Breaking News
Home / ਨਜ਼ਰੀਆ / ਹਰਿੰਦਰ ਤੱਖਰ ਦਾ ਖੁੱਲ੍ਹਾ ਖ਼ਤ

ਹਰਿੰਦਰ ਤੱਖਰ ਦਾ ਖੁੱਲ੍ਹਾ ਖ਼ਤ

ਓਨਟਾਰੀਓ : ਸੰਨ 1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿਵਾਉਣ ਸਬੰਧੀ ਐਮ.ਪੀ.ਪੀ. ਜਗਮੀਤ ਸਿੰਘ ਦੇ ਮਤੇ ‘ਤੇ ਲਿਬਰਲ ਐਮ.ਪੀ. ਹਰਿੰਦਰ ਤੱਖਰ ਨੇ ਇਕ ਖੁੱਲ੍ਹਾ ਖ਼ਤ ਜਾਰੀ ਕਰਦਿਆਂ ਹੋਇਆਂ ਆਖਿਆ ਹੈ ਕਿ ਉਹ ਇਸ ਮਾਮਲੇ ‘ਤੇ ਆਪਣੇ ਵਿਚਾਰ ਰੱਖਣੇ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਅਸੰਬਲੀ ਵਿਚ ਇਸ ਮਾਮਲੇ ‘ਤੇ ਕੁਝ ਕਹਿਣ ਦਾ ਮੌਕਾ ਹੀ ਨਹੀਂ ਮਿਲਿਆ।
ਉਨ੍ਹਾਂ ਨੇ ਆਖਿਆ ਕਿ ਓਨਟਾਰੀਓ ਵਿਚ ਸਾਡੀ ਵੰਨ-ਸੁਵੰਨਤਾ ਹੀ ਸਾਡੀ ਮਜਬੂਤੀ ਹੈ। ਓਨਟਾਰੀਓ ਨੂੰ ਸਿੱਖਾਂ ਦੀ ਸਰਗਰਮ ਮੌਜੂਦਗੀ ਅਤੇ ਉਨ੍ਹਾਂ ਦਾ ਇਕ ਆਪਣਾ ਘਰ ਹੋਣ ‘ਤੇ ਮਾਣ ਹੈ। ਉਹ ਲਗਾਤਾਰ ਸੂਬੇ ਦੇ ਵਿਕਾਸ ਵਿਚ ਵੀ ਆਪਣਾ ਯੋਗਦਾਨ ਦੇ ਰਹੇ ਹਨ।
ਸਿੱਖੀਦੇ ਸਿਧਾਂਤ ਇਮਾਨਦਾਰੀ, ਸਖ਼ਤ ਮਿਹਨਤ ਅਤੇ ਸੇਵਾ ਹਨ ਅਤੇ ਇਨ੍ਹਾਂ ਸਿਧਾਂਤਾਂ ਬਾਰੇ ਸਾਰੇ ਓਨਟਾਰੀਓ ਵਾਸੀ ਜਾਣਦੇ ਹਨ ਅਤੇ ਉਨ੍ਹਾਂ ਨੇ ਇਕ ਮਜਬੂਤ ਸਮਾਜ ਦਾ ਨਿਰਮਾਣ ਵੀ ਕੀਤਾ ਹੈ। ਸਿੱਖ ਸਮਾਜ ਸਾਡੇ ਦੇਸ਼ ਦਾ ਇਕ ਮਜਬੂਤ ਅਤੇ ਸਫ਼ਲ ਹਿੱਸਾ ਹੈ। ਲਾਗਿੰਗ ਤੋਂ ਲੈ ਕੇ ਫ਼ਾਰੈਸਟ੍ਰੀ ਉਦਯੋਗ ਤੱਕ ਅਤੇ ਰੇਲਵੇ ਦੇ ਨਿਰਮਾਣ ਤੋਂ ਲੈ ਕੇ ਪਹਿਲੇ ਵਿਸ਼ਵ ਯੁੱਧ ਵਿਚ ਕੈਨੇਡਾ ਲਈ ਲੜਾਈ ਵਿਚ ਸ਼ਾਮਲ ਹੋਣ ਤੱਕ ਸਿੱਖਾਂ ਨੇ ਓਨਟਾਰੀਓ ਅਤੇ ਕੈਨੇਡਾ ਦੇ ਵਿਕਾਸ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਵਿਧਾਨ ਸਭਾ ਵਿਚ ਨਵੰਬਰ 1984 ਵਿਚ ਭਾਰਤ ਵਿਚ ਹੋਏ ਸਿੱਖ ਵਿਰੋਧੀ ਕਤਲੇਆਮ ਦੇ ਸਬੰਧੀ ਮਤਾ ਲਿਆਂਦਾ ਗਿਆ। ਇਸੇ ਹਫ਼ਤੇ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲੇ ਦੀ 32ਵੀਂ ਬਰਸੀ ਵੀ ਸੀ। ਇਸ ਸਾਲ ਦੀ ਸ਼ੁਰੂਆਤ ਵਿਚ ਪ੍ਰੀਮੀਅਰ ਵਿਨ ਦੇ ਟਰੇਡ ਮਿਸ਼ਨ ਦੇ ਮੈਂਬਰ ਵਜੋਂ ਭਾਰਤ ਅਤੇ ਪੰਜਾਬ ਜਾਣ ਦਾ ਮੌਕਾ ਵੀ ਮਿਲਿਆ ਅਤੇ ਸਾਨੂੰ ਸ੍ਰੀ ਦਰਬਾਰ ਸਾਹਿਬ ਜਾਣ ਦਾ ਮੌਕਾ ਵੀ ਮਿਲਿਆ। ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਹੋਈ ਸੀ ਅਤੇ ਉਸ ਤੋਂ ਬਾਅਦ ਹੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੋਇਆ। ਅਸੀਂ ਲੋਕਾਂ ਤੋਂ ਪੀੜਤ ਪਰਿਵਾਰਾਂ ਦੀਆਂ ਦਰਦਨਾਕ ਕਹਾਣੀਆਂ ਸੁਣੀਆਂ ਹਨ।
ਤੱਖਰ ਨੇ ਕਿਹਾ ਕਿ ਹਜ਼ਾਰਾਂ ਲੋਕਾਂ ਨੂੰ ਆਪਣੇ ਪਰਿਵਾਰ ਦੇ ਮੈਂਬਰ ਗੁਆਉਣੇ ਪਏ। ਮਾਵਾਂ ਆਪਣੀਆਂ ਨੌਜਵਾਨ ਧੀਆਂ ਨੂੰ ਗੁਆ ਬੈਠੀਆਂ। ਔਰਤਾਂ ਨੇ ਦੇਖਿਆ ਕਿ ਉਨ੍ਹਾਂ ਦੇ ਪਤੀ, ਪਿਤਾ, ਸਹੁਰੇ ਜਾਂ ਭਰਾਵਾਂ ਨੂੰ ਘਰਾਂ ਵਿਚੋਂ ਬਾਹਰ ਕੱਢ ਕੇ ਬਿਨਾਂ ਕਸੂਰ ਤੋਂ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦੀ ਜਾਨ ਲਈ ਗਈ। ਨੌਜਵਾਨ ਬੱਚਿਆਂ ਨੇ ਆਪਣ ਮਾਪਿਆਂ ਨੂੰ ਕਤਲ ਹੁੰਦੇ ਅੱਖੀਂ ਦੇਖਿਆ।  ਮੈਂ ਉਨ੍ਹਾਂ ਲੋਕਾਂ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਬਹੁਤ ਸਾਰੇ ਨਿਸ਼ਾਨਾ ਬਣਾਏ ਗਏ ਲੋਕਾਂ ਨੂੰ ਆਪਣੇ ਘਰਾਂ ਵਿਚ ਪਨਾਹ ਦਿੱਤੀ ਅਤੇ ਉਨ੍ਹਾਂ ਦੀ ਜਾਨ ਵੀ ਬਚਾਈ। ਕਈ ਦੇਸ਼ਾਂ ਨੇ 1984 ਦੇ ਸਿੱਖ ਕਤਲੇਆਮ ਦੀ ਨਿੰਦਾ ਕੀਤੀ ਹੈ ਅਤੇ ਉਸ ਨੂੰ ਮਾਨਤਾ ਵੀ ਪ੍ਰਦਾਨ ਕੀਤੀ ਹੈ।  ਸਾਲ 2014 ਵਿਚ 30 ਹਜ਼ਾਰ ਲੋਕਾਂ ਨੇ ਦਸਤਖ਼ਤ ਕਰਕੇ ਇਕ ਅਪੀਲ ਅਮਰੀਕੀ ਰਾਸ਼ਟਰਪਤੀ ਓਬਾਮਾ ਨੂੰ ਵੀ ਭੇਜੀ ਸੀ ਪਰ ਉਨ੍ਹਾਂ ਨੇ ਵੀ ਇਸ ਕਤਲੇਆਮ ਨੂੰ ਨਸਲਕੁਸ਼ੀ ਐਲਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਅਸੀਂ ਵੀ ਲਗਾਤਾਰ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਾਂ।ਸਾਲ 2005 ਵਿਚ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਸ ਮਾਮਲੇ ਵਿਚ ਭਾਰਤ ਸਰਕਾਰ ਵਲੋਂ ਮੁਆਫ਼ੀ ਮੰਗੀ ਸੀ। ਉਨ੍ਹਾਂ ਨੇ ਆਖਿਆ ਸੀ ਕਿ ਇਸ ਘਟਨਾ ਨਾਲ ਉਨ੍ਹਾਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਪਰ, ਅਸੀਂ ਇਸ ਇਤਿਹਾਸ ਨੂੰ ਮੁੜ ਤੋਂ ਨਹੀਂ ਲਿਖ ਸਕਦੇ, ਪਰ ਅਸੀਂ ਸਾਰਿਆਂ ਲਈ ਇਕ ਬਿਹਤਰ ਭਵਿੱਖ ਤਾਂ ਲਿਖ ਹੀ ਸਕਦੇ ਹਾਂ। ਸਾਲ 1984 ਦੇ ਪੀੜਤਾਂ ਦੇ ਬਹੁਤ ਸਾਰੇ ਜ਼ਖ਼ਮ ਅੱਜ ਭਰ ਵੀ ਚੁੱਕੇ ਹਨ।
ਮੇਰੇ ਲਈ ਇਹ ਕੋਈ ਰਾਜਨੀਤਕ ਮੁੱਦਾ ਨਹੀਂ ਹੈ। ਪਰ ਇਹ ਦੁੱਖਦ ਹੈ ਕਿ ਉਕਤ ਐਮ.ਪੀ.ਪੀ. ਅਸੰਬਲੀ ਵਿਚ ਮੌਜੂਦ ਚਾਰ ਹੋਰ ਸਿੱਖ ਐਮ.ਪੀ.ਪੀ. ਨਾਲ ਸਲਾਹ ਕੀਤੇ ਬਗੈਰ ਹੀ ਇਸ ਮਤੇ ਨੂੰ ਸਦਨ ਵਿਚ ਲੈ ਆਏ। ਜੇਕਰ ਸਾਡੇ ਨਾਲ ਪਹਿਲਾਂ ਸਲਾਹ ਕੀਤੀ ਗਈ ਹੁੰਦੀ ਤਾਂ ਅਸੀਂ ਇਕੱਠੇ ਇਸ ਮਤੇ ਨੂੰ ਅੱਗੇ ਵਧਾਉਂਦਿਆਂ ਤੁਰੰਤ ਮੋਸ਼ਨ ਵੀ ਪਾਸ ਕੀਤਾ ਜਾਂਦਾ। ਚੰਗਾ ਹੋਵੇਗਾ ਕਿ ਇਸ ਤਰ੍ਹਾਂ ਦੀ ਗਲਤੀ ਭਵਿੱਖ ਵਿਚ ਨਾ ਦੁਹਰਾਈ ਜਾਵੇ ਅਤੇ ਸਾਰਿਆਂ ਨੂੰ ਇਕੱਠੇ ਕਰਕੇ ਚੱਲਿਆ ਜਾਵੇ। ਮੈਂ ਇਸ ਮਾਮਲੇ ‘ਤੇ ਸਦਨ ਵਿਚ ਬਹਿਸ ਦੇਖਣ ਲਈ ਵੀ ਤਿਆਰ ਹਾਂ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …