Breaking News
Home / ਕੈਨੇਡਾ / ਰੈੱਡ ਵਿੱਲੋ ਕਲੱਬ ਦੀਆਂ ਬੀਬੀਆਂ ਨੇ ਤੀਆਂ ਮਨਾਈਆਂ

ਰੈੱਡ ਵਿੱਲੋ ਕਲੱਬ ਦੀਆਂ ਬੀਬੀਆਂ ਨੇ ਤੀਆਂ ਮਨਾਈਆਂ

ਬਰੈਂਪਟਨ/ਬਿਊਰੋ ਨਿਊਜ਼ : ਰੈੱਡ ਵਿੱਲੋ ਸੀਨੀਅਰਜ਼ ਕਲੱਬ ਬਰੈਂਪਟਨ ਦੀਆਂ ਲੇਡੀਜ਼ ਮੈਂਬਰਾਂ ਨੇ ਪਿਛਲੇ ਸਾਲਾਂ ਦੀ ਤਰ੍ਹਾਂ 22 ਜੁਲਾਈ 2018 ਨੂੰ ਰੈੱਡ ਵਿੱਲੋ ਪਾਰਕ ਵਿੱਚ ਬੜੇ ਉਤਸ਼ਾਹ ਨਾਲ ਤੀਆਂ ਮਨਾਈਆਂ। ਇਸ ਪ੍ਰੋਗਰਾਮ ਦੀ ਤਿਆਰੀ ਬਹੁਤ ਹੀ ਸੁਚੱਜੇ ਢੰਗ ਨਾਲ ਮਹਿੰਦਰ ਕੌਰ ਪੱਡਾ, ਬਲਜੀਤ ਸੇਖੋਂ, ਨਿਰਮਲਾ ਪਰਾਸ਼ਰ, ਬਲਜੀਤ ਗਰੇਵਾਲ, ਇੰਦਰਜੀਤ ਗਿੱਲ ਦੀ ਸੁਯੋਗ ਅਗਵਾਈ ਵਿੱਚ ਕਲੱਬ ਦੀਆਂ ਸਮੂਹ ਮੈਬਰਾਂ ਦੇ ਸਹਿਯੋਗ ਨਾਲ ਕੀਤੀ ਗਈ। ਸਾਰੀਆਂ ਮੈਂਬਰਾਂ ਨੂੰ ਸੁਨੇਹੇ ਦੇ ਕੇ ਪਰਿਵਾਰ ਦੀਆਂ ਧੀਆਂ ਨੂੰਹਾਂ ਸਮੇਤ ਹਾਜ਼ਰ ਹੋਣ ਲਈ ਬੇਨਤੀ ਕੀਤੀ ਗਈ ਸੀ।
ਇਸ ਪ੍ਰੋਗਰਾਮ ਲਈ ਸਾਰੀਆਂ ਮੈਂਬਰਜ਼ ਨੇ ਬਹੁਤ ਉਤਸ਼ਾਹ ਦਾ ਪਰਗਟਾਵਾ ਕਰਦੇ ਹੋਏ ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰਾਂ ਸਮੇਤ ਹਿੱਸਾ ਲਿਆ। ਤੀਆਂ ਤੇ ਅਜਿਹਾ ਮਾਹੌਲ ਸਿਰਜਿਆ ਗਿਆ ਕਿ ਇੱਕੋ ਸਮੇਂ ਤਿੰਨ ਪੀੜ੍ਹੀਆਂ ਮਾਵਾਂ-ਸੱਸਾਂ, ਨੂੰਹਾਂ-ਧੀਆਂ ਅਤੇ ਪੋਤੀਆਂ-ਦੋਹਤੀਆਂ ਇਕੱਠੀਆਂ ਨੇ ਹੋ ਕੇ ਬੋਲੀਆਂ ਤੇ ਗਿੱਧਾ ਪਾਕੇ ਧਮਾਲਾਂ ਪਾ ਦਿੱਤੀਆਂ। ਲਗਦਾ ਸੀ ਕਿ ਛੋਟੀਆਂ ਬੱਚੀਆਂ ਤੋਂ ਲੈ ਕੇ 80-90 ਸਾਲ ਦੀਆਂ ਬਜੁਰਗ ਔਰਤਾਂ ਗਿੱਧੇ ਵਿੱਚ ਇੱਕ ਦੂਜੇ ਤੋਂ ਬਾਜੀ ਮਾਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਇਕ ਦੀ ਪਾਈ ਬੋਲੀ ਤੇ ਗਿੱਧਾ ਥੰਮਦਾ ਤਾਂ ਕੋਈ ਹੋਰ ਬੋਲੀ ਚੁੱਕ ਲੈਂਦੀ। ਇਸ ਤਰ੍ਹਾਂ ਲਗਾਤਾਰ ਗਿੱਧੇ ਦੀਆਂ ਧਮਾਲਾਂ ਪੈਂਦੀਆਂ ਰਹੀਆਂ। ਚਾਰ ਪੰਜ ਘੰਟੇ ਚੱਲੇ ਇਸ ਪਰੋਗਰਾਮ ਦਾ ਨਜ਼ਾਰਾ ਦੇਖਿਆਂ ਹੀ ਬਣਦਾ ਸੀ। ਪਾਰਕ ਦੇ ਨੇੜੇ ਲੰਘਣ ਵਾਲੇ ਦੂਜਿਆਂ ਕਮਿਊਨਿਟੀਆਂ ਦੇ ਲੋਕ ਰੁਕ ਕੇ ਇਹ ਨਜ਼ਾਰਾ ਦੇਖਣ ਲੱਗ ਪੈਂਦੇ ਸਨ। ਪ੍ਰੋਗਰਾਮ ਵਿੱਚ ਗਿੱਧੇ ਦੇ ਨਾਲ ਖਾਣ ਪੀਣ ਦਾ ਪੂਰਾ ਪ੍ਰਬੰਧ ਸੀ। ਸਮੋਸੇ, ਪਕੌੜੇ, ਮਠਿਆਈ ਦੀ ਕੋਈ ਤੋਟ ਨਹੀਂ ਸੀ। ਨਾਲ ਹੀ ਚਾਹ ਅਤੇ ਠੰਡੇ ਦਾ ਅਤੁੱਟ ਲੰਗਰ ਵਰਤਦਾ ਰਿਹਾ। ਇਸ ਪ੍ਰੋਗਰਾਮ ਲਈ ਸਮਾਨ ਦਾ ਪ੍ਰਬੰਧ ਕਰਨ ਵਿੱਚ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ, ਅਮਰਜੀਤ ਸਿੰਘ, ਬਲਵੰਤ ਕਲੇਰ, ਹਿੰਮਤ ਸਿੰਘ ਲੱਛਰ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸੇ ਤਰ੍ਹਾ ਬੀਬੀ ਗਰੇਵਾਲ ਅਤੇ ਚਮਕ ਪਰਿਵਾਰ ਵਲੋਂ ਵੀ ਪੂਰਾ ਸਹਿਯੋਗ ਮਿਲਿਆ। ਤੀਆਂ ਦਾ ਇਹ ਪ੍ਰੋਗਰਾਮ ਔਰਤਾਂ ਦੇ ਵਲਵਲਿਆਂ ਦੀ ਤਰਜਮਾਨੀ ਕਰਦਾ ਹੋਇਆ ਯਾਦਗਾਰੀ ਹੋ ਨਿਬੜਿਆ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …