ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਵੱਖ-ਵੱਖ ਕਾਰਨਾਂ ਕਰਕੇ ਮੌਤ ਦਾ ਸ਼ਿਕਾਰ ਹੋ ਜਾਂਦੇ ਭਾਰਤੀਆਂ ਦੀਆਂ ਲਾਸ਼ਾਂ ਲਗਾਤਾਰਤਾ ਨਾਲ ਵਾਪਸ ਭੇਜੀਆਂ ਜਾਂਦੀਆਂ ਹਨ, ਜਿਸ ‘ਚ ਸਿਵਿਆਂ ਅਤੇ ਮੁਰਦਾਘਰਾਂ ਦੇ ਪ੍ਰਬੰਧਕਾਂ ਅਤੇ ਭਾਰਤੀ ਕੌਂਸਲਖਾਨੇ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਮਹੀਨੇ, ਮਾਰਚ ਦੌਰਾਨ ਟੋਰਾਂਟੋ ਅਤੇ ਬਰੈਂਪਟਨ ਸਥਿਤ ਦੋ ਮੁਰਦਾ ਘਰਾਂ ‘ਚੋਂ (ਨੌਜਵਾਨਾਂ ਦੀਆਂ) ਤਕਰੀਬਨ 15 ਲਾਸ਼ਾਂ ਭਾਰਤ ਭੇਜੀਆਂ ਗਈਆਂ ਸਨ, ਜਿਨ੍ਹਾਂ ‘ਚ ਬਹੁਗਿਣਤੀ ਪੰਜਾਬੀਆਂ ਦੀ ਸੀ। ਲੋਟਸ ਫਿਊਨਲ ਹੋਮ ਤੋਂ ਹਰਮਿੰਦਰ ਹੰਸੀ ਨੇ ਦੱਸਿਆ ਕਿ ਬਹੁਤੀਆਂ ਮੌਤਾਂ ਦੇ ਕਾਰਨ ਸੜਕੀ ਟੱਕਰਾਂ, ਖੁਦਕੁਸ਼ੀਆਂ ਅਤੇ ਨਸ਼ਿਆਂ ਦੀ ਓਵਰਡੋਜ਼ ਹਨ। ਉਨ੍ਹਾਂ ਨੇ ਆਖਿਆ ਕਿ ਲਾਸ਼ ਭੇਜਣ ਦਾ ਖਰਚ ਲਗਪਗ 13, 000 ਡਾਲਰ ਹੁੰਦਾ ਹੈ ਅਤੇ ਹਵਾਈ ਕੰਪਨੀਆਂ ਵਲੋਂ ਆਪਣਾ ਕਿਰਾਇਆ ਕਾਰਗੋ ਰੇਟ (ਭਾਰ ਤੇ ਜਗ੍ਹਾ) ਅਨੁਸਾਰ ਲਿਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਭਾਰਤ ਦੀ ਸਰਕਾਰ ਲਾਸ਼ਾਂ ਦਾ ਖਰਚ ਸਿਰਫ ਉਨ੍ਹਾਂ ਕੇਸਾਂ ‘ਚ ਦੇ ਸਕਦੀ ਹੈ ਜਿਨ੍ਹਾਂ ਦੇ ਪਰਿਵਾਰਾਂ ਕੋਲ ਕੋਈ ਸਾਧਨ ਨਾ ਹੋਣ। ਜੇਕਰ ਮ੍ਰਿਤਕ ਦਾ ਬੀਮਾ ਨਾ ਹੋਵੇ, ਅਤੇ ਨਾ ਹੀ ਉਹ ਸਰਕਾਰੀ ਸਹਾਇਤਾ ਦੇ ਯੋਗ ਨਾ ਹੋਣ ਤਾਂ ਲਾਸ਼ ਵਾਪਸ ਮੰਗਵਾਉਣ ਦਾ ਖਰਚ ਪਰਿਵਾਰ ਨੂੰ ਆਪ ਕਰਨਾ ਪੈਂਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕੁਝ ਰਾਜਨੀਤਕ ਅਤੇ ਸਮਾਜਿਕ ਆਗੂ ਲਾਸ਼ਾਂ ਭੇਜਣ ‘ਚ ਮਦਦ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹਨ ਪਰ ਆਮ ਤੌਰ ‘ਤੇ ਉਨ੍ਹਾਂ ਦੀ ਇੱਛਾ ਮਦਦ ਨਾਲੋਂ ਵੱਧ ਫੋਟੋਆਂ ਖਿਚਵਾ ਕੇ ਚਰਚਾ ਕਰਵਾਉਣ ਦੀ ਵੱਧ ਹੁੰਦੀ ਹੈ ਕਿ ਉਹ ਨੇ ਬਹੁਤ ਮਦਦ ਕੀਤੀ ਜਾਂਦੀ ਹੈ। ਇਸੇ ਦੌਰਾਨ ਪਿਛਲੇ ਦਿਨੀਂ ਟੋਰਾਂਟੋ ‘ਚ ਗੋਲੀ ਮਾਰ ਕੇ ਕਤਲ ਕੀਤੇ ਗਏ ਭਾਰਤੀ ਵਿਦਿਆਰਥੀ ਕਾਰਤਿਕ ਵਾਸੂਦੇਵ (21) ਦੀ ਲਾਸ਼ ਉਸ ਦੇ ਪਰਿਵਾਰ ਕੋਲ ਗਾਜੀਆਬਾਦ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਮਿਲ ਰਹੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਵੱਖ-ਵੱਖ ਖੇਤਰਾਂ ਵਿੱਚ ਅਪਰਾਧਾਂ ਵਿੱਚ ਸ਼ਾਮਲ ਪੰਜਾਬੀਆਂ ਦੀਆਂ ਗ੍ਰਿਫਤਾਰੀਆਂ ਦਾ ਸਿਲਸਿਲਾ ਵੀ ਜਾਰੀ ਹੈ। ਇਸ ਸਾਲ 2022 ਦੇ 100 ਦਿਨ ਬੀਤ ਜਾਣ ਤੱਕ ਟੋਰਾਂਟੋ ਅਤੇ ਬਰੈਂਪਟਨ ਸਮੇਤ ਦੱਖਣੀ ਉਨਟਾਰੀਓ ‘ਚ ਵੱਖ-ਵੱਖ ਅਪਰਾਧਾਂ ‘ਚ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਅਤੇ ਪੰਜਾਬਣਾਂ ਦੀ ਗਿਣਤੀ ਲਗਪਗ 70 ਹੋ ਗਈ।