ਬਰੈਂਪਟਨ/ਡਾ. ਝੰਡ : ਪੰਜਾਬੀ ਮਾਂ-ਬੋਲੀ ਨਾਲ ਮੋਹ ਰੱਖਣ ਵਾਲਿਆਂ ਅਤੇ ਸੰਗੀਤ-ਪ੍ਰੇਮੀਆਂ ਲਈ ਇਕ ਵੱਖਰੀ ਕਿਸਮ ਦਾ ਸਾਹਿਤਕ ਅਤੇ ਮਨੋਰੰਜਕ ਪ੍ਰੋਗਰਾਮ 17 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮ ਦੇ ਪੰਜ ਵਜੇ ਬਰੈਂਪਟਨ ਦੇ ‘ਰੋਜ਼ ਥੀਏਟਰ’ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਵਿਚ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਆਪਣੀਆਂ ਕਾਵਿ-ਰਚਨਾਵਾਂ ਆਪਣੀ ਸੁਰੀਲੀ ਆਵਾਜ਼ ਵਿਚ ਸਰੋਤਿਆਂ ਨਾਲ ਸਾਂਝੀਆਂ ਕਰਨਗੇ। ਇਸ ਸਾਹਿਤਕ ਤੇ ਸੰਗੀਤਕ ਪ੍ਰੋਗਰਾਮ ਵਿਚ ਪ੍ਰਸਿੱਧ ਲੇਖਕ ਡਾ. ਵਰਿਆਮ ਸਿੰਘ ਸੰਧੂ ਸੁਰਜੀਤ ਪਾਤਰ ਨੂੰ ਆਪਣੇ ਹੀ ਅੰਦਾਜ਼ ਵਿਚ ਸਰੋਤਿਆਂ ਸਾਹਮਣੇ ਪੇਸ਼ ਕਰਨਗੇ। ਇਸ ਸਮਾਗ਼ਮ ਦੌਰਾਨ ਉੱਘੇ-ਗਾਇਕ ਪ੍ਰੋ. ਉਪਕਾਰ ਸਿੰਘ, ਮੋਹਸਿਨ ਸ਼ੌਕਤ ਅਲੀ ਅਤੇ ਮਨਰਾਜ ਪਾਤਰ ਉਨ੍ਹਾਂ ਦੀਆਂ ਰਚਨਾਵਾਂ ਦਾ ਗਾਇਨ ਕਰਨਗੇ। ਇੱਥੇ ਪਾਠਕਾਂ ਨੂੰ ਇਹ ਵੀ ਦੱਸਣਾ ਬਣਦਾ ਹੈ ਕਿ ਸੁਰਜੀਤ ਪਾਤਰ ਤੇ ਮਨਰਾਜ ਪਾਤਰ ਦੋਵੇਂ ਟੋਰਾਂਟੋ ਪਹੁੰਚ ਚੁੱਕੇ ਹਨ ਅਤੇ ਗਾਇਕ ਉਪਕਾਰ ਸਿੰਘ ਤੇ ਮੋਹਸਿਨ ਸ਼ੌਕਤ ਅਲੀ ਤਾਂ ਪਹਿਲਾਂ ਹੀ ਇੱਥੇ ਬਰੈਂਪਟਨ ਸਾਡੇ ਕੋਲ ਹਨ। ਇਹ ਸੰਗੀਤਮਈ-ਪ੍ਰੋਗਰਾਮ ਆਪਣੀ ਹੀ ਕਿਸਮ ਦਾ ਵਿਲੱਖਣ ਪ੍ਰੋਗਰਾਮ ਹੋਵੇਗਾ ਜਿਸ ਵਿਚ ਸਾਹਿਤਕ ਅਤੇ ਮਨੋਰੰਜਨ ਦੋਹਾਂ ਕਿਸਮਾਂ ਦੇ ਵੱਖੋ-ਵੱਖਰੇ ਰੰਗ ਮੌਜੂਦ ਹੋਣਗੇ। ਉਮੀਦ ਕੀਤੀ ਜਾਂਦੀ ਹੈ ਕਿ ਪੰਜਾਬੀ-ਸਰੋਤਿਆਂ ਨੂੰ ਇਹ ਰੰਗ ਜ਼ਰੂਰ ਪਸੰਦ ਆਉਣਗੇ। ਇਸ ਮਿਆਰੀ ਪ੍ਰੋਗਰਾਮ ਦਾ ਆਨੰਦ ਮਾਣਨ ਲਈ ਟਿਕਟ ਪ੍ਰਾਪਤ ਕਰਨ ਲਈ ਸੁਪਨ ਸੰਧੂ ਦੇ ਫ਼ੋਨ ਨੰਬਰ +1 (647)-620-6280 ‘ਤੇ ਸੰਪਰਕ ਕਰੋ, ਜੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …