-2.4 C
Toronto
Wednesday, January 21, 2026
spot_img
Homeਕੈਨੇਡਾਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਆਯੋਜਿਤ ਸਮਾਗ਼ਮ 'ਚ ਲਿੰਡਾ ਜੈੱਫ਼ਰੀ, ਗੁਰਪ੍ਰੀਤ ਢਿੱਲੋਂ,...

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਆਯੋਜਿਤ ਸਮਾਗ਼ਮ ‘ਚ ਲਿੰਡਾ ਜੈੱਫ਼ਰੀ, ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ ਤੇ ਬਲਬੀਰ ਸੋਹੀ ਨੇ ਕੀਤੀ ਸ਼ਿਰਕਤ

ਬਰੈਂਪਟਨ/ਡਾ. ਝੰਡ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਸਾਬਕਾ-ਪ੍ਰਧਾਨ ਕਰਤਾਰ ਸਿੰਘ ਚਾਹਲ ਵੱਲੋਂ ਮਿਲੀ ਸੂਚਨਾ ਅਨੁਸਾਰ ਲੰਘੀ 12 ਅਕਤੂਬਰ ਨੂੰ ਇਸ ਕਲੱਬ ਵੱਲੋਂ ਟੌਰਬਰਮ ਰੋਡ ਤੇ ਫ਼ਾਦਰ ਟੌਬਿਨ ਇੰਟਰਸੈੱਕਸ਼ਨ ਨੇੜਲੇ ਪਲਾਜ਼ੇ ਸਥਿਤ ‘ਸੰਧੂ ਸਵੀਟਸ ਐਂਡ ਰੈੱਸਟੋਰੈਂਟ’ ਵਿਚ ਆਯੋਜਿਤ ਕੀਤੇ ਗਏ ਸਮਾਗ਼ਮ ਵਿਚ ਮੇਅਰ ਲਈ ਮੁੜ ਉਮੀਦਵਾਰ ਲਿੰਡਾ ਜੈੱਫ਼ਰੀ, ਵਾਰਡ 9-10 ਲਈ ਰੀਜਨਲ ਕਾਊਂਸਲਰ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕਾਊਂਸਲਰ ਉਮੀਦਵਾਰ ਹਰਕੀਰਤ ਸਿੰਘ ਅਤੇ ਸਕੂਲ-ਟਰੱਸਟੀ ਉਮੀਦਵਾਰ ਬਲਬੀਰ ਸੋਹੀ ਨੇ ਸ਼ਮੂਲੀਅਤ ਕੀਤੀ। ਕਲੱਬ ਵੱਲੋਂ ਸ਼ਾਨਦਾਰ ਚਾਹ-ਪਾਣੀ ਤੇ ਖਾਧ-ਪਦਾਰਥਾਂ ਦਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਲਿੰਡਾ ਜੈੱਫ਼ਰੀ ਨੇ ਕਿਹਾ ਕਿ ਪਿਛਲੀ ਟੱਰਮ ਵਿਚ ਬਰੈਂਪਟਨ ਦੇ ਵਿਕਾਸ ਸਬੰਧੀ ਉਨ੍ਹਾਂ ਨੂੰ ਸਿਟੀ ਕਾਊਂਸਲ ਵਿਚ ਕੁਝ ਕਾਊਂਸਲਰਾਂ ਦੇ ਨਾਂਹ-ਪੱਖੀ ਰਵੱਈਏ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਸ਼ਹਿਰ ਵਿਚ ਐੱਲ.ਆਰ.ਟੀ. ਵਰਗੇ ਮਲਟੀ-ਮਿਲੀਅਨ ਡਾਲਰਾਂ ਵਾਲੇ ਮਹੱਤਵਪੂਰਨ ਪ੍ਰਾਜੈੱਕਟ ਨਹੀਂ ਲਿਆਂਦੇ ਜਾ ਸਕੇ। ਫਿਰ ਵੀ ਅਸੀਂ ਬਰੈਂਪਟਨ ਵਿਚ ਯੂਨੀਵਰਸਿਟੀ ਲਿਆਉਣ, ਕਈ ਨਵੀਆਂ ਨੌਕਰੀਆਂ ਪੈਦਾ ਕਰਨ ਅਤੇ ਸ਼ਹਿਰ ਦੇ ਟਰਾਂਜ਼ਿਟ ਸਿਸਟਮ ਵਿਚ ਵਾਧਾ ਤੇ ਸੁਧਾਰ ਕਰਨ ਵਰਗੇ ਕੰਮਾਂ ਵਿਚ ਕਾਮਯਾਬ ਹੋਏ ਹਾਂ। ਉਨ੍ਹਾਂ ਕਿਹਾ ਕਿ ਉਹ ਇੱਥੇ ਹੋਰ ਉਦਯੋਗ ਲਿਆ ਕੇ ਅਤੇ ਹਾਈ-ਟੈੱਕ ਨੌਕਰੀਆਂ ਪੈਦਾ ਕਰਕੇ ਸ਼ਹਿਰ ਦਾ ਹੋਰ ਵਿਕਾਸ ਕਰਕੇ ਇਸ ਨੂੰ ਖੁਸ਼ਹਾਲ ਸ਼ਹਿਰ ਬਨਾਉਣਾ ਚਾਹੁੰਦੇ ਹਨ। ਅਸੀਂ ਸੀਨੀਅਰਜ਼ ਨੂੰ ਦਰਪੇਸ਼ ਅਫ਼ੋਰਡੇਬਲ ਹਾਊਸਿੰਗ ਅਤੇ ਫ਼ਰੀ-ਸਵਿੰਮਿੰਗ ਵਰਗੀਆਂ ਸਹੂਲਤਾਂ ਵੀ ਦੇਣੀਆਂ ਚਾਹੁੰਦੇ ਹਾਂ। ਇਸ ਸੱਭ ਦੇ ਲਈ ਉਨ੍ਹਾਂ ਨੂੰ ਇਕ ਹੋਰ ਟੱਰਮ ਅਤੇ ਵਧੀਆ ਸਹਿਯੋਗੀ ਟੀਮ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਵੋਟਰ ਹਾਂ-ਪੱਖੀ ਰਵੱਈਏ ਵਾਲੇ ਉਮੀਦਵਾਰਾਂ ਦੀ ਚੋਣ ਕਰਨਗੇ।
ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਆਪਣੀ ਪਿਛਲੀ ਟੱਰਮ ਵਿਚ ਬਰੈਮਲੀ ਤੇ ਸੈਂਡਲਵੁੱਡ ਇੰਟਰਸੈੱਕਸ਼ਨ ਦੇ ਨਜ਼ਦੀਕ ਅਤਿ-ਆਧੁਨਿਕ ਸਹੂਲਤਾਂ ਵਾਲੀ ਨਵੀਂ ਲਾਇਬ੍ਰੇਰੀ ਕਾਇਮ ਕਰਨ ਅਤੇ ਇਸ ਦੇ ਗਵਾਂਢ ਵਿਚ ‘ਕਾਮਾਗਾਟਾਮਾਰੂ ਪਾਰਕ’ ਬਨਾਉਣ ਵਿਚ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਬਰੈਂਪਟਨ ਵਿਚ 25,000 ਨੌਕਰੀਆਂ ਪੈਦਾ ਕਰਨ ਅਤੇ ਸੀਨੀਅਰਜ਼ ਸਿਟੀਜ਼ਨ ਕਲੱਬਾਂ ਦੀਆਂ ਸਰਗ਼ਰਮੀਆਂ ਨੂੰ ਤੇਜ਼ ਕਰਨ ਲਈ ਵੀ ਭਰਪੂਰ ਸਹਿਯੋਗ ਦਿੱਤਾ ਹੈ ਅਤੇ ਇਨ੍ਹਾਂ ਸਬੰਧੀ ਕਈ ਮੋਸ਼ਨ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਅਜੇ ਬਹੁਤ ਸਾਰਾ ਕੰਮ ਕਰਨ ਵਾਲਾ ਹੈ ਜਿਸ ਦੇ ਲਈ ਉਨ੍ਹਾਂ ਨੂੰ ਵਾਰਡ 9-10 ਦੇ ਵੋਟਰਾਂ ਦੇ ਸਹਿਯੋਗ ਦੀ ਲੋੜ ਹੈ। ਗੁਰਕੀਰਤ ਸਿੰਘ ਨੇ ਸਕੂਲ-ਟਰੱਸਟੀ ਵਜੋਂ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੀ ਟੱਰਮ ਵਿਚ ਉਨ੍ਹਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਮੁਸ਼ਕਲਾਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਧਿਆਨ ਵਿਚ ਲਿਆਂਦੀਆਂ ਹਨ ਅਤੇ ਇਨ੍ਹਾਂ ਦੇ ਯੋਗ ਹੱਲ ਵੀ ਕੱਢੇ ਹਨ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਬੱਡੀ ਟੂਰਨਾਮੈਂਟਾਂ ਵਿਚ ਸੁਧਾਰ ਅਤੇ ਬਰੈਂਪਟਨ ਦੇ ਨੌਜਵਾਨਾਂ ਲਈ ਕੀਤੇ ਗਏ ਕਈ ਹੋਰ ਕੰਮਾਂ ਦਾ ਜ਼ਿਕਰ ਵੀ ਕੀਤਾ।
ਸਕੂਲ-ਟਰੱਸਟੀ ਉਮੀਦਵਾਰ ਬਲਬੀਰ ਸੋਹੀ ਨੇ ਇਸ ਮੌਕੇ ਆਪਣੀ ਵਿੱਦਿਅਕ ਤੇ ਤਕਨੀਕੀ ਯੋਗਤਾ ਅਤੇ ਸਮਾਜ ਪ੍ਰਤੀ ਪ੍ਰਤਿਸ਼ਟਤਾ ਤੇ ਜਿੰਮੇਂਵਾਰੀ ਦਾ ਜ਼ਿਕਰ ਕਰਦਿਆਂ ਆਪਣੇ ਆਪ ਨੂੰ ਸਕੂਲ-ਟਰੱਸਟੀ ਲਈ ਯੋਗ ਉਮੀਦਵਾਰ ਦੱਸਿਆ। ਉਨ੍ਹਾਂ ਕਿਹਾ ਕਿ ਸਕੂਲ ਜਾ ਰਹੇ ਦੋ ਬੱਚਿਆਂ ਦੀ ਮਾਂ ਹੋਣ ਦੇ ਨਾਤੇ ਉਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀਆਂ ਮੁਸ਼ਕਲਾਂ ਨੂੰ ਭਲੀ-ਭਾਂਤ ਸਮਝਦੇ ਹਨ ਤੇ ਇਨ੍ਹਾਂ ਦੇ ਹੱਲ ਲਈ ਉਹ ਸਕੂਲਾਂ ਦੀਆਂ ਮੈਨੇਜਮੈਂਟਾਂ ਅਤੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਵਿਚਕਾਰ ਇਕ ਖ਼ੂਬਸੂਰਤ ਕੜੀ ਵਾਂਗ ਕੰਮ ਕਰਨ ਦੀ ਇੱਛਾ ਰੱਖਦੇ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਲੋਕ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਦੇਣਗੇ। ਫ਼ਾਦਰ ਟੌਬਿਨ ਏਰੀਏ ਦੇ ਲੋਕਾਂ ਵੱਲੋਂ ਪ੍ਰਿੰ. ਰਾਮ ਸਿੰਘ ਨੇ ਆਏ ਮਹਿਮਾਨ ਉਮੀਦਵਾਰਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਉਨ੍ਹਾਂ ਸਾਰੇ ਹੀ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਚੋਣਾਂ ਵਿਚ ਕਾਮਯਾਬ ਹੋ ਕੇ ਲੋਕਾਂ ਦੀ ਸੇਵਾ ਕਰਨ ਅਤੇ ਜੋ ਕੁਝ ਉਹ ਇੱਥੇ ਕਹਿ ਰਹੇ ਹਨ, ਉਸ ਨੂੰ ਅਮਲ ਵਿਚ ਵੀ ਲਿਆਉਣ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਇਹ ਵਾਅਦੇ ਕਿਧਰੇ ਵਾਅਦੇ ਹੀ ਬਣ ਕੇ ਰਹਿ ਜਾਣ। ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਤੱਗੜ ਵੱਲੋਂ ਮਹਿਮਾਨ ਉਮੀਦਵਾਰਾਂ ਅਤੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

RELATED ARTICLES
POPULAR POSTS