3.6 C
Toronto
Friday, November 14, 2025
spot_img
Homeਕੈਨੇਡਾ'ਸਿੱਖ ਹੈਰੀਟੇਜ ਮੰਥ' ਦੌਰਾਨ ਹਰਜੀਤ ਸਿੰਘ ਸੰਧੂ ਦੀਆਂ ਮੋਜ਼ੇਕ ਕਲਾ-ਕਿਰਤਾਂ ਦੀ ਪ੍ਰਦਰਸ਼ਨੀ...

‘ਸਿੱਖ ਹੈਰੀਟੇਜ ਮੰਥ’ ਦੌਰਾਨ ਹਰਜੀਤ ਸਿੰਘ ਸੰਧੂ ਦੀਆਂ ਮੋਜ਼ੇਕ ਕਲਾ-ਕਿਰਤਾਂ ਦੀ ਪ੍ਰਦਰਸ਼ਨੀ ਲਗਾਈ ਗਈ

ਇਹ ਪ੍ਰਦਰਸ਼ਨੀ 22 ਅਪ੍ਰੈਲ ਐਤਵਾਰ ਤੱਕ ਜਾਰੀ ਰਹੇਗੀ
ਬਰੈਂਪਟਨ/ਡਾ. ਝੰਡ : ਅਪ੍ਰੈਲ ਦਾ ਮਹੀਨਾ ਸਮੁੱਚੇ ਓਨਟਾਰੀਓ ਵਿਖੇ ‘ਸਿੱਖ ਹੈਰੀਟੇਜ ਮੰਥ’ ਵਜੋਂ ਮਨਾਇਆ ਜਾਂਦਾ ਹੈ। ਇਸ ਮਹੀਨੇ ਦੌਰਾਨ ਵੱਖ-ਵੱਖ ਸੰਸਥਾਵਾਂ ਵੱਲੋਂ ਸਿੱਖ ਇਤਿਹਾਸ ਅਤੇ ਸਭਿਆਚਾਰ ਨਾਲ ਸਬੰਧਿਤ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਜਿੱਥੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਧਾਰਮਿਕ ਅਤੇ ਸਭਿਆਚਾਰਕ ਮਹਾਨਤਾ ਨੂੰ ਦਰਸਾਉਂਦੇ ਦੋ ਮਹਾਨ ਨਗਰ-ਕੀਰਤਨ ਸਮੂਹ-ਸੰਗਤਾਂ ਵੱਲੋਂ ਮਿਲ ਕੇ ਟੋਰਾਂਟੋ ਡਾਊਨ-ਟਾਊਨ ਅਤੇ ਮਾਲਟਨ-ਰੈਕਸਡੇਲ ਏਰੀਏ ਵਿਚ ਸਜਾਏ ਜਾਂਦੇ ਹਨ, ਉੱਥੇ ਕਈ ਸੰਸਥਾਵਾਂ ਵੱਲੋਂ ਵਿਚਾਰ-ਗੋਸ਼ਟੀਆਂ ਅਤੇ ਪ੍ਰਦਰਸ਼ਨੀਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਅਜਿਹੀ ਹੀ ਇਕ ਪ੍ਰਦਰਸ਼ਨੀ ਅਮਰੀਕਾ ਤੋਂ ਆਏ ਹਰਜੀਤ ਸਿੰਘ ਸੰਧੂ ਜੋ ਮੋਜ਼ੇਕ ਆਰਟ ਨਾਲ ਜੁੜੇ ਕਈ ਚਿੱਤਰ ਬਣਾ ਕੇ ਇਸ ਖ਼ੇਤਰ ਵਿਚ ਕਾਫ਼ੀ ਨਾਮ ਕਮਾ ਚੁੱਕੇ ਹਨ, ਨੇ 2980 ਡਰਿਊ ਰੋਡ ਸਥਿਤ ਗਰੇਟਰ ਪੰਜਾਬ ਪਲਾਜ਼ਾ ਵਿਖੇ ‘ਸਿੱਖ ਮਿਊਜ਼ੀਅਮ ਆਫ਼ ਕੈਨੇਡਾ’ ਵਿਚ ਆਪਣੀਆਂ ਕਈ ਕਲਾ-ਕਿਰਤਾਂ ਦੀ ਪ੍ਰਦਰਸ਼ਨੀ ਲਗਾਈ ਜਿਨ੍ਹਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਸ਼ਹੀਦ ਭਗਤ ਸਿੰਘ, ਮਦਰ ਟੈਰੇਸਾ, ਆਦਿ ਦੀਆਂ ਤਸਵੀਰਾਂ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਵੁੱਡ-ਕਾਰਵਿੰਗ ਨਾਲ ਬਣੀਆਂ ਵੀ ਹੋਰ ਕਈ ਕਲਾ-ਵਸਤਾਂ, ਸਕੱਲਪਚਰ ਅਤੇ ਪੇਂਟਿੰਗਾਂ ਇਸ ਪ੍ਰਦਰਸ਼ਨੀ ਦਾ ਆਕਰਸ਼ਣ ਹਨ।
ਇਸ ਪ੍ਰਦਰਸ਼ਨੀ ਦਾ ਉਦਘਾਟਨ ਬੀਤੀ 31 ਮਾਰਚ ਸ਼ਨੀਵਾਰ ਨੂੰ ਦੁਪਹਿਰ 12.00 ਵਜੇ ਸ਼ਹੀਦ ਭਗਤ ਸਿੰਘ ਦੇ ਮੋਜ਼ੇਕ-ਚਿੱਤਰ ਤੋਂ ਪਰਦਾ ਉਨ੍ਹਾਂ ਦੀ ਭਤੀਜੀ ਬੀਬੀ ਇੰਦਰਜੀਤ ਕੌਰ ਵੱਲੋਂ ਹਟਾ ਕੇ ਕੀਤਾ ਗਿਆ। ਇਹ 1 ਅਪ੍ਰੈਲ ਅਤੇ 8 ਅਪ੍ਰੈਲ ਐਤਵਾਰ ਨੂੰ ਦੁਪਹਿਰ 12.00 ਵਜੇ ਤੋਂ ਸ਼ਾਮ ਦੇ 5.00 ਵਜੇ ਤੱਕ ਦਰਸ਼ਕਾਂ ਖੁੱਲ੍ਹੀ ਰਹੀ ਅਤੇ ਆਉਂਦੇ ਐਤਵਾਰਾਂ 15 ਅਪਰੈਲ ਅਤੇ 22 ਅਪ੍ਰੈਲ ਨੂੰ ਵੀ ਖੁੱਲ੍ਹੀ ਰਹੇਗੀ। ਜਿਹੜੇ ਵਿਅੱਕਤੀ ਅਜੇ ਤੱਕ ਇੱਥੇ ਇਸ ਨੂੰ ਵੇਖਣ ਨਹੀਂ ਪਹੁੰਚ ਸਕੇ ਉਹ ਇਨ੍ਹਾਂ ਦੋ ਦਿਨਾਂ ਵਿਚ ਆ ਕੇ ਇਸ ਦਾ ਅਨੰਦ ਮਾਣ ਸਕਦੇ ਹਨ।
ਇੱਥੇ ਇਹ ਵਰਨਣਯੋਗ ਹੈ ਕਿ ‘ਸਿੱਖ ਮਿਊਜ਼ੀਅਮ ਆਫ਼ ਕੈਨੇਡਾ’ ਸਿੱਖ ਕਮਿਊਨਿਟੀ ਦੇ ਇਤਿਹਾਸਕ, ਧਾਰਮਿਕ ਅਤੇ ਸਭਿਆਚਾਰਕ ਜੀਵਨ ਬਾਰੇ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੀਕ ਪਹੁੰਚਾੳਣ ਲਈ ਸਮੱਰਪਿਤ ਹੈ ਅਤੇ ਉਹ ਸਮੇਂ-ਸਮੇਂ ਇਸ ਦੇ ਲਈ ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਸਪੈਸ਼ਲ ਲੈੱਕਚਰਾਂ ਦਾ ਪ੍ਰਬੰਧ ਕਰਦੀ ਰਹਿੰਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਇਸ ਦੀ ਵੈੱਬਸਾਈਟ: www.shmc.ca ‘ਤੇ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

RELATED ARTICLES
POPULAR POSTS