ਵਿਚਾਰ-ਵਟਾਂਦਰਾ ਕਰਕੇ ਤੇ ਕੁਦਰਤੀ ਨਜ਼ਾਰੇ ਮਾਣ ਕੇ ਦਿਮਾਗ਼ੀ ਬੋਝ ਦੂਰ ਕੀਤਾ
ਬਰੈਂਪਟਨ/ਡਾ. ਝੰਡ : ਸਿਟੀ ਫਲਾਵਰ ਸੀਨੀਅਰਜ਼ ਕਲੱਬ ਵੱਲੋਂ ਆਪਣੇ ਮੈਂਬਰਾਂ ਦੇ ਰੋਜ਼ਾਨਾ ਜੀਵਨ ਦੇ ਦਿਮਾਗ਼ੀ ਬੋਝ ਨੂੰ ਘਟਾਉਣ ਲਈ ਨਿਆਗਰਾ ਫ਼ਾਲਜ਼ ਦੇ ਬੌਟੈਨੀਕਲ ਗਾਰਡਨ ਵਿਚ ਦਿਲਚਸਪ ਪਿਕਨਿਕ ਦਾ ਆਯੋਜਨ ਕੀਤਾ ਗਿਆ। ਸੀਨੀਅਰਾਂ ਦੀ ਮੈਂਟਲ-ਹੈੱਲਥ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਦੇ ਪ੍ਰਬੰਧਕਾਂ ਵੱਲੋਂ ਨਿਆਗਰਾ ਫ਼ਾਲਜ਼ ਵਿਖੇ ਜਾ ਕੇ ਇਸ ਦੇ ਕੁਦਰਤੀ ਨਜ਼ਾਰਿਆਂ ਨੂੰ ਮਾਨਣ ਅਤੇ ਫਿਰ ਨੇੜਲੇ ਬੌਟੈਨੀਕਲ ਗਾਰਡਨ ਵਿਚ ਇਕੱਠੇ ਹੋ ਕੇ ਇਕ ਦੂਸਰੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ। ਉਪਰੰਤ, ਇਹ ਗਰੁੱਪ ਵੈੱਲਲੈਂਡ ਕੈਨਾਲ ਵੇਖਣ ਵੀ ਗਿਆ ਅਤੇ ਉਸ ਨੇ ਉੱਥੋਂ ਦੇ ਕੁਦਰਤੀ ਨਜ਼ਾਰਿਆਂ ਨੂੰ ਵੀ ਖ਼ੂਬ ਮਾਣਿਆਂ।
ਰੋਜ਼ਮਰਾ ਦੇ ਝਮੇਲਿਆਂ ਨੂੰ ਪਰੇ ਕਰਕੇ ਵੱਖ-ਵੱਖ ਪਿਛੋਕੜ ਦੇ ਬਜ਼ੁਰਗ ਮਰਦ ਤੇ ਔਰਤਾਂ ਕਲੱਬ ਦੀ ਇਸ ਪਿਕਨਿਕ ਵਿਚ ਸ਼ਾਮਲ ਹੋਏ। ਨਿਰਧਾਰਿਤ ਪ੍ਰੋਗਰਾਮ ਅਨੁਸਾਰ ਸਾਰੇ ਮੈਂਬਰ ਪਹਿਲਾਂ ਨਿਆਗਰਾ ਫ਼ਾਲਜ ਦੇ ਕੁਦਰਤੀ ਨਜ਼ਾਰਿਆਂ ਨੂੰ ਤੱਕਣ ਤੋਂ ਬਾਅਦ ਇਸ ਦੇ ਨੇੜਲੇ ਬੌਟੈਨੀਕਲ ਗਾਰਡਨ ਵਿਚ ਪਹੁੰਚੇ। ਖ਼ੂਬਸੂਰਤ ਬਾਗ਼ ਦੇ ਫੁੱਲਾਂ ਦੇ ਵੱਖ-ਵੱਖ ਰੰਗਾਂ ਤੇ ਖ਼ੁਸ਼ਬੋਆਂ ਨੂੰ ਮਾਣਦਿਆਂ ਹੋਇਆਂ ਉਹ ਆਪਸੀ ਗੱਲਾਂ-ਬਾਤਾਂ ਵਿੱਚ ਰੁੱਝ ਗਏ। ਆਪੋ-ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ, ਦੁਨਿਆਵੀ ਤੇ ਰਾਜਨੀਤੀ ਸਬੰਧੀ ਗੱਲਾਂ ਹੋਈਆਂ ਅਤੇ ਸਮਾਜਿਕ ਇਕੱਤਰਤਾਵਾਂ ਦੀ ਅਹਿਮੀਅਤ ਬਾਰੇ ਵਿਚਾਰ-ਵਟਾਂਦਰਾ ਹੋਇਆ। ਯੋਗਾ ਦੀ ਇਨਸਟਰੱਕਟਰ ਅਨੁਜਾ ਨੇ ਮੈਂਬਰਾਂ ਨੂੰ ਯੋਗਾ ਦੀਆਂ ਕੁਝ ਆਈਟਮਾਂ ਕਰਵਾਈਆਂ। ਇਸ ਦੇ ਨਾਲ ਹੀ ਖਾਣ-ਪੀਣ ਦਾ ਸਿਲਸਿਲਾ ਆਰੰਭ ਹੋ ਗਿਆ। ਘਰਾਂ ਤੋਂ ਆਪਣੇ ਨਾਲ ਲਿਆਂਦੇ ਹੋਏ ਸੁਆਦਲੇ ਭੋਜਨ ਪਦਾਰਥ ਇਕ ਦੂਸਰੇ ਨਾਲ ਸਾਂਝੇ ਕਰਦਿਆਂ ਹੋਇਆਂ ਛਕੇ ਗਏ। ਇਸ ਤੋਂ ਬਾਅਦ ਗੀਤ ਗਾਉਣ ਅਤੇ ਗਿੱਧੇ ਤੇ ਭੰਗੜੇ ਦਾ ਦੌਰ ਸ਼ੁਰੂ ਹੋ ਗਿਆ ਜੋ ਕਾਫ਼ੀ ਦੇਰ ਤੱਕ ਚੱਲਦਾ ਰਿਹਾ। ਇਸ ਦੌਰਾਨ ਕਲੱਬ ਦੀ ਵਾਈਸ-ਪ੍ਰੈਜ਼ੀਡੈਂਟ ਅਨੁਜਾ ਕਾਬਲੀ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ”ਇਸ ਤਰ੍ਹਾਂ ਦੇ ਸਾਂਝੇ ਤੌਰ ‘ઑਤੇ ਬਿਤਾਇਆ ਗਿਆ ਸਮਾਂ ਸਾਡੀਆਂ ਦੋਸਤੀਆਂ ਅਤੇ ਆਪਸੀ ਸਾਂਝਾਂ ਨੂੰ ਹੋਰ ਪੱਕਿਆਂ ਕਰਦਾ ਹੈ। ਅਸੀਂ ਆਪਣੇ ਮੈਂਬਰਾਂ ਦੀ ਖ਼ੁਸ਼ੀ ਅਤੇ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਕਲੱਬ ਦੀ ਸਪੋਕਸਪਰਸਨ ਜਸਵਿੰਦਰ ਕੌਰ ਨੇ ਸਾਰੇ ਮੈਂਬਰਾਂ ਤੇ ਸਪਾਂਸਰਾਂ ਦਾ ਧੰਨਵਾਦ ਕਰਦਿਆਂ ਕਿਹਾ, ”ਸਾਡਾ ਅੱਜ ਦਾ ਇਹ ਈਵੈਂਟ ਸਾਡੀ ਕਮਿਊਨਿਟੀ ਦੀ ਮਜ਼ਬੂਤੀ ਦਾ ਪ੍ਰਤੀਕ ਹੈ। ਅਸੀਂ ਆਪਣੇ ਮੈਂਬਰਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਈਵੈਂਟ ਸਫਲ਼ ਹੋਇਆ ਹੈ। ਕਲੱਬ ਦੇ ਮੈਂਬਰਾਂ ਲਈ ਨਿਆਗਰਾ ਫ਼ਾਲਜ਼ ਦਾ ਇਹ ਟੂਰ ਯਾਦਗਾਰੀ ਹੋ ਨਿਬੜਿਆ। 200 ਦੇ ਕਰੀਬ ਸੀਨੀਅਰ ਮੈਂਬਰਾਂ ਦੀ ਇਹ ਕਲੱਬ ਸਾਰਿਆਂ ਨੂੰ ਭਰਾਤਰੀ ਭਾਵ, ਪ੍ਰੇਮ-ਪਿਆਰ, ਏਕਤਾ ਅਤੇ ਸ਼ਾਂਤੀ ਦਾ ਸੁਨੇਹਾ ਦਿੰਦੀ ਹੈ।