ਡਾ. ਗੁਰਵਿੰਦਰ ਸਿੰਘ
ਮੰਡੀ ਦੇ ਅੱਜ ਦੇ ਦੌਰ ਵਿੱਚ ਜ਼ਿਆਦਾ ਚਰਚਾ ਉਸੇ ਦੀ ਹੁੰਦੀ ਹੈ, ਜੋ ਕਲਮ ਨੂੰ ਧੰਦਾ ਬਣਾ ਕੇ ਖੁੱਲ੍ਹੇਆਮ ਉਸ ਦਾ ਵਿਉਪਾਰ ਕਰਦਾ ਹੈ, ਚਾਹੇ ਉਹ ਸਾਹਿਤਕਾਰ ਹੋਵੇ ਜਾਂ ਗਾਇਕ। ਇਸ ਪੱਖੋਂ ਦੇਖਿਆ ਜਾਏ ਤਾਂ ਪੰਜਾਬੀਆਂ ਨੇ ਵੀ ‘ਅਸਲੀ ਗੁਰਦਾਸ’ ਨੂੰ ਸਮਝਣ ਵਿੱਚ ਗਲਤੀ ਕੀਤੀ ਹੈ। ਇਹ ਦੁੱਖ ਦੀ ਗੱਲ ਹੈ ਕਿ ਪੰਜਾਬੀਆਂ ਨੇ ਅਸਲੀ ਗੁਰਦਾਸ, ਜੋ ਕਿ ਮਾਂ ਬੋਲੀ ਦਾ ਨਿਸ਼ਕਾਮ ਸੇਵਕ ਸੀ ਉਸ ਨੂੰ ਵਿਸਾਰ ਦਿੱਤਾ ਅਤੇ ਨਕਲੀ ਗੁਰਦਾਸ, ਜਿਸ ਨੇ ਮਾਂ ਬੋਲੀ ਦੇ ਨਾਂ ‘ਤੇ ਵਪਾਰ ਕੀਤਾ, ਉਸ ਨੂੰ ਅਥਾਹ ਸ਼ੋਹਰਤ ਦਿੱਤੀ।
ਪੰਜਾਬੀਆਂ ਦਾ ‘ਅਸਲੀ ਗੁਰਦਾਸ’ ਗੁਰਦਾਸ ਰਾਮ ਆਲਮ ਸੀ, ਜਿਸ ਨੇ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਨੂੰ ਸਿਖਰਾਂ ਤੱਕ ਪਹੁੰਚਾਇਆ। ”ਕਿਉਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ?” ਵਰਗੀ ਗੁਰਦਾਸ ਰਾਮ ਆਲਮ ਦੀ ਲਿਖਤ, ਅੱਜ ਵੀ ਲੋਕ ਮਨਾਂ ਦਾ ਹਿੱਸਾ ਬਣੀ ਹੋਈ ਹੈ। ਦੁੱਖ ਇਸ ਗੱਲ ਦਾ ਹੈ ਕਿ ‘ਅਸਲੀ ਗੁਰਦਾਸ’ ਨੂੰ ਭੁਲਾ ਕੇ ਪੰਜਾਬੀਆਂ ਨੇ ‘ਨਕਲੀ ਗੁਰਦਾਸ’ ਨੂੰ ਸਿਰੇ ਚੜ੍ਹਾਇਆ, ਜਿਸ ਨੇ ‘ਮਾਂ ਤੇ ਮਾਸੀ’ ਵਾਲਾ ਬਿਰਤਾਂਤ ਸਿਰਜਿਆ ਅਤੇ ‘ਇਕ ਰਾਸ਼ਟਰ ਇਕ ਭਾਸ਼ਾ’ ਦੀ ਗੱਲ ਵੱਲ ਹੋ ਤੁਰਿਆ। ਸਾਰੀ ਉਮਰ ਪੰਜਾਬੀ ਦੇ ਪੱਲਿਓਂ ਰੋਟੀਆਂ ਖਾ ਕੇ ਪੰਜਾਬੀ ਨੂੰ ਹੀ ਵਿਸਾਰ ਦਿੱਤਾ।
ਪੰਜਾਬੀ ਦੇ ‘ਅਸਲੀ ਗੁਰਦਾਸ’ ਬਾਰੇ ਗਿਆਨ ਦੇਣ ਦਾ ਇੱਕ ਚੰਗਾ ਉਪਰਾਲਾ ‘ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ’ ਵੱਲੋਂ ਕੀਤਾ ਗਿਆ ਹੈ। ਜਿਸ ਰਾਹੀਂ ”ਪੰਜਾਬੀ ਕਵਿਤਾ ਦਾ ਮਾਣ: ਗੁਰਦਾਸ ਰਾਮ ਆਲਮ” ਬੈਨਰ ਹੇਠ 9 ਅਕਤੂਬਰ ਦਿਨ ਐਤਵਾਰ ਨੂੰ 7050 ਸੀਨੀਅਰ ਸੈਂਟਰ ਸਰੀ ਵਿਖੇ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਬਾਅਦ ਦੁਪਹਿਰ ਇੱਕ ਵਜੇ ਤੋਂ ਤਿੰਨ ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਲੋਕ ਕਵੀ ਗੁਰਦਾਸ ਰਾਮ ਇਸ ਸਾਹਿਤਕ ਸਮਾਗਮ ਵਿੱਚ ਸਭ ਨੂੰ ਵੱਧ ਚੜ੍ਹ ਕੇ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਹੈ!
ਅਖੌਤੀ ਉੱਚ ਸਮਾਜ ਅਤੇ ਅਖੌਤੀ ਬ੍ਰਾਹਮਣੀ ਨਿਜ਼ਾਮ ਵੱਲੋਂ ਦੁਰਕਾਰੇ ਹੋਏ ਅਤੇ ਦੱਬੇ- ਕੁਚਲੇ ਲੋਕਾਂ ਦੀ ਗੱਲ ਕਰਨ ਵਾਲਾ ਅਤੇ ਮਨੁੱਖੀ ਬਰਾਬਰੀ ਦਾ ਹਾਮੀ ਲੋਕ ਕਵੀ ਗੁਰਦਾਸ ਰਾਮ ਆਲਮ (29 ਅਕਤੂਬਰ 1912 – 27 ਸਤੰਬਰ 1989) ਸਹੀ ਅਰਥਾਂ ਵਿੱਚ ‘ਲੋਕ ਕਵੀ’ ਹੈ । ਆਲਮ ਨੇ ਪੇਂਡੂ ਜੀਵਨ ਵਿੱਚ ਦਲਿਤ ਵਰਗ ਦੇ ਅਨੁਭਵਾਂ ਨੂੰ ਲੋਕ ਬੋਲੀ ਵਿੱਚ ਪੇਸ਼ ਕੀਤਾ ਹੈ। ਉਸ ਦਾ ਜਨਮ ਪਿੰਡ ਬੁੰਡਾਲਾ, ਜ਼ਿਲ੍ਹਾ ਜਲੰਧਰ (ਪੰਜਾਬ) ਵਿੱਚ ਮਾਤਾ ਜੀਉਣੀ ਤੇ ਪਿਤਾ ਸ੍ਰੀ ਰਾਮ ਦੇ ਘਰ ਹੋਇਆ। ਉਸ ਨੂੰ ਰਸਮੀ ਪੜ੍ਹਾਈ ਦਾ ਮੌਕਾ ਨਾ ਮਿਲ ਸਕਿਆ। ਫਿਰ ਵੀ ਗੁਰਦਾਸ ਰਾਮ ਆਲਮ ਨੇ ਆਪਣੇ ਸ਼ੌਕ ਸਦਕਾ ਆਪਣੇ ਦੋਸਤਾਂ ਕੋਲੋਂ ਹੀ ਚੰਗਾ-ਸੁਹਣਾ ਪੜ੍ਹਨਾ- ਲਿਖਣਾ ਸਿੱਖ ਲਿਆ। ਜਾਤ- ਪਾਤ, ਨਸਲਵਾਦ, ਫਾਸ਼ੀਵਾਦ ਅਤੇ ਕੱਟੜਵਾਦ ਵਿਰੋਧੀ ਗੁਰਦਾਸ ਰਾਮ ਆਲਮ ਦੀਆਂ ਰਚਨਾਵਾਂ ਹਨ: ਮੈਂ ਮਰ ਗਿਆ, ਅੱਲੇ ਫੱਟ, ਉਡਦੀਆਂ ਧੂੜਾਂ, ਆਪਣਾ ਆਪ ਅਤੇ ਆਲਮ ਕਾਵਿ।
ਮੈਂ ਆਪਣੇ ਆਪ ਨੂੰ ਸੁਭਾਗਾ ਸਮਝਦਾ ਹਾਂ ਕਿ ਸਕੂਲ ਸਮੇਂ ਮਹਾਨ ਸ਼ਾਇਰ ਗੁਰਦਾਸ ਰਾਮ ਆਲਮ ਦੇ ਕਈ ਵਾਰ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਸੰਨ 1983 ਦੀ ਗੱਲ ਹੈ, ਜਦੋਂ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਪੜ੍ਹਦੇ ਸਾਂ, ਤਾਂ ਸਾਡੇ ਅਧਿਆਪਕ ਉਸਤਾਦ ਗ਼ਜ਼ਲਗੋ ਉਲਫ਼ਤ ਬਾਜਵਾ ਨੂੰ ਮਿਲਣ ਗੁਰਦਾਸ ਰਾਮ ਆਲਮ ਅਕਸਰ ਆਇਆ ਕਰਦੇ ਸਨ। ਓਦੋਂ ਹੀ ਬਾਜਵਾ ਸਾਹਿਬ ਨੇ ਪਹਿਲੀ ਵਾਰ ਮਹਾਨ ਸ਼ਾਇਰ ਗੁਰਦਾਸ ਰਾਮ ਹੁਰਾਂ ਨੂੰ ਮਿਲਾਇਆ।
ਉਸ ਸੁਭਾਗੀ ਘੜੀ ਸੀ, ਜਦੋਂ ਆਲਮ ਸਾਹਿਬ ਨੇ ਆਪਣੇ ਹੱਥੀਂ ਆਪਣੀ ਲਿਖਤ ”ਕਿਉਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ?” ਮੈਨੂੰ ਦਿੱਤੀ ਅਤੇ ਥਾਪੜਾ ਦਿੰਦਿਆਂ ਇਹ ਕਵਿਤਾ ਚੇਤੇ ਕਰਨ ਲਈ ਉਤਸ਼ਾਹ ਵਧਾਇਆ। ਛੇਵੀਂ ਜਮਾਤ ਵਿੱਚ ਇਹ ਕਵਿਤਾ ਮੈਂ ਜ਼ਬਾਨੀ ਯਾਦ ਕਰ ਲਈ ਸੀ, ਜੋ ਹੁਣ ਵੀ ਹਰ ਘੜੀ ਜ਼ੁਬਾਨ ‘ਤੇ ਰਹਿੰਦੀ ਹੈ ।
ਆਜ਼ਾਦੀ ਤੋਂ ਤਿੰਨ ਵਰ੍ਹੇ ਮਗਰੋਂ ਲਿਖੀ ਇਹ ਕਵਿਤਾ ਅੱਜ ਦੇ ਕਾਲੇ ਦੌਰ ‘ਤੇ ਵੀ ਹੂ-ਬ-ਹੂ ਢੁਕਦੀ ਹੈ। ਕੈਨੇਡਾ ਦੀ ਧਰਤੀ ਤੇ ਪ੍ਰਿੰਸੀਪਲ ਮਲੂਕ ਚੰਦ ਕਲੇਰ ਵੱਲੋਂ ਕੀਤੇ ਉਪਰਾਲੇ ਰਾਹੀਂ ਹੋ ਰਹੇ ਗੁਰਦਾਸ ਰਾਮ ਆਲਮ ਯਾਦਗਾਰੀ ਸਮਾਗਮ ਮੌਕੇ, 9 ਅਕਤੂਬਰ ਦਿਨ ਐਤਵਾਰ ਨੂੰ 7050 ਸੀਨੀਅਰ ਸੈਂਟਰ ਸਰੀ ਵਿਖੇ ਸਭ ਨੂੰ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
ਉਂਝ ਤਾਂ ਆਲਮ ਸਾਹਿਬ ਦੀ ਹਰ ਰਚਨਾ ਹੀ ਕਾਬਲੇ- ਤਾਰੀਫ਼ ਹੈ, ਪਰ ਕੁਝ -ਇਕ ਕਵਿਤਾਵਾਂ ਦੀ ਸਾਂਝ ਪਾਠਕਾਂ ਨਾਲ ਪਾ ਰਹੇ ਹਾਂ। ਪੰਜਾਬ, ਪੰਜਾਬੀ ਅਤੇ ਪੰਜਾਬੀਆਂ ਦੇ ‘ਅਸਲੀ ਗੁਰਦਾਸ’ ਬਾਰੇ ਖੁੱਲ੍ਹੀਆਂ ਗੱਲਾਂ ਇਸ ਸਾਹਿਤਕ ਸਮਾਗਮ ਮੌਕੇ ਹੋਣਗੀਆਂ।
”ਕਿਓਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ,
ਨਾ ਬਈ ਭਰਾਵਾ ਨਾ ਖਾਧੀ ਨਾ ਦੇਖੀ।
ਮੈਂ ਜੱਗੂ ਤੋਂ ਸੁਣਿਆ ਅੰਬਾਲੇ ਖੜ੍ਹੀ ਸੀ,
ਬੜੀ ਭੀੜ ਉਸਦੇ ਦੁਆਲੇ ਖੜ੍ਹੀ ਸੀ।
ਆਈ ਨੂੰ ਤਾਂ ਭਾਵੇਂ ਤੀਆ ਸਾਲ ਬੀਤਾ,
ਅਸੀਂ ਤਾਂ ਅਜੇ ਤੱਕ ਦਰਸ਼ਣ ਨਹੀਂ ਕੀਤਾ।
ਦਿੱਲੀ ‘ਚ ਆਉਂਦੀ ਹੈ ਸਰਦੀ ਦੀ ਰੁੱਤੇ,
ਤੇ ਹਾੜਾਂ ‘ਚ ਰਹਿੰਦੀ ਪਹਾੜਾਂ ਦੇ ਉੱਤੇ।
ਗ਼ਰੀਬਾਂ ਨਾਲ ਲਗਦੀ ਲੜੀ ਹੋਈ ਆ ਖ਼ਬਰੇ,
ਅਮੀਰਾਂ ਦੇ ਹੱਥੀਂ ਚੜ੍ਹੀ ਹੋਈ ਆ ਖ਼ਬਰੇ।
ਅਖ਼ਬਾਰਾਂ ‘ਚ ਪੜ੍ਹਿਆ ਜਰਵਾਣੀ ਜਿਹੀ ਏ,
ਕੋਈ ਸੋਹਣੀ ਤਾਂ ਨਹੀਂ ਐਵੇਂ ਕਾਣੀ ਜਿਹੀ ਏ।
ਮੰਨੇ ਜੇ ਉਹ ਕਹਿਣਾ ਅਸੀਂ ਵੀ ਮੰਗਾਈਏ,
ਛੰਨਾਂ ਤੇ ਢਾਰਿਆਂ ‘ਚ ਭੁੰਜੇ ਸਵਾਈਏ।
ਪਰ ਏਨਾ ਪਤਾ ਨਹੀਂ ਕੀ ਖਾਂਦੀ ਹੁੰਦੀ ਏ,
ਕਿਹੜੀ ਚੀਜ਼ ਤੋਂ ਦਿਲ ਚੁਰਾਂਦੀ ਹੁੰਦੀ ਏ।
ਸ਼ਿਮਲੇ ਤਾਂ ਓਸ ਅੱਗੇ ਆਂਡੇ ਹੁੰਦੇ ਨੇ,
ਬਈ ਸਾਡੀ ਤਾਂ ਖੁਰਲੀ ‘ਚ ਟਾਂਡੇ ਹੁੰਦੇ ਨੇ।”
”ਮੈਂ ਇਕ ਹੱਥ ਫੜ ਲਈ ਦਾਤਰੀ ਤੇ ਦੂਜੇ ਹੱਥ ਵਿਦਾਨ।
ਮੈਂ ਕੱਠੇ ਕਰ ਲਏ ਮਿਹਨਤੀ, ਕੁੱਲ ਕਾਮੇ ਤੇ ਕਿਰਸਾਨ।
ਮੈਂ ਸੱਭੇ ਫਾਹੀਆ ਤੋੜੀਆਂ, ਫਿਰ ਮੈਂ ਜੋੜੇ ਲੋਕ ਮਹਾਨ।
ਮੈਂ ਪਉਣ ਨੂੰ ਗੰਢਾਂ ਮਾਰ ਕੇ, ਕੀਤੇ ਪਿਛਲੇ ਰੱਦ ਅਖਾਣ।”
”ਉਏ ਕਵੀਆ ਮੇਰੀ ਕਲਾਸ ਦਿਆ,
ਛੱਡ ਆਦਤ ਨੱਚਣ ਗਾਣੇ ਦੀ।
ਜਾਂ ਬੈਠਾ ਰਹੁ ਮੂੰਹ ਬੰਦ ਕਰ ਕੇ,
ਜਾਂ ਗੱਲ ਕਰ ਕਿਸੇ ਟਿਕਾਣੇ ਦੀ।
ਕੀ ਲਿਖਦਾ, ਕਿਸ ਲਈ ਲਿਖਦਾ ਏਂ,
ਇਸ ਗੱਲ ਨੂੰ ਗਹੁ ਨਾਲ ਸੋਚ ਜ਼ਰਾ।
ਤੇਰੀ ਲਿਖਤ ਸਹਾਇਤਾ ਕਰਦੀ ਏ,
ਜਾਂ ਲਿੱਸੇ ਜਾਂ ਜਰਵਾਣੇ ਦੀ।”
”ਮੈਂ ਸ਼ਾਇਰ ਹਾਂ ਇਕ ਸ਼੍ਰੇਣੀ ਦਾ,
ਸੰਸਾਰ ਨੂੰ ਖੁਸ਼ ਨਹੀਂ ਕਰ ਸਕਦਾ।
ਮੈਂ ਲਿਖਦਾ ਹਾਂ ਮਜ਼ਦੂਰਾਂ ਲਈ,
ਜ਼ਰਦਾਰ ਨੂੰ ਖੁਸ਼ ਨਹੀਂ ਕਰ ਸਕਦਾ।
ਸੱਚ ਝੂਠ ਤੇ ਦੁਸ਼ਮਨ ਦੋਸਤ ਨੂੰ,
ਜਦ ਲੱਭ ਲਿਆ ਮੇਰੀਆਂ ਨਜ਼ਰਾਂ ਨੇ,
ਮੇਰੀ ਸੋਚ ਤੇ ਸੂਝ ਜਮਾਤੀ ਹੈ,
ਗੁਨਾਹਗਾਰ ਨੂੰ ਖੁਸ਼ ਨਹੀਂ ਕਰ ਸਕਦਾ।
ਸੱਚ ਕਹਿਣ ਦੀ ਮੇਰੀ ਆਦਤ ਹੈ,
ਮੈਂ ਵਲ ਪਾ ਕੇ ਗੱਲ ਕਰਦਾ ਨਹੀਂ
ਆਸ਼ਕ ਹਾਂ ਜੁਗ ਪਲਟਾਊ ਦਾ,
ਗੱਦਾਰ ਨੂੰ ਖੁਸ਼ ਨਹੀਂ ਕਰ ਸਕਦਾ।”
”ਸ਼ਾਇਰ ਓਹੀ ਜਹਾਨ ‘ਤੇ ਹੋ ਸਕਦਾ,
ਜੋ ਸੋਨਾ ਸੋਨੇ ਨੂੰ, ਕੱਚ ਨੂੰ ਕੱਚ ਆਖੇ।
ਕਰੇ ਲੋਕਾਂ ਦੇ ਦਿਲਾਂ ਦੀ ਤਰਜਮਾਨੀ,
ਠੀਕ ਠੀਕ ਤੇ ਖੱਚ ਨੂੰ ਖੱਚ ਆਖੇ।
ਜੋ ਕੁਝ ਕਹਿਣਾ ਉਹ ਕਵ੍ਹੇ ਨਿਧੜਕ ਹੋ ਕੇ,
ਟੱਪ-ਟੱਪ ਆਖੇ, ਨੱਚ-ਨੱਚ ਆਖੇ।
‘ਆਲਮ’ ਓਸੇ ਦੀ ਰਹੇਗੀ ਅਮਰ ਕਵਿਤਾ,
ਜੋ ਝੂਠ ਨੂੰ ਝੂਠ, ਤੇ ਸੱਚ ਨੂੰ ਸੱਚ ਆਖੇ।”
”ਇਹ ਕੀ ਥੀਊਰੀ ਤੇ ਕੀ ਏ ਸਿਧਾਂਤ ਤੇਰਾ,
ਕਦਮ ਪੁੱਟਣਾ ਪਿੱਛੇ ਪਰਤਾਈ ਜਾਣਾ।
ਨਿਕਲੀ ਮੋਕ ਤੇ ਗਊ ਦਾ ਜਾਇਆ ਬਣਨਾ,
ਬੜ੍ਹਕ ਮਾਰ ਕੇ ਸਾਹਨ ਅਲਾਈ ਜਾਣਾ।
ਚੱਪਾ ਟੁੱਕ ਤੇ ਮੰਜੀ ਦੀ ਥਾਂ ਬਦਲੇ,
ਆਸਾ ਰਾਗ ਤਿਰਕਾਲਾਂ ਨੂੰ ਗਾਈ ਜਾਣਾ।
ਨਾਲੇ ਜਿਹਲ ਜੁਰਮਾਨੇ ਤੋਂ ਬਚੇ ਰਹਿਣਾ,
ਕਮਿਊਨਿਸਟ ਵੀ ਨਾਲੇ ਕਹਾਈ ਜਾਣਾ।
ਤੂੰ ਨਹੀਂ ਜਾਣਦਾ ਥੋਹੜਿਆਂ ਦਿਨਾਂ ਤੀਕਰ”,
ਆਲਮ ਤੈਥੋਂ ਹਿਸਾਬ ਵੀ ਮੰਗਣਾ ਏ।
ਚੁੱਕ ਕੇ ਟਿੰਡ-ਫਹੁੜੀ ਰਾਹ ‘ਚੋਂ ਪਰ੍ਹੇ ਹੋ ਜਾ,
ਏਥੋਂ ਲੋਕਾਂ ਦਿਆਂ ਲੀਡਰਾਂ ਲੰਘਣਾ ਏ।