14.3 C
Toronto
Wednesday, October 15, 2025
spot_img
Homeਕੈਨੇਡਾਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਮਹੀਨੇਵਾਰ ਸਮਾਗਮ ਵਿਚ ਕਵਿਤਾਵਾਂ ਤੇ ਗੀਤਾਂ...

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਮਹੀਨੇਵਾਰ ਸਮਾਗਮ ਵਿਚ ਕਵਿਤਾਵਾਂ ਤੇ ਗੀਤਾਂ ਨਾਲ ਨਵੇਂ ਸਾਲ ਨੂੰ ਜੀ-ਆਇਆਂ ਆਖਿਆ

ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਪਿਛਲੇ ਐਤਵਾਰ 15 ਜਨਵਰੀ ਨੂੰ ਆਯੋਜਤ ਕੀਤੇ ਗਏ ਸਮਾਗ਼ਮ ਵਿਚ ਨਵੇਂ ਸਾਲ ਨੂੰ ਕਾਵਿ-ਮਈ ਅੰਦਾਜ਼ ਵਿਚ ਨਿੱਘੀ ਜੀ ਆਇਆਂ ਕਹੀ। ਸਮਾਗ਼ਮ ਵਿਚ ਸ਼ਾਮਲ ਹੋਏ ਕਵੀਆਂ-ਕਵਿੱਤਰੀਆਂ ਤੇ ਗਾਇਕਾਂ ਵੱਲੋਂ ਆਪੋ-ਆਪਣੇ ਅੰਦਾਜ਼ ਵਿਚ ਕਵਿਤਾਵਾਂ ਅਤੇ ਸੁਰੀਲੇ ਗੀਤਾਂ ਰਾਹੀਂ ਨਵੇਂ ਸਾਲ ਦਾ ਭਰਵਾਂ ਸੁਆਗ਼ਤ ਕੀਤਾ ਗਿਆ। ਪ੍ਰੋਗਰਾਮ ਦਾ ਆਰੰਭ ਕਰਦਿਆਂ ਮੰਚ-ਸੰਚਾਲਕ ਤਲਵਿੰਦਰ ਮੰਡ ਨੇ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਨੂੰ ਆਏ ਕਵੀਆਂ-ਕਵਿੱਤਰੀਆਂ, ਮੈਂਬਰਾਂ ਤੇ ਮਹਿਮਾਨਾਂ ਦਾ ਨਵੇਂ ਸਾਲ ਦੇ ਪਲੇਠੇ ਸਮਾਗ਼ਮ ਵਿਚ ਸ਼ਿਰਕਤ ਕਰਨ ਲਈ ਉਨ੍ਹਾਂ ਦਾ ਸੁਆਗ਼ਤ ਕਰਨ ਲਈ ਬੇਨਤੀ ਕੀਤੀ ਜਿਨ੍ਹਾਂ ਨੇ ਬੜੇ ਭਾਵਪੂਰਤ ਸ਼ਬਦਾਂ ਵਿਚ ਨਵੇਂ ਸਾਲ ਦੇ ਸ਼ੁਭ-ਆਗਮਨ ਦੀਆਂ ਮੁਬਾਰਕਾਂ ਸਾਂਝੀਆਂ ਕਰਦਿਆਂ ਹੋਇਆਂ ਸਾਰਿਆਂ ਨੂੰ ਨਿੱਘੀ ਜੀ-ਆਇਆਂ ਕਹੀ।
ਉਪਰੰਤ, ਮੰਚ-ਸੰਚਾਲਕ ਵੱਲੋਂ ਬਰੈਂਪਟਨ ਦੇ ਅਤੀ ਸੁਰੀਲੇ ਗਾਇਕ ਇਕਬਾਲ ਬਰਾੜ ਦੇ ਖ਼ੂਬਸੂਰਤ ਗੀਤ ਨਾਲ ਪ੍ਰੋਗਰਾਮ ਦੀ ਬਾਕਾਇਦਾ ਸ਼ੁਰੂਆਤ ਕੀਤੀ ਗਈ। ਚੱਲਦੇ ਪ੍ਰੋਗਰਾਮ ਦੌਰਾਨ ਸਰੋਤਿਆਂ ਦੀ ਫ਼ਰਮਾਇਸ਼ ‘ ਤੇ ਉਨ੍ਹਾਂ ਹੋਰ ਵੀ ਗੀਤ ਪੇਸ਼ ਕੀਤੇ। ਬਹੁਤ ਸਾਰੇ ਕਵੀਆਂ ਦੀਆਂ ਕਵਿਤਾਵਾਂ ਸਰੋਤਿਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਪੇਸ਼ ਕਰਨ ਵਾਲੀਆਂ ਸਨ, ਜਦਕਿ ਇਸ ਸਮਾਗ਼ਮ ਵਿਚ ਹੋਰ ਕਈਆਂ ਵੱਲੋਂ ਹੋਰ ਸਮਾਜਿਕ ਤੇ ਸੱਭਿਆਚਾਰਕ ਵਿਸ਼ਿਆਂ ਨਾਲ ਸਬੰਧਿਤ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ ਗਈਆਂ। ਸਮਾਗ਼ਮ ਵਿਚ ਪਹਿਲੀ ਵਾਰ ਸ਼ਾਮਲ ਹੋਏ ਕਵੀ ਜੱਸੀ ਭੁੱਲਰ ਦੀ ਨਵੇਂ ਸਾਲ ਨੂੰ ਮੁਖ਼ਾਤਿਬ ਕਵਿਤਾ ਨਵੇਂ ਸਾਲ ਦੀਆਂ ਲੱਖ ਵਧਾਈਆਂ, ਏਧਰੋਂ ਗਈਆਂ ਓਧਰੋਂ ਆਈਆਂ ਬੜੀ ਪ੍ਰਭਾਵਸ਼ਾਲੀ ਰਹੀ। ਇਸ ਵਿਚ ਬਿਆਨ ਕੀਤੀ ਗਈ ਤਲਖ਼ ਹਕੀਕਤ ਅਤੇ ਵਿਅੰਗ ਨੂੰ ਸੱਭਨਾਂ ਵੱਲੋਂ ਪਸੰਦ ਕੀਤਾ ਗਿਆ। ਕਵੀਆਂ ਤੇ ਗਾਇਕਾਂ ਵੱਲੋਂ ਪੇਸ਼ ਕੀਤੀਆਂ ਗਈਆਂ ਹੋਰ ਕਵਿਤਾਵਾਂ ਅਤੇ ਗੀਤ ਵੀ ਏਸੇ ਤਰ੍ਹਾਂ ਆਪੋ ਆਪਣੀ ਖ਼ੂਬਸੂਰਤ ਮਹਿਕ ਖਿਲਾਰਦੇ ਰਹੇ। ਪ੍ਰੋਗਰਾਮ ਵਿਚ ਮਕਸੂਦ ਚੌਧਰੀ, ਡਾ. ਪਰਗਟ ਸਿੰਘ ਬੱਗਾ, ਗੁਰਦੇਵ ਚੌਹਾਨ, ਹਰਜਿੰਦਰ ਸਿੰਘ ਭਸੀਨ, ਹਰਦਿਆਲ ਸਿੰਘ ਝੀਤਾ, ਕਰਨ ਅਜਾਇਬ ਸਿੰਘ ਸੰਘਾ, ਰਮਿੰਦਰ ਵਾਲੀਆ, ਕੁਲਦੀਪ ਦੀਪ, ਨਿਰਮਲ ਕੌਰ, ਸੰਜੀਵ ਕੁਮਾਰ , ਮਲੂਕ ਸਿੰਘ ਕਾਹਲੋਂ ਅਤੇ ਹੀਰਾ ਸਿੰਘ ਹੰਸਪਾਲ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ, ਜਦ ਕਿ ਐਡਵੋਕੇਟ ਦਰਸ਼ਨ ਸਿੰਘ ਦਰਸ਼ਨ ਤੇ ਕਈ ਹੋਰ ਸੁਹਿਰਦ ਸਰੋਤਿਆਂ ਵਿਚ ਸ਼ਾਮਲ ਸਨ। ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ ਸਾਂਝੇ ਕਰਦਿਆਂ ਹੋਇਆਂ ਸਾਰੇ ਬੁਲਾਰਿਆਂ ਅਤੇ ਮਹਿਮਾਨਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।
ਅੰਤਰਰਾਸ਼ਟਰੀ ਭਾਰਤੀ ਭਾਸ਼ਾ ਸਨਮਾਨ
ਪੰਜਾਬੀ ਭਾਸ਼ਾ ਲਈ ਮਾਣ ਦੀ ਗੱਲ ਹੈ ਕਿ ਇੰਟਰਨੈਸ਼ਨਲ ਕੌਂਸਲ ਫਾਰ ਇੰਟਰਨੈਸ਼ਨਲ ਕੋਆਪ੍ਰੇਸ਼ਨ ਨੇ ਦਿੱਲੀ ਵਿਖੇ ਵਿਸ਼ੇਸ਼ ‘ਅੰਤਰਾਸ਼ਟਰੀ ਭਾਸ਼ਾ ਸਮਾਰੋਹ’ ਵਿਚ ਕੈਨੇਡਾ ਵਿਚ ਪੰਜਾਬੀ ਭਾਸ਼ਾ/ਸਾਹਿਤ ਨੂੰ ਪ੍ਰਫੁੱਲਤ ਕਰਨ ਵਿਚ ਪਾਏ ਯੋਗਦਾਨ ਲਈ ਵਿਸ਼ਵ ਪ੍ਰਸਿੱਧ ਖੇਡ ਲੇਖਕ ਪ੍ਰਿੰ. ਸਰਵਣ ਸਿੰਘ ਤੇ ਢਾਹਾਂ ਸਾਹਿਤ ਅਵਾਰਡੀ ਕਹਾਣੀਕਾਰ ਜਰਨੈਲ ਸਿੰਘ ਨੂੰ ‘ਅੰਤਰਰਾਸ਼ਟਰੀ ਭਾਰਤੀ ਭਾਸ਼ਾ ਸਨਮਾਨ’ ਦਿੱਤਾ ਹੈ। ਇਹ ਸਨਮਾਨ ਪੰਜਾਬੀ ਭਾਸ਼ਾ ਦਾ ਹੈ ਜਿਸ ਲਈ ਪੰਜਾਬੀਆਂ ਵੱਲੋਂ ਇੰਟਰਨੈਸ਼ਨਲ ਕੌਂਸਲ ਦਾ ਧੰਨਵਾਦ।

RELATED ARTICLES

ਗ਼ਜ਼ਲ

POPULAR POSTS