Breaking News
Home / ਕੈਨੇਡਾ / ਅਮਰ ਕਰਮਾ ਵਲੋਂ ਅੰਗਦਾਨ ਪ੍ਰਤੀ ਲੋਕਾਂ ਨੂੰ ਕੀਤਾ ਗਿਆ ਜਾਗਰੂਕ

ਅਮਰ ਕਰਮਾ ਵਲੋਂ ਅੰਗਦਾਨ ਪ੍ਰਤੀ ਲੋਕਾਂ ਨੂੰ ਕੀਤਾ ਗਿਆ ਜਾਗਰੂਕ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਅੰਗਦਾਨ ਕਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਸੰਸਥਾ ਅਮਰ ਕਰਮਾ ਹੈਲਥ ਐਂਡ ਵੈਲਨੈੱਸ ਅਵੇਰਨੈਸ ਨੈੱਟਵਰਕ ਵੱਲੋਂ ਲਵੀਨ ਕੌਰ ਗਿੱਲ ਅਤੇ ਸਮੁੱਚੀ ਟੀਮ ਦੇ ਸਹਿਯੋਗ ਨਾਲ ਵੈਲਨਟੇਨਡੇਅ ਮੌਕੇ ਦਿਲ ਦਿਊ ਤਾਂ ਸੱਚੀ ਮੁੱਚੀਂ਼ ਜਿਸ ਨਾਲ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕੇ ਦੇ ਬੈਨਰ ਹੇਠ 10ਵੀਂ ਸਲਾਨਾ ਨਾਈਟ ਬਰੈਂਪਟਨ ਦੇ ਸੈਪਰੈਂਜ਼ਾ ਬੈਕੁੰਟ ਹਾਲ ਵਿੱਚ ਮਨਾਈ ਗਈ।
ਇਸ ਵਿੱਚ ਸੰਸਥਾ ਦੇ ਵਲੰਟੀਅਰਾਂ, ਪ੍ਰਬੰਧਕਾਂ ਅਤੇ ਇੱਥੇ ਵੱਸਦੇ ਹਰ ਜਾਤੀ ਹਰ ਭਾਈਚਾਰੇ ਵੱਖ-ਵੱਖ ਦੇਸ਼ਾਂ ਨਾਲ ਸਬੰਧਤ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਨਾ ਸਿਰਫ ਅੰਗਦਾਨ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸਗੋਂ ਸਮਾਜਿਕ ਤੌਰ ‘ਤੇ ਵੀ ਇੱਕ ਦੂਜੇ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਕਲਾਸਾਂ ਵਿੱਚ ਪੜ੍ਹਦੇ ਵਲੰਟੀਅਰ ਬੱਚਿਆਂ ਵੱਲੋਂ ਮਨੁੱਖੀ ਵਾਲ, ਹੱਡੀਆਂ, ਮਾਸ, ਅੱਖਾਂ, ਅਤੇ ਸਰੀਰਕ ਅੰਗਾਂ ਦੀ ਲੋੜਵੰਦਾਂ ਲਈ ਮਹੱਤਤਾ ਅਤੇ ਜ਼ਰੂਰਤ ਬਾਰੇ ਜਿੱਥੇ ਹਾਜ਼ਰੀਨ ਨੂੰ ਦੱਸਿਆ ਗਿਆ ਉੱਥੇ ਹੀ ਕੁਝ ਲੋਕਾਂ ਨੇ ਆਪਣੀ ਹੱਡਬੀਤੀ ਸੁਣਾ ਕੇ ਹਾਜ਼ਰੀਨ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇੱਕ ਨੇਤਰਹੀਣ (ਦੋਵੇਂ ਅੱਖਾਂ ਤੋਂ ਨਾ ਦਿਸਣ ਵਾਲੀ) ਔਰਤ ਨੇ ਬੋਲਦਿਆਂ ਆਖਿਆ ਕਿ ਉਸਦੇ ਦੋ ਬੱਚੇ ਹਨ ਪਰ ਉਸਨੂੰ ਪਤਾ ਹੀ ਨਹੀ ਕਿ ਉਸਦੇ ਬੱਚੇ ਵੇਖਣ ਨੂੰ ਕਿਸ ਤਰ੍ਹਾਂ ਦੇ ਲੱਗਦੇ ਹਨ ਅਤੇ ਉਹ ਹਰ ਵੇਲੇ ਰੱਬ ਅੱਗੇ ਅਰਦਾਸ ਕਰਦੀ ਹੈ ਕਿ ਜੇਕਰ ਉਸਦੀਆਂ ਅੱਖਾਂ ਦੀ ਰੌਸ਼ਨੀ ਕਿਸੇ ਦਾਨੀ ਸੱਜਣ ਦੀਆਂ ਅੱਖਾਂ ਕਾਰਨ ਵਾਪਸ ਆਉਂਦੀ ਹੈ ਤਾਂ ਕੀ ਉਹ ਆਪਣੇ ਬੱਚਿਆਂ ਦੀਆਂ ਸ਼ਕਲਾਂ ਕਦੇ ਵੇਖ ਸਕੇਗੀ? ਇਸੇ ਤਰ੍ਹਾਂ ਹੋਰ ਲੋਕ ਜੋ ਵੱਖੋ-ਵੱਖ ਭਿਆਨਕ ਬਿਮਾਰੀਆਂ ਤੋਂ ਪੀੜਤ ਹਨ ਨੇ ਆਖਿਆ ਕਿ ਤੰਦਰੁਸਤ ਵਿਅਕਤੀਆਂ ਨੂੰ ਹਮੇਸ਼ਾ ਰੱਬ ਦਾ ਸ਼ੁਕਰ ਕਰਨਾਂ ਚਾਹੀਦਾ ਹੈ। ਸਮਾਗਮ ਦੌਰਾਨ ਵੱਖੋ- ਵੱਖ ਦੇਸ਼ਾਂ ਦੇ ਕਲਾਕਾਰਾਂ ਵੱਲੋਂ ਨਾਚ ਵੀ ਪੇਸ਼ ਕੀਤੇ ਗਏ ਅਤੇ ਪ੍ਰਬੰਧਕਾਂ ਵੱਲੋਂ ਵਲੰਟੀਅਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਵਿਧਾਇਕ ਦੀਪਕ ਆਨੰਦ, ਗੁਰ-ਰਤਨ ਸਿੰਘ, ਸਿਟੀ ਕੌਂਸਲਰ ਹਰਕੀਰਤ ਸਿੰਘ, ਬਰੈਂਪਟਨ ਪੁਲਿਸ ਦੇ ਅਧਿਕਾਰੀਆਂ ਤੋਂ ਇਲਾਵਾ ਉੱਘੇ ਵਕੀਲ ਅਤੇ ਸਮਾਜ ਸੇਵਕ ਵਿਪਨਦੀਪ ਸਿੰਘ ਮਰੋਕ,ਕਲਵਿੰਦਰ ਸਿੰਘ ਸੈਣੀ, ਊਜਮਾਂ ਮਹਿਮੂਦ, ਸੁਰਜੀਤ ਕੌਰ, ਮੀਕਾ ਗਿੱਲ, ਮੌਂਟੀ ਮੱਲ੍ਹੀ, ਪਰਮਜੀਤ ਦਿਓਲ, ਰਿੰਟੂ ਭਾਟੀਆ ਆਦਿ ਤੋਂ ਇਲਾਵਾ ਭਾਰਤ, ਪਾਕਿਸਤਾਨ ਅਤੇ ਹੋਰ ਦੇਸ਼ਾ ਦੇ ਲੋਕਾਂ ਨਾਲ ਸਬੰਧਤ ਵੱਖ-ਵੱਖ ਸੰਸਥਾਵਾਂ ਦੇ ਮੈਂਬਰ, ਅਹੁਦੇਦਾਰ ਅਤੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ ਅਤੇ ਲੋਕਾਂ ਦੀ ਮੌਜੂਦਗੀ ਵਿੱਚ ਸੰਸਥਾ ਦਾ ਕਿਤਾਬਚਾ ਵੀ ਲੋਕ ਅਰਪਣ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …