ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਮਹੀਨੇ ਦਾ ਸਮਾਗ਼ਮ 20 ਮਈ ਐਤਵਾਰ ਨੂੰ 470 ਕਰਾਈਸਰ ਰੋਡ ਵਿਖੇ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਵਜੇ ਤੱਕ ਹੋਇਆ ਜਿਸ ਵਿਚ ਬਟਾਲੇ ਤੋਂ ਆਏ ਹੋਏ ਡਾ. ਰਵਿੰਦਰ ਨਾਲ ਰੂ-ਬ-ਰੂ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ ਨਾਲ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਅਤੇ ਕਹਾਣੀਕਾਰ ਕੁਲਜੀਤ ਮਾਨ ਸੁਸ਼ੋਭਿਤ ਸਨ।
ਸੁਖਦੇਵ ਸਿੰਘ ਝੰਡ ਵੱਲੋਂ ਹਾਜ਼ਰੀਨ ਨੂੰ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਦੱਸਣ ਅਤੇ ਸਭਾ ਦੇ ਮਾਣਯੋਗ ਮੈਂਬਰ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਏ ਹੋਏ ਮਹਿਮਾਨਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ ਜਗੀਰ ਸਿੰਘ ਕਾਹਲੋਂ ਨੂੰ ਸੌਂਪੀ ਗਈ।
ਡਾ. ਰਵਿੰਦਰ ਨੇ ਆਪਣੇ ਬਾਰੇ ਗੱਲ ਕਰਦਿਆਂ ਹੋਇਆਂ ਕਿਹਾ ਕਿ ਕੋਈ ਵੀ ਲੇਖਕ ਸਾਹਿਤ ਦੀਆਂ ਪ੍ਰਚੱਲਤ ਵਿਧਾਵਾਂ ਕਹਾਣੀ, ਕਵਿਤਾ, ਨਾਵਲ, ਵਾਰਤਕ ਵਿੱਚੋਂ ਕਿਸੇ ਨਾ ਕਿਸੇ ਨੂੰ ਅਪਨਾਅ ਕੇ ਉਸ ਵਿਚ ਆਪਣੇ ਵਿਚਾਰ ਪ੍ਰਗਟ ਕਰਦਾ ਹੈ ਅਤੇ ਉਨ੍ਹਾਂ ਨੇ ਇਸ ਦੇ ਕਈ ਕਵਿਤਾ ਦਾ ਮਾਧਿਅਮ ਚੁਣਿਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਰੁਮਾਂਟਿਕ ਕਵਿਤਾਵਾਂ ਦੀ ਪਹਿਲੀ ਪੁਸਤਕ ‘ਆਪਣੀ ਉਡੀਕ ਵਿਚ’1982 ਵਿਚ ਛਪੀ ਅਤੇ ਉਸ ਤੋਂ ਬਾਅਦ ਹੋਰ ਪੁਸਤਕਾਂ ‘ਨਦੀ, ਪੌਣ ਦੀ ਖ਼ੁਸ਼ਬੋ’, ‘ਭਰਿਆ ਹੈ ਮੇਰਾ ਆਸਮਾਨ’, ‘ਮੇਰੇ ਲਈ ਨਾ ਰੁਕੋ’, ਅਤੇ ‘ਕਵਿਤਾ ਮੇਰੇ ਨਾਲ ਨਾਲ’ ਵੱਖ-ਵੱਖ ਸਮੇਂ ਛਪ ਕੇ ਪੰਜਾਬੀ ਪਾਠਕਾਂ ਦੇ ਹੱਥਾਂ ਵਿਚ ਆਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਬਟਾਲੇ ਤੋਂ ‘ਵਿਕਲਪ’ ਮੈਗ਼ਜ਼ੀਨ ਦੀ ਕਈ ਸਾਲ ਸੰਪਾਦਨਾ ਕੀਤੀ ਜਿਸ ਦਾ ਕਾਲਮ ‘ਸ਼ਾਇਰ ਦੇ ਅੰਗ-ਸੰਗ’ ਪਾਠਕਾਂ ਵਿਚ ਬੜਾ ਮਕਬੂਲ ਹੋਇਆ ਸੀ। ਇਸ ਵਿਚ ਸਮਕਾਲੀ ਕਵੀਆਂ ਦੀਆਂ ਰਚਨਾਵਾਂ ਅਤੇ ਉਨ੍ਹਾਂ ਦੇ ਬਾਰੇ ਆਲੋਚਕਾਂ ਦੀ ਰਾਇ ਬਾ-ਕਾਇਦਾ ਛਪਦੀ ਰਹੀ। ਏਸੇ ਤਰ੍ਹਾਂ ਪੰਜਾਬੀ ਮਾਸਿਕ ਰਿਸਾਲੇ ‘ਅੱਖਰ’ ਦੀ ਸੰਪਾਦਨਾ ਵਿਚ ਉਨ੍ਹਾਂ ਪ੍ਰਮਿੰਦਰਜੀਤ ਅਤੇ ਡਾ. ਕਰਨੈਲ ਦੇ ਨਾਲ ਹੱਥ ਵਟਾਇਆ। ਸਮਾਗ਼ਮ ਦੌਰਾਨ ਉਨ੍ਹਾਂ ਨੇ ਆਪਣੀਆਂ ਦੋ ਗ਼ਜ਼ਲਾਂ ਅਤੇ ਕਵਿਤਾਵਾਂ ‘ਬੱਚੇ ਵੇਚਣ ਵਾਲੀ’,’ਮਰ ਜਾਣੀਆਂ ਚਿੜੀਆਂ’, ‘ਕੁੰਜ’, ‘ਬੇਦਾਵਾ’ ਅਤੇ ‘ਨਾਂ ਦੀ ਤਖ਼ਤੀ’ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਉਪਰੰਤ, ਕੁਲਜੀਤ ਮਾਨ, ਸੁਖਦੇਵ ਝੰਡ ਅਤੇ ਤਲਵਿੰਦਰ ਮੰਡ ਨੇ ਉਨ੍ਹਾਂ ਦੀ ਕਵਿਤਾ ਦੀ ਰਚਨ-ਪ੍ਰਕਿਆ ਅਤੇ ਇਸ ਦੀ ਸੰਵੇਦਨਾਂ ਬਾਰੇ ਕੁਝ ਸਾਰਥਿਕ ਟਿੱਪਣੀਆਂ ਕੀਤੀਆਂ ਜਿਨ੍ਹਾਂ ਬਾਰੇ ਡਾ. ਰਵਿੰਦਰ ਨੇ ਵਿਸਥਾਰ ਸਹਿਤ ਚਾਨਣਾ ਪਾਇਆ।
ਸਮਾਗ਼ਮ ਦਾ ਦੂਸਰਾ ਭਾਗ ‘ਬਿਰਹਾ ਦੇ ਸੁਲਤਾਨ’ ਸ਼ਿਵ ਕੁਮਾਰ ਬਟਾਲਵੀ ਦੀ ਨਿੱਘੀ ਯਾਦ ਨੂੰ ਸਮੱਰਪਿਤ ਸੀ ਜਿਨ੍ਹਾਂ ਦੀ ਬਰਸੀ ਬੀਤੀ 6 ਮਈ ਨੂੰ ਲੰਘੀ ਹੈ। ਇਸ ਭਾਗ ਦੇ ਸੰਚਾਲਕ ਪਰਮਜੀਤ ਢਿੱਲੋਂ ਨੇ ਸੱਭ ਤੋਂ ਪਹਿਲਾਂ ਇਕਬਾਲ ਬਰਾੜ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਸ ਨੇ ਆਪਣੀ ਸੁਰੀਲੀ ਆਵਾਜ਼ ਵਿਚ ਸ਼ਿਵ ਦੇ ਚਾਰ ਗੀਤ ਗਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਸੰਗੀਤਮਈ ਮਾਹੌਲ ਨੂੰ ਅੱਗੋਂ ਜਾਰੀ ਰੱਖਦਿਆਂ ਹੋਇਆਂ ਸੰਨੀ ਸ਼ਿਵਰਾਜ ਅਤੇ ਰਿੰਟੂ ਭਾਟੀਆ ਨੇ ਵੀ ਸ਼ਿਵ ਕੁਮਾਰ ਬਟਾਲਵੀ ਦੀਆਂ ਗ਼ਜ਼ਲਾਂ ਅਤੇ ਗੀਤ ਗਾਏ। ਉਪਰੰਤ, ਕਰਨ ਅਜਇਬ ਸਿੰਘ ਸੰਘਾ, ਲਹਿੰਦੇ ਪੰਜਾਬ ਦੇ ਜਨਾਬ ਮਕਸੂਦ ਚੌਧਰੀ, ਭੁਪਿੰਦਰ ਦੁਲੇ, ਸੁਰਜੀਤ ਕੌਰ, ਸੁਖਦੇਵ ਸਿੰਘ ਝੰਡ, ਗਿਆਨ ਸਿੰਘ ਘਈ, ਜਗੀਰ ਸਿੰਘ ਕਾਹਲੋਂ ਅਤੇ ਪਟਿਆਲਾ ਤੋਂ ਆਈ ਕਮਲਜੀਤ ਕੌਰ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਲਖਬੀਰ ਸਿੰਘ ਕਾਹਲੋਂ ਨੇ ਦਿਲਕਸ਼ ਅੰਦਾਜ਼ ਵਿਚ ‘ਹੀਰ’ ਦੇ ਦੋ-ਤਿੰਨ ਬੰਦ ਸੁਣਾਏ। ਪ੍ਰਿੰਸੀਪਲ ਸਰਵਣ ਸਿੰਘ ਨੇ ਬੜੇ ਖ਼ੂਬਸੂਰਤ ਸ਼ਬਦਾਂ ਵਿਚ ਸ਼ਿਵ ਕੁਮਾਰ ਬਟਾਲਵੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਹੋਇਆਂ ਕਿਹਾ ਕਿ ਸ਼ਿਵ ਨੂੰ ਗਾਉਣਾ ਏਨਾ ਆਸਾਨ ਨਹੀਂ ਹੈ। ਸਮਾਗ਼ਮ ਦੀ ਕਾਰਵਾਈ ਨੂੰ ਬੜੇ ਸੁਚੇਜੇ ਢੰਗ ਨਾਲ ਸਮੇਟਦਿਆਂ ਹੋਇਆਂ ਬਲਰਾਜ ਚੀਮਾ ਵੱਲੋਂ ਡਾ. ਰਵਿੰਦਰ ਅਤੇ ਹੋਰ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਵਿਚ ਦਰਸ਼ਨ ਸਿੰਘ ਦਰਸ਼ਨ, ਜਸਵਿੰਦਰ ਸਿੰਘ, ਗੁਰਾਂਜਲ ਕੌਰ, ਸਰਬਜੀਤ ਕੌਰ ਕਾਹਲੋਂ, ਡਾ. ਅਮਰਜੀਤ ਸਿੰਘ ਦਲਜੀਤ ਬਨਵੈਤ, ਮਲੂਕ ਸਿੰਘ ਕਾਹਲੋਂ, ਹੀਰਾ ਰੰਧਾਵਾ, ਈਸ਼ਰ ਸਿੰਘ ਅਤੇ ਕਈ ਹੋਰ ਸ਼ਾਮਲ ਸਨ।
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਈ ਸਮਾਗ਼ਮ ਵਿਚ ਹੋਇਆ ਡਾ. ਰਵਿੰਦਰ ਬਟਾਲੇ ਵਾਲੇ ਨਾਲ ਰੂ-ਬ-ਰੂ ਅਤੇ ਸ਼ਿਵ ਕੁਮਾਰ ਬਟਾਲਵੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …