ਤਹਿਸੀਲ ਦਫਤਰਾਂ ‘ਚ ਰਜਿਸਟਰੀਆਂ ਦੇ ਬਦਲਵੇਂ ਪ੍ਰਬੰਧ ਕੀਤੇ
ਤਹਿਸੀਲਦਾਰਾਂ ਦੇ ਦੂਰ-ਦੁਰਾਡੇ ਕੀਤੇ ਗਏ ਤਬਾਦਲੇ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਹੜਤਾਲੀ ਤਹਿਸੀਲਦਾਰਾਂ ਖਿਲਾਫ ਸਖ਼ਤ ਕਾਰਵਾਈ ਕਰਦਿਆਂ 15 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਸਪੱਸ਼ਟ ਸੁਨੇਹਾ ਦਿੱਤਾ ਕਿ ਸੂਬਾ ਸਰਕਾਰ ਵੱਢੀਖੋਰੀ ਦੇ ਇਲਜ਼ਾਮਾਂ ‘ਚ ਘਿਰੇ ਭ੍ਰਿਸ਼ਟ ਅਫਸਰਾਂ ਅੱਗੇ ਝੁਕੇਗੀ ਨਹੀਂ ਅਤੇ ਫਿਰ ਪੰਜਾਬ ਸਰਕਾਰ ਨੇ ਵੱਡੀ ਪੱਧਰ ‘ਤੇ ਮਾਲ ਅਫ਼ਸਰਾਂ ‘ਤੇ ਦੂਰ ਦੁਰਾਡੇ ਤਬਾਦਲੇ ਕਰ ਦਿੱਤੇ। ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਦੂਜਾ ਮੌਕਾ ਹੈ ਕਿ ਜਦੋਂ ਸਰਕਾਰ ਨੇ ਮਾਲ ਅਫ਼ਸਰਾਂ ਨੂੰ ਆੜੇ ਹੱਥੀਂ ਲਿਆ ਹੈ। ਜਨਵਰੀ 2023 ‘ਚ ਪੀਸੀਐੱਸ ਆਫੀਸਰਜ਼ ਐਸੋਸੀਏਸ਼ਨ ਅਤੇ ਰੈਵੇਨਿਊ ਆਫ਼ੀਸਰਜ਼ ਐਸੋਸੀਏਸ਼ਨ ਨੇ ਸਾਂਝੇ ਤੌਰ ‘ਤੇ ਅੰਦੋਲਨ ਵਿੱਢਿਆ ਸੀ, ਜਿਸ ਮਗਰੋਂ ਮੁੱਖ ਮੰਤਰੀ ਨੇ ਅਲਟੀਮੇਟਮ ਦਿੱਤਾ ਸੀ। ਚਿਤਾਵਨੀ ਪਿੱਛੋਂ ਅਧਿਕਾਰੀ ਡਿਊਟੀ ‘ਤੇ ਪਰਤ ਆਏ ਸਨ। ਪੰਜਾਬ ਵਿੱਚ 181 ਸਬ-ਰਜਿਸਟਰਾਰ ਦਫ਼ਤਰ ਹਨ, ਜਦਕਿ 250 ਦੇ ਕਰੀਬ ਮਾਲ ਅਫ਼ਸਰ ਹਨ। ਪੰਜਾਬ ਸਰਕਾਰ ਨੇ ਪਹਿਲਾਂ ਤਹਿਸੀਲਾਂ ‘ਚ ਰਜਿਸਟਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਅਤੇ ਉਸ ਮਗਰੋਂ ਵਧੀਕ ਮੁੱਖ ਸਕੱਤਰ (ਮਾਲ) ਅਨੁਰਾਗ ਵਰਮਾ ਨੇ ਪੰਜਾਬ ਦੇ ਹੜਤਾਲੀ ਮਾਲ ਅਫ਼ਸਰਾਂ ਨੂੰ ਚਿਤਾਵਨੀ ਪੱਤਰ ਜਾਰੀ ਕੀਤਾ ਕਿ ਉਹ ਸ਼ਾਮ ਦੇ ਪੰਜ ਵਜੇ ਤੱਕ ਡਿਊਟੀ ‘ਤੇ ਪਰਤਣ ਜਾਂ ਫਿਰ ਉਹ ਮੁਅੱਤਲੀ ਲਈ ਤਿਆਰ ਰਹਿਣ। ਮੁੱਖ ਮੰਤਰੀ ਨੇ ਤਹਿਸੀਲਾਂ ‘ਚ ਬਦਲਵੇਂ ਪ੍ਰਬੰਧ ਕਰਨ ਲਈ ਹਰੀ ਝੰਡੀ ਦਿੱਤੀ, ਜਿਸ ਮਗਰੋਂ ਸਮੁੱਚੇ ਪੰਜਾਬ ਦੀਆਂ ਤਹਿਸੀਲਾਂ ‘ਚ ਪੀਸੀਐੱਸ ਅਫ਼ਸਰਾਂ, ਕਾਨੂੰਨਗੋ ਅਤੇ ਸੀਨੀਅਰ ਸਹਾਇਕਾਂ ਨੇ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ। ਪਤਾ ਲੱਗਿਆ ਹੈ ਕਿ ਕਰੀਬ 900 ਰਜਿਸਟਰੀਆਂ ਲਈ ਲੋਕਾਂ ਨੇ ਆਨਲਾਈਨ ਤਰੀਕ ਲਈ ਹੋਈ ਸੀ। ਵਧੀਕ ਮੁੱਖ ਸਕੱਤਰ (ਮਾਲ) ਨੇ ਪੱਤਰ ਜਾਰੀ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਜਿੱਥੇ ਜਿੱਥੇ ਸਬ ਰਜਿਸਟਰ/ਜੁਆਇੰਟ ਸਬ ਰਜਿਸਟਰਾਰ ਹੜਤਾਲ, ਸਮੂਹਿਕ ਛੁੱਟੀ ਜਾਂ ਹੋਰਨਾਂ ਕਾਰਨਾਂ ਕਰਕੇ ਗ਼ੈਰਹਾਜ਼ਰ ਹਨ, ਉੱਥੇ ਸਬ ਰਜਿਸਟਰਾਰ ਦਾ ਚਾਰਜ ਪੀਸੀਐੱਸ ਅਫ਼ਸਰਾਂ ਤੋਂ ਇਲਾਵਾ ਕਾਨੂੰਨਗੋਆਂ ਤੇ ਸੀਨੀਅਰ ਸਹਾਇਕਾਂ ਨੂੰ ਦੇ ਦਿੱਤਾ ਜਾਵੇ ਜਿਨ੍ਹਾਂ ਵੱਲੋਂ ਨਾਇਬ ਤਹਿਸੀਲਦਾਰ ਦੀ ਤਰੱਕੀ ਵਾਲੀ ਵਿਭਾਗੀ ਪ੍ਰੀਖਿਆ ਪਹਿਲਾਂ ਹੀ ਪਾਸ ਕੀਤੀ ਹੋਈ ਹੈ। ਮੁੱਖ ਮੰਤਰੀ ਨੇ ਬਨੂੜ, ਖਰੜ ਅਤੇ ਜ਼ੀਰਕਪੁਰ ਦੀਆਂ ਤਹਿਸੀਲਾਂ ਦਾ ਦੌਰਾ ਕਰਕੇ ਨਵੇਂ ਕੀਤੇ ਬਦਲਵੇਂ ਪ੍ਰਬੰਧਾਂ ਦਾ ਖ਼ੁਦ ਜਾਇਜ਼ਾ ਲਿਆ।