Breaking News
Home / ਕੈਨੇਡਾ / ‘ਛੇਵੀਂ ਇੰਸਪੀਰੇਸ਼ਨਲ ਸਟੈਪਸ’ ਵਿਚ ਲੱਗੀਆਂ ਖੂਬ ਰੌਣਕਾਂ

‘ਛੇਵੀਂ ਇੰਸਪੀਰੇਸ਼ਨਲ ਸਟੈਪਸ’ ਵਿਚ ਲੱਗੀਆਂ ਖੂਬ ਰੌਣਕਾਂ

ਟੀ.ਪੀ.ਏ.ਆਰ. ਕਲੱਬ ਦੇ 215 ਮੈਂਬਰ, ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ 50 ਤੇ ਕਈ ਹੋਰ ਵਿਦਿਆਰਥੀ ਹੋਏ ਸ਼ਾਮਲ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 20 ਮਈ ਨੂੰ ਹੋਈ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਲਈ ਵੱਖ-ਵੱਖ ਦੌੜਾਂ ਲਈ ਰਜਿਟਰ ਹੋਏ 762 ਦੌੜਾਕਾਂ ਅਤੇ ਪੈਦਲ ਤੁਰਨ ਵਾਲਿਆਂ ਦੇ ਇਸ ਵਾਰ ਵਿਦਿਆਰਥੀਆਂ ਵਿਚ ਬਹੁਤ ਉਤਸ਼ਾਹ ਵੇਖਣ ਵਿਚ ਆਇਆ। ਜਿੱਥੇ ਟੀ.ਪੀ.ਏ.ਆਰ. ਕਲੱਬ ਦੇ 215 ਮੈਂਬਰ ਵੱਖਰੀ ਦਿੱਖ ਵਾਲੀਆਂ ਗੂੜ੍ਹੇ ਸੰਤਰੇ ਰੰਗ ਦੀਆਂ ਟੀ-ਸ਼ਰਟਾਂ ਅਤੇ ਮੋਰ-ਪੰਖੀ ਦਸਤਾਰਾਂ ਤੇ ਪੱਟਕਿਆਂ ਨਾਲ ਕਮਿਊਨਿਟੀ ਦੇ ਇਸ ਮਹਾਨ ਈਵੈਂਟ ਵਿਚ ਇਕ ਵੱਡੇ ਗਰੁੱਪ ਵਜੋਂ ਸ਼ਾਮਲ ਹੋਏ, ਉੱਥੇ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ 50, ਡਿਕਸੀ ਗੁਰੂਘਰ ਦੀ ਸੌਕਰ ਕਲੱਬ ਦੇ 40 ਅਤੇ 16 ਹੋਰ ਸਕੂਲੀ ਵਿਦਿਆਰਥੀਆਂ ਨੇ ਬੜੇ ਚਾਅ ਤੇ ਉਤਸ਼ਾਹ ਭਾਗ ਲਿਆ। ਇਨ੍ਹਾਂ ਵਿਦਿਆਰਥੀਆਂ ਦੇ ਨਾਲ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨ ਸਕੂਲ ਦੇ 15 ਅਧਿਆਪਕ ਵੀ ਇਸ ਈਵੈਂਟ ਵਿਚ ਹਿੱਸਾ ਲਿਆ।
42 ਕਿਲੋਮੀਟਰ ਮੈਰਾਥਨ ਵਿਚ ਸੂਰਤ ਚਾਹਲ (4:20:39) ਪਹਿਲੇ ਨੰਬਰ ‘ਤੇ, ਲਖਵਿੰਦਰ ਪਰਿਹਾਰ (4:44:50) ਦੂਸਰੇ ਨੰਬਰ ‘ਤੇ ਅਤੇ ਜੈਸਨ ਮੁਖੀ (4:47:57) ਤੀਸਰੇ ਨੰਬਰ ‘ਤੇ ਆਏ। ਏਸੇ ਤਰ੍ਹਾਂ 21 ਕਿਲੋਮੀਟਰ ਹਾਫ਼ ਮੈਰਾਥਨ ਵਿਚ ਹਰਜੋਤ ਬੈਂਸ (1:49:59) ਪਹਿਲੇ, ਸਤਿੰਦਰ ਸਿਵੀਆ (1:54:32) ਦੂਸਰੇ ਅਤੇ ਧਿਆਨ ਸਿੰਘ ਸੋਹਲ (1:55:33) ਤੀਸਰੇ ਨੰਬਰ ‘ਤੇ ਰਹੇ। 12 ਅਤੇ 5 ਕਿਲੋਮੀਟਰ ਵਿਚ ਪਹਿਲੇ ਦੂਸਰੇ ਅਤੇ ਤੀਸਰੇ ਨੰਬਰ ‘ਤੇ ਆਉਣ ਵਾਲਿਆਂ ਅਤੇ ਹੋਰ ਵੱਖ-ਵੱਖ ਦੌੜਾਕਾਂ ਦੇ ਟਾਈਮ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੀ ਵੈੱਬਸਾਈਟ www.ggscf.com ‘ਤੇ ਜਾ ਕੇ ਵੇਖੇ ਜਾ ਸਕਦੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 5 ਕਿਲੋਮੀਟਰ ਦੌੜ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਫ਼ੈੱਡਰਲ ਮੰਤਰੀ ਨਵਦੀਪ ਬੈਂਸ, ਮੈਂਬਰ ਪਾਰਲੀਮੈਂਟ ਰਾਜ ਗਰੇਵਾਲ, ਰੂਬੀ ਸਹੋਤਾ ਤੇ ਸੋਨੀਆ ਸਿੱਧੂ, ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੱਨ੍ਹ ਸਮੇਤ ਕਈ ਹੋਰ ਰਾਜਨੀਤਿਕ ਸ਼ਖ਼ਸੀਅਤਾਂ ਵੀ ਸ਼ਾਮਲ ਸਨ। ਏਸੇ ਤਰ੍ਹਾਂ ਡਿਕਸੀ ਗੁਰੂਘਰ ਵੱਲੋਂ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਲਈ ਮੋਰ-ਪੰਖ ਰੰਗੀ ਦਸਤਾਰਾਂ ਤੇ ਪੱਟਕਿਆਂ ਦੀ ਸੇਵਾ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਫ਼ਰੂਟ, ਪੌਸ਼ਟਿਕ ਰਿਫ਼ਰੈਸ਼ਮੈਂਟ ਅਤੇ ਸੁਆਦਲੇ ਕੜ੍ਹੀ-ਚੌਲ ਦੇ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਇਸ ਵਿਚ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਵਾਲੰਟੀਅਰਾਂ ਦਾ ਵੱਡਮੁਲਾ ਯੋਗਦਾਨ ਸੀ ਜਿਨ੍ਹਾਂ ਵਿਚ ਗੁਰਲੀਨ ਕੌਰ ਗਰੇਵਾਲ, ਨਿਮਰਤ ਕੌਰ ਭੰਗੂ, ਸਨੀ ਸਿੰਘ ਸੰਧਰ, ਸਰਪ੍ਰੀਤ ਖਹਿਰਾ, ਸੈਂਡੀ ਗਰੇਵਾਲ ਅਤੇ ਉਨ੍ਹਾਂ ਦੇ ਬਹੁਤ ਸਾਰੇ ਸਾਥੀ ਸ਼ਾਮਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …