0.8 C
Toronto
Wednesday, December 3, 2025
spot_img
Homeਕੈਨੇਡਾਮੈਕਲਾਗਲਨ ਰੋਡ ' ਤੇ ਟਰੈਫਿਕ ਲਾਈਟਾਂ ਲਗਾਉਣ ਲਈ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼...

ਮੈਕਲਾਗਲਨ ਰੋਡ ‘ ਤੇ ਟਰੈਫਿਕ ਲਾਈਟਾਂ ਲਗਾਉਣ ਲਈ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਨੇ ਡਿਪਟੀ ਮੇਅਰ ਨੂੰ ਦਿੱਤਾ ਯਾਦ-ਪੱਤਰ

ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਵਿਚਰ ਰਹੀਆਂ ਤਿੰਨ ਦਰਜਨ ਸੀਨੀਅਰਜ਼ ਕਲੱਬਾਂ ਦੀ ਸਾਂਝੀ ਛੱਤਰੀ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਤੇ ਹੋਰ ਮੈਂਬਰਾਂ ਵੱਲੋਂ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਸਿੱਖ ਸੰਗਤ ਰੀਗਨ ਰੋਡ ਦੇ ਪਿਛਲੇ ਪਾਸੇ ਚੱਲ ਰਹੀ ਮੈਕਲਾਗਲਨ ਰੋਡ ਉੱਪਰ ਪੈਡੈੱਸਟਰੀਅਨ ਕਰਾਸਿੰਗ ਬਨਾਉਣ ਅਤੇ ਟਰੈਫ਼ਿਕ ਲਾਈਟਾਂ ਲਗਾਉਣ ਲਈ ਬਰੈਂਪਟਨ ਸਿਟੀ ਕੌਂਸਲ ਦੇ ਡਿਪਟੀ ਮੇਅਰ ਨੂੰ ਯਾਦ-ਪੱਤਰ ਸੌਂਪਿਆ ਗਿਆ। ਇਲਾਕੇ ਦੇ ਲੋਕਾਂ ਅਤੇ ਸੀਨੀਅਰਜ਼ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਉਨ੍ਹਾਂ ਨੂੰ ਜਦੋਂ ਪੱਛਮ ਵਾਲੇ ਪਾਸਿਉਂ ਮੈਕਲਾਗਲਨ ਰੋਡ ਨੂੰ ਪਾਰ ਕਰਨਾ ਪੈਂਦਾ ਹੈ ਤਾਂ ਟਰੈਫ਼ਿਕ ਲਾਈਟਾਂ ਗੁਰਦੁਆਰਾ ਸਾਹਿਬ ਦੇ ਦੋਹਾਂ ਪਾਸਿਆਂ ਤੋਂ ਹੀ ਕਾਫ਼ੀ ਦੂਰ ਪੈਂਦੀਆਂ ਹਨ। ਨਤੀਜੇ ਵਜੋਂ ਜਦੋਂ ਕਈ ਵਿਅੱਕਤੀ ਗੁਰਦੁਆਰਾ ਸਾਹਿਬ ਦੇ ਨੇੜਿਉਂ ਮੈਕਲਾਗਲਨ ਰੋਡ ਪਾਰ ਕਰਦੇ ਹਨ ਤਾਂ ਉਨ੍ਹਾਂ ਲਈ ਐਕਸੀਡੈਂਟ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ ਅਤੇ ਪਿਛਲੇ ਸਮੇਂ ਵਿਚ ਅਜਿਹੀਆਂ ਕਈ ਦੁਰਘਟਨਾਵਾਂ ਹੋ ਵੀ ਚੁੱਕੀਆਂ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਅਤੇ ਇਸ ਏਰੀਏ ਵਿਚ ਵੱਸਦੇ ਲੋਕਾਂ ਵੱਲੋਂ ਸਿਟੀ ਕੌਂਸਲ ਨੂੰ ਇਸ ਸਬੰਧੀ ਕਈ ਵਾਰ ਮੰਗ-ਪੱਤਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ ਇਲਾਕੇ ਦੇ ਵਾਰਡ ਨੰਬਰ 2 ਤੇ 6 ਦੇ ਰੀਜਨਲ ਕੌਂਸਲਰ ਮਾਈਕਲ ਪਲੈਸ਼ੀ ਵੀ ਪਿਛਲੇ ਕਈ ਸਾਲਾਂ ਤੋਂ ਇਸ ਦੇ ਲਈ ਸਿਟੀ ਕੌਂਸਲ ਉੱਪਰ ਦਬਾਅ ਬਣਾ ਰਹੇ ਹਨ ਪਰ 2020 ਵਿਚ ਕਰੋਨਾ ਮਹਾਂਮਾਰੀ ਦੇ ਫ਼ੈਲਣ ਅਤੇ ਹੋਰ ਕਈ ਪ੍ਰਬੰਧਕੀ ਕਾਰਨਾਂ ਕਰਕੇ ਇਹ ਮਸਲਾ ਲਟਕਦਾ ਆ ਰਿਹਾ ਹੈ।
ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਨੇ ਆਪਣੇ ਇਸ ਯਾਦ-ਪੱਤਰ ਵਿਚ ਲਿਖਿਆ ਹੈ ਕਿ ਮੈਕਲਾਗਲਨ ਰੋਡ ਦੇ ਪੂਰਬ ਅਤੇ ਪੱਛਮ ਵਾਲੇ ਪਾਸੇ ਦੋ ਬੱਸ-ਸਟਾਪ ਹਨ ਅਤੇ ਇਨ੍ਹਾਂ ਦੋਹਾਂ ਸਟਾਪਾਂ ਤੋਂ ਬੱਸਾਂ ਵਿੱਚੋਂ ਉੱਤਰ ਕੇ ਸੀਨੀਅਰਜ਼ ਅਤੇ ਹੋਰ ਕਈ ਲੋਕ ਗੁਰਦੁਆਰਾ ਸਾਹਿਬ ਦੇ ਨੇੜੇ ਇਸ ਸੜਕ ਨੂੰ ਪਾਰ ਕਰਦੇ ਹਨ।
ਇੱਥੇ ਟਰੈਫਿਕ ਲਾਈਟਾਂ ਨਾ ਹੋਣ ਕਾਰਨ ਐਕਸੀਡੈਂਟ ਵਗ਼ੈਰਾ ਦਾ ਖ਼ਤਰਾ ਹਰ ਵੇਲੇ ਬਣਿਆਂ ਰਹਿੰਦਾ ਹੈ। ਇਸ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਇਸ ਜਗ੍ਹਾਂ ਤੇ ਟਰੈਫ਼ਿਕ ਲਾਈਟਾਂ ਜਲਦੀ ਤੋਂ ਜਲਦੀ ਲਗਾਈਆਂ ਜਾਣ ਤਾਂ ਜੋ ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਤੇ ਹੋਰ ਲੋਕ ਸੁਰੱਖ਼ਿਅਤ ਤਰੀਕੇ ਨਾਲ ਮੈਕਲਾਗਲਨ ਰੋਡ ਨੂੰ ਪਾਰ ਕਰ ਸਕਣ। ਉਂਜ, ਸਿਟੀ ਕੌਂਸਲ ਵੱਲੋਂ ਰੀਜਨਲ ਕੌਂਸਲਰ ਮਾਈਕਲ ਪਲੈਸ਼ੀ ਨੂੰ ਪ੍ਰਾਪਤ ਹੋਏ ਇਕ ਪੱਤਰ ਬਾਰੇ ਪਤਾ ਲੱਗਾ ਹੈ ਕਿ ਇਸ ਸਬੰਧੀ ਉੱਥੇ ਕੁਝ ਹਿੱਲਜੁਲ ਹੋਈ ਹੈ ਅਤੇ ਸਿਟੀ ਕੌਂਸਲ ਵੱਲੋਂ ਇਹ ਲਾਈਟਾਂ ਫ਼ਰਵਰੀ ਮਹੀਨੇ ਅਖ਼ੀਰ ਤੱਕ ਲਗਾਉਣ ਦਾ ਭਰੋਸਾ ਦਿੱਤਾ ਗਿਆ ਹੈ। ਵੇਖੋ, ਲੋਕਾਂ ਦਾ ਇਹ ਮਸਲਾ ਹੱਲ ਕਦੋਂ ਹੁੰਦਾ ਹੈ।

RELATED ARTICLES
POPULAR POSTS