ਐੱਫ.ਸੀ.ਐੱਫ.ਸੀ. ਕਲੱਬ ਨੇ ਪੱਤਝੜ ਦੀ ਆਮਦ ਨੂੰ ‘ਫ਼ਾਲ ਇਨ ਲਵ’ ਵਜੋਂ ਯਾਦ ਕੀਤਾ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 4 ਅਕਤੂਬਰ ਨੂੰ ਐੱਫ.ਸੀ.ਐੱਫ.ਸੀ. ਕਲੱਬ ਵੱਲੋਂ ਕੈਨੇਡਾ ਦੇ ਪੱਤਝੜ ਦੇ ਰੰਗੀਨ ਮੌਸਮ ਦਾ ਸੁਆਗ਼ਤ ਕਰਦਿਆਂ ਹੋਇਆਂ ਇਸ ਨੂੰ ‘ਫ਼ਾਲ ਇਨ ਲਵ’ ਦਾ ਮੌਸਮ ਕਿਹਾ। ਇਸ ਸਬੰਧੀ ਸਥਾਨਕ ਪਾਲ ਪਲੈਸ਼ੀ ਰੀਕਰੀਏਸ਼ਨ ਸੈਂਟਰ ਵਿੱਚ ਇਸ ਕਲੱਬ ਦੇ 100 ਤੋਂ ਵਧੀਕ ਮੈਂਬਰਾਂ ਨੇ ਇਕੱਤਰ ਹੋ ਕੇ ਰੰਗਾਂ ਦੇ ਇਸ ਮੌਸਮ ਨੂੰ ‘ਜੀ-ਆਇਆਂ’ ਆਖਿਆ। ਉਹ ਪੱਤਝੜ ਦੇ ਮੌਸਮ ਵਿੱਚ ਰੁੱਖਾਂ ਦੇ ਪੱਤਿਆਂ ਦੇ ਲਾਲ, ਸੰਗਤਰੀ, ਪੀਲੇ, ਸੁਨਹਿਰੀ ਤੇ ਖ਼ਾਕੀ ਰੰਗਾਂ ਦੀਆਂ ਪੁਸ਼ਾਕਾਂ ਪਹਿਨੀ ਇਸ ਰੰਗੀਨ ਸਮਾਗਮ ਵਿੱਚ ਸ਼ਾਮਲ ਹੋਏ।
ਸਮਾਗ਼ਮ ਦੀ ਸ਼ੁਰੂਆਤ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਮੈਂਬਰਾਂ ਨੂੰ ਸੰਬੋਧਿਤ ਸੁਆਗ਼ਤੀ ਸ਼ਬਦਾਂ ਨਾਲ ਕੀਤੀ ਗਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ, ”ਪੱਤਝੜ ਦਾ ਮੌਸਮ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਹਰੇਕ ਮੌਸਮ ਦੀ ਆਪਣੀ ਹੀ ਖੂਬਸੂਰਤੀ ਹੈ। ਉਨ੍ਹਾਂ ਕਿਹਾ ਕਿ ਸੀਨੀਅਰਾਂ ਦੇ ਲਈ ਤਾਂ ਇਹ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੇ ਪਿਆਰ ਤੇ ਸਤਿਕਾਰ ਦਾ ਨਿੱਘ ਮਾਨਣ ਦਾ ਸਮਾਂ ਹੈ ਜਿਸਦੀ ਸਾਰੀ ਉਮਰ ਹੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਸਮਾਗ਼ਮ ਦੌਰਾਨ ‘ਥੈਂਕਸ ਗਿਵਿੰਗ’, ‘ਸੀਨੀਅਰਜ਼ ਡੇਅ’ ਅਤੇ ਪੱਤਝੜ ਮੌਸਮ ਦਾ ‘ਫ਼ਾਲ ਇਨ ਲਵ’ ਇਕੱਠੇ ਹੀ ਸਮੂਹਿਕ ਰੂਪ ‘ਚ ਮਨਾ ਰਹੇ ਹਨ।”
ਉਪਰੰਤ, ਸਮਾਗ਼ਮ ਦੀ ਕਮਾਨ ਜੋਤੀ ਨੇ ਸੰਭਾਲੀ ਅਤੇ ਇਸ ਪ੍ਰੋਗਰਾਮ ਨੂੰ ਪੂਰੇ ਉਤਸ਼ਾਹ, ਜੋਸ਼ ਤੇ ਊਰਜਾ ਨਾਲ ਹਾਸੇ-ਮਜ਼ਾਕ ਦੇ ਮਾਹੌਲ ਵਿਚ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਐੱਫ.ਸੀ.ਐੱਫ.ਸੀ. ਕਲੱਬ ਦਾ ਇਹ ਪ੍ਰੋਗਰਾਮ ਕੇਵਲ ਮਨੋਰੰਜਨ ਹੀ ਨਹੀਂ ਹੈ, ਸਗੋਂ ਸੀਨੀਅਰਾਂ ਦੇ ਲਈ ਆਪਣਾ ਟੇਲੈਂਟ ਵਿਖਾਉਣ, ਦੋਸਤੀਆਂ ਬਨਾਉਣ ਅਤੇ ਸਮਾਜਿਕ ਤੌਰ ‘ਤੇ ਚੇਤੰਨ ਰਹਿਣ ਲਈ ਵਧੀਆ ਮੰਚ ਮੁਹੱਈਆ ਕਰਦਾ ਹੈ।
ਇਸ ਦੌਰਾਨ ਸਮਾਗਮ ਵਿੱਚ ਸੋਲੋ ਗੀਤ, ਨਾਚ-ਗਾਣੇ ਅਤੇ ਮਨੋਰੰਜਨ ਦੀਆਂ ਕਈ ਹੋਰ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਪੇਸ਼-ਕਰਤਾਵਾਂ ਵਿੱਚ ਕਮਲ ਬਬਰਾ, ਪੁਸ਼ਪਿੰਦਰ ਵਾਲੀਆ, ਜੋਤੀ ਡੈਡਲੀਆ, ਹਰਮੀਤ ਕੁਲਾਰ, ਬਲਵਿੰਦਰ ਸੰਧੂ, ਰਮਿੰਦਰ ਚੌਹਾਨ, ਸਵਿੰਦਰ ਫੁੱਲ, ਆਦਿ ਸ਼ਾਮਲ ਸਨ। ਨਾਚ-ਗਾਣਿਆਂ ਅਤੇ ਗਿੱਧੇ ਦੀ ਪੇਸ਼ਕਾਰੀ ਨਾਲ ਇਹ ਸਮਾਗਮ ਹੋਰ ਵੀ ਦਿਲਚਸਪ ਤੇ ਮਨੋਰੰਜਕ ਹੋ ਗਿਆ। ਇਸ ਦੌਰਾਨ ਭੁਪਿੰਦਰ ਮੱਕੜ ਅਤੇ ਰੇਨੂ ਕੋਹਲੀ ਨੂੰ ਕਲੱਬ ਵੱਲੋਂ ਵਿਸ਼ੇਸ਼ ਮਾਣ-ਸਤਿਕਾਰ ਭੇਂਟ ਕੀਤਾ ਗਿਆ।
ਸਮਾਗਮ ਦੇ ਮੁੱਖ-ਮਹਿਮਾਨ ਰੀਜਨਲ ਕੌਂਸਲਰ ਰਵੀਨਾ ਸੰਤੋਸ ਸਨ। ਕਲੱਬ ਮੈਂਬਰਾਂ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ, ”ਐੱਫ.ਸੀ.ਐੱਫ.ਸੀ. ਕਲੱਬ ਵਰਗੀਆਂ ਸੰਸਥਾਵਾਂ ਸੀਨੀਅਰਾਂ ਨੂੰ ਇਕੱਠਿਆਂ ਕਰਨ, ਉਨ੍ਹਾਂ ਵਿੱਚ ਦੋਸਤੀ ਵਧਾਉਣ, ਉਨ੍ਹਾਂ ਦਾ ਮਨੋਰੰਜਨ ਕਰਨ ਅਤੇ ਕਮਿਊਨਿਟੀ ਦੇ ਕੰਮਾਂ ਵਿੱਚ ਉਨ੍ਹਾਂ ਨੂੰ ਸਾਂਝੇਦਾਰ ਬਨਾਉਣ ਵਿੱਚ ਬੜਾ ਵੱਡਾ ਯੋਗਦਾਨ ਪਾਉਂਦੀਆਂ ਹਨ। ਇਨ੍ਹਾਂ ਸਮਾਗਮਾਂ ਵਿੱਚ ਉਨ੍ਹਾਂ ਨੂੰ ਇਕੱਠੇ ਖੁਸ਼ ਬੈਠਿਆਂ ਵੇਖ ਕੇ ਬਹੁਤ ਵਧੀਆ ਲੱਗਦਾ ਹੈ।” ਉਨ੍ਹਾਂ ਕਲੱਬ ਦੇ ਪ੍ਰਬੰਧਕਾਂ ਨੂੰ ਅਜਿਹੇ ਸਮਾਗਮ ਕਰਨ ਲਈ ਹਾਰਦਿਕ ਵਧਾਈ ਦਿੱਤੀ।
ਇਸ ਸਮਾਗਮ ਦਾ ਇੱਕ ਹੋਰ ਦਿਲਚਸਪ ਪੱਖ ਇਸ ਵਿੱਚ ਇਸ ਅਕਤੂਬਰ ਮਹੀਨੇ ਆਏ ਕਲੱਬ ਮੈਂਬਰਾਂ ਦੇ ਜਨਮ-ਦਿਨ ਮਨਾਉਣਾ ਸੀ। ਇਹ ਜਨਮ-ਦਿਨ ਸਾਂਝੇ ਤੌਰ ‘ਤੇ ਕੇਕ ਕੱਟ ਕੇ ਅਤੇ ਸਬੰਧਿਤ ਮੈਂਬਰਾਂ ਨੂੰ ਜਨਮ-ਦਿਨ ਦੀ ਮੁਬਾਰਕਬਾਦ ਦੇ ਕੇ ਮਨਾਏ ਗਏ। ਇਸ ਦੌਰਾਨ ਸੁਰਿੰਦਰ ਪੈਂਫ਼ਰ ਵੱਲੋਂ ਆਪਣਾ 75ਵਾਂ ਜਨਮ-ਦਿਨ ਬੜੀ ਖ਼ੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਸਵਿੰਦਰ ਦੈਂਦ ਵੱਲੋਂ ਸਾਰਿਆਂ ਨੂੰ ਜਨਮ-ਦਿਨਾਂ ਦੀ ਮੁਬਾਰਕਬਾਦ ਸਾਂਝੀ ਕੀਤੀ ਗਈ ਅਤੇ ਮੁੱਖ ਮਹਿਮਾਨ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਅਖ਼ੀਰ ਵਿੱਚ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਸਮੂਹ ਮੈਂਬਰਾਂ ਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ ਗਿਆ। ਉਨ੍ਹਾਂ ਕਿਹਾ ਕਿ ਉਮਰ ਦੇ ਵੱਧਣ ਨਾਲ ਬੁਢਾਪੇ ਵੱਲ ਜਾਣ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਖ਼ੁਸੀ ਤੇ ਉਤਸ਼ਾਹ ਕੋਲੋਂ ਦੂਰ ਜਾ ਰਹੇ ਹਾਂ, ਕਿਉਂਕਿ ਖ਼ੁਸ਼ੀ ਦਾ ਉਮਰ ਨਾਲ ਕੋਈ ਸਬੰਧ ਨਹੀਂ ਹੈ। ਸਾਨੂੰ ਹਮੇਸ਼ਾ ਖ਼ੁਸ਼, ਜੀਵਨ ਵਿੱਚ ਆਸਵੰਦ ਅਤੇ ਉਤਸ਼ਾਹ ਭਰਪੂਰ ਰਹਿਣਾ ਚਾਹੀਦਾ ਹੈ।
ਪੱਤਝੜ ਦੇ ਵੱਖੋ-ਵੱਖਰੇ ਰੰਗ, ਦੋਸਤੀ ਤੇ ਖ਼ੁਸ਼ੀ ਦੇ ਪ੍ਰਤੀਕ …
RELATED ARTICLES







