Breaking News
Home / ਕੈਨੇਡਾ / ਗੁਰਪ੍ਰੀਤ ਬੈਂਸ ਦੀ ਚੋਣ ਮੁਹਿੰਮ ‘ਚ ਆਈ ਬੇਹੱਦ ਤੇਜ਼ੀ

ਗੁਰਪ੍ਰੀਤ ਬੈਂਸ ਦੀ ਚੋਣ ਮੁਹਿੰਮ ‘ਚ ਆਈ ਬੇਹੱਦ ਤੇਜ਼ੀ

ਬਰੈਂਪਟਨ/ਡਾ. ਝੰਡ : 22 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਬਰੈਂਪਟਨ ਦੇ ਵਾਰਡ ਨੰਬਰ 2 ਤੇ 6 ਤੋਂ ਰੀਜਨਲ ਕਾਊਂਸਲਰ ਲਈ ਉਮੀਦਵਾਰ ਗੁਰਪ੍ਰੀਤ ਬੈਂਸ ਆਪਣੀ ਟੀਮ ਦੇ ਸਹਿਯੋਗੀਆਂ ਨਾਲ ਸਖ਼ਤ ਮਿਹਨਤ ਕਰ ਰਹੀ ਹੈ ਜਿਸ ਸਦਕਾ ਉਸ ਦੀ ਚੋਣ-ਮੁਹਿੰਮ ਵਿਚ ਕਾਫ਼ੀ ਤੇਜ਼ੀ ਨਜ਼ਰ ਆਈ ਹੈ। ਗੁਰਪ੍ਰੀਤ ਬੈਂਸ ਟੋਰਾਂਟੋ ਦੀ ਜੰਮਪਲ ਹੈ ਅਤੇ ਹੁਣ ਇਸ ਸਮੇਂ ਆਪਣੇ ਪਰਿਵਾਰ ਸਮੇਤ ਬਰੈਂਪਟਨ ਵਿਚ ਰਹਿ ਰਹੀ ਹੈ। ਲਾਅ ਸਕੂਲ ਤੋਂ ਵਕਾਲਤ ਦੀ ਪੜ੍ਹਾਈ ਕਰਨ ਉਪਰੰਤ ਉਸ ਨੇ ਆਪਣਾ ਆਜ਼ਾਦਾਨਾ ਲਾਅ-ਆਫ਼ਿਸ ਬਣਾਇਆ ਅਤੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਆਫ਼ਿਸ ਵਿਚ ਉਸ ਨੇ ਕਈ ਸਥਾਨਕ ਵਾਸੀਆਂ ਨੂੰ ਨੌਕਰੀ ਦਿੱਤੀ ਅਤੇ ਕਈਆਂ ਵਿਦਿਆਰਥੀਆਂ ਨੂੰ ਕੋ-ਆਪ ਅਤੇ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕੀਤੇ।
ਗੁਰਪ੍ਰੀਤ ਨੇ ਬਰੈਂਪਟਨ ਸ਼ਹਿਰ ਨੂੰ ਵਿਕਾਸ ਕਰਦਿਆਂ ਆਪਣੇ ਅੱਖੀਂ ਵੇਖਿਆ ਹੈ ਅਤੇ ਇਸ ਦੀ ਸਾਲੋ-ਸਾਲ ਵੱਧ ਰਹੀ ਆਬਾਦੀ ਦੇ ਹਿਸਾਬ ਨਾਲ ਸਿਟੀ ਕਾਊਂਸਲ ਨੂੰ ਬਰੈਂਪਟਨ-ਵਾਸੀਆਂ ਨੂੰ ਬਣਦੀਆਂ ਸਹੂਲਤਾਂ ਦੇਣ ਵਿਚ ਨਾ-ਕਾਮਯਾਬ ਹੁੰਦੇ ਵੀ ਵੇਖਿਆ ਹੈ। ਬੈਂਸ ਕੋਲ ਬਰੈਂਪਟਨ ਦੇ ਵਿਕਾਸ ਅਤੇ ਇਸ ਦੀ ਖ਼ੁਸ਼ਹਾਲੀ ਲਈ ਆਪਣਾ ਵਿਜ਼ਨ ਹੈ ਜਿਸ ਵਿਚ ਲੋਕਾਂ ਦੀ ਸੁਰੱਖਿਆ, ਅਪਰਾਧਾਂ ਨੂੰ ਘਟਾਉਣਾ, ਸੜਕ ਸੁਰੱਖਿਆ, ਟਰਾਂਜ਼ਿਟ ਸਿਸਟਮ ਵਿਚ ਸੁਧਾਰ, ਅਰਥਚਾਰੇ ਵਿਚ ਵਿਕਾਸ, ਨਵੀਆਂ ਨੌਕਰੀਆਂ, ਪਾਰਦਰਸ਼ਤਾ, ਚੰਗੀ ਗਵਰਨੈਂਸ ਅਤੇ ਨੌਜੁਆਨਾਂ ਤੇ ਬਜ਼ੁਰਗਾਂ ਦੀ ਆਵਾਜ਼ ਨੂੰ ਪਹਿਲ ਦੇਣਾ, ਆਦਿ ਸ਼ਾਮਲ ਹਨ। ਬੀਤਿਆ ਵੀਕ-ਐਂਡ ਐਡਵਾਂਸ-ਪੋਲਿੰਗ ਲਈ ਆਖ਼ਰੀ ਮੌਕਾ ਸੀ ਅਤੇ ਇਸ ਦੌਰਾਨ ਬੈਂਸ ਦੀ ਟੀਮ ਆਪਣੀ ਪੂਰੀ ਤਾਕਤ ਨਾਲ ਲੋਕਾਂ ਵਿਚ ਵਿਚਰੀ। ਉਸ ਨੇ ਵੋਟਰਾਂ ਦੇ ਦਰਵਾਜ਼ੇ ਖ਼ੂਬ ਖਟਖਟਾਏ ਅਤੇ ਉਨ੍ਹਾਂ ਨੂੰ ਆਪਣੀਆਂ ਵੋਟਾਂ ਪਾਉਣ ਲਈ ਘਰਾਂ ਵਿੱਚੋਂ ਕੱਢ ਕੇ ਐਡਵਾਂਸ ਪੋਲਿੰਗ-ਸਟੇਸ਼ਨਾਂ ਵੱਲ ਤੋਰਿਆ। ਬੈਂਸ ਬੜੀ ਕਿਸਮਤ ਵਾਲੀ ਲੜਕੀ ਹੈ ਜਿਸ ਨੂੰ ਬਹੁਤ ਸਾਰੀਆਂ ਸਥਾਨਕ ਆਰਗੇਨਾਈਜ਼ੇਸ਼ਨਾਂ ਅਤੇ ਕਮਿਊਨਿਟੀ ਦੇ ਨੇਤਾਵਾਂ ਦਾ ਆਸ਼ੀਰਵਾਦ ਹਾਸਲ ਹੈ। ਇਸ ਦੇ ਨਾਲ ਹੀ ਲਿਓਨਾ, ਯੂਨੀਫ਼ਰ, ਕੈਨੇਡੀਅਨ ਲੇਬਰ ਕਾਂਗਰਸ, ਕਨਸਰਨਡ ਸਿਟੀਜ਼ਨਜ਼ ਆਫ਼ ਪੀਲ ਅਤੇ ਵੱਖ-ਵੱਖ ਸੀਨੀਅਰਜ਼ ਕਲੱਬਾਂ ਵੱਲੋਂ ਉਸ ਨੂੰ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ।
ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਹੋਇਆਂ ਗੁਰਪ੍ਰੀਤ ਬੈਂਸ ਨੇ ਕਿਹਾ, ”ਮੈਂ ਵੱਡਭਾਗੀ ਹਾਂ ਕਿ ਮੈਨੂੰ ਵਾਰਡ 2 ਤੇ 6 ਦੀ ਰੀਜ਼ਨਲ ਕਾਊਂਸਲਰ ਉਮੀਦਵਾਰ ਵਜੋਂ ਵੱਖ-ਵੱਖ ਸੰਸਥਾਵਾਂ ਅਤੇ ਲੋਕਾਂ ਵੱਲੋਂ ਏਡੀ ਵੱਡੀ ਗਿਣਤੀ ਵਿਚ ਸਹਿਯੋਗ ਮਿਲ ਰਿਹਾ ਹੈ। ਜਦੋਂ ਤੋਂ ਮੈਂ ਇਹ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ, ਮੇਰੇ ਸਹਿਯੋਗੀਆਂ ਦਾ ਇਹ ਕਾਫ਼ਲਾ ਵੱਡਾ ਅਤੇ ਹੋਰ ਵਡੇਰਾ ਹੁੰਦਾ ਗਿਆ ਹੈ। ਅਸੀਂ ਇਸ ਸ਼ਹਿਰ ਨੂੰ ਸੁਰੱਖ਼ਿਅਤ ਅਤੇ ਖ਼ੁਸ਼ਹਾਲ ਬਨਾਉਣਾ ਹੈ। ਅਸੀਂ ਸਾਰੇ ਮਿਲ ਕੇ ਬਰੈਂਪਟਨ ਵਿਚ ਤਬਦੀਲੀ ਲਿਆਉਣਾ ਚਾਹੁੰਦੇ ਹਾਂ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ 22 ਅਕਤੂਬਰ ਨੂੰ ਹਰੇਕ ਵੋਟਰ ਆਪਣੀ ਵੋਟ ਪਾਉਣ ਲਈ ਪੋਲਿੰਗ-ਸਟੇਸ਼ਨ ਵੱਲ ਕੂਚ ਕਰੇ।”

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …