ਬਰੈਂਪਟਨ/ਡਾ. ਝੰਡ : ਓਨਟਾਰੀਓ ਵਿਚ ਹੀ ‘ਚੋਣ-ਬੁਖ਼ਾਰ’ ਇਸ ਵੇਲੇ ਪੂਰੇ ਜ਼ੋਰਾਂ ‘ਤੇ ਹੈ ਪਰ ਬਰੈਂਪਟਨ ਵਿਚ ਇਸ ਦਾ ‘ਦਰਜਾ-ਹਰਾਰਤ’ ਕੁਝ ਵਧੇਰੇ ਹੀ ਮਹਿਸੂਸ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਇਹ ਕਿ ਇੱਥੇ ਪੰਜਾਬੀ-ਮੂਲ ਦੀ ਵਸੋਂ ਵਧੇਰੇ ਗਿਣਤੀ ਵਿਚ ਹੈ ਤੇ ਉਹ ਸਿਆਸਤ ਵਿਚ ਹਿੱਸਾ ਵੀ ਹੋਰ ਕਮਿਊਨਿਟੀਆਂ ਦੇ ਲੋਕਾਂ ਨਾਲੋਂ ਵਧੇਰੇ ਜੋਸ਼ ਅਤੇ ਉਤਸ਼ਾਹ ਨਾਲ ਲੈਂਦੇ ਹਨ ਅਤੇ ਉਹ ਚੋਣ ਲੜਦੇ ਵੀ ‘ਪੰਜਾਬੀ-ਸਟਾਈਲ’ ਨਾਲ ਹਨ। ਪਿਛਲੀਆਂ ਫ਼ੈੱਡਰਲ ਚੋਣਾਂ ਵਿਚ ਸੱਭਨਾਂ ਨੇ ਵੇਖ ਹੀ ਲਿਆ ਹੈ ਕਿ ਕਿਵੇਂ ਉਨ੍ਹਾਂ ਵਿਚ ਬਰੈਂਪਟਨ ਵਿੱਚੋਂ ਪੰਜੇ ਦੇ ਪੰਜੇ ਮੈਂਬਰ ਪਾਰਲੀਮੈਂਟ ਪੰਜਾਬੀ-ਮੂਲ ਦੇ ਬਣੇ ਅਤੇ ਉਨ੍ਹਾਂ ਵਿੱਚੋਂ ਇਕ ਕੈਨੇਡਾ ਸਰਕਾਰ ਦੇ ਅਹਿਮ ਵਿਭਾਗ ਦਾ ਮੰਤਰੀ ਵੀ ਬਣਾਇਆ ਗਿਆ।
ਇਸ ਵਾਰ 2018 ਦੀਆਂ ਓਨਟਾਰੀਓ ਸੂਬਾਈ ਚੋਣਾਂ ਵਿਚ ਬਰੈਂਪਟਨ ਦੇ ਪੰਜਾਂ ਹਲਕਿਆਂ ਵਿਚ ਤਿੰਨਾਂ ਮੁੱਖ ਸਿਆਸੀ ਪਾਰਟੀਆਂ ਵੱਲੋਂ 15 ਵਿੱਚੋਂ 13 ਉਮੀਦਵਾਰ ਪੰਜਾਬੀ-ਮੂਲ ਦੇ ਹੀ ਚੋਣ ਮੈਦਾਨ ਵਿਚ ਉਤਾਰੇ ਗਏ ਹਨ। ਪੀ.ਸੀ. ਪਾਰਟੀ ਵੱਲੋਂ ਤਾਂ ਆਪਣੇ ਪੰਜੇ ਹੀ ਉਮੀਦਵਾਰ ਅਮਰਜੋਤ ਸੰਧੂ, ਹਰਜੀਤ ਜਸਵਾਲ, ਪ੍ਰਭਮੀਤ ਸਰਕਾਰੀਆ, ਰਿਪਦਮਨ ਢਿੱਲੋਂ ਅਤੇ ਸਿਮਰ ਸੰਧੂ ਪੰਜਾਬੀ ਕਮਿਊਨਿਟੀ ਨਾਲ ਹੀ ਸਬੰਧਿਤ ਖੜੇ ਕੀਤੇ ਗਏ ਜਿਨ੍ਹਾਂ ਵਿਚੋਂ ਅਖ਼ੀਰਲੇ ਸਿਮਰ ਸੰਧੂ ਨੂੰ ਪਾਰਟੀ ਵੱਲੋਂ ਕੁਝ ‘ਤਕਨੀਕੀ ਕਾਰਨਾਂ’ ਕਰਕੇ ਹਟਾ ਕੇ ਉਸ ਦੀ ਥਾਂ ‘ਤੇ ਸੁਦੀਪ ਵਰਮਾ ਨੂੰ ਬਰੈਂਪਟਨ ਈਸਟ ਤੋਂ ਉਮੀਦਵਾਰ ਬਣਾਇਆ ਗਿਆ ਜੋ ਪੰਜਾਬੀ-ਮੂਲ ਦਾ ਹੀ ਹੈ। ਐੱਨ.ਡੀ.ਪੀ. ਅਤੇ ਲਿਬਰਲ ਪਾਰਟੀ ਵੱਲੋਂ ਇਕ-ਇਕ ਉਮੀਦਵਾਰ ਦੂਸਰੀਆਂ ਕਮਿਊਨਿਟੀਆਂ ਵਿੱਚੋਂ ਕ੍ਰਮਵਾਰ ਕੈਵਿਨ ਯਾਰਡੀ (ਬਲੈਕ ਕਮਿਊਨਿਟੀ) ਅਤੇ ਸਫ਼ਦਰ ਹੁਸੈਨ (ਮੁਸਲਿਮ ਭਾਈਚਾਰੇ) ਵਿੱਚੋਂ ਲਏ ਗਏ ਹਨ। ਬਾਕੀ ਸਾਰੇ ਦੇ ਸਾਰੇ ਗੁਰਰਤਨ ਸਿੰਘ, ਸਾਰਾ ਸਿੰਘ, ਜਗਰੂਪ ਸਿੰਘ ਤੇ ਪਰਮਜੀਤ ਸਿੰਘ ਗਿੱਲ (ਐੱਨ.ਡੀ.ਪੀ.) ਅਤੇ ਵਿੱਕ ਢਿੱਲੋਂ, ਹਰਿੰਦਰ ਮੱਲ੍ਹੀ, ਸੁਖਵੰਤ ਠੇਠੀ ਤੇ ਡਾ.ਪਰਮਜੀਤ ਸਿੰਘ (ਲਿਬਰਲ) ਸਾਰੇ ਪੰਜਾਬੀ ਪਿਛੋਕੜ ਦੇ ਹੀ ਹਨ।
ਖ਼ੈਰ! ਇਸ ਵਿਚ ਇਨ੍ਹਾਂ ਤਿੰਨਾਂ ਮੁੱਖ ਸਿਆਸੀ ਪਾਰਟੀਆਂ ਵੱਲੋਂ (ਇੱਕਾ-ਦੁੱਕਾ ਨੂੰ) ਛੱਡ ਕੇ ਸ਼ਾਇਦ ਪੰਜਾਬੀ ਦੇ ਵਿਰੁੱਧ ਪੰਜਾਬੀ ਉਮੀਦਵਾਰ ਖੜ੍ਹੇ ਕਰਨ ਦੀ ਨੀਤੀ ਅਪਨਾਈ ਗਈ ਹੋਵੇਗੀ ਅਤੇ ਏਸੇ ਨੀਤੀ ਦੇ ਤਹਿਤ ਬਰੈਂਪਟਨ ਵੈੱਸਟ ਤੋਂ ਪੀ.ਸੀ.ਪਾਰਟੀ ਦੇ ਅਮਰਜੋਤ ਸੰਧੂ, ਐੱਨ.ਡੀ.ਪੀ. ਦੇ ਜਗਰੂਪ ਸਿੰਘ ਅਤੇ ਲਿਬਰਲ ਪਾਰਟੀ ਦੇ ਤਿੰਨ ਵਾਰ ਸਫ਼ਲਤਾ-ਪੂਰਵਕ ਇਹ ਚੋਣ ਲੜ ਚੁੱਕੇ ਵਿੱਕ ਢਿੱਲੋਂ ਇਸ ਸਮੇਂ ਇਨ੍ਹਾਂ ਚੋਣਾਂ ਦੇ ਮੈਦਾਨ ਵਿਚ ਡੱਟੇ ਹੋਏ ਹਨ। ਜਿੱਥੇ ਵਿੱਕ ਢਿੱਲੋਂ ਕੋਲ ਇਹ ਚੋਣ ਤਿੰਨ ਵਾਰ ਲੜਨ ਦਾ ਲੰਮਾ ਤਜਰਬਾ ਹੈ, ਉੱਥੇ ਇਸ ਦੇ ਮੁਕਾਬਲੇ ਅਮਰਜੋਤ ਸੰਧੂ ਅਤੇ ਜਗਰੂਪ ਸਿੰਘ ਦੋਵੇਂ ਹੀ ‘ਨਵੇਂ ਖਿਲਾੜੀ’ ਹਨ।
ਪਰ ਦੂਸਰੇ ਪਾਸੇ ਇਹ ਦੋਵੇਂ ਭਾਵੇਂ ਉਮਰ ਅਤੇ ਸਿਆਸੀ ਤਜਰਬੇ ਵਿਚ ਵਿੱਕ ਢਿੱਲੋਂ ਤੋਂ ਬਹੁਤ ਹੇਠਾਂ ਹਨ ਪਰ ਇਸ ਵਾਰ ਓਨਟਾਰੀਓ ਦੇ ਬਦਲੇ ਹੋਏ ਸਿਆਸੀ ਹਾਲਾਤ ਜਿਸ ਵਿਚ ਲਿਬਰਲ ਪਾਰਟੀ ਦਾ ਚੋਣ-ਗਰਾਫ਼ ਕਾਫ਼ੀ ਥੱਲੇ ਦਿਖਾਈ ਦੇ ਰਿਹਾ ਹੈ, ਉਸ ਦੇ ਨਾਲੋਂ ਉੱਪਰ ਜਾਪਦੇ ਹਨ। ਇਸ ਦਾ ਪੂਰਾ ਪਤਾ ਤਾਂ 7 ਜੂਨ ਦੀ ਸ਼ਾਮ ਨੂੰ ਹੀ ਲੱਗੇਗਾ ਪਰ ਫਿਲਹਾਲ ਅਮਰਜੋਤ ਸੰਧੂ ਆਪਣੀ ਚੋਣ-ਮੁਹਿੰਮ ਟੀਮ ਦੇ ਨਾਲ ਪੂਰੇ ਜ਼ੋਰ-ਸ਼ੋਰ ਨਾਲ ਵੋਟਰਾਂ ਦੇ ਦਰਵਾਜ਼ੇ ‘ਖਟਖਟਾ’ ਰਿਹਾ ਹੈ। ਉਸ ਦੇ ਚੋਣ-ਦਫ਼ਤਰ ਵਿਚ ਵੀ ਵਰਕਰਾਂ ਅਤੇ ਵਾਲੰਟੀਅਰਾਂ ਦੀ ਆਵਾਜਾਈ ਅਤੇ ਚਹਿਲ-ਪਹਿਲ ਖ਼ੂਬ ਦਿਖਾਈ ਦਿੰਦੀ ਹੈ। ਓਧਰ ਐੱਨ.ਡੀ.ਪੀ. ਦਾ ਜਗਰੂਪ ਸਿੰਘ ਵੀ ਆਪਣਾ ਅੱਡੀ-ਚੋਟੀ ਦਾ ਜ਼ੋਰ ਲਗਾ ਰਿਹਾ ਹੈ ਅਤੇ ਵਿੱਕ ਢਿੱਲੋਂ ਵੀ ਆਪਣੇ ਸਿਆਸੀ ਵੱਕਾਰ ਨੂੰ ਕਾਇਮ ਰੱਖਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਹੁਣ ਵੇਖਣਾ ਏਹੀ ਹੈ ਕਿ 7 ਜੂਨ ਦੀ ਸ਼ਾਮ ਨੂੰ ਢੋਲ ਉੱਪਰ ਭੰਗੜਾ ਕਿਸ ਦੇ ਖ਼ੇਮੇਂ ਵਿਚ ਪੈਂਦਾ ਹੈ।
Home / ਕੈਨੇਡਾ / ਬਰੈਂਪਟਨ ਵੈੱਸਟ ਤੋਂ ਪੀ.ਸੀ. ਉਮੀਦਵਾਰ ਅਮਰਜੋਤ ਸੰਧੂ ਚਲਾ ਰਿਹੈ ਆਪਣੀ ਚੋਣ-ਮੁਹਿੰਮ ਪੂਰੇ ਜ਼ੋਰ-ਸ਼ੋਰ ਨਾਲ
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …