ਬਰੈਂਪਟਨ/ਬਿਊਰੋ ਨਿਊਜ਼
ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ ਪਹਿਲੇ ਚਾਰ ਸਾਲਾਂ ਵਿੱਚ, ਕੈਨੇਡਾ ਚਾਈਲਡ ਬੈਨੀਫਿਟ (ਸੀਸੀਬੀ) ਰਾਹੀਂ ਤਕਰੀਬਨ 435,000 ਬੱਚਿਆਂ ਨੂੰ ਗਰੀਬੀ ਵਿੱਚੋਂ ਕੱਢਣ ਦੀ ਸਹਾਇਤਾ ਕੀਤੀ ਗਈ ਹੈ। ਹੁਣ, ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਸੀਸੀਬੀ ਦੇ ਯੋਗ ਪਰਿਵਾਰਾਂ ਨੂੰ ਹੋਰ ਵਧੇਰੇ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੀਸੀਬੀ ਯੰਗ ਚਾਈਲਡ ਸਪਲੀਮੈਂਟ (ਸੀਸੀਬੀਵਾਈਐਸਐਸ) ਇਸ ਮਹੀਨੇ ਦੇ ਅੰਤ ਵਿੱਚ ਲਾਗੂ ਹੋ ਜਾਵੇਗਾ।
ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡਾ ਸਰਕਾਰ ਇਹ ਸਮਝਦੀ ਹੈ ਕਿ ਵਿਸ਼ੇਸ਼ ਤੌਰ ‘ਤੇ ਨੌਜਵਾਨ ਪਰਿਵਾਰਾਂ ਉਤੇ ਕੋਵਿਡ-19 ਮਹਾਂਮਾਰੀ ਨੇ ਪ੍ਰਭਾਵ ਪਾਇਆ ਹੈ, ਜਿਸ ਨਾਲ ਉਹਨਾਂ ਨੂੰ ਬੱਚਿਆਂ ਦੀ ਦੇਖਭਾਲ ਵਿਚ ਹੋਣ ਵਾਲੇ ਵਿੱਤੀ ਖਰਚੇ ਸਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਿੱਤੀ ਸਹਾਇਤਾ ਮਾਲ ਬੱਚਿਆਂ ਦੇ ਰੋਜ਼ਾਨਾ ਦੀ ਦੇਖਭਾਲ ਦੇ ਖਰਚੇ, ਸਿਹਤਮੰਦ ਭੋਜਨ, ਕੱਪੜੇ, ਅਤੇ ਹੋਰ ਜ਼ਰੂਰੀ ਗਤੀਵਿਧੀਆਂ ਲਈ ਮਦਦਗਾਰ ਸਾਬਤ ਹੋਣਗੇ।
ਪਰਿਵਾਰਾਂ ਨੂੰ 2021 ਵਿੱਚ ਛੇ ਸਾਲ ਤੋਂ ਘੱਟ ਉਮਰ ਦੇ ਪ੍ਰਤੀ ਬੱਚੇ ਵਿੱਚ ਸਹਾਇਤਾ ਲਈ 1200 ਡਾਲਰ ਤੱਕ ਦੀ ਸਹਾਇਤਾ ਮਿਲ ਸਕਦੀ ਹੈ। ਇਸ ਨਾਲ ਲਗਭਗ 1.6 ਮਿਲੀਅਨ ਕੈਨੇਡੀਅਨ ਪਰਿਵਾਰਾਂ ਅਤੇ ਛੇ ਸਾਲ ਤੋਂ ਘੱਟ ਉਮਰ ਦੇ ਲਗਭਗ 2.1 ਮਿਲੀਅਨ ਬੱਚਿਆਂ ਨੂੰ ਲਾਭ ਹੋਵੇਗਾ। 2021 ਵਿੱਚ, ਜਿਹੜੇ ਪਰਿਵਾਰ 120,000 ਡਾਲਰ ਜਾਂ ਇਸ ਤੋਂ ਘੱਟ ਆਮਦਨੀ ਦੇ ਨਾਲ ਸੀਸੀਬੀ ਪ੍ਰਾਪਤ ਕਰਨ ਦੇ ਯੋਗ ਹਨ, ਨੂੰ ਛੇ ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਲਈ 300 ਡਾਲਰ ਭੁਗਤਾਨ ਪ੍ਰਾਪਤ ਹੋਵੇਗਾ। ਇਸਦੀ ਪਹਿਲੀ ਅਦਾਇਗੀ 28 ਮਈ, 2021 ਨੂੰ ਜਾਰੀ ਕੀਤੀ ਗਈ ਹੈ। ਦੂਸਰੀਆਂ ਦੋ ਅਦਾਇਗੀਆਂ ਕ੍ਰਮਵਾਰ ਜੁਲਾਈ ਅਤੇ ਅਕਤੂਬਰ ਦੇ ਮਹੀਨੇ ਵਿੱਚ ਕੀਤੀਆਂ ਜਾਣਗੀਆਂ।
ਜਿਹੜੇ ਪਰਿਵਾਰ ਪਹਿਲਾਂ ਹੀ ਸੀਸੀਬੀ ਪ੍ਰਾਪਤ ਕਰਦੇ ਹਨ ਉਹਨਾਂ ਨੂੰ ਭੁਗਤਾਨ ਪ੍ਰਾਪਤ ਕਰਨ ਲਈ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਨਹੀਂ ਹੋਏਗੀ। ਹਾਲਾਂਕਿ, ਪਰਿਵਾਰਾਂ ਨੂੰ ਉਨ੍ਹਾਂ ਤੱਕ ਪਹੁੰਚ ਪ੍ਰਾਪਤ ਕਰਨ ਲਈ ਆਪਣੀ 2019 ਅਤੇ 2020 ਟੈਕਸ ਰਿਟਰਨ ਭਰਨ ਦੀ ਜ਼ਰੂਰਤ ਹੈ।
ਕੋਵਿਡ-19 ਵੈਕਸੀਨ ਦੇ ਘਰੇਲੂ ਨਿਰਮਾਣ ਦੀ ਸਮਰੱਥਾ ਸਬੰਧੀ ਐੱਮ.ਪੀ ਸੋਨੀਆ ਸਿੱਧੂ ਨੇ ਮਨਿਸਟਰ ਆਫ ਇਨੋਵੇਸ਼ਨ ਨੂੰ ਸੰਸਦ ਵਿੱਚ ਸਵਾਲ ਕੀਤਾ ਅਤੇ ਇਸ ਨੂੰ ਹੋਰ ਉਤਸ਼ਾਹਿਤ ਕਰਨ ਲਈ ਕੈਨੇਡਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ। ਮੰਤਰੀ ਫ੍ਰਾਂਕੋਇਸ – ਫਿਲਿਪ ਸ਼ੈਂਪੇਨ ਨੇ ਕਿਹਾ ਕਿ ਕੈਨੇਡਾ ਸਰਕਾਰ ਟੀਕੇ ਲਈ ਵੈਕਸੀਨ ਦੀ ਨਿਰਮਾਣ ਸਮਰੱਥਾ ਵਧਾਉਣ ਲਈ ਪੀਲ ਦੀ ਰੀਜ਼ਲੀਅੰਸ ਬਾਇਓਟੈਕਨੋਲੋਜੀ ਇਨਕਾਰਪੋਰੇਸ਼ਨ ਨੂੰ 200 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਹੈ।