ਪੰਜਾਬ ਅੰਦਰ ਸਿਆਸੀ ਖੇਡ ਦੀ ਕਪਤਾਨੀ ਕਰ ਰਹੇ ਨੇ ਕਲਾਕਾਰ
ਦੀਪਕ ਸ਼ਰਮਾ ਚਨਾਰਥਲ
ਪੰਜਾਬ ਦੀ ਫਿਜ਼ਾ ਨੂੰ ਪੂਰਾ ਸਿਆਸੀ ਰੰਗ ਚੜ੍ਹ ਗਿਆ ਹੈ। ਅਜੇ ਚੋਣਾਂ ਦਾ ਐਲਾਨ ਹੋਣਾ ਹੈ, ਅੰਦਾਜ਼ਨ ਫਰਵਰੀ ਦੇ ਪਹਿਲੇ ਦੂਜੇ ਹਫਤੇ ਚੋਣਾਂ ਹੋਣਗੀਆਂ। ਪਹਿਲਾਂ ਸੰਭਾਵਨਾ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਜਨਵਰੀ ਦੇ ਪਹਿਲੇ-ਦੂਜੇ ਹਫਤੇ ਹੋ ਸਕਦੀਆਂ ਹਨ। ਕਿਉਂਕਿ ਸੀਬੀਐਸਈ ਸਮੇਤ ਹੋਰ ਸਿੱਖਿਆ ਅਦਾਰਿਆਂ ਨੇ ਵਿਦਿਆਰਥੀਆਂ ਦੇ ਪੇਪਰਾਂ ਨੂੰ ਧਿਆਨ ਵਿਚ ਰੱਖ ਕੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਸੀ ਕਿ ਚੋਣਾਂ ਜਨਵਰੀ ਵਿਚ ਹੀ ਕਰਵਾਈਆਂ ਜਾਣ। ਪਰ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਜਨਵਰੀ ਤੱਕ ਤਾਂ ਵੋਟਰਾਂ ਦੀਆਂ ਲਿਸਟਾਂ ਹੀ ਸੋਧਾਂ ਤੋਂ ਬਾਅਦ ਤਿਆਰ ਹੋ ਸਕਣਗੀਆਂ। ਇਸ ਲਈ ਚੋਣਾਂ ਤਾਂ ਫਰਵਰੀ ਦੇ ਪਹਿਲੇ-ਦੂਜੇ ਹਫਤੇ ਹੀ ਹੋਣਗੀਆਂ। ਪਰ ਪੰਜਾਬ ਨੂੰ ਸਿਆਸਤ ਦਾ ਰੰਗ, ਵੱਖੋ-ਵੱਖ ਪਾਰਟੀਆਂ ਦਾ ਰੰਗ, ਵੱਖੋ-ਵੱਖ ਲੀਡਰਾਂ ਦੇ ਸਮਰਥਨਾਂ ਦਾ ਰੰਗ ਚੜ੍ਹ ਚੁੱਕਾ ਹੈ। ਕੋਈ ਕਿਸੇ ਦੇ ਦਰ ‘ਤੇ ਟਿਕਟਾਂ ਲਈ ਝੋਲੀ ਅੱਡ ਖੜ੍ਹਾ ਹੈ, ਕੋਈ ਇਕ ਦਰ ਛੱਡ ਕੇ ਦੂਜੇ ਦਰ ਆ ਖੜ੍ਹਾ ਹੋਇਆ ਹੈ ਤੇ ਕਿਸੇ ਨੂੰ ਘਰੋਂ ਬਾਹਰ ਕਰ ਦਿੱਤਾ ਗਿਆ ਹੈ। ਬਹੁਤ ਕੁਝ ਹਰ ਪਲ ਪੰਜਾਬ ਦੀ ਸਿਆਸਤ ਵਿਚ ਨਵਾਂ ਵਾਪਰ ਰਿਹਾ ਹੈ।
ਇਕ ਖਾਸ ਗੱਲ ਜੋ ਇਸ ਵਾਰ ਪੰਜਾਬ ਦੇ ਬਣ ਰਹੇ ਚੋਣ ਮੁਹਾਂਦਰੇ ‘ਤੇ ਝਾਤ ਮਾਰਿਆਂ ਨਜ਼ਰ ਆਉਂਦੀ ਹੈ, ਉਹ ਇਹ ਹੈ ਕਿ ਇਸ ਵਾਰ ਪੰਜਾਬ ਅੰਦਰ ਸਿਆਸੀ ਖੇਡ ਰਵਾਇਤੀ ਲੀਡਰ ਘੱਟ ਨਵੇਂ ਉਭਰੇ ਲੀਡਰ ਵੱਧ ਖੇਡਦੇ ਦਿਖ ਰਹੇ ਹਨ। ਇਨ੍ਹਾਂ ਵਿਚ ਵੀ ਇਸ ਖੇਡ ਦੀ ਕਪਤਾਨੀ ਇਸ ਵਾਰ ਪੁਰਾਣੇ ਧਾਕੜ ਲੀਡਰਾਂ ਦੇ ਹੱਥ ਘੱਟ ਹੋ ਕੇ ਕਲਾਕਾਰਾਂ ਦੇ ਹੱਥਾਂ ਵਿਚ ਵੱਧ ਨਜ਼ਰ ਆ ਰਹੀ ਹੈ। ਇਕ ਦੌਰ ਸੀ ਜਦੋਂ ਕੁਲਦੀਪ ਮਾਣਕ ਨੇ ਆਪਣਾ ਸਿਆਸੀ ਵਜ਼ਨ ਤੋਲ ਕੇ ਵੇਖਿਆ ਸੀ ਤੇ ਹਾਰ ਤੋਂ ਬਾਅਦ ਉਨ੍ਹਾਂ ਇਸ ਸਿਆਸਤ ਤੋਂ ਕਿਨਾਰਾ ਕਰ ਲਿਆ।
ਹੰਸ ਰਾਜ ਹੰਸ ਤਾਂ ਇਸ ਦੀ ਤਾਜ਼ਾ ਉਦਾਰਨ ਹੈ, ਜੋ ਅਕਾਲੀ ਦਲ ਦੇ ਸ਼ੋਅਲੇ ਗਾ ਕੇ ਟਿਕਟ ਵੀ ਲੈ ਗਿਆ ਸੀ, ਹਾਰ ਦੇ ਨਾਲ-ਨਾਲ ਪਾਰਟੀ ਨੇ ਅਣਗੌਲਿਆਂ ਕਰ ਦਿੱਤਾ ਤਾਂ ਸਿਆਸੀ ਲਾਲਸਾ ਉਸ ਨੂੰ ਕਾਂਗਰਸ ਦੇ ਦਰ ਲੈ ਆਈ, ਇੱਥੇ ਵੀ ਉਸ ਨੂੰ ਰਾਜ ਸਭਾ ਦੀ ਟਿਕਟ ਦੇ ਨਾਂ ‘ਤੇ ਧੋਖਾ ਹੀ ਮਿਲਿਆ ਤੇ ਜਿਸਦਾ ਗੁੱਸਾ ਹੰਸ ਨੇ ਕਾਂਗਰਸ ਦੀ ਸਟੇਜ ਤੋਂ ਉਡਾਰੀ ਮਾਰ ਕੇ ਵੀ ਪ੍ਰਗਟਾਇਆ, ਪਰ ਫਿਰ ਕੁਝ ਪਲਾਂ ਬਾਅਦ ਕੈਪਟਨ ਅਮਰਿੰਦਰ ਦੀ ਪਿੱਠ ਪਿੱਛੇ ਜਾ ਖੜ੍ਹਾ ਹੋਇਆ। ਹਰਭਜਨ ਮਾਨ ਕਲਾਕਾਰੀ ਵਿਚ ਬਹੁਤ ਵੱਡਾ ਨਾਂ ਹੈ, ਪਰ ਸਿਆਸਤ ਵਿਚ ਫਿੱਟ ਨਾ ਬੈਠਿਆ ਜਾਂ ਇੰਝ ਕਹਿ ਲਈਏ ਕਿ ਸਿਆਸਤ ਉਸ ਨੂੰ ਫਿੱਟ ਨਹੀਂ ਬੈਠੀ ਤੇ ਉਹ ਲਾਂਭੇ ਹੋ ਗਿਆ। ਇਕ ਪਾਸੇ ਜਿੱਥੇ ਸਿਆਸਤ ਵਿਚ ਨਾਕਾਮ ਰਹਿਣ ਵਾਲੇ ਇਨ੍ਹਾਂ ਕਲਾਕਾਰਾਂ ਦੀ ਲਿਸਟ ਲੰਬੀ ਹੈ, ਉਥੇ ਦੋ ਨਾਂ ਅਜਿਹੇ ਵੀ ਹਨ, ਜਿਨ੍ਹਾਂ ਵਿਚੋਂ ਇਕ ਪੰਜਾਬ ਦੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਿਆ ਅਤੇ ਦੂਜਾ ਲੋਕ ਸਭਾ ਦੀਆਂ। ਕਾਂਗਰਸ ਵਲੋਂ ਮੁਹੰਮਦ ਸਦੀਕ ਵਿਧਾਇਕ ਬਣਿਆ ਤਾਂ ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਪੈਰ ਜਮਾਉਣ ਵਿਚ ਵੱਡੀ ਭੂਮਿਕਾ ਨਿਭਾਉਣ ਵਾਲਾ ਵੱਡਾ ਕਲਾਕਾਰ ਤੇ ਕਾਮੇਡੀ ਕਿੰਗ ਦੇ ਨਾਂ ਨਾਲ ਜਾਣਿਆ ਜਾਂਦਾ ਭਗਵੰਤ ਮਾਨ ਵੀ ਐਮ.ਪੀ. ਬਣ ਗਿਆ। ਪਤਾ ਨਹੀਂ ਹੁਣ ਕਲਾਕਾਰਾਂ ਨੂੰ ਇਹ ਦੋਵੇਂ ਕਲਾਕਾਰੀ ਤੋਂ ਲੀਡਰ ਬਣੇ ਆਪਣੇ ਆਦਰਸ਼ ਜਾਪਦੇ ਹਨ ਜਾਂ ਫਿਰ ਉਹ ਕਿਸੇ ਭੇਡਚਾਲ ਦਾ ਸ਼ਿਕਾਰ ਹਨ। ਪੰਜਾਬ ਅੰਦਰ ਜਦੋਂ ਗਾਇਕੀ ਦਾ ਦੌਰ ਚੱਲਿਆ ਤਾਂ ਹਰ ਗਲੀ ਮੁਹੱਲੇ ਵਿਚੋਂ ਗਾਇਕ ਜੰਮਣ ਲੱਗ ਪਏ। ਫਿਰ ਗਾਇਕਾਂ ਤੋਂ ਪੰਜਾਬੀ ਫਿਲਮ ਕਲਾਕਾਰ ਬਣਨ ਦਾ ਦੌਰ ਚੱਲਿਆ ਤਾਂ ਹਰ ਗਾਇਕ ਹੀਰੋ ਬਣ ਕੇ ਫਿਲਮਾਂ ਵਿਚ ਨਜ਼ਰ ਆਉਣ ਲੱਗਾ। ਇਹ ਵੱਖਰਾ ਵਿਸ਼ਾ ਹੈ ਕਿ ਇਨ੍ਹਾਂ ਵਿਚੋਂ ਕਿੰਨੇ ਸਫਲ ਗਾਇਕ ਬਣ ਸਕੇ ਤੇ ਕਿੰਨੇ ਫਿਲਮੀ ਕਲਾਕਾਰ। ਪਰ ਇਸੇ ਰੀਸ ਦੇ ਚੱਲਦਿਆਂ ਹੀ ਸ਼ਾਇਦ ਕਲਾਕਾਰਾਂ ਨੇ ਹੁਣ ਸਿਆਸਤ ਦਾ ਰੁਖ਼ ਕਰ ਲਿਆ। ਮੁਹੰਮਦ ਸਦੀਕ ਤੇ ਭਗਵੰਤ ਮਾਨ ਵਾਂਗ ਲੀਡਰ ਬਣਨ ਲਈ ਬਲਕਾਰ ਸਿੱਧੂ ‘ਆਪ’ ਨਾਲ ਜੁੜਿਆ, ਜ਼ਿਮਨੀ ਚੋਣ ਲਈ ਟਿਕਟ ਮਿਲੀ ਤੇ ਫਿਰ ਵਿਵਾਦਾਂ ਨੇ ਖੋਹ ਵੀ ਲਈ। ਅੱਜ ਕੱਲ੍ਹ ਉਹ ਕਾਂਗਰਸ ਲਈ ਗੀਤ ਗਾਉਂਦਾ ਹੈ। ਜੱਸੀ ਜਸਰਾਜ ਮੋਢੇ ਬਾਲਾ ਰੱਖ ਝਾੜੂ ਦਾ ਹਮਾਇਤੀ ਬਣਿਆ, ਚੋਣ ਹਾਰੀ ਤੇ ਹੁਣ ਝਾੜੂ ਨੂੰ ਤੀਲਾ-ਤੀਲਾ ਕਰਨ ਵਿਚ ਲੱਗਾ ਹੋਇਆ ਹੈ। ਨਾਮਚਿੰਨ੍ਹ ਗਾਇਕਾ ਸਤਵਿੰਦਰ ਬਿੱਟੀ ਵੀ ਸਿਆਸੀ ਮੋਹਤਬਾਰੀ ਦੀ ਇੱਛਾ ਨਾਲ ਕੈਪਟਨ ਦੇ ਗਲ ਲੱਗ ਗਈ। ਫਿਰ ਗੁਰਪ੍ਰੀਤ ਘੁੱਗੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ ਤੇ ਅੱਜ ਉਸ ਪਾਰਟੀ ਦਾ ਕਨਵੀਨਰ ਬਣ ਗਿਆ। ਨਵਜੋਤ ਸਿੰਘ ਸਿੱਧੂ, ਜਿਸ ਨੂੰ ਤੁਸੀਂ ਇਕ ਸਫਲ ਕ੍ਰਿਕਟਰ ਵਜੋਂ ਜਾਣਦੇ ਹੋ, ਅੱਜ ਕੱਲ੍ਹ ਉਸਦੀ ਪਹਿਚਾਣ ਸ਼ੇਅਰੋ-ਸ਼ਾਇਰੀ ਦੇ ਨਾਲ, ਬੇਲੋੜਾ ਹੱਸਣ ਨਾਲ ਜਾਂ ਫਿਰ ਕੁਝ ਬੇਤੁਕੇ ਕੁਮੈਂਟ ਕਰਨ ਦੇ ਨਾਲ ਵੀ ਬਣੀ ਹੋਈ ਹੈ। ਪਰ ਉਸਦੇ ਅੰਦਰ ਪੰਜਾਬ ਦੀ ਸੱਤਾ ਦੀ ਸਭ ਤੋਂ ਉਚੀ ਕੁਰਸੀ ‘ਤੇ ਬੈਠਣ ਦੀ ਲਾਲਸਾ ਹੁਲਾਰੇ ਮਾਰ ਰਹੀ ਹੈ। ਜਿਸ ਨੇ ਉਸ ਨੂੰ ਭਾਜਪਾ ‘ਚ ਟਿਕਣ ਨਹੀਂ ਦਿੱਤਾ, ਜੇਕਰ ਭਾਜਪਾ ਉਸ ਨੂੰ ਪੰਜਾਬ ਅੰਦਰ ਪਾਰਟੀ ਦਾ ਪ੍ਰਧਾਨ ਬਣਾ ਦਿੰਦੀ ਤਾਂ ਅੱਜ ਸਿੱਧੂ ਫਰੰਟ ਨਾ ਬਣਾਉਂਦਾ। ਜੇਕਰ ਭਾਜਪਾ ਉਸ ਨੂੰ ਐਮ.ਪੀ. ਦੀ ਟਿਕਟ ਦੇ ਦਿੰਦੀ ਤਾਂ ਅੱਜ ਸਿੱਧੂ ਐਡੇ ਵੱਡੇ ਥਾਪੜੇ ਨਾ ਮਾਰਦਾ। ਜੇਕਰ ਭਾਜਪਾ ਉਸ ਨੂੰ ਰਾਜ ਸਭਾ ਦੀ ਮੈਂਬਰੀ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਵਿਚ ਥਾਂ ਦੇ ਦਿੰਦੀ ਤਾਂ ਸਿੱਧੂ ਅੱਜ ਬਾਗੀ ਨਾ ਹੁੰਦਾ।
ਆਮ ਆਦਮੀ ਪਾਰਟੀ ਨੇ ਉਸ ਨੂੰ ਸ਼ੀਸ਼ਾ ਦਿਖਾਇਆ, ਜਿਸ ਵਿਚ ਉਸ ਨੇ ਆਪਣੇ ਆਪ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ ਵੇਖਿਆ। ਫਿਰ ਕੀ ਸੀ ਨਵਜੋਤ ਸਿੰਘ ਸਿੱਧੂ ਨੇ ਦੇਰ ਨਾ ਲਾਈ, ਰਾਜ ਸਭਾ ਛੱਡੀ ਤੇ ਕੇਜਰੀਵਾਲ ਦੇ ਘਰ ਵੱਲ ਦੌੜੇ। ਸੌਦਾ ਸਿਰੇ ਨਾ ਚੜ੍ਹਿਆ, ਕਾਂਗਰਸ ਨਾਲ ਵੀ ਗੱਲ ਸਿਰੇ ਨਾ ਲੱਗੀ ਤੇ ਆਖਰ ਪਰਗਟ ਸਿੰਘ ਤੇ ਬੈਂਸ ਭਰਾਵਾਂ ਹੋਰਾਂ ਨਾਲ ਮਿਲ ਵੱਖਰਾ ਫਰੰਟ ਬਣਾ ਲਿਆ। ਇੰਝ ਅੱਜ ਪੰਜਾਬ ਦੀ ਸਿਆਸਤ ਨੂੰ ਅਕਾਲੀ ਦਲ ਤੇ ਕਾਂਗਰਸ ਤੋਂ ਇਲਾਵਾ ਜੇਕਰ ਕੋਈ ਲੀਡ ਕਰਦਾ ਨਜ਼ਰ ਆ ਰਿਹਾ ਹੈ ਤਾਂ ਉਹ ਕਲਾਕਾਰ ਹਨ। ਸਭ ਤੋਂ ਵੱਧ ਮੀਡੀਆ ਦੀ ਚਰਚਾ ਵਿਚ, ਚਾਹੇ ਉਹ ਕਿਸੇ ਵੀ ਤਰ੍ਹਾਂ ਵੀ ਹੋਵੇ, ਸ਼ੋਸ਼ਲ ਮੀਡੀਆ ‘ਤੇ, ਜਾਂ ਰੈਲੀਆਂ ਵਿਚ ਭੀੜ ਜੁਟਾਉਣੀ ਹੋਵੇ, ਹਰ ਪਾਸੇ ਭਗਵੰਤ ਮਾਨ, ਗੁਰਪ੍ਰੀਤ ਘੁੱਗੀ ਤੇ ਨਵਜੋਤ ਸਿੱਧੂ ਦੇ ਹੀ ਚਰਚੇ ਹਨ।
ਕਲਾਕਾਰੀ ਤੋਂ ਯਾਦ ਆਇਆ ਕਿ ਅਕਾਲੀ ਦਲ ਨੇ ਵੀ ਇਕ ਸਟੇਜ ਕੰਪੇਰਰ ਤੋਂ ਗਾਇਕਾ ਬਣੀ ਬੀਬੀ ਨੂੰ ਸਿਆਸੀ ਅਖਾੜੇ ਵਿਚ ਲੈ ਆਂਦਾ। ਜਦੋਂ ਉਸਦੀਆਂ ਅਕਾਲੀ ਦਲ ਤੇ ਉਸਦੇ ਮੁੱਢਲੇ ਲੀਡਰਾਂ ਨਾਲ ਨਜ਼ਦੀਕੀਆਂ ਵਧੀਆਂ ਤਾਂ ਕਹਿੰਦੇ ਹਨ ਕਿ ਉਸਦਾ ਵੀ ਜੀਅ ਕੀਤਾ ਕਿ ਉਹ ਵੀ ਐਮ.ਐਲ.ਏ. ਅਖਵਾਵੇ। ਸੱਚਾਈ ਤਾਂ ਰੱਬ ਜਾਣੇ, ਚਰਚੇ ਹਨ ਕਿ ਬੀਬੀ ਸਤਿੰਦਰ ਸੱਤੀ ਨੇ ਐਮ.ਐਲ.ਏ. ਦੀ ਟਿਕਟ ਦੀ ਇੱਛਾ ਅਕਾਲੀ ਦਲ ਅੱਗੇ ਰੱਖੀ ਸੀ। ਕਹਿੰਦੇ ਕਿ ਉਨ੍ਹਾਂ ਉਸ ਨੂੰ ਟਿਕਟ ਦੇਣ ਦੀ ਬਜਾਏ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਮੈਨੀ ਦੇਣ ਦਾ ਵਾਅਦਾ ਕੀਤਾ ਤੇ ਉਸਦਾ ਨਾਂ ਅੱਗੇ ਵਧਾ ਦਿੱਤਾ। ਫਿਰ ਕੀ ਸੀ ਇਸ ‘ਤੇ ਵੀ ਵਿਵਾਦ ਖੜ੍ਹਾ ਹੋ ਗਿਆ। ਕੀ ਸ਼ੋਸ਼ਲ ਮੀਡੀਆ, ਕੀ ਅਖਬਾਰਾਂ ਤੇ ਕੁਝ ਕੁ ਵਿਦੇਸ਼ੀ ਚੈਨਲਾਂ ਨੇ ਇਸ ‘ਤੇ ਬਹਿਸ ਕਰਵਾਈ, ਖਬਰਾਂ ਲੱਗੀਆਂ, ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਨਾਲ ਇਸ ਅਹੁਦੇ ਲਈ ਸੱਤੀ ਦੇ ਨਾਂ ਨੂੰ ਅਣਫਿੱਟ ਕਰਾਰ ਦਿੱਤਾ। ਸਤਿੰਦਰ ਸੱਤੀ ਦਮ ਭਰੀ ਹੈ ਕਿ ਮੈਂ ਆਪਣੇ ਕੰਮ ਨਾਲ ਖੁਦ ਨੂੰ ਸਾਬਤ ਕਰਾਂਗੀ, ਪਰ ਸਾਹਿਤਕਾਰਾਂ ਦੇ ਵੱਡੇ ਵਿਰੋਧ ਦੇ ਚੱਲਦਿਆਂ ਫਿਲਹਾਲ ਉਸ ਨੂੰ ਕੁਰਸੀ ਮਿਲਣਾ ਅੱਧਵਾਟੇ ਲਟਕ ਗਿਆ ਹੈ। ਕਿਉਂਕਿ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਮੈਨੀ ਨੂੰ ਸਿਆਸੀ ਥਾਪੜੇ ਨਾਲ ਨਾਮਜ਼ਦ ਕਰਨ ‘ਤੇ ਇਸ ਅਹੁਦੇ ਦੀ ਮਰਿਆਦਾ ਦਾ ਹੋਕਾ ਦਿੰਦਿਆਂ ਵਿਰੋਧ ਕਰਨ ਵਾਲਿਆਂ ਦੀ ਝੰਡਾ ਬਰਦਾਰ ਬਣੀ ਨਾਮਵਰ ਕਵਿੱਤਰੀ ਮਨਜੀਤ ਇੰਦਰਾ। ਫਿਲਹਾਲ ਸੱਤੀ ਦਾ ਮਾਮਲਾ ਵੀ ਲਟਕਿਆ ਹੋਇਆ ਹੈ ਤੇ ਇੰਝ ਸਿਆਸੀ ਅਖਾੜੇ ਵਿਚ ਉਤਰੇ ਕਲਾਕਾਰਾਂ ਦੇ ਨਾਲ ਉਸਦਾ ਵੀ ਨਾਂ ਜੁੜ ਹੀ ਗਿਆ।
‘ਆਪ’ ਦੇ ਦਿੱਲੀ ਦੇ ਇਕ ਵਿਧਾਇਕ ਦੀ ਆਈ ਸੀ.ਡੀ. ਨੇ ਤਾਂ ਹੱਦ ਹੀ ਟਪਾ ਦਿੱਤੀ। ਉਸਦੀ ਕਰਤੂਤ ਨੇ ਜਿੱਥੇ ਇਕ ਵਾਰ ਫਿਰ ਸਿਆਸਤ ਨੂੰ ਸ਼ਰਮਸ਼ਾਰ ਕੀਤਾ, ਉਥੇ ਔਰਤਾਂ ਨੂੰ ਸਿਰਫ ਵਰਤੋਂ ਦੀ ਵਸਤੂ ਵਾਲਾ ਮਰਦਾਨਾ ਰੂਪ ਵੀ ਸਾਹਮਣੇ ਲਿਆਂਦਾ। ਚਰਚੇ ਹਨ ਕਿ ਦਿੱਲੀ ਦੇ ਉਸ ਵਿਧਾਇਕ ਵਾਂਗ ਪੰਜਾਬ ਵਿਚ ਵੀ ਕਈਆਂ ਦੇ ‘ਰਾਸ਼ਨ ਕਾਰਡ’ ਬਣਾਉਣ ਲਈ ਲੀਡਰਾਂ ਨੇ ਹੱਦਬੰਨ੍ਹੇ ਟੱਪੇ ਹਨ। ਇਸ ਸੀ.ਡੀ. ਦੇ ਕਾਰੇ ਨੂੰ ਅੰਜ਼ਾਮ ਦੇਣ ਵਾਲੇ ਵਿਧਾਇਕ ਨੂੰ ਕਲਾਕਾਰ ਤਾਂ ਨਹੀਂ ਕਹਿ ਸਕਦੇ, ਪਰ ਜਗਮੀਤ ਬਰਾੜ ਨੂੰ ਤਾਂ ਕਲਾਕਾਰ ਕਹਿ ਸਕਦੇ ਹਾਂ। ਕਦੀ ਸੋਨੀਆ ਗਾਂਧੀ ਦਾ ਗੁਣਗਾਨ ਗਾਉਣ ਵਾਲਾ ਜਗਮੀਤ ਬਰਾੜ ਮੋਦੀ-ਮੋਦੀ ਕਰਨ ਲੱਗਾ। ਗੱਲ ਨਹੀਂ ਬਣੀ ਤਾਂ ਕੇਜਰੀਵਾਲ ਦੇ ਨਾਮ ਦੀ ਮਾਲਾ ਜਪਣ ਲੱਗਾ। ਫਿਰ ਜਦੋਂ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਜ਼ਿਆਦਾ ਤਵੱਜੋਂ ਨਹੀਂ ਦਿੱਤੀ ਫਿਰ ਪੁਰਾਣੀ ਕਾਂਗਰਸੀ ਸਾਂਝ ਕੱਢ ਕੇ ਉਸ ਨੇ ਮਮਤਾ ਦੀਦੀ ਨੂੰ ਬੇਨਤੀ ਕੀਤੀ। ਮਮਤਾ ਬੈਨਰਜੀ ਨੇ ਕੇਜਰੀਵਾਲ ਨੂੰ ਆਖਿਆ ਤਾਂ ਜਾ ਕੇ ਜਗਮੀਤ ਬਰਾੜ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਬਾਹਾਂ ਫੜ ਕੇ ਗਠਜੋੜ ਵਾਲੀ ਤਸਵੀਰ ਖਿਚਵਾ ਸਕਿਆ। ਆਖਿਆ ਗਿਆ ਕਿ ਜਗਮੀਤ ਬਰਾੜ ਆਮ ਆਦਮੀ ਪਾਰਟੀ ਵਿਚ ਸ਼ਾਮਲ ਨਹੀਂ ਹੋਏ, ਉਨ੍ਹਾਂ ਨੇ ਤਾਂ ਬਾਹਰੋਂ ਸਮਰਥਨ ਦਿੱਤਾ ਹੈ।
ਹਰ ਛੋਟੀ-ਵੱਡੀ ਗੱਲ ‘ਤੇ ਨਜ਼ਰ ਰੱਖਣ ਵਾਲਾ ਸੋਸ਼ਲ ਮੀਡੀਆ ਇਸ ‘ਤੇ ਵੀ ਬਹਿਸ ਛੇੜ ਬੈਠਿਆ। ਟਵਿੱਟਰ ਤੋਂ ਲੈ ਕੇ ਵਟਸਐਪ ਰਾਹੀਂ ਹੁੰਦਾ ਇਹ ਮੁੱਦਾ ਫੇਸਬੁੱਕ ‘ਤੇ ਵੀ ਛਾ ਗਿਆ। ਫੇਸਬੁੱਕ ‘ਤੇ ਆਪਣੀਆਂ ਵਿਸ਼ੇਸ਼ ਟਿੱਪਣੀਆਂ ਲਈ ਜਾਣਿਆ ਜਾਂਦਾ ਰੁਪਿੰਦਰ ਸਿੰਘ ਝੱਜ ਨੇ ਸਵਾਲ ਰੱਖ ਦਿੱਤਾ ਕਿ ‘ਦਿੱਲੀ ਵਿਚ ਵੋਟਾਂ ਸਮੇਂ ਆਮ ਆਦਮੀ ਪਾਰਟੀ ਨੇ ਕਿਸੇ ਸਿਆਸੀ ਲੀਡਰ ਤੋਂ ਬਾਹਰੋਂ ਹਮਾਇਤ ਲਈ ਸੀ।’ ਫਿਰ ਕੀ ਸੀ ਲੋਕਾਂ ਨੇ ਕੁਮੈਂਟਾਂ ਦਾ ਹੜ੍ਹ ਲਿਆ ਦਿੱਤਾ। ਕੋਈ ਲਿਖ ਰਿਹਾ ਹੈ ਦਿੱਲੀ ਵਾਲੀ ਹਵਾ ਹੁਣ ਨਹੀਂ ਰਹੀ। ਕਿਸੇ ਦਾ ਕਹਿਣਾ ਹੈ ਕਿ ਇਕੋ ਪਾਲਿਸੀ ਹਰ ਜਗ੍ਹਾ ਲਾਗੂ ਨਹੀਂ ਹੁੰਦੀ। ਇਕ ਨੇ ਤਾਂ ਆਖਿਆ ਕਿ ਹਮਾਇਤ ਵੀ ਉਸ ਤੋਂ ਲਈ, ਜਿਸ ਦੇ ਆਪਣੇ ਪੱਲੇ ਕੱਖ ਵੀ ਨਹੀਂ। ਅਜਿਹੇ ਤਰ੍ਹਾਂ-ਤਰ੍ਹਾਂ ਦੇ ਇਸ ਘਟਨਾਕ੍ਰਮ ਦੇ ਹੱਕ ਵਿਚ ਘੱਟ ਤੇ ਵਿਰੋਧ ਵਿਚ ਜ਼ਿਆਦਾ ਕੁਮੈਂਟ ਵੇਖਣ ਨੂੰ ਮਿਲੇ, ਜਿਨ੍ਹਾਂ ਵਿਚੋਂ ਰਾਜਿੰਦਰ ਢਿੱਲੋਂ ਨੇ ਤਾਂ ਹੱਦ ਹੀ ਮੁਕਾ ਦਿੱਤੀ। ਕਹਿੰਦਾ ‘ ਵਿਆਹ ਨਹੀਂ ਕਰਵਾਇਆ੩੩… ਬਸ ਚੁੰਨੀ ਹੀ ਚੜ੍ਹਾਈ ਹੈ।’ ਕਹਿਣ ਤੋਂ ਭਾਵ ਇਹ ਸਿਆਸਤ ਹੈ ਤੇ ਇੱਥੇ ਹਰ ਰੋਜ਼ ਨਵੇਂ ਰਿਸ਼ਤੇ ਬਣਨੇ ਹਨ ਤੇ ਕਈ ਪੁਰਾਣੇ ਟੁੱਟਣੇ ਹਨ, ਕਈਆਂ ਦਾ ਗਠਜੋੜ ਹੋਣਾ ਹੈ, ਕਈਆਂ ਦੀਆਂ ਗੱਠਾਂ ਖੁੱਲ੍ਹਣੀਆਂ ਹਨ, ਕਿਸੇ ਦੀ ਮੰਗਣੀ ਤੇ ਕਿਸੇ ਦਾ ਦਿਲ ਟੁੱਟਣਾ ਹੈ। ਕਈ ਅਣਵਿਆਹੇ ਰਹਿ ਜਾਣਗੇ ਤੇ ਕਈਆਂ ਦੇ ਚੁੰਨੀ ਚੜ੍ਹਨ ਤੋਂ ਬਾਅਦ ਵੀ ਮੁਕਲਾਵੇ ਨਹੀਂ ਹੋਣੇ। ਫਿਰ ਵੀ ਬੜਾ ਰੰਗੀਨ ਹੋਵੇਗਾ 2017 ਦਾ ਪੰਜਾਬ ਵਿਧਾਨ ਸਭਾ ਚੋਣ ਮੇਲਾ।
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …