ ਕੰਮ ਹੀ ਪੂਜਾ ਹੈ। ਇਸੇ ਲਈ ਨਵੀਂ ਜ਼ਿੰਮੇਵਾਰੀ ਸੰਭਾਲਦਿਆਂ ਹੀ ਮੈਂ ਆਪਣੇ ਕੰਮ ਵਿਚ ਇਸ ਭਾਵਨਾ ਨੂੰ ਸ਼ਾਮਿਲ ਕਰਨਾ ਸ਼ੁਰੂ ਕਰ ਦਿੱਤਾ।
ਮੈਂ ਆਪਣੇ ਦਫਤਰ ਨੂੰ ਸੂਚਿਤ ਕੀਤਾ ਕਿ ਸਹੁੰ ਚੁੱਕ ਸਮਾਗਮ ਤੋਂ ਬਾਅਦ ਮੈਂ ਜਨਤਾ ਨੂੰ ਸੰਬੋਧਨ ਕਰਾਂਗੀ। ਮੈਨੂੰ ਦੱਸਿਆ ਗਿਆ ਕਿ ਹੁਣ ਤੱਕ ਤਾਂ ਕਦੇ ਕਿਸੇ ਨੇ ਅਜਿਹਾ ਨਹੀਂ ਕੀਤਾ?ਤਾਂ ਮੈਂ ਕਿਹਾ ਕਿ ਲੋਕਾਂ ਨੂੰ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਐਤਵਾਰ ਨੂੰ ਹੀ ਮੈਂ ਸਹੁੰ ਕਿਉਂ ਚੁੱਕੀ ਹੈ?
ਇਹ ਇਸ ਲਈ ਕਿਉਂਕਿ ਮੇਰੇ ਲਈ ਕੰਮ ਹੀ ਪੂਜਾ ਹੈ ਤੇ ਮੇਰੀ ਮਾਂ ਦਾ ਵੀ ਇਹੋ ਆਦਰਸ਼ ਸੀ। ਮੈਂ ਲੋਕਾਂ ਨੂੰ ਦੱਸਾਂਗੀ ਕਿ ਉਨ੍ਹਾਂ ਲਈ ਮੈਂ ਹਮੇਸ਼ਾ ਹੀ ਭਰੋਸੇਯੋਗ ਅਤੇ ਜਵਾਬਦੇਹ ਬਣੀ ਰਹਾਂਗੀ। ਭਰੋਸਾ, ਸਸ਼ਕਤੀਕਰਨ ਅਤੇ ਜਵਾਬਦੇਹੀ ਤਿੰਨਾਂ ਦਾ ਸੂਤਰ ਮੈਂ ਆਪਣੇ ਪਹਿਲੇ ਭਾਸ਼ਣ ਵਿਚ ਹੀ ਲੋਕਾਂ ਨੂੰ ਸਮਝਾ ਦਿੱਤਾ ਸੀ। ਸਭ ਤੋਂ ਪਹਿਲਾਂ ਮੈਂ ਜੋ ਕੰਮ ਕੀਤੇ, ਉਨ੍ਹਾਂ ਵਿਚੋਂ ਇਕ ਸੀ ਸਾਰੇ ਸਕੱਤਰਾਂ ਦੀ ਮੀਟਿੰਗ ਆਯੋਜਿਤ ਕਰਨਾ ਤਾਂ ਕਿ ਮੈਂ ਉਨ੍ਹਾਂ ਨਾਲ ਜਾਣ-ਪਛਾਣ ਕਰ ਸਕਾਂ ਤੇ ਮੈਨੂੰ ਇਹ ਵੀ ਪਤਾ ਲੱਗ ਸਕੇ ਕਿ ਸਹੁੰ ਚੁੱਕਣ ਤੋਂ ਬਾਅਦ ਮੈਂ ਕਿਹੜੇ-ਕਿਹੜੇ ਕਦਮ ਉਠਾਉਣ ਜਾ ਰਹੀ ਹਾਂ। ਮੈਂ ਉਨ੍ਹਾਂ ਨੂੰ ਇਹ ਮਹਿਸੂਸ ਕਰਵਾਉਣਾ ਚਾਹੁੰਦੀ ਸੀ ਕਿ ਮੈਂ ਉਨ੍ਹਾਂ ‘ਤੇ ਭਰੋਸਾ ਕਰਾਂਗੀ, ਉਨ੍ਹਾਂ ਨੂੰ ਤਾਕਤਵਰ ਬਣਾਵਾਂਗੀ ਤੇ ਉਨ੍ਹਾਂ ਅੱਗੇ ਜਵਾਬਦੇਹ ਰਹਾਂਗੀ। ਮੈਂ ਆਪਣੀ ਕਹਿਣੀ ਤੇ ਕਰਨੀ ਦੇ ਜ਼ਰੀਏ ਉਨ੍ਹਾਂ ਅੱਗੇ ਮਿਸਾਲ ਪੇਸ਼ ਕਰਾਂਗੀ। ਸਾਰੇ ਅਧਿਕਾਰੀਆਂ ਨੇ ਮੈਨੂੰ ਆਪਣੀ ਨਿੱਜੀ ਰਾਏ ਲਿਖ ਕੇ ਦਿੱਤੀ, ਜੋ ਮੈਂ ਨਿੱਜੀ ਵਰਤੋਂ ਲਈ ਸੰਭਾਲ ਕੇ ਰੱਖੀ ਹੋਈ ਹੈ।
ਉਸ ਤੋਂ ਬਾਅਦ ਦੋ ਦਿਨਾਂ ਅੰਦਰ ਹੀ ਅਸੀਂ ਸ਼ਹਿਰ ਦੇ ਟਾਊਨ ਹਾਲ ਵਿਚ ਪੁਡੂਚੇਰੀ ਦੇ ਲੋਕਾਂ ਨਾਲ ਇਕ ਮੀਟਿੰਗ ਕੀਤੀ ਤਾਂ ਕਿ ਉਨ੍ਹਾਂ ਦੇ ਮਨ ਦੀ ਗੱਲ ਪਤਾ ਲੱਗ ਸਕੇ। ਮੌਕੇ ‘ਤੇ ਹੀ ਅਸੀਂ ਅਹਿਮ ਮਾਮਲਿਆਂ ਦਾ ਜਨਤਕ ਤੌਰ ‘ਤੇ ਐਲਾਨ ਕੀਤਾ। ਸਾਰੇ ਲੋਕ ਹੱਕੇ-ਬੱਕੇ ਰਹਿ ਗਏ ਕਿਉਂਕਿ ਉਨ੍ਹਾਂ ਨੇ ਕਦੇ ਵੀ ਕਿਸੇ ਨੂੰ ਇਸ ਤਰ੍ਹਾਂ ਆਪਣੀਆਂ ਤਰਜੀਹਾਂ ਸਪੱਸ਼ਟ ਕਰਦਿਆਂ ਨਹੀਂ ਦੇਖਿਆ ਸੀ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਸਕੱਤਰ ਨੇ ਕਿਹਾ, ”ਅਸੀਂ ਪੰਜਵੇਂ ਗਿਅਰ ‘ਚ ਕੰਮ ਕਰਾਂਗੇ।”
ਬਸ ਫਿਰ ਕੀ ਸੀ, ਅਸੀਂ ਫਿਰ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਅਤੇ ਸਾਰੇ ਸੀਨੀਅਰ ਨੌਕਰਸ਼ਾਹਾਂ ਦੇ ਦਫਤਰਾਂ ‘ਚ ਇਕ ਘੰਟੇ ਦਾ ਸਮਾਂ ਅਜਿਹਾ ਤੈਅ ਕੀਤਾ ਗਿਆ, ਜਿਸ ‘ਚ ਬਿਨਾਂ ਇਜਾਜ਼ਤ ਲਏ ਕੋਈ ਵੀ ਆਦਮੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਮੈਨੂੰ ਦੱਸਿਆ ਗਿਆ ਕਿ ਆਮ ਸ਼ਹਿਰੀ ਤਾਂ ਦੂਰ ਦੀ ਗੱਲ, ਬਹੁਤ ਸਾਰੇ ਸੀਨੀਅਰ ਨੌਕਰਸ਼ਾਹਾਂ ਨੇ ਵੀ ਕਦੇ ‘ਰਾਜ ਨਿਵਾਸ’ ਦੇ ਅੰਦਰ ਜਾ ਕੇ ਨਹੀਂ ਦੇਖਿਆ ਸੀ, ਹਾਲਾਂਕਿ ਇਹ ਲੋਕਾਂ ਦੀ ਹੀ ਜਾਇਦਾਦ ਹੈ।ઠ
ਬਹੁਤ ਸਾਰੇ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਆਏ। ਨੌਕਰਸ਼ਾਹਾਂ ਦੀ ਨਜ਼ਰ ਵਿਚ ਇਹ ਸ਼ਿਕਾਇਤਾਂ ਕੋਈ ਬਹੁਤੀਆਂ ਵੱਡੀਆਂ ਨਹੀਂ ਸਨ ਪਰ ਸ਼ਿਕਾਇਤ ਕਰਨ ਵਾਲਿਆਂ ਲਈ ਬਹੁਤ ਅਹਿਮ ਸਨ। ਹਰੇਕ ਸ਼ਿਕਾਇਤਕਰਤਾ ਨੂੰ ਬਿਠਾਇਆ ਗਿਆ ਅਤੇ ਚਾਹ-ਪਾਣੀ ਪਿਲਾਇਆ ਗਿਆ। ਲੋਕਾਂ ਨੂੰ ਪਤਾ ਲੱਗ ਗਿਆ ਕਿ ਇਕ ਨਵੀਂ ਪ੍ਰਣਾਲੀ ਤਿਆਰ ਕੀਤੀ ਗਈ ਹੈ, ਜਿਸ ਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …