ਫਰੀਦਕੋਟ/ਪਟਿਆਲਾ/ਬਿਊਰੋ ਨਿਊਜ਼ : ਦੁਨੀਆ ਭਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਕੈਨੇਡਾ ਦੇ ਬਰੈਂਪਟਨ ਦੀ ਵਸਨੀਕ ਰਮਿੰਦਰ ਕੌਰ ਵਾਲੀਆ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਵਰਲਡ ਪੰਜਾਬੀ ਸੈਂਟਰ’ ਵਿੱਚ ਡਾਇਰੈਕਟਰ ਡਾ: ਭੀਮਇੰਦਰ ਸਿੰਘ ਦੇ ਸੁਚੱਜੇ ਪ੍ਰਬੰਧ ਅਧੀਨ ਕਰਵਾਏ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਰਲਡ ਪੰਜਾਬੀ ਸੈਂਟਰ ਦੇ ਇਸ ਸਮਾਗਮ ਦੌਰਾਨ ਡਾ: ਮੋਹਨ ਤਿਆਗੀ ਨੇ ਰੰਮੀ ਵਾਲੀਆ ਬਾਰੇ ਬੋਲਦਿਆਂ ਦੱਸਿਆ ਕਿ ਰੰਮੀ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ ਹਨ, ਉਹਨਾਂ ਦੀ ਜਾਣ ਪਹਿਚਾਣ ਦਾ ਘੇਰਾ ਬਹੁਤ ਵਿਸ਼ਾਲ ਹੈ। ਉਹ ਸਾਹਿਤ ਨੂੰ ਪਰਨਾਈ ਹੋਈ ਰੂਹ ਹਨ। ਉਹ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਕਾਵਿ ਮਿਲਣੀ ਪ੍ਰੋਗਰਾਮ ਚਾਰ ਸਾਲਾਂ ਤੋਂ ਕਰਾ ਰਹੇ ਹਨ ਜਿਸ ਵਿੱਚ ਹੁਣ ਤੱਕ ਸੰਸਾਰ ਭਰ ਵਿੱਚੋਂ 600 ਤੋਂ ਉੱਪਰ ਕਵੀ ਆ ਚੁੱਕੇ ਹਨ ਤੇ ਸਿਰਜਨਾ ਦੇ ਆਰ-ਪਾਰ ਰੂਬਰੂ ਪ੍ਰੋਗਰਾਮ 3 ਸਾਲ ਤੋਂ ਉੱਪਰ ਹੋ ਗਿਆ ਹੈ ਕਰਾ ਰਹੇ ਹਨ ਜਿਸਨੂੰ ਐਚ ਐਮ ਵੀ ਜਲੰਧਰ ਦੇ ਪ੍ਰੋਫੈਸਰ ਕੁਲਜੀਤ ਕੌਰ ਹੋਸਟ ਕਰ ਰਹੇ ਹਨ ਅਤੇ ਚਾਰ ਸਾਲਾਂ ਤੋਂ ਈ ਮੈਗਜ਼ੀਨ ਵੀ ਪਬਲਿਸ਼ ਕਰਾਂਉਂਦੇ ਆ ਰਹੇ ਹਨ। ਜਿਸ ਵਿੱਚ ਵੱਡੇ ਤੇ ਨਵੇਂ ਕਵੀਆਂ ਦੀਆਂ ਰਚਨਾਵਾਂ ਨੂੰ ਪਬਲਿਸ਼ ਕਰਦੇ ਹਨ। ਉਹ ਸੰਸਾਰ ਪੱਧਰੀ ”ਅੰਤਰਰਾਸ਼ਟਰੀ ਸਾਹਿਤਕ ਸਾਂਝਾਂ” ਗਰੁੱਪ ਦੀ ਫਾਊਂਡਰ ਅਤੇ ਮੀਡੀਆ ਸਲਾਹਕਾਰ ਵੀ ਹੈ। ਰੰਮੀ ਵਾਲੀਆ ਪੰਜਾਬੀ ਮਾਂ ਬੋਲੀ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਅੱਜ ਕੱਲ੍ਹ ਪੰਜਾਬ ਦੌਰੇ ‘ਤੇ ਆਏ ਹੋਏ ਹਨ ਜੋ ਕਿ ਲਗਾਤਾਰ ਵੱਖ-ਵੱਖ ਸਾਹਿਤਕ ਸਮਾਗਮਾਂ ਵਿੱਚ ਭਾਗ ਲੈ ਰਹੇ ਹਨ। ਹੁਣ ਤੱਕ ਸਿਰਫ 25 ਦਿਨਾਂ ਵਿੱਚ ਵੀਹ ਤੋਂ ਵੱਧ ਥਾਵਾਂ ‘ਤੇ ਉਹਨਾਂ ਦਾ ਸਨਮਾਨ ਹੋ ਚੁੱਕਾ ਹੈ। ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ: ਭੀਮਇੰਦਰ ਸਿੰਘ ਅਤੇ ਡਾ . ਮੋਹਨ ਤਿਆਗੀ ਨੇ ਰਮਿੰਦਰ ਰੰਮੀ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਜੀ ਆਇਆਂ ਕਿਹਾ ਗਿਆ ਅਤੇ ਰਮਿੰਦਰ ਰੰਮੀ ਦਾ ਰੂਬਰੂ ਕੀਤਾ ਗਿਆ। ਜਿਸ ਵਿੱਚ ਰਮਿੰਦਰ ਰੰਮੀ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਅਤੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਸ਼ੇਅਰ ਕੀਤੇ ਤੇ ਆਪਣੀਆਂ ਕੁਝ ਨਜ਼ਮਾਂ ਨੂੰ ਵੀ ਸਾਂਝੇ ਕੀਤਾ। ਇਸ ਮੌਕੇ ਯੂਨੀਵਰਿਸਟੀ ਦੇ ਐਮ. ਏ. ਪੰਜਾਬੀ ਅਤੇ ਪੀਐਚ ਡੀ ਕਰ ਰਹੇ ਵਿਦਿਆਰਥੀ ਵੀ ਹਾਜ਼ਰ ਸੀ, ਉਹਨਾਂ ਨੇ ਵੀ ਰਮਿੰਦਰ ਰੰਮੀ ਨੂੰ ਨਿੱਠ ਕੇ ਸੁਣਿਆ। ਵਰਲਡ ਪੰਜਾਬੀ ਸੈਂਟਰ ਵੱਲੋਂ ਪੰਜਾਬੀ ਮਾਂ ਬੋਲੀ ਲਈ ਕੀਤੇ ਜਾਂਦੇ ਉਪਰਾਲੇ ਹਾਜਰੀਨਾਂ ਨਾਲ ਸਾਂਝੇ ਕੀਤੇ। ਇਸ ਸਮੇ ਡਾ: ਭੀਮ ਇੰਦਰ ਸਿੰਘ ਅਤੇ ਡਾ: ਮੋਹਨ ਤਿਆਗੀ ਨੇ ਫੁੱਲਾਂ ਦੇ ਗੁਲਦਸਤੇ, ਸਨਮਾਨ ਚਿੰਨ੍ਹ ਅਤੇ ਲੋਈਆਂ ਦੇ ਕੇ ਰੰਮੀ ਵਾਲੀਆਂ ਦਾ ਸਨਮਾਨ ਕੀਤਾ। ਇਸ ਮੌਕੇ ‘ਤੇ ਰੰਮੀ ਵਾਲੀਆਂ ਨੇ ਜਿਥੇ ਆਪਣੀਆਂ ਕੁਝ ਕਵਿਤਾਵਾਂ ਹਾਜ਼ਰੀਨਾਂ ਦੇ ਸਨਮੁੱਖ ਕੀਤੀਆਂ, ਉੱਥੇ ਹੀ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂਆਂ ਨੂੰ ਵੀ ਸਰੋਤਿਆਂ ਦੇ ਸਾਹਮਣੇ ਰੱਖਿਆ। ਰੰਮੀ ਵਾਲੀਆ ਨੇ ਡਾ: ਭੀਮ ਇੰਦਰ ਸਿੰਘ, ਡਾ: ਮੋਹਨ ਤਿਆਗੀ ਅਤੇ ਸਮੁੱਚੇ ਸਟਾਫ ਦਾ ਉਹਨਾਂ ਨੂੰ ਦਿੱਤੇ ਹੋਏ ਮਾਣ ਸਨਮਾਨ ਲਈ ਧੰਨਵਾਦ ਕੀਤਾ। ਡਾ . ਭੀਮਇੰਦਰ ਨੇ ਇਹ ਕਿਹਾ ਕਿ ਰਮਿੰਦਰ ਰੰਮੀ ਜਦ ਕਦੀ ਵੀ ਭਾਰਤ ਆਉਣ ਤਾਂ ਵਰਲਡ ਪੰਜਾਬੀ ਸੈਂਟਰ ਵਿਖੇ ਜ਼ਰੂਰ ਹੋ ਕੇ ਜਾਇਆ ਕਰਨ। ਇਸ ਮੌਕੇ ‘ਤੇ ਸੀਨੀਅਰ ਪੱਤਰਕਾਰ ਰਾਜਵੀਰ ਸਿੰਘ ਭਲੂਰੀਆ, ਅਧਿਆਪਕਾ ਕੰਵਲਪ੍ਰੀਤ ਕੌਰ ਸੰਧੂ, ਮੇਜਰ ਸੂਬੇਦਾਰ ਸੁਰਜੀਤ ਸਿੰਘ ਸ਼ੇਰਗਿੱਲ, ਕਵਿਤਰੀ ਸਨਮਵੀਰ ਕੌਰ ਸੰਧੂ, ਬਲਜਿੰਦਰ ਸਿੰਘ, ਰਾਕੇਸ਼ ਕੁਮਾਰ, ਡਾ: ਗੁਰਦੀਪ ਸਿੰਘ ਤੋਂ ਇਲਾਵਾ ਪੀ.ਐਚ.ਡੀ. ਕਰ ਰਹੇ ਵਿਦਿਆਰਥੀ ਵੀ ਹਾਜ਼ਰ ਸਨ।