7 C
Toronto
Friday, October 17, 2025
spot_img
Homeਕੈਨੇਡਾਪੰਜਾਬੀ ਮੀਡੀਆਕਾਰਾਂ ਵੱਲੋਂ ਕੌਂਸਲ ਜਨਰਲ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ

ਪੰਜਾਬੀ ਮੀਡੀਆਕਾਰਾਂ ਵੱਲੋਂ ਕੌਂਸਲ ਜਨਰਲ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ

ਬਰੈਂਪਟਨ/ਬਿਊਰੋ ਨਿਊਜ਼ : ਟੋਰਾਂਟੋ ਦੇ ਪੰਜਾਬੀ ਮੀਡੀਆਕਾਰਾਂ ਵੱਲੋਂ ਭਾਰਤੀ ਕੌਂਸਲ ਜਨਰਲ ਸ੍ਰੀਮਤੀ ਅਪੂਰਵਾ ਸ੍ਰੀਵਾਸਤਵਾ ਨੂੰ ਲੰਘੇ ਬੁੱਧਵਾਰ ਨੂੰ ਸਿਪਰੰਜਾ ਬੈਂਕੁਇਟ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਆਪਣਾ ਸਾਢੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਸ੍ਰੀਮਤੀ ਅਪੂਰਵਾ ਸ੍ਰੀਵਾਸਤਵਾ ਤਰੱਕੀ ਹਾਸਲ ਕਰਨ ਤੋਂ ਬਾਅਦ ਟੋਰਾਂਟੋ ਤੋਂ ਜਾ ਰਹੇ ਹਨ।
ਇਸ ਮੌਕੇ ਟੋਰਾਂਟੋ ਇਲਾਕੇ ਵਿਚ ਛਪਦੀਆਂ ਅਖਬਾਰਾਂ, ਰੇਡੀਓ ਹੋਸਟਾਂ ਤੋਂ ਇਲਾਵਾ ਟੈਲੀਵਿਜ਼ਨਾਂ ਚੈਨਲਾਂ ਵਿਚ ਕੰਮ ਕਰਦੇ ਬਹੁਤ ਸਾਰੇ ਮੀਡੀਆਕਾਰ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਸਨ। ਇਸ ਮੌਕੇ ‘ਤੇ ਬੋਲਦਿਆਂ ਕੌਂਸਲ ਜਨਰਲ ਸ੍ਰੀਵਾਸਤਵਾ ਨੇ ਜਿੱਥੇ ਮੀਡੀਆਕਾਰਾਂ ਦਾ ਉਨ੍ਹਾਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ, ਉਥੇ ਉਨ੍ਹਾਂ ਇਸ ਸਾਢੇ ਤਿੰਨ ਸਾਲ ਦੇ ਸਮੇਂ ਦੌਰਾਨ ਆਪਣੇ ਦਫ਼ਤਰ ਦੀਆਂ ਉਪਲਬਧੀਆਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਬੇਸ਼ੱਕ ਕਾਫ਼ੀ ਸਮਾਂ ਉਹ ਲੋਕਾਂ ਨਾਲ ਜ਼ਿਆਦਾ ਮਿਲ-ਜੁਲ ਨਹੀਂ ਸਕੇ ਪ੍ਰੰਤੂ ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਕਿਤੇ ਕਮੀ ਨਹੀਂ ਆਉਣ ਦਿੱਤੀ। ਆਪਣੇ ਕਾਰਜਕਾਲ ਦੌਰਾਨ ਭਾਰਤ ਦੇ ਸਾਬਕਾ ਫੌਜੀਆਂ ਨੂੰ ਸਨਮਾਨਿਤ ਕਰਨ ਲਈ ਸ਼ੁਰੂ ਕੀਤੇ ਗਏ ‘ਵਰਿਸ਼ਠਾ ਯੋਧਾ’ ਐਵਾਰਡ ਦਾ ਉਨ੍ਹਾਂ ਖਾਸ ਜ਼ਿਕਰ ਕੀਤਾ। ਉਨ੍ਹਾਂ ਮੰਨਿਆ ਕਿ ਇਸ ਸਮੇਂ ਉਨ੍ਹਾਂ ਨੂੰ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ, ਜਿਨ੍ਹਾਂ ਵਿਚ ਕੌਂਸਲ ਜਨਰਲ ਦੇ ਦਫਤਰ ਦੇ ਬਾਹਰ ਕੀਤੇ ਗਏ ਪ੍ਰਦਰਸ਼ਨ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ 1.9 ਮਿਲੀਅਨ ਭਾਰਤੀ ਮੂਲ ਦੇ ਲੋਕ ਕੈਨੇਡਾ ਵਿਚ ਰਹਿ ਰਹੇ ਹਨ, ਜਿਨ੍ਹਾਂ ਦੀਆਂ ਲੋੜਾਂ ਨੂੰ ਦੇਖਦਿਆਂ ਕੌਂਸਲੇਟ ਦਫ਼ਤਰ ਦੇ ਕੰਮ-ਕਾਜ ਦਾ ਬੋਝ ਵੀ ਵਧ ਰਿਹਾ ਹੈ। ਉਨ੍ਹਾਂ ਇਸ ਗੱਲ ‘ਤੇ ਚਿੰਤਾ ਜ਼ਾਹਿਰ ਕੀਤੀ ਕਿ ਢਾਈ ਲੱਖ ਦੇ ਕਰੀਬ ਭਾਰਤੀ ਮੂਲ ਦੇ ਵਿਦਿਆਰਥੀ ਕੈਨੇਡਾ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿਚੋਂ ਲੰਘ ਰਹੇ ਹਨ। ਜਿਸ ਬਾਰੇ ਸਭ ਨੂੰ ਰਲ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਸ ਮੌਕੇ ਮੀਡੀਆਕਾਰਾਂ ਵੱਲੋਂ ਪੰਜਾਬੀ ਪੋਸਟ ਦੇ ਜਗਦੀਸ਼ ਗਰੇਵਾਲ, ਵਾਈ ਮੀਡੀਆ ਦੇ ਯੁੱਧਵੀਰ ਜਸਵਾਲ, ਹਮਦਰਦ ਤੋਂ ਅਮਰ ਸਿੰਘ ਭੁੱਲਰ, ਪਰਵਾਸੀ ਮੀਡੀਆ ਤੋਂ ਰਜਿੰਦਰ ਸੈਣੀ ਤੇ ਸਾਊਥ ਏਸ਼ੀਅਨ ਰੇਡੀਓ ਤੋਂ ਪਰਵਿੰਦਰ ਛੀਨਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕੌਂਸਲ ਜਨਰਲ ਅਪੂਰਵਾ ਸ੍ਰੀਵਾਸਤਵਾ ਨੂੰ ਉਨ੍ਹਾਂ ਵੱਲੋਂ ਕੀਤੇ ਕੰਮਾਂ ਲਈ ਵਧਾਈ ਦਿੱਤੀ। ਮੀਡੀਆਕਾਰਾਂ ਤੋਂ ਇਲਾਵਾ ਨਿਊ ਫਰੈਂਡਜ਼ ਕਲੱਬ ਦੇ ਕਈ ਨੁਮਾਇੰਦੇ ਵੀ ਹਾਜ਼ਰ ਸਨ ਜਿਨ੍ਹਾਂ ਵੱਲੋਂ ਕੌਂਸਲ ਸ੍ਰੀਵਾਸਤਵਾ ਨੂੰ ਇਕ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ।

RELATED ARTICLES

ਗ਼ਜ਼ਲ

POPULAR POSTS