16.5 C
Toronto
Sunday, July 12, 2026
spot_img
Homeਕੈਨੇਡਾਪੁਰੇਵਾਲ ਖੇਡਾਂ ਹਕੀਮਪੁਰ

ਪੁਰੇਵਾਲ ਖੇਡਾਂ ਹਕੀਮਪੁਰ

ਪ੍ਰਿੰਸੀਪਲ ਸਰਵਣ ਸਿੰਘ ਨੂੰ ਮਿਲੇਗਾ ਖੇਡ ਰਤਨ ਐਵਾਰਡ
ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿੱਚ 8 ਜੁਲਾਈ 1940 ਨੂੰ ਜਨਮੇ ਪ੍ਰਿੰਸੀਪਲ ਸਰਵਣ ਸਿੰਘ ਖੇਡ ਜਗਤ ਦੀ ਨਾਮਵਰ ਸ਼ਖ਼ਸੀਅਤ ਹਨ ਜਿਨ੍ਹਾਂ ਨੂੰ ਪੰਜਾਬੀ ਖੇਡ ਸਾਹਿਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਨ੍ਹਾਂ ਦੀਆਂ ਪੰਜਾਹ ਪੁਸਤਕਾਂ ਵਿੱਚੋਂ ਪੱਚੀ ਪੁਸਤਕਾਂ ਖੇਡਾਂ ਤੇ ਖਿਡਾਰੀਆਂ ਬਾਰੇ ਹੀ ਹਨ। ਉਹ ਖ਼ੁਦ ਖਿਡਾਰੀ, ਕੋਚ, ਖੇਡ ਜੱਜ, ਖੇਡ ਪ੍ਰਬੰਧਕ, ਖੇਡ ਪ੍ਰਮੋਟਰ, ਖੇਡ ਬੁਲਾਰੇ, ਖੇਡ ਪੱਤਰਕਾਰ, ਸ਼੍ਰੋਮਣੀ ਪੰਜਾਬੀ ਲੇਖਕ, ਪੰਜਾਬੀ ਦੇ ਪ੍ਰੋਫ਼ੈਸਰ, ਅਮਰਦੀਪ ਕਾਲਜ ਮੁਕੰਦਪੁਰ ਦੇ ਪ੍ਰਿੰਸੀਪਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟਰ, ਸਿੰਡਕ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਰਹੇ। ਉਨ੍ਹਾਂ ਨੇ ਵਿਸ਼ਵ ਕਬੱਡੀ ਕੱਪ ਪੰਜਾਬ ਵਿੱਚ ਅਹਿਮ ਰੋਲ ਨਿਭਾਇਆ ਅਤੇ ਖਿਡਾਰੀਆਂ ਤੇ ਖੇਡ ਪ੍ਰਮੋਟਰਾਂ ਦੇ ਕਦਰਦਾਨ ਹਨ।
ਉਨ੍ਹਾਂ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖਿਡਾਰੀਆਂ ਤੇ ਖੇਡ ਮੇਲਿਆਂ ਬਾਰੇ ਲਿਖਿਆ ਅਤੇ ਕੁਝ ਖਿਡਾਰੀਆਂ ਦੀਆਂ ਜੀਵਨੀਆਂ ਲਿਖੀਆਂ। ਪਿੰਡਾਂ ਦੇ ਖੇਡ ਮੇਲਿਆਂ ਤੋਂ ਲੈ ਕੇ ਨੈਸ਼ਨਲ, ਏਸ਼ਿਆਈ, ਕਾਮਨਵੈਲਥ, ਓਲੰਪਿਕ ਖੇਡਾਂ ਤੇ ਵਿਸ਼ਵ ਕੱਪਾਂ ਬਾਰੇ ਲਿਖਦਿਆਂ ਉਨ੍ਹਾਂ ਖੇਡਾਂ ਦਾ ਇਤਿਹਾਸ ਵੀ ਲਿਖਿਆ। ਉਨ੍ਹਾਂ ਨੇ ਪੰਜਾਬੀ ਖੇਡ ਸਾਹਿਤ ਨੂੰ ਭਾਰਤੀ ਤੇ ਕੌਮਾਂਤਰੀ ਭਾਸ਼ਾਵਾਂ ਦੇ ਮੰਚ ‘ਤੇ ਸਨਮਾਨਯੋਗ ਸਥਾਨ ਦਿਵਾਇਆ। ਉਹ ਛੇ ਦਹਾਕਿਆਂ ਤੋਂ ਲਗਾਤਾਰ ਲਿਖਦੇ ਆ ਰਹੇ ਹਨ। ਪੰਜਾਬੀ ਜਗਤ ਦਾ ਸ਼ਾਇਦ ਹੀ ਕੋਈ ਮੈਗਜ਼ੀਨ ਜਾਂ ਅਖ਼ਬਾਰ ਹੋਵੇ ਜਿਸ ਵਿਚ ਉਨ੍ਹਾਂ ਦੀਆਂ ਲਿਖਤਾਂ ਨਾ ਛਪੀਆਂ ਹੋਣ। ਉਨ੍ਹਾਂ ਨੇ ਪੰਜਾਬੀ ਖੇਡ ਸਾਹਿਤ ਦਾ ਇਤਿਹਾਸ ਚਾਰ ਜਿਲਦਾਂ ‘ਸ਼ਬਦਾਂ ਦੇ ਖਿਡਾਰੀ’, ‘ਖੇਡ ਸਾਹਿਤ ਦੀਆਂ ਬਾਤਾਂ’, ‘ਖੇਡ ਸਾਹਿਤ ਦੇ ਮੋਤੀ’ ਤੇ ‘ਖੇਡ ਸਾਹਿਤ ਦੇ ਹੀਰੇ’ ਵਿਚ ਕਲਮਬੱਧ ਕੀਤਾ।
ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪੁਸਤਕ ‘ਪੰਜਾਬ ਦੀਆਂ ਦੇਸੀ ਖੇਡਾਂ’ ਵਿੱਚ ਸਤਾਸੀ ਖੇਡਾਂ ਦਾ ਵੇਰਵਾ ਦਿੱਤਾ ਅਤੇ ਨੈਸ਼ਨਲ ਬੁੱਕ ਟਰੱਸਟ ਵੱਲੋਂ ਪ੍ਰਕਾਸ਼ਿਤ ਪੁਸਤਕ ‘ਪੰਜਾਬ ਦੇ ਚੋਣਵੇਂ ਖਿਡਾਰੀ’ ਵਿਚ ਪੰਜਾਬੀ ਖਿਡਾਰੀਆਂ ਦੇ ਸ਼ਬਦ ਚਿੱਤਰ ਉਲੀਕੇ ਹਨ।
‘ਪੰਜਾਬ ਦੇ ਕੋਹੇਨੂਰ’ ਪੁਸਤਕ ਦੇ ਤਿੰਨ ਭਾਗਾਂ ਵਿੱਚ ਪੰਜਾਬੀ ਜਗਤ ਦੇ ਤੇਈ ਹੀਰਿਆਂ ਦੀਆਂ ਲੰਮੀਆਂ ਬਾਤਾਂ ਪਾਈਆਂ। ਮੌਲਿਕ ਪੁਸਤਕਾਂ ਰਚਣ ਨਾਲ ਉਨ੍ਹਾਂ ਨੇ ਕੁਝ ਪੁਸਤਕਾਂ ਦਾ ਸੰਪਾਦਨ ਤੇ ਅਨੁਵਾਦ ਵੀ ਕੀਤਾ। ਉਹ ਅਨੇਕਾਂ ਨਵੇਂ ਪੰਜਾਬੀ ਖੇਡ ਲੇਖਕਾਂ ਦੇ ਪ੍ਰੇਰਨਾਸ੍ਰੋਤ ਹਨ ਜਿਨ੍ਹਾਂ ਨੇ ਲਗਭਗ ਦੋ ਸੌ ਖੇਡ ਪੁਸਤਕਾਂ ਲਿਖੀਆਂ ਹਨ। ਉਨ੍ਹਾਂ ਨੂੰ ਦੇਸ਼ ਵਿਦੇਸ਼ ਦੇ ਖੇਡ ਮੇਲੇ ਕਵਰ ਕਰਦਿਆਂ ਅਨੇਕਾਂ ਮਾਣ ਸਨਮਾਨ ਮਿਲੇ। ਜਸਵੰਤ ਸਿੰਘ ਕੰਵਲ ਨੇ ਉਨ੍ਹਾਂ ਨੂੰ ‘ਖੇਡਾਂ ਦਾ ਵਣਜਾਰਾ’, ਡਾ. ਹਰਿਭਜਨ ਸਿੰਘ ਨੇ ‘ਸ਼ਬਦਾਂ ਦਾ ਓਲੰਪੀਅਨ’ ਤੇ ਵਰਿਆਮ ਸਿੰਘ ਸੰਧੂ ਨੇ ‘ਪੰਜਾਬੀ ਵਾਰਤਕ ਦਾ ਉੱਚਾ ਬੁਰਜ’ ਕਿਹਾ ਅਤੇ ਹੋਰ ਬਹੁਤ ਸਾਰੇ ਲੇਖਕਾਂ ਤੇ ਪਾਠਕਾਂ ਨੇ ਉਨ੍ਹਾਂ ਦੀਆਂ ਲਿਖਤਾਂ ਨੂੰ ਸਲਾਹਿਆ ਤੇ ਵਡਿਆਇਆ। ਉਨ੍ਹਾਂ ਦੀ ਕਲਮ ਦੀ ਮੈਰਾਥਨ ਦੌੜ 1960ਵਿਆਂ ਤੋਂ ਜਾਰੀ ਹੈ ਜਿਸ ਦੇ ਹੋਰ ਕਈ ਸਾਲ ਜਾਰੀ ਰਹਿਣ ਦੀ ਦਿਲੋਂ ਦੁਆ ਕਰਦੇ ਹਾਂ।
ਪੰਜਾਬ ਦੀ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਹਰਬੰਸ ਸਿੰਘ ਪੁਰੇਵਾਲ ਯਾਦਗਾਰੀ ਖੇਡਾਂ ਹਕੀਮਪੁਰ ਵਿੱਚ 5 ਮਾਰਚ 2023 ਨੂੰ ਪੰਜਾਬੀ ਖੇਡ ਪ੍ਰਮੋਟਰਾਂ ਵੱਲੋਂ ਪ੍ਰਿੰਸੀਪਲ ਸਰਵਣ ਸਿੰਘ ਨੂੰ ਉਮਰ ਭਰ ਦੀਆਂ ਸਿੱਖਿਆ, ਸਾਹਿਤ, ਸਿਹਤ ਤੇ ਖੇਡ ਸੇਵਾਵਾਂ ਲਈ ‘ਖੇਡ ਰਤਨ ਐਵਾਰਡ’ ਨਾਲ ਸਨਮਾਨਿਤ ਕਰਨ ਦੀ ਖੁਸ਼ੀ ਲੈ ਰਹੇ ਹਾਂ।
ਪੁਰੇਵਾਲ ਖੇਡ ਮੇਲਾ ਉਨ੍ਹਾਂ ਦੀ ਲੰਮੀ ਸਿਹਤਮੰਦ ਆਯੂ ਲਈ ਸ਼ੁਭ ਇਛਾਵਾਂ ਪੇਸ਼ ਕਰਦਾ ਹੈ।

RELATED ARTICLES
POPULAR POSTS