Breaking News
Home / ਮੁੱਖ ਲੇਖ / ਪੰਜਾਬ ਕਾਂਗਰਸ ਦੀ ਬੇੜੀ ਕੌਣ ਲਾਏਗਾ ਬੰਨੇ

ਪੰਜਾਬ ਕਾਂਗਰਸ ਦੀ ਬੇੜੀ ਕੌਣ ਲਾਏਗਾ ਬੰਨੇ

ਗੁਰਮੀਤ ਸਿੰਘ ਪਲਾਹੀ
ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਹੈ ਅਤੇ ਉਸ ਨੂੰ ਵੱਡੀ ਗਿਣਤੀ ਵਿੱਚ ਪੰਜਾਬ ਦੇ ਵਿਧਾਇਕਾਂ ਦੀ ਹਮਾਇਤ ਪ੍ਰਾਪਤ ਹੈ, ਉਦੋਂ ਤੱਕ ਕਾਂਗਰਸ ਹਾਈ ਕਮਾਨ ਅਮਰਿੰਦਰ ਸਿੰਘ ਦਾ ਕੁਝ ਨਹੀਂ ਵਿਗਾੜ ਸਕਦੀ। ਇਕੋ ਪਰਿਵਾਰ ਵਲੋਂ ਸਾਂਭੀ ਕਾਂਗਰਸ, ਕਿਸੇ ਵੀ ਹੋਰ ਨੇਤਾ ਜਾਂ ਖੇਤਰੀ ਨੇਤਾ ਨੂੰ ਆਪਣੇ ਤੋਂ ਵੱਡਾ ਨਹੀਂ ਹੋਣ ਦਿੰਦੀ ਤਾਂ ਕਿ ਗਾਂਧੀ ਪਰਿਵਾਰ ਦਾ ਦਬਦਬਾ, ਜਿੰਨਾ ਕੁ ਵੀ ਬਚਿਆ ਹੈ, ਬਣਿਆ ਰਹੇ। ਉਂਜ ਗਾਂਧੀ ਪਰਿਵਾਰ ਦੇ ਤਿੰਨੋਂ ਜੀਅ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤ ਪ੍ਰਿਯੰਕਾ ਗਾਂਧੀ ਆਪਣੇ ਕੁਝ ਵਫ਼ਾਦਾਰਾਂ ਨਾਲ ਕਾਂਗਰਸ ਦਾ ‘ਕਾਰੋਬਾਰ’ ਚਲਾ ਰਹੇ ਹਨ, ਜਿਹੜਾ ਕੁਝ ਵਰ੍ਹਿਆਂ ਵਿਚ ਪੂਰੇ ਰਾਸ਼ਟਰ ਤੋਂ ਸਿਮਟ ਕੇ ਕੁਝ ਰਾਜਾਂ ਤੱਕ ਸੀਮਤ ਰਹਿ ਗਿਆ ਹੈ ਅਤੇ ਜਿਸਨੂੰ ਪਿਛਲੇ ਲੰਮੇ ਸਮੇਂ ਤੋਂ ਚੋਣਾਂ ਵਿੱਚ ਵੱਡੀਆਂ ਤੋਂ ਵੱਡੀਆਂ ਹਾਰਾਂ ਦਾ ਮੂੰਹ ਵੇਖਣਾ ਪਿਆ ਹੈ। ਪੱਛਮੀ ਬੰਗਾਲ ਵਿਚ ਕਾਂਗਰਸ ਦਾ ਨਾਮ-ਥੇਹ ਨਹੀਂ ਰਿਹਾ। ਯੂ.ਪੀ. ਚੋਣਾਂ ਸਿਰ ਉਤੇ ਹਨ, ਕਾਂਗਰਸ ਦਾ ਉਥੇ ਵੱਡਾ ਕਾਡਰ ਨਹੀਂ ਅਤੇ ਪੰਜਾਬ ਵਰਗੇ ਸੂਬੇ ਵਿੱਚ ਕਾਂਗਰਸ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਦੇ ਰਾਹ ਤੁਰੀ ਹੋਈ ਹੈ।
ਬਿਨ੍ਹਾਂ ਸ਼ੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਚਾਰ ਸਾਲ ਦੇ ਅਰਸੇ ਵਿੱਚ ਪੰਜਾਬ ਦਾ ਕੁਝ ਵੀ ਨਹੀਂ ਸੁਆਰਿਆ। ਜਿਹੜੇ ਵਾਅਦੇ ਉਸ ਵਲੋਂ ਕੀਤੇ ਗਏ ਸਨ, ਕਹਿਣ ਨੂੰ ਤਾਂ ਭਾਵੇਂ ਸਾਰੇ ਪੂਰੇ ਕਰਨ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਕਰਦੇ ਹਨ, ਪਰ ਹਕੀਕੀ ਤੌਰ ‘ਤੇ ਇਹ ਸਚਾਈ ਨਹੀਂ ਹੈ। ਨਸ਼ਿਆਂ ਦਾ ਕਾਰੋਬਾਰ ਖ਼ਤਮ ਕਰਨ ਸਬੰਧੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਉਤੇ ਕੈਪਟਨ ਤੋਂ ਪੰਜਾਬੀਆਂ ਨੂੰ ਵੱਡੀਆਂ ਆਸਾਂ ਸਨ। ਰੇਤ ਮਾਫੀਆ ਦਾ ਲੱਕ ਤੋੜਨ ਦੀ ਵੀ ਪੰਜਾਬੀਆਂ ਨੂੰ ਕੈਪਟਨ ਤੋਂ ਤਵੱਕੋ ਸੀ ਅਤੇ ਇਹ ਵੀ ਕਿ ਉਹ ਆਪਣੇ ਜ਼ਿੰਮੀਦਾਰ ਹੁੰਦੇ ਹੋਏ, ਕਿਸਾਨ ਸਮੱਸਿਆਵਾਂ ਸਮਝ ਕੇ ਉਹਨਾਂ ਦੇ ਕਰਜ਼ੇ ਮੁਆਫ਼ ਕਰ ਦੇਣਗੇ। ਫੌਜੀ ਹੋਣ ਦੇ ਨਾਤੇ ਲੋਕ ਇਹ ਵੀ ਚਾਹੁੰਦੇ ਸਨ ਕਿ ਉਸ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਨਾ ਹੋਵੇ, ਪਰ ਕੈਪਟਨ ਦੇ ਗੱਦੀ ਸਾਂਭਣ ਦੇ ਦੋ ਸਾਲਾਂ ਬਾਅਦ ਹੀ ਦਿਸਣ ਲੱਗ ਪਿਆ ਸੀ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਦਾ ਸਾਸ਼ਨ ਉਵੇਂ ਹੀ ਕੰਮ ਕਰ ਰਿਹਾ ਹੈ, ਕੁਝ ਵੀ ਨਹੀਂ ਬਦਲਿਆ। ਹਾਂ, ਇੰਨਾ ਕੁ ਜ਼ਰੂਰ ਹੋਇਆ ਹੈ ਕਿ ਪੰਜਾਬ ਹਿਤੈਸ਼ੀ ਫ਼ੈਸਲੇ ਲੈਣ ਦਾ ਸਮਾਂ ਜਦੋਂ ਆਇਆ ਕੈਪਟਨ ਅਮਰਿੰਦਰ ਸਿੰਘ ਨੇ ਦ੍ਰਿੜਤਾ ਨਾਲ ਪੰਜਾਬ ਦੇ ਪਾਣੀਆਂ ਸਬੰਧੀ ਆਵਾਜ਼ ਬੁਲੰਦ ਕੀਤੀ, ਕਿਸਾਨਾਂ ਸਬੰਧੀ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦਾ ਮਤਾ ਅਸੈਂਬਲੀ ਵਿੱਚ ਪਾਸ ਕੀਤਾ ਅਤੇ ਕਿਸਾਨਾਂ ਦੇ ਹੱਕ ਵਿਚ ਖੜ੍ਹੇ ਹੋਏ। ਪਰ ਪੰਜਾਬੀਆਂ ਦੇ ਮਸਲੇ ਤਾਂ ਬਹੁਤ ਵੱਡੇ ਸਨ। ਇਨ੍ਹਾਂ ਮੁੱਦਿਆਂ, ਮਸਲਿਆਂ ਨੂੰ ਹੱਲ ਕਰਨ ਲਈ ਤਾਂ ਕੈਪਟਨ ਨੂੰ ਪੰਜਾਬੀਆਂ ਨੇ ਪੰਜਾਬ ਸੰਭਾਲਿਆ ਸੀ, ਪਰ ਕੈਪਟਨ ਮਹੱਲਾਂ ਵਿਚ ਵੜ ਗਏ, ਰਾਜ-ਸਾਸ਼ਨ ਲੋਕ ਨੁਮਾਇੰਦਿਆਂ ਦੀ ਮਰਜ਼ੀ ਨਾਲ ਨਹੀਂ, ਸਗੋਂ ਅਫ਼ਸਰਸ਼ਾਹੀ ਹੱਥ ਫੜਾ ਦਿੱਤਾ, ਸਲਾਹਕਾਰਾਂ ਆਪਣੇ ਢੰਗ ਨਾਲ ਪਿਛਲੇ ਚਾਰ ਸਾਲ ਪੰਜਾਬ ਚਲਾਇਆ। ਪਰ ਕਿਉਂਕਿ ਪੰਜਾਬ ਵਿੱਚ ਵਿਰੋਧੀ ਧਿਰ ਤਾਕਤਵਰ ਨਹੀਂ ਸੀ, ਵੰਡੀ ਹੋਈ ਸੀ, ਪੰਜਾਬ ਦੇ ਹਾਕਮਾਂ ਚੰਮ ਦੀਆਂ ਚਲਾਈਆਂ, ਕੁਝ ਵੱਡੇ ਸਿਆਸਦਾਨ ਮਾਫੀਆ ਨਾਲ ਰਲ ਗਏ, ਆਪਣੇ ਸਵਾਰਥਾਂ ਕਾਰਨ ਉਹਨਾਂ ਚੁੱਪ ਵੱਟ ਲਈ ਤੇ ਪੰਜਾਬ ਲੁੱਟਿਆ ਜਾਂਦਾ ਰਿਹਾ। ਪੰਜਾਬ ਦੇ ਮਸਲਿਆਂ ਸਬੰਧੀ ਵੱਟੀ ਚੁੱਪ ਨੇ ਲੋਕਾਂ ਵਿਚ ਅਸੰਤੋਸ਼ ਪੈਦਾ ਕੀਤਾ। ਅੱਜ ਜਦੋਂ ਪੰਜਾਬ ਚੋਣਾਂ ਦੀਆਂ ਬਰੂਹਾਂ ਉਤੇ ਹੈ, ਪੰਜਾਬ ਦੇ ਹਰ ਵਰਗ ਦੇ ਲੋਕਾਂ ਵਿਚ ਹਾਹਾਕਾਰ ਹੈ। ਬਿਜਲੀ, ਪੈਟਰੋਲ ਨੇ ਲੋਕਾਂ ਨੂੰ ਰੁਆ ਦਿੱਤਾ । ਬੇਰੁਜ਼ਗਾਰ ਸੜਕਾਂ ‘ਤੇ ਬੈਠੇ ਹਨ। ਕਾਂਗਰਸ ਅੰਦਰ ਆਏ ਕਾਟੋ-ਕਲੇਸ਼ ਕਾਰਨ ਲੋਕਾਂ ਦੀ ਸੁਨਣ ਵਾਲਾ ਹਾਕਮ ਹੀ ਕੋਈ ਨਹੀਂ। ਅਫ਼ਸਰ ਦਫ਼ਤਰੀਂ ਬੈਠੇ ਹਨ, ਮੁਲਾਜ਼ਮ ਹੜਤਾਲਾਂ ‘ਤੇ ਹਨ। ਪਿਛਲੇ ਇੱਕ ਮਹੀਨੇ ਤੋਂ ਸੂਬਾ ਸਰਕਾਰ ਦਾ ਕੰਮ ਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਪੰਜਾਬ ਸਿਵਲ ਸਕੱਤਰੇਤ ਵਿਚ ਸੁੰਨਸਾਨ ਛਾਈ ਹੋਈ ਹੈ।
ਕਾਟੋ-ਕਲੇਸ਼ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਕਾਫੀ ਵਧਿਆ ਹੈ। ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਨੂੰ ਜੋ ਗਾਂਧੀ ਪਰਿਵਾਰ ਦਾ ਚਹੇਤਾ ਹੈ, ਸੂਬਾ ਕਾਂਗਰਸ ਪ੍ਰਧਾਨ ਮੰਨਣ ਲਈ ਤਿਆਰ ਨਹੀਂ, ਜਦਕਿ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੀ ਕੁਰਸੀ ਖੋਹਣ ਦੇ ਯਤਨ ਵਿੱਚ ਹੈ। ਕਾਂਗਰਸ ਹਾਈ ਕਮਾਨ ਨੇ ਕੈਪਟਨ ਨੂੰ ਸਾਧੀ ਰੱਖਣ ਲਈ ਸਾਫ਼ ਕਰ ਦਿੱਤਾ ਹੋਇਆ ਹੈ ਕਿ ਅਗਲੀਆਂ 2022 ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ ਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਪ੍ਰਧਾਨ ਹੋਣਗੇ। ਪਰ ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਸਿੱਧੂ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਬਣਾ ਦਿੱਤੇ ਗਏ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਉਤੇ ਕਾਂਗਰਸ ਹਾਈ ਕਮਾਨ ਯਕੀਨ ਨਹੀਂ ਕਰਦੀ ਜੋ ਉਸਦੇ ਪੈਰਾਂ ਵਿਚ ਬੇੜੀਆਂ ਪਹਿਲਾਂ ਹੀ ਜੜ੍ਹ ਦਿੱਤੀਆਂ ਗਈਆਂ ਹਨ? ਇਸ ਫ਼ੈਸਲੇ ਨਾਲ ਪੰਜਾਬ ਕਾਂਗਰਸ ਬੁਰੀ ਤਰ੍ਹਾਂ ਦੋ-ਫਾੜ ਹੋਈ ਦਿਖਦੀ ਹੈ। ਜਿਥੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਵਜੋਂ ਜੀਅ ਆਇਆਂ ਆਖਣ ਲਈ ਦੌੜ ਲੱਗੀ ਹੋਈ ਹੈ, ਉਹਨਾਂ ਨੂੰ ਥਾਂ-ਥਾਂ ਵਿਧਾਇਕੀ ਟਿਕਟਾਂ ਪ੍ਰਾਪਤ ਕਰਨ ਦੇ ਚਾਹਵਾਨਾਂ ਵਲੋਂ ਹਾਰਾਂ ਨਾਲ ਲੱਦਿਆ ਜਾ ਰਿਹਾ ਹੈ। ਕਈ ਥਾਵੀਂ ਸਾਬਕਾ ਵਿਧਾਇਕ ਇਸ ਚਾਹਤ ਵਿੱਚ ਕਿ ਅਗਲੀ ਟਿਕਟ ਉਹਨਾਂ ਨੂੰ ਮਿਲੇਗੀ, ਆਪਣੀ ਤਾਕਤ ਵਿਖਾ ਰਹੇ ਹਨ, ਇੱਕ-ਦੂਜੇ ਵਿਰੁੱਧ ਨਾਹਰੇਬਾਜੀ ਕਰ ਰਹੇ ਹਨ। ਇਸ ਕਿਸਮ ਦੀ ਘਟਨਾ ਸ਼ਹੀਦ ਭਗਤ ਸਿੰਘ ਦੇ ਜਨਮ ਅਸਥਾਨ ਖਟਕੜ ਕਲਾਂ ਵਿਖੇ ਵੇਖਣ ਨੂੰ ਮਿਲੀ ਜਿਥੇ ਨਵਜੋਤ ਸਿੰਘ ਸਿੱਧੂ ਦੇ ਸਵਾਗਤ ਤੋਂ ਪਹਿਲਾਂ ਹੀ ਦੋ ਗਰੁੱਪ ਆਪਸ ਵਿਚ ਖਹਿਬੜ ਪਏ। ਅਸਲ ਵਿੱਚ ਤਾਂ ਟਿਕਟਾਂ ਦੇ ਚਾਹਵਾਨ ਦੋਹਾਂ ਖੇਮਿਆਂ ਵਿਚ ਹਾਜ਼ਰੀ ਲੁਆ ਰਹੇ ਹਨ। ਨਵਜੋਤ ਸਿੰਘ ਸਿੱਧੂ ਜਿਥੇ ਵਿਧਾਇਕਾਂ, ਮੰਤਰੀਆਂ ਕੋਲ ਜਾ ਕੇ ਆਪਣੇ ਹਾਜ਼ਰੀ ਲੁਆ ਰਹੇ ਹਨ, ਸਮਰੱਥਨ ਇਕੱਠਾ ਕਰ ਰਹੇ ਹਨ, ਉਥੇ ਕੈਪਟਨ ਅਮਰਿੰਦਰ ਸਿੰਘ ਜਿਹਨਾਂ ਨੇ ਹੁਣ ਤੱਕ ਵੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਨਹੀਂ ਕਬੂਲਿਆ, ਇਹ ਸੁਨੇਹਾ ਦੇ ਰਹੇ ਹਨ ਕਿ ਪੰਜਾਬ ਵਿੱਚ ਕਾਂਗਰਸ ਦਾ ਅਸਲ ਨੇਤਾ ‘ਕੈਪਟਨ ਅਮਰਿੰਦਰ ਸਿੰਘ’ ਹੈ।
ਕਾਂਗਰਸ ਦੇ ਇਸ ਕਾਟੋ-ਕਲੇਸ਼ ਅਤੇ ਕਾਂਗਰਸ ਹਾਈ ਕਮਾਨ ਵਲੋਂ ਗਲਤ ਢੰਗ ਨਾਲ ਮਸਲੇ ਦੇ ਹੱਲ ਨਾਲ ਨਿਪਟਣ ਨੇ ਪੰਜਾਬ ਕਾਂਗਰਸ ਦਾ ਵੱਡਾ ਨੁਕਸਾਨ ਕੀਤਾ ਹੈ। ਕਾਂਗਰਸ ਦੋ ਧੜਿਆਂ ਵਿਚ ਵੰਡੀ ਗਈ ਹੈ ਅਤੇ ਇਸਦਾ ਲਾਭ ਵਿਰੋਧੀ ਪਾਰਟੀਆਂ ਨੂੰ ਹੋਏਗਾ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਪੰਜਾਬ ਵਿਚ ਅਗਲੀਆਂ ਚੋਣਾਂ ‘ਚ ਇਸ ਸਥਿਤੀ ਵਿੱਚ ਕੋਈ ਵੀ ਸਿਆਸੀ ਪਾਰਟੀ ਬਹੁਮਤ ਪ੍ਰਾਪਤ ਨਹੀਂ ਕਰ ਸਕੇਗੀ। ਭਾਜਪਾ ਦਾ ਭਵਿੱਖ ਤਾਂ ਕਿਸਾਨੀ ਕਾਨੂੰਨਾਂ ਕਾਰਨ ਪਹਿਲਾਂ ਹੀ ਦਾਅ ‘ਤੇ ਲੱਗਿਆ ਹੋਇਆ ਹੈ। ਬਾਦਲ ਅਕਾਲੀ-ਬਸਪਾ ਗੱਠਜੋੜ ਨੂੰ ਲੋਕਾਂ ਖ਼ਾਸ ਕਰਕੇ ਪਿੰਡਾਂ ਦੇ ਕਿਸਾਨਾਂ ਤੇ ਪੇਂਡੂਆਂ ਪ੍ਰਵਾਨ ਨਹੀਂ ਕੀਤਾ ਅਤੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਤੇ ਰੇਤ ਖਨਣ, ਨਸ਼ਿਆਂ ਦੇ ਰਾਜ ਨੂੰ ਭੁੱਲ ਨਹੀਂ ਸਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕਿਸਾਨੀ ਕਾਨੂੰਨਾਂ ਵਿਚ ਅਪਨਾਈ ਦੋਹਰੀ ਪਹੁੰਚ ਵੀ ਉਹਨਾਂ ਦੇ ਪਿੰਡਾਂ ਵਿਚ ਪੈਰ ਨਹੀਂ ਲੱਗਣ ਦੇ ਰਹੀ। ਆਮ ਆਦਮੀ ਪਾਰਟੀ ਦਾ ਕਾਡਰ ਪੰਜਾਬ ਦੇ ਧੁਰ ਅੰਦਰ ਸਥਾਪਤ ਨਹੀਂ ਹੋ ਸਕਿਆ ਅਤੇ ਆਮ ਆਦਮੀ ਪਾਰਟੀ ਦੇ ਦਿੱਲੀ ਨੇਤਾਵਾਂ ਦੀ ਪੰਜਾਬ ਮਸਲਿਆਂ ਪ੍ਰਤੀ ਦੂਹਰੀ ਪਹੁੰਚ ਵੀ ‘ਆਪ’ ਨੂੰ ਲੋਕਾਂ ਵਿਚ ਜੜ੍ਹਾਂ ਨਹੀਂ ਦੇ ਰਹੀ। ਖੱਬੀਆਂ ਧਿਰਾਂ ਆਪਣੀ ਸਾਰਥਿਕ ਭੂਮਿਕਾ ਨਿਭਾਉਣ ਵਿਚ ਪਿੱਛੇ ਰਹੀਆਂ ਹਨ ਅਤੇ ਲੋਕ ਅਧਾਰ ਨਹੀਂ ਬਣਾ ਰਹੀਆਂ।
ਕਾਂਗਰਸ ਹਾਈਕਮਾਨ ਵਲੋਂ ਕਾਂਗਰਸ ਦੀ ਇਸ ਪਾਲਿਸੀ ਤਹਿਤ ਕਿ ਨਵਿਆਂ ਨੂੰ ਸਾਹਮਣੇ ਲਿਆਉਣ ਅਤੇ ਲੋਕਾਂ ਨੂੰ ਨਵੇਂ ਨਵੇਂ ਨਾਹਰੇ ਦੇ ਕੇ ਭੁਚਲਾ ਲਵੋ ਅਤੇ ਕੋਈ ਨੇਤਾ ਆਪਣੇ ਬਰਾਬਰ ਨਾ ਹੋਣ ਦਿਓ ਤਹਿਤ ਨਵਜੋਤ ਸਿੰਘ ਸਿੱਧੂ ਸਾਹਮਣੇ ਲਿਆਂਦਾ ਗਿਆ ਹੈ। ਪਰ ਉਸਦਾ ਪੈਂਡਾ ਬਿਖੜਾ ਹੈ। ਕੀ ਸਿੱਧੂ ਸਾਰਿਆਂ ਨੂੰ ਨਾਲ ਲੈਕੇ ਚੱਲ ਸਕੇਗਾ? ਕੀ ਉਹਨਾਂ ਨੂੰ ਵੀ ਨਾਲ ਲਏਗਾ, ਜਿਹਨਾਂ ਨੂੰ ਉਹ ਛੱਜ ਵਿਚ ਪਾਕੇ ਛੱਟਿਆ ਕਰਦਾ ਸੀ? ਬਿਨ੍ਹਾਂ ਸ਼ੱਕ ਉਹ ਚੰਗਾ ਬੁਲਾਰਾ ਹੈ, ਪਰ ਉਸਦਾ ਸਿਆਸੀ ਤਜ਼ਰਬਾ ਕੀ ਐਡਾ ਹੈ ਕਿ ਉਹ ‘ਚੰਗੇ-ਮਾੜੇ’ ਵਰਕਰ-ਨੇਤਾ, ਉਪਰਲੇ-ਹੇਠਲੇ ਹਰ ਕਾਂਗਰਸੀ ਨਾਲ ਸਾਂਝ ਪਾਉਣ ਵਿਚ ਕਾਮਯਾਬ ਹੋਏਗਾ? ਇਸ ਤੋਂ ਵੀ ਵੱਡੀ ਗੱਲ ਇਹ ਕਿ ਕੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਉਹ ਤਿਰਛੇ ਬਾਣ ਝੱਲ ਸਕੇਗਾ, ਜਿਹੜੇ ਨੇੜ-ਭਵਿੱਖ ਵਿਚ ਉਹ ਆਪਣੀ ਹੋਂਦ ਨੂੰ ਬਚਾਉਣ ਲਈ ਛੱਡਣਗੇ? ਚੁਣੌਤੀਆਂ ਨਵਜੋਤ ਸਿੰਘ ਸਿੱਧੂ ਅੱਗੇ ਵੱਡੀਆਂ ਹਨ ਅਤੇ ਸਭ ਤੋਂ ਵੱਡੀ ਚੁਣੌਤੀ ਅਮਰਿੰਦਰ ਸਿੰਘ ਦਾ ਵਿਸ਼ਵਾਸ਼ ਜਿੱਤਣ ਦੀ ਹੈ। ਕਾਂਗਰਸ ਪ੍ਰਧਾਨ ਬਨਣ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਮੁੱਦੇ ਚੁੱਕੇ ਹਨ ਅਤੇ ਪੰਜਾਬ ਦੇ ਲੋਕਾਂ ਦੇ ਚਹੇਤੇ ਬਣੇ ਹਨ। ਕੀ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਛੱਤੀ ਦਾ ਅੰਕੜਾ ਹੋਣ ਕਾਰਨ ਇਹਨਾਂ ਮੁੱਦਿਆਂ ਨੂੰ ਕੈਪਟਨ ਸਰਕਾਰ ਤੋਂ ਹੱਲ ਕਰਵਾ ਸਕਣਗੇ? ਜੇਕਰ ਬੇਅਦਬੀ ਵਾਲਾ ਮੁੱਦਾ, ਨਸ਼ਿਆਂ ਅਤੇ ਰੇਤ ਮਾਫੀਆ ਵਾਲਾ ਮੁੱਦਾ ਆਉਣ ਵਾਲੇ ਸਮੇਂ ਵਿਚ ਜਿਉਂ ਦਾ ਤਿਉਂ ਬਣਿਆ ਰਿਹਾ ਤਾਂ ਸਿੱਧੂ ਦਾ ਰਾਹ ਕਿਹੜਾ ਹੋਏਗਾ?
ਬਿਨ੍ਹਾਂ ਸ਼ੱਕ ਪੰਜਾਬ ਦੀ ਕਾਂਗਰਸ ਵਿਚ ਕਾਟੋ-ਕਲੇਸ਼ ਨਵਾਂ ਨਹੀਂ ਹੈ। ਸਥਾਪਿਤ ਲੀਡਰਸ਼ਿਪ ਵਿਰੁੱਧ ਘੁਸਰ-ਮੁਸਰ ਹੋਣਾ ਆਮ ਗੱਲ ਹੈ। ਪਰ ਜਿਸ ਢੰਗ ਨਾਲ ਚੋਣਾਂ ਤੋਂ ਪਹਿਲਾਂ ਜੋ ਖਿਲਾਰਾ ਪਾਇਆ ਗਿਆ ਹੈ, ਉਸ ਨਾਲ ਕਾਂਗਰਸ ਨੂੰ ਸਿੱਧਾ ਨੁਕਸਾਨ ਹੋਇਆ ਹੈ। ਭਾਵੇਂ ਕਿ ਕਾਂਗਰਸ ਹਾਈ ਕਮਾਨ ਨੇ ਅਨੁਸੂਚਿਤ ਜਾਤੀ, ਪੱਛੜੀਆਂ ਸ਼੍ਰੇਣੀਆਂ ਅਤੇ ਹਿੰਦੂਆਂ ਦਾ ਸੰਤੁਲਨ ਬਣਾ ਕੇ ਮਾਝਾ, ਮਾਲਵਾ, ਦੁਆਬਾ ਦੇ ਪ੍ਰਤੀਨਿਧੀਆਂ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਕੁਮਾਰ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਨੂੰ ਪ੍ਰਤੀਨਿਧਤਾ ਦਿੱਤੀ ਹੈ, ਅਤੇ ਇਹ ਚਾਰੋਂ ਰਾਹੁਲ ਗਾਂਧੀ ਟੀਮ ਦੇ ਮੈਂਬਰ ਹਨ, ਪਰ ਇਸ ਨਾਲ ਟਕਸਾਲੀ ਕਾਂਗਰਸੀਆਂ ਵਿਚ ਇਹ ਪ੍ਰਭਾਵ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਅਹੁਦੇ ਲੈਣ ਲਈ ਟਕਸਾਲੀ ਕਾਂਗਰਸੀ ਹੋਣਾ ਜ਼ਰੂਰੀ ਨਹੀਂ, ਜਿਹੜਾ ਦੇਰ ਸਵੇਰ ਕਾਂਗਰਸ ਵਿਚੋਂ ਇਹਨਾਂ ਲੋਕਾਂ ਦੇ ਦੂਰ ਜਾਣ ਤੇ ਹੋਰ ਪਾਰਟੀਆਂ ਵਿਚ ਸ਼ਾਮਲ ਹੋਣ ਦਾ ਕਾਰਨ ਬਣੇਗਾ। ਸਿੱਧੂ ਦੇ ਪ੍ਰਧਾਨ ਬਣਨ ਨਾਲ ਪੁਰਾਣੇ ਕਾਂਗਰਸੀਆਂ ਪਰਿਵਾਰਾਂ ਵਿਚ ਬਗਾਵਤ ਦੀ ਅੱਗ ਧੁੱਖਣ ਲੱਗ ਪਈ ਹੈ।
ਮੌਜੂਦਾ ਹਾਲਾਤ ਵਿੱਚ ਕਾਂਗਰਸ ਦੀ ਹਾਲਤ ਹਾਸੋਹੀਣੀ ਬਣ ਚੁੱਕੀ ਹੈ। ਕਾਂਗਰਸ ਹਾਈ ਕਮਾਨ ਜਿਸਨੇ ਸਿਆਸੀ ਧੁਰੰਤਰਾਂ ਨੂੰ ਲੜਾ ਕੇ ਆਪਣਾ ਉੱਲੂ ਸਿੱਧਾ ਕਰਨ ਦਾ ਯਤਨ ਕੀਤਾ ਹੈ, ਸ਼ਾਇਦ ਉਸਨੂੰ ਇਸ ਗੱਲ ਦਾ ਅਹਿਸਾਸ ਥੋੜ੍ਹੇ ਸਮੇਂ ਬਾਅਦ ਹੋ ਜਾਏ ਤੇ ਉਹਨਾਂ ਨੂੰ ਹੱਥ ਦੀਆਂ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਣ। ਗੁੱਟਬਾਜੀ ਕਾਰਨ ਪੰਜਾਬ ਵਿਚ ਹੀ ਨਹੀਂ ਮੱਧ ਪ੍ਰਦੇਸ਼ ਵਿੱਚ ਆਪਣੀ ਗੱਦੀ ਗੁਆ ਚੁੱਕੀ ਹੈ। ਰਾਜਸਥਾਨ ਵਿਚ ਗੁੱਟਬੰਦੀ ਸੁਝਾਅ ਨਹੀਂ ਸਕੀ। ਛੱਤੀਸਗੜ੍ਹ ਵਿੱਚ ਵੀ ਹਾਲਤ ਇਹੋ ਹੈ।
ਇਹ ਵੱਡਾ ਸੱਚ ਹੈ ਕਾਂਗਰਸ ਦੇ ਇਸ ਕਾਟੋ-ਕਲੇਸ਼ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਨ ਨਹੀਂ ਕਰਨਾ ਅਤੇ ਅਗਲੇ 6 ਜਾਂ 8 ਮਹੀਨੇ ਉਸਨੇ ਹਾਈ ਕਮਾਨ ਦੀ ਪ੍ਰਵਾਹ ਨਾ ਕਰਕੇ ਪੰਜਾਬ ਵਜਾਰਤ ਚਲਾਉਣੀ ਹੈ, ਕਿਉਂਕਿ ਕਾਂਗਰਸ ਹਾਈ ਕਮਾਨ ਕਦੇ ਇਹ ਗਵਾਰਾ ਨਹੀਂ ਕਰੇਗੀ ਕਿ ਸਿੱਧੂ ਨਾਲ ਖੜੇ ਦੋ ਦਰਜਨ ਵਿਧਾਇਕਾਂ ਦੀ ਹਮਾਇਤ ਕੈਪਟਨ ਵਜਾਰਤ ਤੋਂ ਵਾਪਿਸ ਲੈ ਕੇ ਪੰਜਾਬ ‘ਚ ਕਾਂਗਰਸ ਹਕੂਮਤ ਦਾ ਖ਼ਾਤਮਾ ਕਰ ਲਏ। ਕੈਪਟਨ ਅਮਰਿੰਦਰ ਸਿੰਘ ਇੱਕ ਸੂਝਵਾਨ, ਤਜ਼ਰਬੇਦਾਰ ਸਿਆਸਦਾਨ ਦੇ ਤੌਰ ‘ਤੇ ਵਿਰੋਧੀ ਗਰੁੱਪ ਨੂੰ ਨੁਕਰੇ ਲਾਉਣ ਲਈ ਹਰ ਢੰਗ ਵਰਤੇਗਾ।
ਇਹ ਅਫ਼ਵਾਹਾਂ ਵੀ ਹਨ ਕਿ ਕੈਪਟਨ ਆਪਣੀ ਵੱਖਰੀ ਪਾਰਟੀ ਬਣਾ ਲੈਣਗੇ, ਕਿਸਾਨਾਂ ਤੋਂ ਮਦਦ ਲੈਕੇ ਚੋਣ ਲੜਣਗੇ ਜਾਂ ਕਿਸਾਨਾਂ ਦੇ ਮਸਲੇ ਕੇਂਦਰ ਤੋਂ ਹੱਲ ਕਰਵਾਕੇ ਉਹ ਭਾਜਪਾ ਵਲੋਂ ਸਿੱਖ ਚਿਹਰਾ ਬਣਕੇ ਮੁੱਖ ਮੰਤਰੀ ਬਣ ਜਾਣਗੇ। ਇਹ ਕਿਆਸ ਅਰਾਈਆਂ ਸਮੇਂ ਤੋਂ ਪਹਿਲਾਂ ਦੀਆਂ ਹਨ। ਇਸ ਵੇਲੇ ਤਾਂ ਕਾਂਗਰਸ ਪਾਰਟੀ ਨੂੰ ਜਿਹੜਾ ਨੁਕਸਾਨ ਅਨਾੜੀ ਕਾਂਗਰਸ ਹਾਈ ਕਮਾਨ ਕਾਰਨ ਝਲਣਾ ਪਿਆ ਹੈ, ਉਸਨੂੰ ਠੀਕ ਕਰਨਾ, ਲੀਹੇ ਲਿਆਉਣਾ ਸ਼ਾਇਦ ਅਮਰਿੰਦਰ ਸਿੰਘ ਦਾ ਏਜੰਡਾ ਹੋਏਗਾ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …