ਬਰੈਂਪਟਨ/ਹਰਿੰਦਰ ਸਿੰਘ ਮੱਲ੍ਹੀ : ਪਿਛਲੇ ਦਿਨੀਂ ਮੋਗਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਮੱਲੀਆਂ ਤੋਂ ਕੈਨੇਡਾ ਆ ਵਸੇ ਗਰਾਈਆਂ ਨੇ ਸਾਲਾਨਾ ਪਿਕਨਿਕ ਬਰੈਂਪਟਨ ਦੇ ਐਲਡਾਰੈਡੋ ਪਾਰਕ ਕਰੈਡਿਟ ਵਿਊ ਵਿਖੇ ਬੜੇ ਚਾਅ ਮਲਾਰ ਨਾਲ ਮਨਾਈ। ਪਹੁ-ਫੁਟਾਲੇ ਨਾਲ ਜਸਵਿੰਦਰ ਤੇ ਗੁਰਦੀਪ ਨੇ ਪਿਕਨਿਕ ਲਈ ਨਦੀ ਦੇ ਕਿਨਾਰੇ ਕੋਲ ਥਾਂ ਦੀ ਚੋਣ ਕਰ ਲਈ। ਉਚੇ-ਉਚੇ ਦਰੱਖਤਾਂ ਤੇ ਹਰੇ-ਹਰੇ ਘਾਹ ਨਾਲ ਘਿਰੀ ਇਹ ਥਾਂ ਬਹੁਤ ਮਨਮੋਹਨੀ ਲੱਗਦੀ ਸੀ। ਸਵੇਰ ਵੇਲੇ ਤੋਂ ਹੀ ਮਹਿਮਾਨ ਪਾਰਕ ਵੱਲ ਪਧਾਰਨੇ ਸ਼ੂਰੂ ਹੋ ਗਏ। ਬਣ ਠਣ ਕੇ ਆ ਰਹੇ ਸੱਜਣਾਂ ਨੇ ਗਰਮ ਚਾਹ ਨਾਲ ਪਾਲਕ ਪਨੀਰ ਦੇ ਪਕੌੜੇ, ਸਮੋਸੇ, ਛੋਲੇ ਤੇ ਬੇਸਿਨ ਦਾ ਖੂਬ ਸੁਆਦ ਮਾਣਿਆ। ਕਈ ਕਿਸਮ ਦੇ ਜੂਸ ਤੇ ਕੋਲਡ ਡਰਿੰਕਸ ਵੀ ਪਰੋਸੇ ਗਏ। ਦੇਸੋਂ ਆਏ ਨਵੇਂ ਵਿਦਿਆਰਥੀਆਂ ਲਈ ਕੈਨੇਡੀਅਨ ਜੀਵਨ ਵਿਚ ਇਸ ਤਰ੍ਹਾਂ ਦੇ ਖੁੱਲ੍ਹੇ ਮਹੌਲ ਵਿਚ ਖਾਣਾ ਪੀਣਾ ਨਿਵੇਕਲਾ ਤਜਰਬਾ ਸੀ। ਪਿਛਲੇ ਪਿੰਡਾਂ ਦੇ ਜੀਵਨ ਤੇ ਕੈਨੇਡੀਅਨ ਲਾਈਫ ਸਟਾਈਲ ਦੀ ਆਜ਼ਾਦੀ ਦਾ ਅੰਤਰ ਉਹਨਾਂ ਲਈ ਹੈਰਾਨੀਜਨਕ ਜਾਪਦਾ ਸੀ। ਬੱਦਲਾਂ ਦੀ ਕਿਣਮਿਣ ਤੇ ਧੁੱਪ ਛਾਂ ਵਾਲਾ ਮੌਸਮ ਮਾਹੌਲ ਨੂੰ ਹੋਰ ਵੀ ਸੁਹਾਵਨਾ ਬਣਾ ਰਿਹਾ ਸੀ।
ਪਿੰਡ ਦੇ ਭੈਣ ਭਰਾਵਾਂ ਨੂੰ ਮਿਲ ਕੇ ਪਿੰਡ ਦੀਆਂ ਗਲੀਆਂ ਬੋਹੜਾਂ, ਪਿਪਲਾਂ ਤੇ ਨਿੰਮਾਂ ਦੀਆਂ ਰੌਣਕਾਂ ਦੀਆਂ ਭੁੱਲੀਆਂ ਵਿਸਰੀਆਂ ਬਾਤਾਂ ਪਈਆਂ। ਛੱਪੜਾਂ, ਖੂਹਾਂ, ਟੋਬਿਆਂ ਤੇ ਰਾਹਾਂ ਦੇ ਬਦਲਦੇ ਰੂਪਾਂ ਦੇ ਚਰਚੇ ਹੁੰਦੇ ਰਹੇ। ਪਿੰਡ ਦੇ ਪਹਿਲੇ ਅਧਿਆਪਕਾਂ ਚੰਨਣ ਸਿੰਘ ਤੇ ਗੁਰਦਿਆਲ ਸਿੰਘ ਦੀਆਂ ਪੜ੍ਹਾਉਣ ਦੀਆਂ ਤਕਨੀਕਾਂ ਦੀ ਸਿਫਤ ਸਲਾਹ ਸਭ ਸਤਿਕਾਰ ਨਾਲ ਕਰ ਰਹੇ ਸਨ। ਐਡਮੰਟਨ ਤੋਂ ਵਿਸ਼ੇਸ਼ ਤੌਰ ‘ਤੇ ਆਏ ਸੁਖਦੇਵ ਸਿੰਘ ਮੱਲ੍ਹੀ ਦੀ ਜਾਣ-ਪਛਾਣ ਕਰਾਉਂਦਿਆਂ ਹਰਿੰਦਰ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ 1972 ਵਿਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਐਮ ਐਸ ਸੀ ਕਰਕੇ ਐਡਮੰਟਨ ਵਿਖੇ ਪੀ ਐਚ ਡੀ ਕਰਕੇ ਰੀਸਰਚ ਸਕਾਲਰ ਤੇ ਪ੍ਰੋਫੈਸਰ ਬਣ ਕੇ ਯੂਨੀਵਰਸਟੀ ਆਫ ਅਲਬਰਟਾ ਵਿਚ ਲੰਬਾਂ ਸਮਾ ਪੜ੍ਹਾਉਂਦੇ ਰਹੇ ਹਨ ਤੇ ਕੈਨੇਡਾ ਦੇ ਉੱਘੇ ਖੇਤੀਬਾੜੀ ਵਿਗਿਆਨੀ ਹਨ।
ਸੁਖਦੇਵ ਸਿੰਘ ਨੇ ਪਿਕਨਿਕਿ ਵਿਚ ਆਏ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ 50 ਕਿਲੋਮੀਟਰ ਸਾਈਕਲ ਚਲਾ ਕੇ ਲੁਧਿਆਣੇ ਪੜ੍ਹਨ ਜਾਇਆ ਕਰਦੇ ਸਨ। ਉਹਨਾਂ ਕਿਹਾ ਕਿ ਉਚ ਵਿਦਿਆ ਅਤੇ ਸਖਤ ਮਿਹਨਤ ਹੀ ਕਾਮਯਾਬੀ ਦੇ ਰਾਜ ਹਨ। ਅਵਤਾਰ ਸਿੰਘ ਵਿਰਦੀ ਨੇ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਅਤੇ ਇਨਾਮਾਂ ਨਾਲ ਸਨਮਾਨ ਕਰਵਾਇਆ। ਧੁੱਪਾਂ ਮੁੜਦਿਆਂ ਹੀ ਸਵਾਦਲੇ ਪੀਜ਼ੇ ਛਕਦਿਆਂ ਸਭ ਸੱਜਣ ਅਗਲੇ ਵਰ੍ਹੇ ਫਿਰ ਮਿਲਣ ਦਾ ਇਕਰਾਰ ਕਰਦੇ ਵਿਸਰਜਨ ਕਰਦੇ ਗਏ। ਯਾਦਾਂ ਆਉਂਦੀਆਂ ਰਹਿਣਗੀਆਂ। ਆਮੀਨ ।