ਸ਼ੱਕ ਦੀ ਸੂਈ ਬੇਰੁਜ਼ਗਾਰ ਅਧਿਆਪਕਾਂ ਵੱਲ ਜਾਣ ਲੱਗੀ
ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਵਿਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਰਾਤ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਫਲੈਕਸਾਂ ‘ਤੇ ਕਾਲਖ ਮਲ ਦਿੱਤੀ ਗਈ। ਇਸ ਨੂੰ ਲੈ ਕੇ ਪੂਰੇ ਸ਼ਹਿਰ ਵਿਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ। ਉਧਰ ਕਾਲਖ ਮੱਲਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਵੱਲੋਂ ਅਜਿਹੀ ਹਰਕਤ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ। ਧਿਆਨ ਰਹੇ ਕਿ ਫ਼ਲੈਕਸਾਂ ‘ਤੇ ਈਟੀਟੀ ਟੈਟ ਯੂਨੀਅਨ ਜ਼ਿੰਦਾਬਾਦ ਦੇ ਨਾਅਰੇ ਲਿਖ ਕੇ ਟਾਵਰ ‘ਤੇ ਧਰਨਾ ਦੇ ਰਹੇ ਬੇਰੁਜ਼ਗਾਰ ਨੂੰ ਇਨਸਾਫ਼ ਦੇਣ ਦੀ ਅਪੀਲ ਵੀ ਕੀਤੀ ਗਈ। ਇਸ ਘਟਨਾ ਲਈ ਸ਼ੱਕ ਦੀ ਸੂਈ ਬੇਰੁਜ਼ਗਾਰ ਅਧਿਆਪਕਾਂ ਵੱਲ ਜਾ ਰਹੀ ਹੈ। ਪਰ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਕਾਲਖ਼ ਮਲਣ ਵਾਲੇ ਵਿਅਕਤੀਆਂ ਨਾਲ ਕੋਈ ਵੀ ਲੈਣ-ਦੇਣ ਤੋਂ ਪੱਲਾ ਝਾੜ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਈਟੀਟੀ ਟੈਟ ਪਾਸ ਯੂਨੀਅਨ ਦੇ ਆਗੂ ਸੰਦੀਪ ਸਾਮਾ ਨੇ ਕਿਹਾ ਕਿ ਫ਼ਲੈਕਸਾਂ ‘ਤੇ ਇਹ ਜੋ ਕੁਝ ਵੀ ਲਿਖਿਆ ਗਿਆ ਹੈ ਜਥੇਬੰਦੀ ਦਾ ਇਸ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਕਿਸੇ ਵੀ ਵਿਅਕਤੀ ਦੀ ਰਾਖ਼ੀ ਨਹੀਂ ਕਰ ਸਕਦੀ ਹੈ। ਸੰਦੀਪ ਸਾਮਾ ਨੇ ਇਹ ਵੀ ਕਿਹਾ ਕਿ ਜੋ ਗੁਪਤ ਐਕਸ਼ਨ ਜਥੇਬੰਦੀ ਵੱਲੋਂ ਕੀਤਾ ਜਾਂਦਾ ਹੈ ਉਸ ਦਾ ਫ਼ੈਸਲਾ ਜਥੇਬੰਦੀ ਦੇ ਸਾਥੀਆਂ ਵੱਲੋਂ ਮਿਲ ਕੇ ਕੀਤਾ ਜਾਂਦਾ ਹੈ। ਧਿਆਨ ਰਹੇ ਕਿ ਬੇਰੁਜ਼ਗਾਰ ਅਧਿਆਪਕਾਂ ਵਲੋਂ ਪਟਿਆਲਾ ਵਿਚ ਲਗਾਤਾਰ ਕੈਪਟਨ ਖਿਲਾਫ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਵਲੋਂ ਅਧਿਆਪਕਾਂ ‘ਤੇ ਨਿਤ ਦਿਨ ਲਾਠੀਚਾਰਜ ਵੀ ਕੀਤਾ ਜਾਂਦਾ ਹੈ। ਪੰਜਾਬ ਕਾਂਗਰਸ ਵਿਚ ਵੱਡੀ ਪੱਧਰ ‘ਤੇ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਅਤੇ ਕਾਲਖ ਮਲਣ ਵਰਗੀਆਂ ਘਟਨਾਵਾਂ ਨੂੰ ਲੈ ਕੇ ਕਈ ਮਾਅਨੇ ਕੱਢੇ ਜਾ ਰਹੇ ਹਨ। ਧਿਆਨ ਰਹੇ ਕਿ ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਦੀਆਂ ਸਾਰੀਆਂ ਦਲੀਲਾਂ ਨੂੰ ਇਕ ਪਾਸੇ ਕਰਕੇ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਆ ਹੈ। ਜਦਕਿ ਕੈਪਟਨ ਨਹੀਂ ਚਾਹੁੰਦੇ ਸਨ ਕਿ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ।