ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਔਰਤਾਂ ਦੀ ਸਰਗਰਮ ਜੱਥੇਬੰਦੀ ઑਫਲਾਵਰ ਸਿਟੀ ਫਰੈਂਡਜ਼਼ ਵੱਲੋਂ ਲੰਘੇ ਐਤਵਾਰ 10 ਸਤੰਬਰ ਨੂੰ ਲੇਬਰ-ਡੇਅ ઑਮਲਟੀਕਲਚਰਲ ਮੇਲ਼ੇ ਵਜੋਂ ਮਨਾਇਆ ਗਿਆ। ਇਸ ਵਿਚ ਵੱਖ-ਵੱਖ ਸੱਭਿਆਚਾਰਾਂ ਦੀ ਆਪਸੀ ਏਕਤਾ ਤੇ ਅਖੰਡਤਾ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ ਗਈ ਅਤੇ ਇਸ ਦੇ ਨਾਲ ਹੀ ਲੇਬਰ-ਡੇਅ ਦੀ ਮਹਾਨਤਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੇਲੇ ਵਿਚ 90 ਤੋਂ ਵਧੀਕ ਔਰਤ ਮੈਂਬਰਾਂ ਨੇ ਭਾਗ ਲਿਆ ਅਤੇ ਇਨ੍ਹਾਂ ਤੋਂ ਇਲਾਵਾ ਕਈ ਮਹਿਮਾਨ ਵੀ ਸ਼ਾਮਲ ਸਨ।
ਮੇਲੇ ਵਿਚ ਵੱਖ-ਵੱਖ ਪਿਛੋਕੜ ਦੀਆਂ ਔਰਤਾਂ ਵੱਲੋਂ ਆਪੋ-ਆਪਣੇ ਸੱਭਿਆਚਾਰ ਦਾ ਖ਼ੂਬਸੂਰਤ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਆਰਟ, ਕਰਾਫ਼ਟ, ਕੱਪੜਿਆਂ, ਭਾਡਿਆਂ ਅਤੇ ਸੱਭਿਆਚਾਰ ਨਾਲ ਜੁੜੀਆਂ ਹੋਰ ਚੀਜ਼ਾਂ-ਵਸਤਾਂ ਦੀ ਖ਼ੂਬਸੂਰਤ ਪ੍ਰਦਰਸ਼ਨੀ ਲਗਾਈ ਗਈ ਜਿਸ ਨੂੰ ਹਰੇਕ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ। ਇਹ ਪ੍ਰਦਰਸ਼ਨੀ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰਾਂ ਨੂੰ ਬਾਖ਼ੂਬੀ ਦਰਸਾ ਰਹੀ ਸੀ। ਇਸ ਦੇ ਨਾਲ ਹੀ ਇਸ ਮੇਲੇ ਵਿਚ ਵੱਖ-ਵੱਖ ਕਿਸਮ ਦੀਆਂ ਖਾਣ-ਪੀਣ ਦੀਆਂ ਵਸਤਾਂ ਮਸਾਲੇਦਾਰ ਇੰਡੀਅਨ ਕੜੀ, ਇਟਾਲੀਅਨ ਪਾਸਟਾ, ਮੈਕਸੀਕਨ ਟੇਕੋਜ਼, ਆਦਿ ਦੀ ਵੀ ਭਰਮਾਰ ਸੀ ਜਿਸ ਦਾ ਖ਼ੂਬ ਆਨੰਦ ਲਿਆ ਜਾ ਰਿਹਾ ਸੀ।
ਖਾਣ-ਪੀਣ ਤੋਂ ਬਾਅਦ ਮਨੋਰੰਜਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਿਸ ਵਿਚ ਕਲਾਕਾਰਾਂ ਨੇ ਆਪਣੇ ਅੰਦਰ ਛਿਪੀ ਕਲਾ ਨੂੰ ਸੰਗੀਤ, ਡਾਂਸ ਅਤੇ ਥੀਏਟਰ ਦੀਆਂ ਵੱਖ-ਵੱਖ ਵੰਨਗੀਆਂ ਰਾਹੀਂ ਬਾਹਰ ਲਿਆਉਂਦੇ ਹੋਏ ਬਾਖ਼ੂਬੀ ਪੇਸ਼ ਕੀਤਾ। ਪੰਜਾਬੀ ਨਾਚ ઑਗਿੱਧੇ਼ ਦੀ ਇਸ ਵਿਚ ਸਰਦਾਰੀ ਰਹੀ। ਮਿਊਜ਼ੀਕਲ ਚੇਅਰ ਰੇਸ ਅਤੇ ਬਿੰਗੋ ਵਰਗੀਆਂ ਗੇਮਾਂ ਵੀ ਕਰਵਾਈਆਂ ਗਈਆਂ ਜਿਸ ਵਿਚ ਹਰੇਕ ਨੇ ਬੜੇ ਸ਼ੌਕ ਅਤੇ ਉਤਸ਼ਾਹ ਨਾਲ ਭਾਗ ਲਿਆ। ਕਈ ਮਜ਼ਦੂਰ ਜੱਥੇਬੰਦੀਆਂ ਅਤੇ ਕਮਿਊਨਿਟੀਆਂ ਦੇ ਆਗੂਆਂ ਨੇ ਇਸ ਮੇਲੇ ਵਿਚ ਸ਼ਿਰਕਤ ਕੀਤੀ ਅਤੇ ਲੇਬਰ-ਡੇਅ ਦੇ ਆਰੰਭ ਹੋਣ ਅਤੇ ਦੁਨੀਆਂ-ਭਰ ਵਿਚ ਇਸ ਨੂੰ ਮਨਾਉਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਆਪਣੇ ਸੰਬੋਧਨਾਂ ਵਿਚ ਉਨ੍ਹਾਂ ਵੱਲੋਂ ਮਜ਼ਦੂਰਾਂ ਦੇ ਹੱਕਾਂ ਅਤੇ ਕੰਮਾਂ ਦੀਆਂ ਪੁਰਾਣੀਆਂ ਤੇ ਅਜੋਕੀਆਂ ਹਾਲਤਾਂ ਬਾਰੇ ਖ਼ੂਬ ਰੌਸ਼ਨੀ ਪਾਈ ਗਈ। ਇਸ ਮੌਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਦੀ ਵਾਈਸ-ਪ੍ਰੈਜ਼ ਅਨੂਜਾ ਕਾਬੁਲੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, ”ਲੇਬਰ-ਡੇਅ ਕੇਵਲ ਛੁੱਟੀ ਦਾ ਦਿਨ ਹੀ ਨਹੀਂ ਹੈ, ਸਗੋਂ ਇਹ ਤਾਂ ਸੰਸਾਰ-ਭਰ ਦੇ ਮਜਦੂਰਾਂ ਦੀ ਸਖ਼ਤ ਮਿਹਨਤ ਅਤੇ ਦਿਆਨਤਦਾਰੀ ਨੂੰ ਸਿਜਦਾ ਹੈ। ਸਾਡਾ ਇਹ ਬਹੁ-ਸੱਭਿਆਚਾਰਕ ਮੇਲਾ ਇਸ ਦਿਨ ਦੀ ਮਹਾਨਤਾ ਨੂੰ ਯਾਦ ਕਰਨ ਦਾ ਨਿਮਾਣਾ ਜਿਹਾ ਯਤਨ ਹੈ। ਇਸ ਦੀ ਕਾਮਯਾਬੀ ਲਈ ਕਮਿਊਨਿਟੀ ਵੱਲੋਂ ਮਿਲੇ ਭਰਵੇਂ ਸਹਿਯੋਗ ਲਈ ਅਸੀਂ ਸਾਰਿਆਂ ਦੇ ਅਤੀ ਧੰਨਵਾਦੀ ਹਾਂ।”
ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਏਕਤਾ, ਅਖੰਡਤਾ ਅਤੇ ਦੋਸਤੀ ਲਈ ਜਾਣੀ ਜਾਂਦੀ ਹੈ। ਇਹ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਖ਼ੂਬ ਸਮਝਦੀ ਹੈ ਅਤੇ ਸਮਾਜ ਨੂੰ ਸਾਰਥਿਕ ਸੇਧ ਦੇਣ ਲਈ ਸਮੇਂ-ਸਮੇਂ ਆਪਣੇ ਪ੍ਰੋਗਰਾਮ ਉਲੀਕਦੀ ਰਹਿੰਦੀ ਹੈ। ਇਹ ਸੱਭਿਆਚਾਰਕ ਮੇਲਾ ਕਮਿਊਨਿਟੀ ਵਿਚ ਬਹੁ-ਪੱਖੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ, ਆਪਸੀ ਸਮਝ ਦਾ ਘੇਰਾ ਹੋਰ ਵਿਸ਼ਾਲ ਕਰਨ ਅਤੇ ਮਜ਼ਦੂਰ-ਦਿਵਸ ਨੂੰ ਯਾਦ ਕਰਨ ਦਾ ਸਫ਼ਲ ਯਤਨ ਸਾਬਤ ਹੋਇਆ। ਅਖ਼ੀਰ ਵਿਚ ਜਸਵਿੰਦਰ ਕੌਰ ਵੱਲੋਂ ਸਮੂਹ ਮੈਬਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।