ਭਾਰਤ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ ਉਸ ਨੇ ਬੁੱਧਵਾਰ ਨੂੰ ਗਲਤੀ ਨਾਲ ਪਾਕਿਸਤਾਨ ਵੱਲ ਇੱਕ ਮਿਜ਼ਾਇਲ ਦਾਗ ਦਿੱਤੀ ਗਈ। ਭਾਰਤ ਦਾ ਕਹਿਣਾ ਹੈ ਕਿ ਘਟਨਾ ਰੁਟੀਨ ਸਾਂਭ-ਸੰਭਾਲ ਦੌਰਾਨ ਇੱਕ ”ਤਕਨੀਕੀ ਗੜਬੜੀ” ਕਾਰਨ ਵਾਪਰੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਬਹੁਤ ਅਫ਼ਸੋਸਜਨਕ ਘਟਨਾ ਸੀ ਅਤੇ ਭਾਰਤ ਨੇ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਾ ਹੋਣ ’ਤੇ ਸਕੂਨ ਦਾ ਪ੍ਰਗਟਾਵਾ ਕੀਤਾ ਹੈ।
ਪਾਕਿਸਤਾਨ ਨੇ ਕਿਹਾ ਹੈ ਕਿ ਇੱਕ ਤੇਜ਼ ਗਤੀ ਵਸਤੂ ਦੇਸ ਦੇ ਪੂਰਬੀ ਸ਼ਹਿਰ ਵਿੱਚ ਡਿੱਗੀ ਹੈ। ਇਸ ਨੇ ਰਸਤੇ ਵਿੱਚ ਪੈਣ ਵਾਲੀਆਂ ਯਾਤਰੀ ਉਡਾਣਾਂ ਨੂੰ ਖਤਰੇ ਵਿੱਚ ਪਾਇਆ। ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾ ਕੋਲ ਪਰਮਾਣੂ ਹਥਿਆਰ ਹਨ। ਇਸਲਾਮਾਬਾਦ ਨੇ ਦਿੱਲੀ ਨੂੰ ”ਅਜਿਹੀ ਲਾਪਰਵਾਹੀ ਦੇ ਨਤੀਜਿਆਂ ਤੋਂ ਆਗਾਹ” ਰਹਿਣ ਅਤੇ ਮੁੜ ਨਾ ਦੁਹਰਾਉਣ ਲਈ ਕਿਹਾ ਹੈ। ਇਹ ਕਿਹਾ ਗਿਆ ਹੈ ਕਿ ਮਿਜ਼ਾਇਲ ਹਰਿਆਣਾ ਦੇ ਸਿਰਸਾ ਤੋਂ ਦਾਗੀ ਗਈ ਸੀ। ਪਾਕਿਸਤਾਨ ਮਿਲਟਰੀ ਦੇ ਬੁਲਾਰੇ ਕਿਹਾ ਕਿ ,”ਆਪਣੇ ਰਸਤੇ ਵਿੱਚ ਇਸ ਨੇ ਦੋਵਾਂ ਦੇਸ਼ਾ ਯਾਨੀ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਕਈ ਦੇਸੀ ਅਤੇ ਕੌਮਾਂਤਰੀ ਯਾਤਰੀ ਜਹਾਜ਼ਾਂ ਅਤੇ ਮਨੁੱਖੀ ਜ਼ਿੰਦਗੀ ‘ਤੇ ਜਾਇਦਾਦ ਨੂੰ ਖਤਰੇ ਵਿੱਚ ਪਾਇਆ।”
ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਨੇ ਭਾਰਤ ਦੇ ਚਾਰਜ ਡ’ਅਫੇਅਰ ਨੂੰ ਮਾਮਲੇ ਦੀ ਸ਼ਿਕਾਇਤ ਕਰਨ ਲਈ ਤਲਬ ਕੀਤਾ ਸੀ। ਪਾਕਿਸਤਾਨ ਨੇ ਭਾਰਤ ਨੂੰ ਮਾਮਲੇ ਦੇ ਜਾਂਚ ਤੋਂ ਹਾਸਲ ਹੋਈ ਜਾਣਕਾਰੀ ਵੀ ਸਾਂਝੀ ਕਰਨ ਦੀ ਮੰਗ ਕੀਤੀ ਹੈ।