Breaking News
Home / ਕੈਨੇਡਾ / ਫੈਡਰਲ ਸਰਕਾਰ ਕੈਨੇਡੀਅਨ ਵਿਦਿਆਰਥੀਆਂ ਦੇ ਸਟੂਡੈਂਟਸ ਕਰਜ਼ ਨੂੰ ਕਰੇਗੀ ਪੱਕੇ ਤੌਰ ‘ਤੇ ਵਿਆਜ ਰਹਿਤ : ਸੋਨੀਆ ਸਿੱਧੂ

ਫੈਡਰਲ ਸਰਕਾਰ ਕੈਨੇਡੀਅਨ ਵਿਦਿਆਰਥੀਆਂ ਦੇ ਸਟੂਡੈਂਟਸ ਕਰਜ਼ ਨੂੰ ਕਰੇਗੀ ਪੱਕੇ ਤੌਰ ‘ਤੇ ਵਿਆਜ ਰਹਿਤ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸੈਕੰਡਰੀ ਪੱਧਰ ਦੀ ਸਕੂਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵਿਦਿਆਰਥੀਆਂ ਲਈ ਅੱਗੋਂ ਉਨ੍ਹਾਂ ਦੇ ਮਨਭਾਉਂਦੇ ਫਲਦਾਇਕ ਭਵਿੱਖਮਈ ਵਿਦਿਆਰਥੀ ਜੀਵਨ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ। ਪੋਸਟ-ਸੈਕੰਡਰੀ ਸਿੱਖਿਆ ਲੈਣ ਲਈ ਕੈਨੇਡਾ ਵਿਚ ਅੱਧੇ ਤੋਂ ਵਧੇਰੇ ਵਿਦਿਆਰਥੀ ਸਟੂਡੈਂਟ ਕਰਜ਼ੇ ਉੱਪਰ ਨਿਰਭਰ ਕਰਦੇ ਹਨ ਜੋ ਉਨ੍ਹਾਂ ਦੀਆਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਭਾਰੀ ਟਿਊਸ਼ਨ ਫ਼ੀਸਾਂ ਤੇ ਹੋਰ ਖ਼ਰਚਿਆਂ ਨੂੰ ਪੂਰਾ ਕਰਨ ਲਈ ਸਹਾਈ ਹੁੰਦਾ ਹੈ। ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਕੈਨੇਡਾ ਦੀ ਵਰਕਫ਼ੋਰਸ ਵਿਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਇਹ ਕਰਜ਼ੇ ਵਾਪਸ ਕਰਨ ਦਾ ਫ਼ਿਕਰ ਹੁੰਦਾ ਹੈ। ਕੈਨੇਡਾ ਦੀ ਫ਼ੈੱਡਰਲ ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਵਿਦਿਆਰਥੀਆਂ ਦੇ ਸਕੂਲੀ ਜੀਵਨ ਤੋਂ ਬਾਅਦ ਉਨ੍ਹਾਂ ਦੇ ਨੌਕਰੀਆਂ ਵਿਚ ਆਉਣ ਤੱਕ ਦੇ ਸਮੇਂ ਨੂੰ ਸੁਖਾਲਾ ਬਣਾਇਆ ਜਾਏ ਅਤੇ ਇਹ ਉਨ੍ਹਾਂ ਲਈ ਕਸ਼ਟਦਾਇਕ ਨਾ ਹੋਵੇ।
ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫ਼ੈੱਡਰਲ ਸਰਕਾਰ ਵੱਲੋਂ ਸਟੂਡੈਂਟ ਕਰਜ਼ੇ ਦੇ ਵਿਆਜ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਾਲ ਮੌਜੂਦਾ ਅਤੇ ਨਵੇਂ ਗਰੈਜੂਏਟ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹ ਆਪਣੇ ਭਵਿੱਖ ਨੂੰ ਬੇਹਤਰ ਬਨਾਉਣ ਉੱਪਰ ਧਿਆਨ ਕੇਂਦ੍ਰਿਤ ਕਰ ਸਕਣਗੇ। ਉਨ੍ਹਾਂ ਕਿਹਾ ਕਿ 2019 ਵਿਚ ਜਦੋਂ ਬੈਂਕ ਕਰਜ਼ਿਆਂ ਦੇ ਵਿਆਜ਼ ਵਿਚ ਇਤਿਹਾਸਕ ਕਮੀ ਹੋਈ ਸੀ, ਉਦੋਂ ਫ਼ੈੱਡਰਲ ਸਰਕਾਰ ਵੱਲੋਂ ਸਟੂਡੈਂਟ ਕਰਜ਼ੇ ਦੀ ਦਰ ਪ੍ਰਾਈਮ ਰੇਟ ਦੇ ਬਰਾਬਰ ਕਰਕੇ ਇਸ ਨੂੰ ਵਿਦਿਆਰਥੀਆਂ ਲਈ ਆਸਾਨੀ ਨਾਲ ਉਪਲੱਭਧ ਹੋਣ ਵਾਲਾ ਕੀਤਾ ਗਿਆ ਸੀ। ਸਾਲ 2020 ਵਿਚ ਜਦੋਂ ਕੋਵਿਡ-19 ਨੇ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ ਤਾਂ ਵਿਦਿਆਰਥੀ ਅਤੇ ਨੌਜਵਾਨ ਵੀ ਉਸ ਸਮੇਂ ਨੌਕਰੀਆਂ ਤੋਂ ਵਿਰਵੇ ਹੋਣ ਵਾਲਿਆਂ ਵਿਚ ਸ਼ਾਮਲ ਸਨ। ਉਨ੍ਹਾਂ ਦੀ ਸਹਾਇਤਾ ਕਰਨ ਲਈ ਸਰਕਾਰ ਵੱਲੋਂ ਵਿਦਿਆਰਥੀ ਕਰਜ਼ਿਆਂ ਦੇ ਵਿਆਜ਼ ਨੂੰ ਦੋ ਸਾਲਾਂ ਲਈ ਮੁਲਤਵੀ ਕੀਤਾ ਗਿਆ ਸੀ ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਰਾਹਤ ਮਿਲੀ ਸੀ। ਵਿਦਿਆਰਥੀਆਂ ਨੂੰ ਮਿਲਣ ਵਾਲੀ ਇਹ ਸਹੂਲਤ 31 ਮਾਰਚ 2023 ਨੂੰ ਸਮਾਪਤ ਹੋ ਜਾਣੀ ਸੀ ਪਰ ਹੁਣ ਫ਼ੈਡਰਲ ਵਿਦਿਆਰਥੀ ਕਰਜ਼ੇ ਦਾ ਇਹ ਵਿਆਜ ਪੱਕੇ ਤੌਰ ‘ਤੇ ਖ਼ਤਮ ਕਰ ਦਿੱਤਾ ਗਿਆ ਹੈ।
ਵਧ ਰਹੀ ਮਹਿੰਗਾਈ ਦੌਰਾਨ ਜੀਵਨ ਪੱਧਰ ਨੂੰ ਸਾਵਾਂ-ਪੱਧਰਾ ਰੱਖਣ ਲਈ ਫ਼ੈੱਡਰਲ ਸਰਕਾਰ ਨਵੇਂ ਗਰੈਜੂਏਟਾਂ ਲਈ ਕਈ ਪੱਕੇ ਕਦਮ ਉਠਾਅ ਰਹੀ ਹੈ ਜਿਨ੍ਹਾਂ ਨਾਲ ਉਨ੍ਹਾਂ ਦੇ ਸਟੂਡੈਂਟ ਕਰਜ਼ੇ ਦਾ ਬੋਝ ਹਲਕਾ ਕੀਤਾ ਜਾ ਸਕੇ ਅਤੇ ਉਹ ਕੈਨੇਡਾ ਦੇ ਭਵਿੱਖ ਨੂੰ ਸੰਵਾਰਨ ਵਿਚ ਆਪਣਾ ਬਣਦਾ ਸਾਰਥਿਕ ਯੋਗਦਾਨ ਪਾ ਸਕਣ।
ਵਿਦਿਆਰਥੀਆਂ ਲਈ ਇਨ੍ਹਾਂ ਸਹੂਲਤਾਂ ਵਿਚ ਇਹ ਸ਼ਾਮਲ ਹਨ:
ਕੈਨੇਡਾ ਸਟੂਡੈਂਟ ਕਰਜ਼ੇ ਅਤੇ ਕੈਨੇਡਾ ਅਪਰੈਂਟਸਸ਼ਿਪ ਕਰਜ਼ੇ ਪੱਕੇ ਤੌਰ ਤੇ ਵਿਆਜ-ਰਹਿਤ ਹੋਣਗੇ ਅਤੇ ਇਨ੍ਹਾਂ ਵਿਚ 1 ਅਪ੍ਰੈਲ 2023 ਤੋਂ ਸ਼ੁਰੂ ਹੋਣ ਵਾਲੇ ਮੋੜਨਯੋਗ ਕਰਜ਼ੇ ਵੀ ਸ਼ਾਮਲ ਹੋਣਗੇ।
ਵਿਆਜ-ਰਹਿਤ ਇਨ੍ਹਾਂ ਕਰਜ਼ਿਆਂ ਨਾਲ ਵਿਦਿਆਰਥੀਆਂ ਨੂੰ ਔਸਤਨ 410 ਡਾਲਰ ਸਲਾਨਾ ਦੀ ਬੱਚਤ ਹੋਵੇਗੀ।
ਨਵੇਂ ਗਰੈਜੂਏਟ ਅਜੇ ਵੀ ਰੀਪੇਅਮੈਂਟ ਅਸਿਸਟੈਂਸ ਪਲੈਨ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ ਜਿਸ ਨਾਲ ਉਹ 40,000 ਡਾਲਰ ਸਲਾਨਾ ਕਮਾਉਣ ਦੇ ਯੋਗ ਹੋਣ ਤੱਕ ਆਪਣੇ ਸਟੂਡੈਂਟ ਕਰਜ਼ੇ ਨੂੰ ਮੋੜਨ ਲਈ ਮੁਲਤਵੀ ਰੱਖਣ ਦੀ ਆਗਿਆ ਦਿੰਦਾ ਹੈ।
ਇਸ ਉੱਪਰ ਆਪਣੀ ਪ੍ਰਤੀਕਿਰਿਆ ਦਰਸਾਉਂਦੇ ਹੋਏ ਸੋਨੀਆ ਸਿੱਧੂ ਨੇ ਕਿਹਾ, ”ਸਟੂਡੈਂਟ ਕਰਜ਼ੇ ਨੂੰ ਪੱਕੇ ਤੌਰ ਤੇ ਕਰਜ਼ਾ-ਰਹਿਤ ਕਰਨ ਦੇ ਫ਼ੈੱਡਰਲ ਸਰਕਾਰ ਦੇ ਇਸ ਕਦਮ ਨਾਲ ਮੈਨੂੰ ਬੜੀ ਖ਼ੁਸ਼ੀ ਹੋਈ ਹੈ। ਇਸ ਨਾਲ ਬਰੈਂਪਟਨ ਅਤੇ ਸਮੁੱਚੇ ਕੈਨੇਡਾ ਦੇ ਵਿਦਿਆਰਥੀਆਂ ਨੂੰ ਵਿਦਿਆਰਥੀ ਕਰਜ਼ੇ ਮੋੜਨ ਵਿਚ ਅਤੇ ਭਵਿੱਖ ਵਿਚ ਆਪਣੇ ਜੀਵਨ ਨੂੰ ਸਾਰਥਿਕ ਸੇਧ ਦੇਣ ਵਿਚ ਮਦਦ ਮਿਲੇਗੀ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …