ਕਲੀਵਲੈਂਡ/ਬਿਊਰੋ ਨਿਊਜ਼ : ਗਰੇਟਰ ਕਲੀਵਲੈਂਡ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵਲੋਂ ਖਾਲਸਾ ਸਿਰਜਨਾ ਦਿਵਸ ਨੂੰ ਸਮਰਪਿੱਤ ਇਕ ਨਗਰ ਕੀਰਤਨ 5 ਮਈ, ਦਿਨ ਸ਼ਨਿਚਰਵਾਰ ਨੂੰ ਕਲੀਵਲੈਂਡ ਦੇ ਡਾਊਨ-ਟਾਊਨ ਵਿਚ ਪਬਲਿਕ ਸੁਕੇਅਰ ਪਾਰਕ ਵਿਖੇ ਆਯੋਜਿਤ ਕੀਤਾ ਗਿਆ।
ਇਸ ਨਗਰ ਕੀਰਤਨ ਦੇ ਸਬੰਧ ਵਿਚ ਸਵੇਰੇ 8 ਵਜੇ ਤੋਂ ਗਿਆਰਾਂ ਵਜੇ ਤੱਕ ਰਾਗੀ ਸਿੰਘਾਂ ਵਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਰਸ-ਭਿੰਨਾ ਕੀਰਤਨ ਕੀਤਾ ਗਿਆ। ਇਸ ਸਮੇਂ ਦੌਰਾਨ ਸੰਗਤਾਂ ਵਲੋਂ ਚਾਹ ਪਕੌੜੇ, ਜਲੇਬੀਆਂ ਅਤੇ ਫਰੂਟਾਂ ਦਾ ਲੰਗਰ ਵੀ ਲਗਾਇਆ ਗਿਆ। ਇਸ ਉਪਰੰਤ ਅਰਦਾਸ ਕੀਤੀ ਗਈ ਅਤੇ ਹੁਕਮਨਾਮਾ ਲੈ ਕੇ ਨਗਰ ਕੀਰਤਨ ਦੀ ਅਰੰਭਤਾ ਕੀਤੀ ਗਈ।
ਨਗਰ ਕੀਰਤਨ ਦੌਰਾਨ ਗੁਰੂ ਗਰੰਥ ਸਾਹਿਬ ਜੀ ਦੀ ਪਾਲਕੀ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਏ ਗਏ ਫਲੋਟ ‘ਤੇ ਸਜਾਇਆ ਗਿਆ ਜਿਸਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਰਾਗੀ ਸਿੰਘਾਂ ਵਲੋਂ ਗੁਰ-ਸ਼ਬਦ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪਾਲਕੀ ਦੇ ਪਿੱਛੇ ਕੇਸਰੀ ਦਸਤਾਰਾਂ ਅਤੇ ਦੁਪੱਟਿਆਂ ਨਾਲ ਕੇਸਰੀ ਭਾਅ ਮਾਰਦਾ, ਸੰਗਤਾਂ ਦਾ ਇਕ ਵੱਡਾ ਇਕੱਠ ਬਹੁਤ ਹੀ ਸਲੀਕੇ ਨਾਲ ਗੁਰ-ਸ਼ਬਦ ਉਚਾਰਦਾ ਜਾ ਰਿਹਾ ਸੀ। ਡਾਉਨ ਟਾਊਨ ਵਿਚ ਪਹਿਲੀ ਵਾਰ ਸਜਾਏ ਗਏ ਇਸ ਨਗਰ ਕੀਰਤਨ ਨੂੰ ਹਰੇਕ ਵਰਗ ਦੇ ਲੋਕ ਬਹੁਤ ਹੀ ਅਦਬ ਅਤੇ ਹੈਰਾਨੀ ਨਾਲ ਦੇਖ ਰਹੇ ਸਨ ਅਤੇ ਸਿੱਖ ਕਮਿਊਨਿਟੀ ਬਾਰੇ ਜਾਣਨ ਦੀ ਉਤਸੁਕਤਾ ਜਾਹਰ ਕਰ ਰਹੇ ਸਨ। ਇਸ ਨਗਰ ਕੀਰਤਨ ਦੌਰਾਨ ਸਿੱਖ ਧਰਮ ਬਾਰੇ ਅਹਿਮ ਜਾਣਕਾਰੀ ਵਾਲੇ ਪੈਂਫਲਿਟ ਵੀ ਵੰਡੇ ਗਏ। ਨਗਰ ਕੀਰਤਨ ਦੇ ਸਾਰੇ ਰੂਟ ਦੌਰਾਨ ਸਿਟੀ ਅਧਿਕਾਰੀਆਂ ਅਤੇ ਕਲੀਵਲੈਂਡ ਪੁਲੀਸ ਵਲੋਂ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਸਨ। ਸਿੱਖ ਸੰਗਤਾਂ ਦੇ ਇਸ ਨਿਯਮਤ ਇਕੱਠ ਨੂੰ ਦੇਖ ਕੇ ਪੁਲੀਸ ਅਧਿਕਾਰੀ ਬਹੁਤ ਸੰਤੁਸ਼ਟ ਸਨ। ਡਾਊਨ ਟਾਊਨ ਵਿਚ 3 ਕੁ ਮੀਲ ਦੇ ਰੂਟ ਤੋਂ ਬਾਅਦ ਨਗਰ ਕੀਰਤਨ ਦੀ ਸਮਾਪਤੀ ਫਿਰ ਪਬਲਿਕ ਸੁਕੇਅਰ ਪਾਰਕ ਵਿਖੇ ਹੋਈ। ਨਗਰ ਕੀਰਤਨ ਦੀ ਸਮਾਪਤੀ ‘ਤੇ ਗੁਰੁ ਕੇ ਲੰਗਰ ਅਟੁੱਟ ਵਰਤਾਏ ਗਏ। ਕਲੀਵਲੈਂਡ ਵਿਚ ਪਹਿਲੀ ਵਾਰੇ ਸਜਾਏ ਗਏ ਇਸ ਬਹੁਤ ਹੀ ਸਫ਼ਲ ਨਗਰ ਕੀਰਤਨ ਲਈ ਬਰੈਡਫੋਰਡ ਗੁਰੂਦੁਆਰਾ ਅਤੇ ਰਿੱਚਫੀਲਡ ਗੁਰਦੁਆਰੇ ਦੀਆਂ ਪ੍ਰਬੰਧਕੀ ਕਮੇਟੀਆਂ, ਨਗਰ ਕੀਰਤਨ ਦੀ ਸਾਂਝੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਸਿੱਖ-ਸੰਗਤਾਂ ਵਧਾਈ ਦੀਆਂ ਪਾਤਰ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …