Breaking News
Home / ਕੈਨੇਡਾ / ਭੂਪਿੰਦਰ ਧਾਲੀਵਾਲ ਦੀ ਪੁਸਤਕ ‘ਕਵਿਤਾ ਦੀ ਲਾਟ ਦਾ ਜਸ਼ਨ’ ਦਾ ਰਿਲੀਜ਼ ਸਮਾਗਮ

ਭੂਪਿੰਦਰ ਧਾਲੀਵਾਲ ਦੀ ਪੁਸਤਕ ‘ਕਵਿਤਾ ਦੀ ਲਾਟ ਦਾ ਜਸ਼ਨ’ ਦਾ ਰਿਲੀਜ਼ ਸਮਾਗਮ

logo-2-1-300x105-3-300x105ਸਰੀ/ਬਿਊਰੋ ਨਿਊਜ਼
ਅਗਾਂਹ-ਵਧੂ ਜਥੇਬੰਦੀਆਂ ਤੇ ਵਿਅੱਕਤੀਆਂ ਦੇ ਸਹਿਯੋਗ ਨਾਲ ‘ਪੰਜਾਬੀ ਸਾਹਿਤਕ ਤੇ ਸੱਭਿਆਚਾਰਕ ਵਿਚਾਰ ਮੰਚ’ ਸਰ੍ਹੀ (ਬੀ ਸੀ, ਕੈਨੇਡਾ) ਨੇ ਭੂਪਿੰਦਰ ਧਾਲੀਵਾਲ ਦੀ ਸੰਪਾਦਿਤ ਪੁਸਤਕ ‘ਕਵਿਤਾ ਦੀ ਲਾਟ ਦਾ ਜਸ਼ਨ’, 18 ਸਤੰਬਰ 2016 ਦਿਨ ਐਤਵਾਰ ਨੂੰ ਰਿਲੀਜ਼ ਕਰਨ ਦਾ ਉੱਦਮ ਕੀਤਾ।
ਸੰਪਾਦਕ ਭੂਪਿੰਦਰ ਧਾਲੀਵਾਲ ਨੇ ਇਸ ਪੁਸਤਕ ਵਿਚ ਸੁਰਿੰਦਰ ਧੰਜਲ ਦੀ ਪੰਜਵੀਂ ਕਾਵਿ-ਪੁਸਤਕ ‘ਕਵਿਤਾ ਦੀ ਲਾਟ’ ਬਾਰੇ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਲੇਖਕਾਂ ਅਤੇ ਯੂਨੀਵਰਸਿਟੀਆਂ ਨਾਲ ਸੰਬੰਧਤ ਹਸਤੀਆਂ ਸਮੇਤ 41 ਵਿਦਵਾਨਾਂ, ਲੇਖਕਾਂ ਅਤੇ ਚਿੰਤਕਾਂ ਦੇ 44 ਦਸਤਾਵੇਜ਼ ਸ਼ਾਮਲ ਕੀਤੇ ਹਨ।
ਪ੍ਰੋਗਰਾਮ ਦੇ ਸ਼ੁਰੂ ਵਿਚ ਸੁਰਿੰਦਰ ਧੰਜਲ ਨੇ ਹਾਜ਼ਰ ਸਰੋਤਿਆਂ ਨੂੰ ਆਪਣੀ ਕਵਿਤਾ ਨਾਲ ਜੋੜਨ ਲਈ ਆਪਣੀ ਕਿਤਾਬ ‘ਕਵਿਤਾ ਦੀ ਲਾਟ’ ਵਿਚੋਂ ਕੁਝ ਨਜ਼ਮਾਂ ਪੜ੍ਹਕੇ ਸੁਣਾਈਆਂ। ਸਰੋਤੇ ਕਵਿਤਾਵਾਂ ਦੀ ਪੇਸ਼ਕਾਰੀ ਅਤੇ ਉਨ੍ਹਾਂ ਦੇ ਭਾਵ-ਅਰਥਾਂ ਨਾਲ ਕੀਲੇ ਗਏ ਜਾਪਦੇ ਸਨ।  ਇਸ ਸਮਾਗਮ ਦੌਰਾਨ ਮੁੱਖ ਬੁਲਾਰਿਆਂ ਵਿਚੋਂ ਡਾ. ਰਘਬੀਰ ਸਿੰਘ ‘ਸਿਰਜਣਾ’ ਨੇ ਸੰਪਾਦਨਾ ਅਤੇ ਕਵਿਤਾ ਬਾਰੇ ਆਪਣੇ ਵਿਚਾਰ ਪ੍ਰਗਟਾਏ। ਟੋਰਾਂਟੋ ਤੋਂ ਉਚੇਚੇ ਤੌਰ ‘ਤੇ ਪਹੁੰਚੇ ਕਵੀ, ਕਹਾਣੀਕਾਰ ਤੇ ਨਾਵਲਕਾਰ ਇਕਬਾਲ ਰਾਮੂਵਾਲੀਆ ਨੇ ਭੂਪਿੰਦਰ ਧਾਲੀਵਾਲ ਦੀ ਸੰਪਾਦਨ-ਕਲਾ ਤੋਂ ਇਲਾਵਾ, ਸੁਰਿੰਦਰ ਧੰਜਲ ਨਾਲ ਆਪਣੇ ਭਾਰਤ ਤੋਂ ਕੈਨੇਡਾ ਤੱਕ ਦੇ ਦੋਸਤਾਨਾ ਅਤੇ ਕਾਵਿਕ ਸੰਬੰਧਾਂ ਦਾ ਵਖਿਆਨ ਗੰਭੀਰ ਅਤੇ ਹਸਾਉਣੇ ਲਹਿਜ਼ੇ ਵਿਚ ਕੀਤਾ। ਡਾ. ਸਾਧੂ ਸਿੰਘ ਨੇ ਅਜੋਕੇ ਸਮੇਂ ਬਾਰੇ, ਜਿਸ ਵਿਚ ਹਰ ਵਿਅੱਕਤੀ ਆਪਣੀ ਹੋਂਦ ਨੂੰ ਕਈ ਪੱਖਾਂ ਤੋਂ ਅਸੁਰੱਖਿਅਤ ਸਮਝ ਰਿਹਾ ਹੈ, ਆਪਣੀ ਚਿੰਤਾ ਜ਼ਾਹਰ ਕੀਤੀ।  ਹੋਰ ਬੁਲਾਰਿਆਂ ਜਿਨ੍ਹਾਂ ਵਿਚ ਡਾ. ਪ੍ਰਿਥੀਪਾਲ ਸਿੰਘ ਸੋਹੀ, ਸੁਰਿੰਦਰ ਚਾਹਲ, ਮੋਹਨ ਗਿੱਲ ਅਤੇ ਅਜਮੇਰ ਰੋਡੇ ਸ਼ਾਮਲ ਸਨ, ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਅਮਰਜੀਤ ਚਾਹਲ ਨੇ ਨਾਮਵਰ ਵਿਦਵਾਨ ਡਾ. ਗੁਰੂਮੇਲ ਸਿੱਧੂ (ਯੂ.ਐੱਸ.ਏ) ਦਾ ਲਿਖਿਆ ‘ਕਵਿਤਾ ਦੀ ਲਾਟ ਦਾ ਜਸ਼ਨ ਦੀ ਸੰਪਾਦਨਾ’ ਨਾਮਕ ਵਿਸ਼ਲੇਸ਼ਣੀ ਸੁਨੇਹਾ ਪੜ੍ਹਕੇ ਸੁਣਾਇਆ। ਇਸ ਸੁਨੇਹੇ ਦਾ ਕੇਂਦਰੀ ਵਿਚਾਰ ਸੀ, ”ਕਿਸੇ ਲੰਬੇ ਲੇਖ ਵਿੱਚੋਂ ਕੇਂਦਰੀ ਬਿੰਦੂ ਨੂੰ ਕਸ਼ੀਦ ਕਰਨਾ, ਭੂਪਿੰਦਰ ਦੀ ਸੰਪਾਦਕੀ ਕਲਾ-ਕੌਸ਼ਲਤਾ ਵੱਲ ਸੰਕੇਤ ਕਰਦਾ ਹੈ। ਸੰਪਾਦਨਾ ਦੀ ਇਹ ਵਿਉਂਤ ਮੈਂ ਪਹਿਲੀ ਵਾਰ ਦੇਖੀ ਹੈ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …