Breaking News
Home / ਹਫ਼ਤਾਵਾਰੀ ਫੇਰੀ / ਸਿੱਖ ਵਿਸ਼ਵਕੋਸ਼ ਦੇ ਰਚੇਤਾ ਡਾ.ਰਘਬੀਰ ਸਿੰਘ ਬੈਂਸ ਦਾ ਦੇਹਾਂਤ

ਸਿੱਖ ਵਿਸ਼ਵਕੋਸ਼ ਦੇ ਰਚੇਤਾ ਡਾ.ਰਘਬੀਰ ਸਿੰਘ ਬੈਂਸ ਦਾ ਦੇਹਾਂਤ

ragubir-singh-bains-copy-copyਜਲੰਧਰ/ਬਿਊਰੋ ਨਿਊਜ਼
ਸਿੱਖ ਜਗਤ ਵਿੱਚ ਮਲਟੀਮੀਡੀਆ ਸਿੱਖ ਵਿਸ਼ਵਕੋਸ਼ ਨਾਲ ਨਵਾਂ ਅਧਿਆਇ ਜੋੜਨ ਵਾਲੇ ਕੈਨੇਡਾ ਵਾਸੀ ਡਾ.ਰਘਬੀਰ ਸਿੰਘ ਬੈਂਸ ਦਾ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਆਲਮੀ ਪੱਧਰ ‘ਤੇ ਸਿੱਖ ਕੌਮ ਦਾ ਮਾਣ ਵਧਾਉਣ ਵਾਲੇ 81 ਸਾਲਾ ਡਾ. ਬੈਂਸ ਪਿਛਲੇ 10 ਕੁ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੂੰ ਵੀਰਵਾਰ ਦੁਪਹਿਰੇ ਮੁੜ ਦਿਲ ਦਾ ਦੌਰਾ ਪੈ ਗਿਆ, ਜੋ ਜਾਨਲੇਵਾ ਸਾਬਤ ਹੋਇਆ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਬੀਬੀ ਪਰਮਜੀਤ ਕੌਰ ਅਤੇ ਤਿੰਨ ਬੇਟੇ ਹਨ।
ਆਧੁਨਿਕ ਤਕਨਾਲੋਜੀ ਰਾਹੀਂ ਤਕਰੀਬਨ ਡੇਢ ਦਹਾਕਾ ਲਾ ਕੇ ਤਿਆਰ ਕੀਤਾ ਗਿਆ ਆਪਣੀ ਕਿਸਮ ਦਾ ਸੰਸਾਰ ਦਾ ਪਹਿਲਾ ਮਲਟੀਮੀਡੀਆ ਸਿੱਖ ਇਨਸਾਈਕਲੋਪੀਡੀਆ ਡਾ.ਬੈਂਸ ਦੀ ਵਿਲੱਖਣ ਉਪਲਬਧੀ ਅਤੇ ਕੌਮ ਨੂੰ ਦੇਣ ਹੈ। ਇਸ ਇਨਸਾਈਕਲੋਪੀਡੀਆ ਨੂੰ 1996 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਪਾਰਲੀਮੈਂਟ ਹਾਊਸ ਵਿੱਚ ਰਿਲੀਜ਼ ਕੀਤਾ ਗਿਆ ਸੀ। ਡਾ. ਬੈਂਸ ਨੇ ਪਹਿਲਾ ਸਿੱਖ ਮਲਟੀਮੀਡੀਆ ਅਜਾਇਬਘਰ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਮੌਕੇ ਸਿੱਖ ਸੰਗਤ ਨੂੰ ਸਮਰਪਿਤ ਕੀਤਾ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਬਾਬੇ ਨਾਨਕ ਦੀ ਪਵਿੱਤਰ ਕਾਲੀ ਵੇਈਂ ਕੰਢੇ ਸਮੇਤ ਅਜਿਹੇ 6 ਅਜਾਇਬ ਘਰ ਸਥਾਪਤ ਕੀਤੇ ਸਨ।
ਡਾ. ਰਘਬੀਰ ਸਿੰਘ ਦਾ ਅੰਤਿਮ ਸਸਕਾਰ 5 ਨਵੰਬਰ ਨੂੰ ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਅਰਬਨ ਅਸਟੇਟ ਫੇਜ਼-1 ਵਿਖੇ 6 ਨਵੰਬਰ ਨੂੰ ਹੋਵੇਗੀ।
ਸ਼੍ਰੋਮਣੀ ਕਮੇਟੀ  ਸਮੇਤ ਧਾਰਮਿਕ, ਸਮਾਜਿਕ ਜਥੇਬੰਦੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ : ਰਘਬੀਰ ਸਿੰਘ ਬੈਂਸ ਦੇ ਅਕਾਲ ਚਲਾਣੇ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ, ਡਾ. ਰੂਪ ਸਿੰਘ,  ਮਨਜੀਤ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਵੱਖੋ-ਵੱਖ ਮੰਤਰੀਆਂ ਨੇ ਜਿੱਥੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉਥੇ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸੀ ਆਗੂਆਂ, ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ ਸਮੇਤ ‘ਆਪ’ ਨੇਤਾਵਾਂ ਨੇ ਵੀ ਗਹਿਰਾ ਦੁੱਖ ਪ੍ਰਗਟਾਇਆ ਹੈ। ਇਸੇ ਤਰ੍ਹਾਂ ਪੰਜਾਬ ਸਮੇਤ ਦੇਸ਼ ਦੀਆਂ ਵੱਖੋ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਵੀ ਰਘਬੀਰ ਸਿੰਘ ਬੈਂਸ ਦੇ ਅਕਾਲ ਚਲਾਣੇ ‘ਤੇ ਦੁੱਖ ਜਾਹਿਰ ਕੀਤਾ।

‘ਪਰਵਾਸੀ’ ਨਾਲ ਸੀ ਗਹਿਰਾ ਰਿਸ਼ਤਾ
ਮਹਾਨ ਸਖਸ਼ੀਅਤ ਰਘਬੀਰ ਸਿੰਘ ਬੈਂਸ ਦਾ ‘ਪਰਵਾਸੀ’ ਅਦਾਰੇ ਨਾਲ ਵੀ ਗਹਿਰਾ ਰਿਸ਼ਤਾ ਰਿਹਾ ਹੈ। ‘ਪਰਵਾਸੀ ਰੇਡੀਓ’ ਰਾਹੀਂ ਜਿੱਥੇ ਸ. ਬੈਂਸ ਅਕਸਰ ਟੋਰਾਂਟੇ ਦੋ ਸਰੋਤਿਆਂ ਨਾਲ ਆਪਣੀ ਸਾਂਝ ਪਾਉਂਦੇ ਰਹੇ ਹਨ, ਉਥੇ ਅਦਾਰੇ ਦੇ ਮੁਖੀ ਰਜਿੰਦਰ ਸੈਣੀ ਹੁਰਾਂ ਨਾਲ ਵੀ ਉਨ੍ਹਾਂ ਦਾ ਮੋਹ ਭਿੱਜਿਆ ਰਿਸ਼ਤਾ ਸੀ। ਸਾਲ 2008 ‘ਚ ਹੋਏ ‘ਪਰਵਾਸੀ’ ਐਵਾਰਡ ਸ਼ੋਅ ਦੌਰਾਨ ਰਘਬੀਰ ਸਿੰਘ ਬੈਂਸ ਹੁਰਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਵੀ ਨਵਾਜਿਆ ਗਿਆ ਸੀ। ਇਹ ਸਨਮਾਨ ਉਨ੍ਹਾਂ ਨੂੰ ਕਿਰਨ ਬੇਦੀ ਅਤੇ ਰਜਿੰਦਰ ਸੈਣੀ ਹੁਰਾਂ ਨੇ ਪ੍ਰਦਾਨ ਕੀਤਾ ਸੀ। ਅੱਜ ਉਨ੍ਹਾਂ ਦੇ ਅਕਾਲ ਚਲਾਣੇ ਦੀ ਖਬਰ ਸੁਣਨ ਤੋਂ ਬਾਅਦ ਰਜਿੰਦਰ ਸੈਣੀ ਨੇ ਵੀ ਗਹਿਰਾ ਦੁੱਖ ਪ੍ਰਗਟਾਉਂਦਿਆਂ ਆਖਿਆ ਕਿ ਉਨ੍ਹਾਂ ਦੀ ਸਮਾਜ ਨੂੰ ਦੇਣ ਬੇਮਿਸਾਲ ਹੈ। ਉਹ ਹਮੇਸ਼ਾ ਯਾਦ ਰਹਿਣਗੇ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …