ਬਰੈਂਪਟਨ : ਹਰੇਕ ਬਰੈਂਪਟਨ ਵਾਸੀ ਇੱਕ ਸੁਰੱਖਿਅਤ ਅਤੇ ਕਿਫਾਇਤੀ ਜਗ੍ਹਾ ਦਾ ਹੱਕਦਾਰ ਹੈ। ਬਰੈਂਪਟਨ ਅਤੇ ਦੇਸ਼ ਭਰ ਵਿੱਚ ਉੱਚ ਰਿਹਾਇਸ਼ੀ ਖਰਚਿਆਂ ਨੂੰ ਹੱਲ ਕਰਨ ਲਈ, ਕੈਨੇਡਾ ਸਰਕਾਰ ਵੱਲੋਂ ਕਿਰਾਏ ਦੇ ਮਕਾਨਾਂ ਵਿੱਚ ਨਿਵੇਸ਼ ਦੇ ਐਲਾਨ ਕੀਤੇ ਜਾ ਰਹੇ ਹਨ। ਇਹ ਨਿਵੇਸ਼ ਰਿਹਾਇਸ਼ ਮੁਹੱਈਆ ਕਰਵਾਉਣ ਤੋਂ ਇਲਾਵਾ ਨੌਕਰੀਆਂ ਪੈਦਾ ਕਰਨ ਅਤੇ ਮੱਧ ਵਰਗ ਲਈ ਸਹਾਇਕ ਸਾਬਤ ਹੋਣਗੇ, ਬਲਕਿ ਅਫੋਰਡੇਬਲ ਹਾਊਸਿੰਗ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਵੀ ਲਾਹੇਵੰਦ ਹੋਣਗੇ। ਇਸ ਸਬੰਧੀ ਗੱਲ ਕਰਦਿਆਂ ਐੱਮ.ਪੀ ਸੋਨੀਆ ਸਿੱਧੂ ਨੇ ਕਿਹਾ ਕਿ ਫੈਡਰਲ ਸਰਕਾਰ ਪੂਰੇ ਦੇਸ਼ ਅਤੇ ਬਰੈਂਪਟਨ ਵਿਚ ਕਿਫਾਇਤੀ ਰਿਹਾਇਸ਼ਾਂ ਵਿਚ ਨਿਵੇਸ਼ ਕਰਨਾ ਜਾਰੀ ਰੱਖੇਗੀ। ਰਹਿਣ ਲਈ ਕਿਫਾਇਤੀ ਘਰ ਹੋਣਾ ਮੁੱਢਲੀਆਂ ਜ਼ਰੂਰਤਾਂ ਵਿਚੋਂ ਇੱਕ ਹੈ, ਜਿਸ ਨੂੰ ਸਾਡੀ ਕੈਨੇਡਾ ਫੈੱਡਰਲ ਸਰਕਾਰ ਚੰਗੀ ਤਰ੍ਹਾਂ ਸਮਝਦੀ ਹੈ। ਸੋਮਵਾਰ ਨੂੰ ਕਿਫਾਇਤੀ ਰਿਹਾਇਸ਼ਾਂ ਲਈ ਕੀਤਾ ਗਿਆ ਇਹ ਐਲਾਨ ਬਰੈਂਪਟਨ ਵਾਸੀਆਂ ਨੂੰ ਰਹਿਣ ਲਈ ਇੱਕ ਮਹਿਫੂਜ਼ ਜਗ੍ਹਾ ਲੱਭਣ ਵਿਚ ਸਹਾਇਤਾ ਕਰੇਗਾ। ਕੈਨੇਡੀਅਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਉਹਨਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਲਈ ਕੈਨੇਡਾ ਫੈੱਡਰਲ ਸਰਕਾਰ ਹਮੇਸ਼ਾ ਕੈਨੇਡੀਅਨਾਂ ਦੇ ਨਾਲ ਖੜ੍ਹੇ ਰਹਿਣ ਲਈ ਵਚਨਬੱਧ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬਰੈਂਪਟਨ ਦਾ ਦੌਰਾ ਕੀਤਾ ਗਿਆ, ਜਿੱਥੇ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਅਤੇ ਉਨ੍ਹਾਂ ਦੇ ਬਰੈਂਪਟਨ ਦੇ ਐੱਮ.ਪੀ ਰੂਬੀ ਸਹੋਤਾ, ਮਨਿੰਦਰ ਸਿੱਧੂ ਅਤੇ ਕਮਲ ਖਹਿਰਾ ਮੌਜੂਦ ਰਹੇ। ਇਸ ਮੌਕੇ ਪੀ.ਐੱਮ ਵੱਲੋਂ ਇੱਕ 40 ਮੰਜ਼ਲਾ, ਬਹੁ-ਰਿਹਾਇਸ਼ੀ ਇਮਾਰਤ ਬਰੈਂਪਟਨ ਵਿਖੇ ਬਣਾਉਣ ਲਈ 120 ਮਿਲੀਅਨ ਡਾਲਰ ਦੇ ਫੈੱਡਰਲ ਨਿਵੇਸ਼ ਦਾ ਐਲਾਨ ਕੀਤਾ। ਇਸ ਨਾਲ ਕਰੀਬ 300 ਤੋਂ ਵੱਧ ਸਥਾਨਕ ਪਰਿਵਾਰਾਂ ਨੂੰ ਰਿਹਾਇਸ਼ੀ ਇਕਾਈਆਂ ਲੱਭਣ ਵਿੱਚ ਸਹਾਇਤਾ ਹੋਵੇਗੀ। ਪਿਛਲੇ ਸਾਲ ਹੀ, ਪਰਿਵਾਰਾਂ, ਬੱਚਿਆਂ ਅਤੇ ਸਮਾਜਿਕ ਵਿਕਾਸ ਮੰਤਰੀ, ਮਾਣਯੋਗ ਅਹਿਮਦ ਹੁਸੈਨ ਨੇ ਪੀਲ ਵਿਚ ਨਵੀਂ ਕਿਫਾਇਤੀ ਰਿਹਾਇਸ਼ ਬਣਾਉਣ ਲਈ ਰਾਸ਼ਟਰੀ ਆਵਾਸ ਸਹਿ-ਨਿਵੇਸ਼ ਫੰਡ ਦੇ ਜ਼ਰੀਏ ਫੈਡਰਲ ਸਰਕਾਰ ਤੋਂ 276 ਮਿਲੀਅਨ ਡਾਲਰ ਤੋਂ ਵੱਧ ਦੀ ਵਿੱਤੀ ਪ੍ਰਤੀਬੱਧਤਾ ਦਾ ਐਲਾਨ ਕੀਤਾ ਹੈ। ਇਹ 276 ਮਿਲੀਅਨ ਡਾਲਰ ਦਾ ਨਿਵੇਸ਼ ਪੀਲ ਦੇ ਖੇਤਰ ਵਿਚ ਕੈਨੇਡਾ ਦੀ ਸਰਕਾਰ ਦੁਆਰਾ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡੇ ਵਿਅਕਤੀਗਤ ਰਿਹਾਇਸ਼ੀ ਨਿਵੇਸ਼ ਹੈ। ਇਸ ਐਲਾਨ ਤੋਂ ਬਾਅਦ ਪੀ.ਐੱਮ ਟਰੂਡੋ ਵੱਲੋਂ ਬਰੈਂਪਟਨ ਸਾਊਥ ਅਤੇ ਹੋਰ ਹਲਕਿਆਂ ਦੀ ਯੂਥ ਕੌਂਸਲ ਦੇ ਵਾਲੰਟੀਅਰਾਂ ਨਾਲ ਗੱਲਬਾਤ ਕੀਤੀ ਗਈ, ਜਿੱਥੇ ਉਹਨਾਂ ਨੇ ਨੌਜਵਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਸੁਝਾਅ ਸਾਂਝੇ ਕੀਤੇ। ਇਹ ਮੁਲਾਕਾਤ ਵਾਲੰਟੀਅਰਾਂ ਲਈ ਕਾਫੀ ਉਤਸ਼ਾਹ ਅਤੇ ਪ੍ਰੇਰਣਾ ਭਰਪੂਰ ਸਾਬਤ ਹੋਈ।