ਬਰੈਂਪਟਨ/ਬਿਊਰੋ ਨਿਊਜ਼ : ਸੀਨੀਅਰ ਵੈਟਰਨ ਐਸੋਸੀਏਸ਼ਨ, ਪੈਰਿਟੀ ਰੋਡ ਦੇ ਬਜ਼ੁਰਗਾਂ ਅਤੇ ਹੋਰ ਵੀ ਕਈ ਥਾਈਂ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ ਗਿਆ। ਇਨ੍ਹਾਂ ਪ੍ਰੋਗਰਾਮਾਂ ਵਿਚ ਜਿਥੇ ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਇਤਿਹਾਸ ਬਾਰੇ ਗੱਲਾਂ ਹੋਈਆਂ, ਨਾਲ ਹੀ ਕੈਨੇਡਾ ਦੇ ਇੱਕ ਦੇਸ਼ ਦੇ ਰੂਪ ਵਿਚ ਸੰਗਠਤ ਹੋਣ ਦੀ 150ਵੀਂ ਵਰ੍ਹੇ ਗੰਢ ਮਨਾਉਂਦਿਆਂ, ਇਥੋਂ ਦੇ ਇਤਿਹਾਸ ‘ਤੇ ਵੀ ਵਿਚਾਰ ਪੇਸ਼ ਕੀਤੇ ਗਏ। ਇਨ੍ਹਾਂ ਪ੍ਰੋਗਰਾਮਾਂ ਵਿਚ ਭਾਰਤ ਅਤੇ ਕੈਨੇਡਾ ਦੋਨੋ ਦੇਸ਼ਾਂ ਦੇ ਝੰਡੇ ਲਹਿਰਾਏ ਗਏ।
ਸੀਨੀਅਰ ਵੈਟਰਨ ਐਸੋਸੀਏਸ਼ਨ ਦੇ ਮੈਂਬਰ 13 ਅਗਸਤ ਨੂੰ ਰੋਇਲ ਇੰਡੀਆ ਸਵੀਟ ਦੇ ਹਾਲ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਭਾਰਤ ਦੀ ਅਜ਼ਾਦੀ ਦੇ ਨਾਲ ਨਾਲ ਕੈਨੇਡਾ ਦੇ ਦੇਸ਼ ਦੇ ਤੌਰ ‘ਤੇ ਸੰਗਠਤ ਹੋਣ ਦੀ 150ਵੀਂ ਵਰ੍ਹੇ ਗੰਢ ਵੀ ਮਨਾਈ ਗਈ। ਇਸ ਵਿਚ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਅਜ਼ਾਦੀ ਦੀ ਲੜਾਈ ਦੇ ਇਤਿਹਾਸ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਹ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਹੈ ਕਿ ਅਸੀਂ ਅੱਜ ਅਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਇਸ ਨਾਲ ਜਿਥੇ ਭਾਰਤ ਵਿਚ ਰਹਿੰਦੇ ਲੋਕਾਂ ਨੂੰ ਅੰਗਰੇਜ਼ਾਂ ਦੀ ਲੁੱਟ ਦੇ ਨਿਜ਼ਾਮ ਤੋਂ ਰਾਹਤ ਮਿਲੀ, ਉਸ ਦੇ ਨਾਲ ਹੀ ਦੇਸੋਂ ਬਾਹਰ ਰਹਿੰਦੇ ਪਰਵਾਸੀਆਂ ਨੂੰ ਇਸ ਅਜ਼ਾਦੀ ਨੇ ਦੂਸਰੀਆਂ ਕੌਮਾਂ ਦੇ ਬਰਾਬਰ ਸਿਰ ਚੁੱਕ ਕੇ ਰਹਿਣ, ਤੁਰਨ ਫਿਰਨ ਅਤੇ ਬੋਲਣ ਦੀ ਅਜ਼ਾਦੀ ਦਵਾਈ। ਇਸ ਪ੍ਰੋਗਰਾਮ ਦਾ ਪ੍ਰਬੰਧ ਹਰਿੰਦਰਪਾਲ ਸਿੰਘ ਹੱਰਡ ਵਲੋਂ ਕੀਤਾ ਗਿਆ। ਸਟੇਜ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਹੀ ਨਿਭਾਈ। ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ 2016 ਦਾ ਬਰੈਂਪਟਨ ਗਾਰਡੀਅਨ ਦੇ ਪਾਠਕਾਂ ਵਲੋਂ ਉਨ੍ਹਾਂ ਦੇ ਬਿਜ਼ਨਸ ਹੱਰਡ ਆਟੋ ਨੂੰ ਸਭ ਤੋਂ ਉੱਤਮ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਅਪਣੀ ਆਟੋ ਮੋਬਾਇਲ ਦੀ ਇੰਜੀਨੀਅਰ ਡਿਗਰੀ ਫੌਜ ਵਿਚੋਂ ਹਾਸਲ ਕੀਤੀ ਸੀ। ਉਨ੍ਹਾਂ ਦੀ ਸ਼ਾਪ, ਹੱਰਡ ਆਟੋ 5 ਮੈਲਨੀ ਡਰਾਇਵ ਤੇ ਸਥਿਤ ਹੈ। ਇਸ ਮੌਕੇ ਪੰਜਾਬ ਵਿਚ ਉਭਰ ਰਹੇ ਕਲਾਕਾਰ ਧੀਰਾ ਗਿੱਲ ਨੇ ਅਪਣੇ ਗੀਤਾਂ ਨਾਲ ਚੰਗਾ ਰੰਗ ਬੰਨਿਆਂ। ਦੂਸਰਾ ਪ੍ਰੋਗਰਾਮ ਪੈਰਿਟੀ ਰੋਡ ਦੇ ਨੇੜਲੇ ਬਜ਼ਰਗਾਂ ਅਤੇ ਔਰਤਾਂ ਵਲੋਂ 15 ਅਗਸਤ ਵਾਲੇ ਦਿਨ ਕੀਤਾ ਗਿਆ। ਇਸ ਵਿਚ ਵੀ ਮੁੱਖ ਮਹਿਮਾਨ ਬਰਗੇਡੀਅਰ ਨਵਾਬ ਸਿੰਘ ਹੀਰ ਸਨ, ਜਿਨ੍ਹਾਂ ਅਜ਼ਾਦੀ ਦੇ ਇਤਿਹਾਸ ਬਾਰੇ ਦੱਸਿਆ। ਡਾ ਬਲਜਿੰਦਰ ਸਿੰਘ ਸੇਖੋਂ ਨੇ ਇਸ ਮੌਕੇ ਵਿਸਥਾਰ ਵਿਚ ਅਜ਼ਾਦੀ ਦੀ ਲੜਾਈ ਦੇ ਇਤਿਹਾਸ ਬਾਰੇ ਬੋਲਦਿਆਂ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਨੂੰ ਸ਼ੁਰੂ ਤੋਂ ਹੀ ਹਮੇਸ਼ਾ ਚੁਣੌਤੀ ਦਿੱਤੀ। ਇਹ ਵਿਦਰੋਹ ਬੰਗਾਲ ਵਿਚ ਅੰਗਰੇਜ਼ਾਂ ਦੇ ਜਬਰਦੱਸਤੀ ਨੀਲ ਦੀ ਖੇਤੀ ਕਰਵਾਉਣ ਤੋਂ ਹੀ ਸ਼ੁਰੂ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਬਜ਼ੁਰਗ ਅੰਗਰੇਜ਼ਾਂ ਦਾ ਡੱਟ ਕੇ ਮੁਕਾਬਲਾ ਨਾ ਕਰਦੇ ਤਾਂ ਹੋ ਸਕਦਾ ਹੈ ਕਿ ਭਾਰਤੀਆਂ ਦਾ ਹਾਲ, ਕੈਨੇਡਾ ਦੇ ਮੂਲ ਨਿਵਾਸੀਆਂ ਵਰਗਾ ਹੋ ਜਾਂਦਾ, ਜਿਨ੍ਹਾਂ ਨੂੰ ਅਪਣੇ ਪੁਰਾਣੇ ਸਮਾਜਿਕ ਤਾਣੇ ਬਾਣੇ ਅਤੇ ਸਧਾਰਨ ਹਥਿਆਰਾਂ ਕਾਰਨ ਹਾਰ ਖਾਣੀ ਪਈ। ਇੱਕ ਚਲਾਕ ਦੁਸ਼ਮਣ ਦਾ ਮੁਕਾਬਲਾ ਉਹ ਆਪਣੀਆਂ ਮਹਾਨ ਕਦਰਾਂ ਕੀਮਤਾਂ ਤੇ ਟਿਕੇ ਰਹਿ ਕੇ ਨਾ ਕਰ ਸਕੇ। ਉਨ੍ਹਾਂ ਦੇ ਦੁਸ਼ਮਣ ਘਾਤ ਲਾ ਕੇ ਹਮਲਾ ਕਰਦੇ ਪਰ ਇਥੋਂ ਦੇ ਮੂਲ ਨਿਵਾਸੀ, ਜੇਕਰ ਕੋਈ ਰਾਤ ਸੁੱਤਾ ਪਿਆ ਦੁਸ਼ਮਣ ਦਿੱਸ ਵੀ ਜਾਂਦਾ ਤਾਂ ਸਵੇਰ ਹੋਣ ਦੀ ਉਡੀਕ ਕਰਦੇ, ਸਵੇਰ ਹੋਣ ਤੇ ਉਸ ਦੀ ਜੁੱਤੀ ਸੂਰਜ ਨੂੰ ਵਿਖਾ ਕਹਿੰਦੇ ਕਿ ਹੇ ਦੇਵਤਾ ਤੂੰ ਗਵਾਹ ਹੈ, ਮੈਂ ਇਸ ਨੂੰ ਭੱਜਣ ਜਾਂ ਮੁਕਾਬਲਾ ਕਰਨ ਦਾ ਮੌਕਾ ਦੇ ਰਿਹਾ ਹਾਂ। ਉਹ ਵੈਰੀ ਭੱਜ ਜਾਂਦਾ ਤਾਂ ਉਨ੍ਹਾਂ ਨੂੰ ਕੋਈ ਰੋਸ ਨਾ ਹੁੰਦਾ। ਇਸ ਤਰ੍ਹਾਂ ਦੇ ਸਧਾਰਣ ਸੱਚੇ ਲੋਕ ਭਲਾ ਚਲਾਕ ਦੁਸ਼ਮਣ ਦਾ ਕਦ ਤੱਕ ਮੁਕਾਬਲਾ ਕਰ ਸਕਦੇ ਸਨ।
ਅੰਗਰੇਜ਼ਾਂ ਨੇ ਕੈਨੇਡਾ ਅਮਰੀਕਾ ਦੇ ਮੂਲ ਨਿਵਾਸੀਆਂ ਨੂੰ ਚੇਚਕ ਦੇ ਮਰੀਜ਼ਾਂ ਦੇ ਕੰਬਲ ਦੇ ਕੇ ਵੱਡੀ ਗਿਣਤੀ ਵਿਚ ਮਾਰਿਆ। ਉਨ੍ਹਾਂ ਦੀ ਖੁਰਾਕ, ਕਪੜਿਆਂ ਅਤੇ ਸਰਦੀ ਤੋਂ ਬਚਾਅ ਲਈ ਤੰਬੂਆਂ ਦੇ ਮੂਲ ਸਰੋਤ ਝੌਟਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਯੋਧਿਆਂ ਨੂੰ ਯਾਦ ਕੀਤਾ ਗਿਆ। ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ ਵੀ ਇੱਕ ਪ੍ਰੋਗਰਾਮ ਕੀਤਾ ਗਿਆ। ਇਸ ਵਿਚ ਸ਼ਾਮਿਲ ਔਰਤਾਂ ਵਲੋਂ ਇਸ ਮੌਕੇ ਗਿੱਧਾ ਪਾਇਆ ਗਿਆ ਅਤੇ ਪੰਜਾਬੀ ਸਭਿਆਚਾਰ ਨੂੰ ਯਾਦ ਕਰਦਿਆਂ, ਪੁਰਾਣੀਆਂ ਬੋਲੀਆਂ ਪਾਈਆਂ ਗਈਆਂ। ਮੈਂਬਰਾਂ ਵਲੋਂ ਇਸ ਵੇਲੇ ਮੌਜੂਦ ਸਭ ਤੋਂ ਵੱਡੀ ਉਮਰ ਦੀ ਸਰਦਾਰਨੀ ਬਚਿੰਤ ਕੌਰ ਗਰੇਵਾਲ ਨੂੰ ਜੋ 100 ਸਾਲ ਦੀ ਉਮਰ ਲੰਘ ਚੁੱਕੇ ਹਨ, ਸਨਮਾਨਿਤ ਕੀਤਾ ਗਿਆ।