Breaking News
Home / ਦੁਨੀਆ / ਬਰਤਾਨੀਆ ਦੀ ਯੂਰਪ ਨਾਲੋਂ ‘ਯੂਨੀਅਨ’ ਟੁੱਟੀ

ਬਰਤਾਨੀਆ ਦੀ ਯੂਰਪ ਨਾਲੋਂ ‘ਯੂਨੀਅਨ’ ਟੁੱਟੀ

A vote leave supporter holds a poster in Westminster, London‘ਤੋੜੇ-ਵਿਛੋੜੇ’ ਦੇ ਹੱਕ ਵਿੱਚ 51.9 ਫ਼ੀਸਦ ਵੋਟਰ ਭੁਗਤੇ; ਰਾਇਸ਼ੁਮਾਰੀ ਦੇ ਨਤੀਜੇ ਤੋਂ ਨਾਖੁਸ਼ ਪ੍ਰਧਾਨ ਮੰਤਰੀ ਕੈਮਰੌਨ ਵੱਲੋਂ ਅਸਤੀਫ਼ੇ ਦਾ ਐਲਾਨ
ਲੰਡਨ/ਬਿਊਰੋ ਨਿਊਜ਼
‘ਬ੍ਰਿਐਗਜ਼ਿਟ’ ਰਾਇਸ਼ੁਮਾਰੀ ਦੇ ਨਤੀਜੇ ਨਾਲ ਬਰਤਾਨੀਆ ਅਤੇ ਯੂਰਪੀ ਯੂਨੀਅਨ ਦੇ ਰਾਹ ਵੱਖ ਹੋ ਗਏ ਹਨ। ਇਸ ਇਤਿਹਾਸ ਰਾਇਸ਼ੁਮਾਰੀ ਦੇ ਨਤੀਜੇ ਦੇ ਨਾਲ ਹੀ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਹੈ।
ਬਰਤਾਨੀਆ ਦਾ ਤੋੜ ਵਿਛੋੜਾ 28 ਮੁਲਕਾਂ ਵਾਲੀ ਯੂਰਪੀ ਯੂਨੀਅਨ ਲਈ ਝਟਕਾ ਹੈ। ਇਸ ਬਾਅਦ ਕੌਮਾਂਤਰੀ ਬਾਜ਼ਾਰ ਵਿੱਚ ਉਥਲ ਪੁਥਲ ਹੋਈ ਅਤੇ ਇਸ ਦੇ ਨਾਲ ਹੀ ਯੂਕੇ ਵਿੱਚ ਇਮੀਗਰੇਸ਼ਨ ਅਤੇ ਹੋਰ ਮੁੱਦੇ ਉੱਠ ਖੜ੍ਹੇ ਹਨ। ਯੂਕੇ ਚੋਣ ਕਮਿਸ਼ਨ ਦੀ ਮੁੱਖ ਕਾਊਂਟਿੰਗ ਅਫ਼ਸਰ ਜੇਨੀ ਵਾਟਸਨ ਨੇ ਮੈਨਚੈਸਟਰ ਟਾਊਨ ਹਾਲ ਤੋਂ ਰਾਇਸ਼ੁਮਾਰੀ ਦਾ ਨਤੀਜਾ ਐਲਾਨਦਿਆਂ ਦੱਸਿਆ ਕਿ 51.9 ਫੀਸਦ ਵੋਟਰਾਂ (17,410,742) ਨੇ ਬ੍ਰਿਟੇਨ ਤੇ ਯੂਰਪੀ ਯੂਨੀਅਨ ਦੇ ਚਾਰ ਦਹਾਕਿਆਂ ਤੋਂ ਵੱਧ ਪੁਰਾਣੇ ਰਿਸ਼ਤੇ ਤੋੜਨ ਦੇ ਪੱਖ ਵਿੱਚ ਵੋਟਾਂ ਪਾਈਆਂ ਹਨ ਜਦੋਂ ਕਿ 48.1 ਫ਼ੀਸਦ ਵੋਟਰ (16,141,241) ਇਸ ਸੰਸਥਾ ‘ਚ ਬਣੇ ਰਹਿਣ ਦੇ ਪੱਖ ਵਿੱਚ ਭੁਗਤੇ ਹਨ। ਇਸ ਤਰ੍ਹਾਂ 1,269,501 ਵੋਟਾਂ ਦੇ ਫਰਕ ਨਾਲ ਬਰਤਾਨੀਆ ਦਾ ਵੱਖ ਹੋਣ ਵਾਲਾ ਕੈਂਪ ਜੇਤੂ ਰਿਹਾ। ਜਰਮਨੀ ਬਾਅਦ ਬ੍ਰਿਟੇਨ ਯੂਰਪ ਦੀ ਸਭ ਤੋਂ ਵੱਡੀ ਆਰਥਿਕਤਾ ਹੈ ਅਤੇ ਗਰੀਨਲੈਂਡ ਬਾਅਦ ਇਹ ਸੰਸਥਾ ਛੱਡਣ ਵਾਲਾ ਉਹ ਦੂਜਾ ਮੁਲਕ ਹੈ। ਲੰਡਨ, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਨੇ ਯੂਰਪੀ ਯੂਨੀਅਨ ਵਿੱਚ ਬਣੇ ਰਹਿਣ ਦੇ ਹੱਕ ਵਿੱਚ ਸਪੱਸ਼ਟ ਫ਼ਤਵਾ ਦਿੱਤਾ ਪਰ ਇੰਗਲੈਂਡ ਦੇ ਉੱਤਰ, ਮਿੱਡਲੈਂਡ ਰਿਜਨ, ਵੇਲਜ਼ ਅਤੇ ਜ਼ਿਆਦਾਤਰ ਇੰਗਲਿਸ਼ ਕਾਊਂਟੀਆਂ ਨੇ ਤੋੜ ਵਿਛੋੜੇ ਦੇ ਪੱਖ ਵਿੱਚ ਵੋਟਾਂ ਪਾਈਆਂ।
ਯੂਰਪੀ ਯੂਨੀਅਨ ਵਿੱਚ ਬਣੇ ਰਹਿਣ ਦੇ ਹੱਕ ਵਿੱਚ ਜ਼ੋਰਦਾਰ ਮੁਹਿੰਮ ਚਲਾਉਣ ਵਾਲੇ ਕੰਜ਼ਰਵੇਟਿਵ ਪਾਰਟੀ ਦੇ ਕੈਮਰੌਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ। ਅਧਿਕਾਰਤ ਨਤੀਜੇ ਬਾਅਦ ਸ੍ਰੀ ਕੈਮਰੌਨ 10 ਡਾਊਨਿੰਗ ਸਟਰੀਟ ਵਿੱਚੋਂ ਬਾਹਰ ਆਏ ਅਤੇ ਉਨ੍ਹਾਂ ਨੇ ਆਪਣੇ ਸੰਖੇਪ ਭਾਸ਼ਣ ਦੌਰਾਨ ਆਪਣੇ ਅਸਤੀਫ਼ੇ ਦਾ ਇਰਾਦਾ ਜ਼ਾਹਿਰ ਕਰਦਿਆਂ ਕਿਹਾ ਕਿ ਨਵਾਂ ਪ੍ਰਧਾਨ ਮੰਤਰੀ ਅਕਤੂਬਰ ਵਿੱਚ ਕਾਰਜਭਾਰ ਸੰਭਾਲੇਗਾ ਅਤੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੀ ਕਾਰਵਾਈ ਸ਼ੁਰੂ ਕਰੇਗਾ। ਇਸ ਸਮੇਂ ਉਨ੍ਹਾਂ ਦੀ ਪਤਨੀ ਸਾਮੰਤਾ ਖੜ੍ਹੀ ਸੀ। 49 ਸਾਲਾ ਕੈਮਰੌਨ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੂਜੇ ਪੰਜ ਸਾਲਾਂ ਕਾਰਜਕਾਲ ਵਿੱਚੋਂ ਹਾਲੇ ਮਹਿਜ਼ ਇਕ ਸਾਲ ਹੀ ਪੂਰਾ ਕੀਤਾ ਹੈ। ਉਨ੍ਹਾਂ ਸੰਸਾਰ ਖਾਸ ‘ਤੇ ਯੂਰਪੀ ਮੁਲਕਾਂ ਨੂੰ ਭਰੋਸਾ ਦਿੱਤਾ ਕਿ ਇਸ ਰਾਇਸ਼ੁਮਾਰੀ ਦੇ ਨਤੀਜੇ ਦਾ ਇਥੇ ਰਹਿੰਦੇ ਲੋਕਾਂ ਅਤੇ ਸੇਵਾਵਾਂ ਵਿੱਚ ਤੁਰੰਤ ਕੋਈ ਤਬਦੀਲੀ ਨਹੀਂ ਆਵੇਗੀ। ਭਾਵੁਕ ਹੁੰਦਿਆਂ ਸ੍ਰੀ ਕੈਮਰੌਨ ਨੇ ਭਰੇ ਗਲ਼ੇ ਨਾਲ ਕਿਹਾ, ‘ਮੁਲਕ ਨੂੰ ਅੱਗੇ ਲਿਜਾਣ ਲਈ ਨਵੀਂ ਲੀਡਰਸ਼ਿਪ ਦੀ ਲੋੜ ਹੈ।
ਇਹ ਮਹੱਤਵਪੂਰਨ ਹੈ ਕਿ ਮੈਂ ਇਸ ਰੁਕੇ ਜਹਾਜ਼ ‘ਚ ਖੜ੍ਹਾ ਹਾਂ ਪਰ ਇਸ ਦਾ ਕੈਪਟਨ ਬਣਿਆ ਰਹਿਣਾ ਠੀਕ ਨਹੀਂ ਹੈ।’ ਉਨ੍ਹਾਂ ਕਿਹਾ, ‘ਮੈਂ ਵਿਸ਼ਵ ਭਰ ਦੇ ਦੇਸ਼ਾਂ ਤੇ ਬਾਜ਼ਾਰਾਂ ਨੂੰ ਭਰੋਸਾ ਦਿੰਦਾ ਹਾਂ ਕਿ ਬਰਤਾਨੀਆ ਦੀ ਆਰਥਿਕਤਾ ਮਜ਼ਬੂਤ ਬਣੀ ਰਹੇਗੀ। ਮੇਰੇ ਮੁਤਾਬਕ ਸਾਨੂੰ ਨਵੇਂ ਪ੍ਰਧਾਨ ਮੰਤਰੀ ਦੀ ਲੋੜ ਹੈ, ਜੋ ਅਕਤੂਬਰ ਵਿੱਚ ਕੰਜ਼ਰਵੇਟਿਵ ਕਾਨਫਰੰਸ ਵਿੱਚ ਐਲਾਨਿਆ ਜਾਵੇਗਾ।’  ਯੂਰਪੀ ਯੂਨੀਅਨ ਦੇ ਪ੍ਰਧਾਨ ਡੋਨਾਲਡ ਟਸਕ ਨੇ ‘ਸਨਕੀ’ ਪ੍ਰਤੀਕਿਰਿਆ ਖ਼ਿਲਾਫ਼ ਚਿਤਾਵਨੀ ਦਿੰਦਿਆਂ ਕਿਹਾ ਕਿ ਬ੍ਰਿਟੇਨ ਦੇ ਵੱਖ ਹੋਣ ਦੇ ਫ਼ੈਸਲੇ ਬਾਅਦ ਵੀ ਯੂਰਪੀ ਯੂਨੀਅਨ ਏਕਤਾ ਰੱਖਣ ਲਈ ਦ੍ਰਿੜ ਹੈ।  ਬ੍ਰੱਸਲਜ਼ ਵਿੱਚ ਪੱਤਰਕਾਰਾਂ ਨੂੰ ਉਨ੍ਹਾਂ ਕਿਹਾ, ‘ਬਾਕੀ 27 ਲੀਡਰਾਂ ਦੀ ਥਾਂ ‘ਤੇ ਅੱਜ ਮੈਂ ਕਹਿ ਸਕਦਾ ਹਾਂ ਕਿ ਅਸੀਂ ਆਪਣੀ ਏਕਤਾ ਰੱਖਣ ਲਈ ਦ੍ਰਿੜ ਹਾਂ।’ ਯੂਰਪੀ ਯੂਨੀਅਨ ਸੰਸਦ ਪ੍ਰਧਾਨ ਮਾਰਟਿਨ ਸ਼ੁਲਜ਼ ਨੇ ਉਮੀਦ ਜ਼ਾਹਿਰ ਕੀਤੀ ਕਿ ਬਰਤਾਨੀਆ ਦਾ ਇਸ ਸੰਸਥਾ ਨੂੰ ਛੱਡਣ ਦਾ ਫ਼ੈਸਲਾ ਲਾਗ ਦਾ ਰੋਗ ਨਹੀਂ ਬਣੇਗਾ। ਯੂਰਪੀ ਯੂਨੀਅਨ ਵਿਸ਼ਵ ਦੀ ਸਭ ਤੋਂ ਵੱਡੀ ਸਿੰਗਲ ਮਾਰਕੀਟ ਹੈ ਅਤੇ ਬਰਤਾਨੀਆ ਨੇ ਇਸ ਬਾਜ਼ਾਰ ਨਾਲੋਂ ਰਿਸ਼ਤੇ ਤੋੜ ਲਏ ਹਨ।
””ਮੈਨੂੰ ਬਹੁਤ ਮਾਣ ਹੈ ਅਤੇ ਇਸ ਮੁਲਕ ਦਾ ਛੇ ਸਾਲਾਂ ਤਕ ਪ੍ਰਧਾਨ ਮੰਤਰੀ ਰਹਿਣ ‘ਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੈਂ ਇਸ ਦੇਸ਼ ਨੂੰ ਪਿਆਰ ਕਰਦਾ ਹਾਂ।            -ਡੇਵਿਡ ਕੈਮਰੌਨ
“ਯੂਰਪੀ ਯੂਨੀਅਨ ਨਾਲ ਤੱਟ-ਫੱਟ ਤੋੜ ਵਿਛੋੜੇ ਦੀ ਕੋਈ ਲੋੜ ਨਹੀਂ ਹੈ ਅਤੇ ਨੇੜ ਭਵਿੱਖ ‘ਚ ਕੁੱਝ ਵੀ ਬਦਲਣ ਵਾਲਾ ਨਹੀਂ ਹੈ।
-ਬੋਰਿਸ ਜੌਹਨਸਨ
“ਉਮੀਦ ਹੈ ਕਿ ਇਹ ਫ਼ੈਸਲਾ ਲਾਗ ਨਹੀਂ ਬਣੇਗਾ। ਯੂਨੀਅਨ ਦੇ ਬਾਕੀ ਮੈਂਬਰਾਂ ਦੀ ਪ੍ਰਤਿਕਿਰਿਆ ਰੋਕਣ ਲਈ ਜਰਮਨ ਚਾਂਸਲਰ ਏਂਜਲਾ ਨਾਲ ਗੱਲ ਕਰਾਂਗਾ।
-ਮਾਰਟਿਨ ਸ਼ੁਲਜ਼

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …