ਦੁਬਈ ਦੇ ਹਸਪਤਾਲ ‘ਚ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ ਇਲਾਜ
ਕਾਰਗਿਲ ਯੁੱਧ ਦਾ ਸੀ ਮੁੱਖ ਸਾਜਿਸ਼ਘਾੜਾ
ਅੰਮ੍ਰਿਤਸਰ : ਪਾਕਿਸਤਾਨ ‘ਚ ਨਵਾਜ਼ ਸ਼ਰੀਫ਼ ਸਰਕਾਰ ਦਾ ਤਖ਼ਤਾ ਪਲਟ ਕਰਕੇ ਲਗਪਗ 7 ਸਾਲ (20 ਜੂਨ 2001 ਤੋਂ 18 ਅਗਸਤ 2008) ਤੱਕ ਪਾਕਿ ਦਾ ਰਾਸ਼ਟਰਪਤੀ ਰਹੇ 79 ਸਾਲਾ ਜਨਰਲ (ਸਾਬਕਾ) ਪਰਵੇਜ਼ ਮੁਸ਼ੱਰਫ਼ ਦੀ ਐਤਵਾਰ ਨੂੰ ਮੌਤ ਹੋ ਗਈ।
ਉਸਦਾ ਜਨਮ 11 ਅਗਸਤ, 1943 ਨੂੰ ਹੋਇਆ ਸੀ। ਉਹ ਲੰਬੇ ਸਮੇਂ ਤੋਂ ਐਮੀਲੋਇਡੋਸਿਸ ਦੀ ਬਿਮਾਰੀ ਨਾਲ ਜੂਝ ਰਿਹਾ ਸੀ। ਇਸ ਬਿਮਾਰੀ ‘ਚ ਮਨੁੱਖੀ ਸਰੀਰ ‘ਚ ਐਮੀਲੋਇਡ ਨਾਮਕ ਇਕ ਅਸਧਾਰਨ ਪ੍ਰੋਟੀਨ ਬਣਨਾ ਸ਼ੁਰੂ ਹੋ ਜਾਂਦਾ ਹੈ।
ਮੁਸ਼ੱਰਫ਼ ਦਾ ਇਲਾਜ ਦੁਬਈ ਦੇ ਇਕ ਹਸਪਤਾਲ ‘ਚ ਚੱਲ ਰਿਹਾ ਸੀ ਅਤੇ ਉਹ ਪਿਛਲੇ ਕਈ ਮਹੀਨਿਆਂ ਤੋਂ ਹਸਪਤਾਲ ‘ਚ ਦਾਖ਼ਲ ਸੀ।
ਭਾਰਤ ਵਿਰੁੱਧ ਲੜੀ ਸੀ 1965 ਤੇ 1971 ਦੀ ਜੰਗ : ਕਾਲਜ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ 21 ਸਾਲ ਦੀ ਉਮਰ ‘ਚ ਪਰਵੇਜ਼ ਮੁਸ਼ੱਰਫ਼ ਪਾਕਿਸਤਾਨੀ ਫ਼ੌਜ ‘ਚ ਇਕ ਜੂਨੀਅਰ ਅਫ਼ਸਰ ਵਜੋਂ ਸ਼ਾਮਿਲ ਹੋਇਆ ਸੀ। ਉਹ ਸੰਨ 1965 ਦੀ ਜੰਗ ‘ਚ ਭਾਰਤ ਵਿਰੁੱਧ ਲੜਿਆ।
ਹਾਲਾਂਕਿ, ਪਾਕਿ ਇਹ ਜੰਗ ਹਾਰ ਗਿਆ ਸੀ, ਇਸ ਦੇ ਬਾਵਜੂਦ ਮੁਸ਼ੱਰਫ਼ ਨੂੰ ਬਹਾਦਰੀ ਨਾਲ ਲੜਨ ਲਈ ਤਤਕਾਲੀ ਪਾਕਿ ਸਰਕਾਰ ਵਲੋਂ ਤਗਮਾ ਦਿੱਤਾ ਗਿਆ। ਉਹ ਸੰਨ 1971 ਦੀ ਭਾਰਤ ਵਿਰੁੱਧ ਜੰਗ ਦਾ ਵੀ ਹਿੱਸਾ ਬਣਿਆ।
ਸਾਲ 1998 ‘ਚ ਪਰਵੇਜ਼ ਮੁਸ਼ੱਰਫ਼ ਨੂੰ ਤਰੱਕੀ ਦੇ ਕੇ ਪਾਕਿ ਫ਼ੌਜ ਦਾ ਜਨਰਲ ਬਣਾਇਆ ਗਿਆ। ਉਸ ਨੇ ਹੀ ਭਾਰਤ ਵਿਰੁੱਧ ਕਾਰਗਿਲ ਜੰਗ ਦੀ ਸਾਜਿਸ਼ ਰਚੀ ਸੀ ਪਰ ਉਹ ਉਸ ‘ਚ ਬੁਰੀ ਤਰ੍ਹਾਂ ਅਸਫਲ ਰਿਹਾ। ਜਨਰਲ ਮੁਸ਼ੱਰਫ਼ ਨੇ ਆਪਣੀ ਜੀਵਨੀ ‘ਇਨ ਦਿ ਲਾਈਨ ਆਫ਼ ਫਾਇਰ-ਏ ਮੈਮੋਇਰ’ ‘ਚ ਲਿਖਿਆ ਹੈ ਕਿ ਉਸ ਨੇ ਕਾਰਗਿਲ ‘ਤੇ ਕਬਜ਼ਾ ਕਰਨ ਦੀ ਸਹੁੰ ਖਾਧੀ ਸੀ ਪਰ ਉਹ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਕਾਰਨ ਅਜਿਹਾ ਨਹੀਂ ਕਰ ਸਕਿਆ।
ਮੁਸ਼ੱਰਫ ਕਰਾਚੀ ‘ਚ ਸਪੁਰਦ-ਏ-ਖ਼ਾਕ
ਕਰਾਚੀ : ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ਼ ਦੀਆਂ ਆਖ਼ਰੀ ਰਸਮਾਂ ਕਰਾਚੀ ਵਿਚ ਕੀਤੀਆਂ ਗਈਆਂ। ਸਾਬਕਾ ਰਾਸ਼ਟਰਪਤੀ ਦੀ ਦੇਹ ਨੂੰ ਯੂਏਈ ਵੱਲੋਂ ਮੁਹੱਈਆ ਕਰਵਾਏ ਗਏ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਪਾਕਿਸਤਾਨ ਲਿਆਂਦਾ ਗਿਆ। ਮੁਸ਼ੱਰਫ਼ ਦੀ ਪਤਨੀ ਸਬਾ, ਪੁੱਤਰ ਬਿਲਾਲ ਤੇ ਹੋਰ ਕਰੀਬੀ ਰਿਸ਼ਤੇਦਾਰ ਮ੍ਰਿਤਕ ਦੇਹ ਦੇ ਨਾਲ ਦੁਬਈ ਤੋਂ ਕਰਾਚੀ ਆਏ। ਦੇਹ ਨੂੰ ਮਲੀਰ ਕੈਂਟ ਦੀ ਗੁਲਮੋਹਰ ਪੋਲੋ ਗਰਾਊਂਡ ਵਿਚ ਰੱਖਿਆ ਗਿਆ ਜਿੱਥੇ ਦੁਆ ਕੀਤੀ ਗਈ। ਸਾਬਕਾ ਫ਼ੌਜ ਮੁਖੀ ਤੇ ਰਾਸ਼ਟਰਪਤੀ ਦੀ ਦੇਹ ਨੂੰ ਫ਼ੌਜੀ ਕਬਰਿਸਤਾਨ ਵਿਚ ਦਫ਼ਨਾਇਆ ਗਿਆ। ਇਸ ਮੌਕੇ ਕਈ ਵਰਤਮਾਨ ਤੇ ਸੇਵਾਮੁਕਤ ਫ਼ੌਜੀ ਅਧਿਕਾਰੀ ਹਾਜ਼ਰ ਸਨ।
ਧੋਨੀ ਦੇ ਹੇਅਰ ਸਟਾਈਲ ਦਾ ਸੀ ਕਾਇਲ
ਪਰਵੇਜ਼ ਮੁਸ਼ੱਰਫ਼ ਫ਼ੌਜ ਅਤੇ ਰਾਜਨੀਤੀ ‘ਚ ਰਹਿਣ ਤੋਂ ਇਲਾਵਾ ਕ੍ਰਿਕਟ ਦਾ ਬਹੁਤ ਵੱਡਾ ਪ੍ਰਸੰਸਕ ਸੀ। ਜਦੋਂ ਭਾਰਤ ਨੇ ਸਾਲ 2005- 06 ‘ਚ ਪਾਕਿ ਦਾ ਦੌਰਾ ਕੀਤਾ ਸੀ ਤਾਂ ਉਹ ਸਟੇਡੀਅਮ ‘ਚ ਮੈਚ ਦੇਖਣ ਗਿਆ। ਇਸ ਮੌਕੇ ਪਰਵੇਜ਼ ਮੁਸ਼ੱਰਫ਼ ਨੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਹੇਅਰ ਸਟਾਈਲ ਦੀ ਪ੍ਰਸੰਸਾ ਕਰਦਿਆਂ ਪੁਰਸਕਾਰ ਸਮਾਰੋਹ ਦੌਰਾਨ ਭਾਰਤੀ ਟੀਮ ਨੂੰ ਜਿੱਤ ਦੀ ਵਧਾਈ ਦੇਣ ਦੇ ਨਾਲ-ਨਾਲ ਕਿਹਾ ਕਿ ਉਸ ਨੇ ਇਕ ਪਲੇਕਾਰਡ ਦੇਖਿਆ ਸੀ, ਜਿਸ ‘ਤੇ ਲਿਖਿਆ ਸੀ ‘ਧੋਨੀ ਵਾਲ ਕਟਵਾ ਲਵੋ।’ ਮੁਸ਼ੱਰਫ਼ ਨੇ ਧੋਨੀ ਨੂੰ ਕਿਹਾ ਕਿ ਜੇਕਰ ਤੁਸੀਂ ਮੇਰੀ ਰਾਇ ਲੈਂਦੇ ਹੋ ਤਾਂ ਇਹ ਹੇਅਰ ਸਟਾਈਲ ਚੰਗਾ ਲੱਗਦਾ ਹੈ …. ਵਾਲ ਨਾ ਕਟਵਾਓ .’ ਉਸ ਸਮੇਂ ਧੋਨੀ ਦੇ ਵੱਡੇ ਵਾਲ ਹੁੰਦੇ ਸਨ।
ਵੰਡ ਤੋਂ ਪਹਿਲਾਂ ਦਿੱਲੀ ‘ਚ ਰਹਿੰਦਾ ਸੀ ਮੁਸ਼ੱਰਫ਼ ਦਾ ਪਰਿਵਾਰ
ਪਰਵੇਜ਼ ਮੁਸ਼ੱਰਫ਼ ਦਾ ਪਰਿਵਾਰ ਦੇਸ਼ ਦੀ ਵੰਡ ਤੋਂ ਪਹਿਲਾਂ ਭਾਰਤ ‘ਚ ਰਹਿੰਦਾ ਸੀ। ਮੁਸ਼ੱਰਫ਼ ਪਰਿਵਾਰ ਦੀ ਪੁਰਾਣੀ ਦਿੱਲੀ ‘ਚ ਇਕ ਵੱਡੀ ਕੋਠੀ ਸੀ ਤੇ ਉਹ ਆਪਣੇ ਜਨਮ ਤੋਂ ਬਾਅਦ ਲਗਪਗ 4 ਸਾਲ ਤਕ ਹੀ ਉੱਥੇ ਰਿਹਾ। ਉਸ ਦੇ ਦਾਦਾ ਟੈਕਸ ਕੁਲੈਕਟਰ ਤੇ ਪਿਤਾ ਅੰਗਰੇਜ਼ਾਂ ਦੇ ਸ਼ਾਸਨ ਸਮੇਂ ਵੱਡੇ ਅਫ਼ਸਰ ਸਨ। ਮੁਸ਼ੱਰਫ਼ ਦੀ ਮਾਂ ਬੇਗਮ ਜ਼ਰੀਨ ਨੇ ਸੰਨ 1940 ‘ਚ ਅਲੀਗੜ੍ਹ ਮੁਸਲਿਮ ‘ਵਰਸਿਟੀ ‘ਚ ਪੜ੍ਹਾਈ ਕੀਤੀ ਸੀ। ਬੇਗਮ ਜ਼ਰੀਨ ਨੇ ਸਾਲ 2005 ‘ਚ ਆਪਣੀ ਭਾਰਤ ਫੇਰੀ ਦੌਰਾਨ ਲਖਨਊ, ਦਿੱਲੀ ਤੇ ਅਲੀਗੜ੍ਹ ਮੁਸਲਿਮ ‘ਵਰਸਿਟੀ ਦਾ ਦੌਰਾ ਕੀਤਾ ਸੀ।
1999 ‘ਚ ਕੀਤਾ ਸੀ ਨਵਾਜ਼ ਸ਼ਰੀਫ਼ ਸਰਕਾਰ ਦਾ ਤਖ਼ਤਾ ਪਲਟ
ਸਾਲ 1998 ‘ਚ ਤਤਕਾਲੀ ਪਾਕਿ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਨੇ ਪਰਵੇਜ਼ ਮੁਸ਼ੱਰਫ਼ ‘ਤੇ ਭਰੋਸਾ ਕਰਕੇ ਉਸ ਨੂੰ ਪਾਕਿਸਤਾਨੀ ਫ਼ੌਜ ਦਾ ਮੁਖੀ ਬਣਾਇਆ। ਜਦਕਿ ਇਕ ਸਾਲ ਬਾਅਦ ਹੀ ਸਾਲ 1999 ‘ਚ ਜਨਰਲ ਮੁਸ਼ੱਰਫ਼ ਨੇ ਨਵਾਜ਼ ਸ਼ਰੀਫ਼ ਦਾ ਤਖ਼ਤਾ ਪਲਟ ਦਿੱਤਾ ਅਤੇ ਪਾਕਿਸਤਾਨ ਦਾ ਤਾਨਾਸ਼ਾਹ ਬਣ ਗਿਆ। ਉਸ ਦੇ ਸੱਤਾ ਸੰਭਾਲਦਿਆਂ ਹੀ ਨਵਾਜ਼ ਸ਼ਰੀਫ਼ ਨੂੰ ਪਰਿਵਾਰ ਸਮੇਤ ਪਾਕਿ ਛੱਡਣਾ ਪਿਆ। ਸੱਤਾ ‘ਚ ਰਹਿੰਦਿਆਂ ਜਨਰਲ ਮੁਸ਼ੱਰਫ਼ ਨੇ ਪਾਕਿ ਦੇ ਸੂਬਾ ਬਲੋਚਿਸਤਾਨ ‘ਚ ਆਜ਼ਾਦੀ ਦੀ ਮੰਗ ਕਰਨ ਵਾਲੇ ਸੈਂਕੜੇ ਲੋਕਾਂ ਨੂੰ ਮਾਰ ਦਿੱਤਾ ਅਤੇ ਕਈਆਂ ਨੂੰ ਰੌਂਗਟੇ ਖੜ੍ਹੇ ਕਰ ਦੇਣ ਵਾਲੀਆਂ ਸਜ਼ਾਵਾਂ ਦਿੱਤੀਆਂ।
ਪਾਕਿਸਤਾਨ ‘ਚ ਕੇਸਾਂ ਦੀ ਬੇਅਦਬੀ ਦੀ ਸ਼੍ਰੋਮਣੀ ਕਮੇਟੀ ਵੱਲੋਂ ਨਿੰਦਾ
ਆਰੋਪੀਆਂ ਖਿਲਾਫ ਹੋਵੇ ਸਖਤ ਕਾਰਵਾਈ : ਧਾਮੀ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਵਿਚ ਦੋ ਸਿੱਖ ਭਰਾਵਾਂ ਦੇ ਕੇਸਾਂ ਦੀ ਬੇਅਦਬੀ ਕਰਨ ਦੀ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਪਿਛਲੇ ਸਮੇਂ ਦੌਰਾਨ ਕਈ ਵਾਰ ਸਿੱਖਾਂ ‘ਤੇ ਹਮਲੇ ਹੋ ਚੁੱਕੇ ਹਨ, ਪਰ ਪੁਲਿਸ ਵੱਲੋਂ ਆਰੋਪੀਆਂ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਤਾਜ਼ਾ ਮਾਮਲੇ ਵਿਚ ਵੀ ਪੁਲਿਸ ਵੱਲੋਂ ਕਿਸੇ ਵੀ ਆਰੋਪੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਸਗੋਂ ਸਿੱਖਾਂ ‘ਤੇ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …