0.8 C
Toronto
Wednesday, December 3, 2025
spot_img
Homeਕੈਨੇਡਾਫਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਉਤਸ਼ਾਹ ਨਾਲ ਮਨਾਇਆ ਕੈਨੇਡਾ ਡੇਅ

ਫਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਉਤਸ਼ਾਹ ਨਾਲ ਮਨਾਇਆ ਕੈਨੇਡਾ ਡੇਅ

ਬਰੈਂਪਟਨ/ਡਾ. ਝੰਡ : ਅਜ਼ਾਦ ਕੈਨੇਡਾ ਦਾ ਸਥਾਪਨਾ-ਦਿਵਸ ‘ਕੈਨੇਡਾ ਡੇਅ’ ਭਾਵੇਂ ਪਹਿਲੀ ਜੁਲਾਈ ਨੂੰ ਹੁੰਦਾ ਹੈ ਪਰ ਇਸ ਦੇ ਜਸ਼ਨ ਜੁਲਾਈ ਦਾ ਸਾਰਾ ਮਹੀਨਾ ਹੀ ਚੱਲਦੇ ਰਹਿੰਦੇ ਹਨ ਅਤੇ ਬਰੈਂਪਟਨ ਦੀਆਂ ਬਹੁਤ ਸਾਰੀਆਂ ਸੀਨੀਅਰਜ਼ ਕਲੱਬਾਂ ਇਸ ਨੂੰ ਇਸ ਮਹੀਨੇ ਵਿਚ ਆਉਣ ਵਾਲੇ ਅਗਲੇ ਵੀਕ-ਐਂਡਜ਼ ‘ਤੇ ਮਨਾਉਂਦੀਆਂ ਹਨ। ਏਸੇ ਸਿਲਸਿਲੇ ਵਿਚ ਲੰਘੇ ਐਤਵਾਰ 7 ਜੁਲਾਈ ਨੂੰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਦਾ 152ਵਾਂ ਸਥਾਪਨਾ-ਦਿਵਸ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਦੇ ਰਾਸ਼ਟਰੀ-ਗੀਤ ‘ਓ ਕੈਨੇਡਾ’ ਦੀ ਸੰਗੀਤਕ-ਧੁੰਨ ਨਾਲ ਕੀਤੀ ਗਈ। ਉਪਰੰਤ, ਕਲੱਬ ਦੇ ਸਾਬਕਾ ਪ੍ਰਧਾਨ ਕਰਤਾਰ ਸਿੰਘ ਚਾਹਲ ਵੱਲੋਂ ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੋਇਆਂ ਪ੍ਰਧਾਨਗੀ-ਮੰਡਲ ਵਿਚ ਬੈਠਣ ਲਈ ਪ੍ਰਿੰਸੀਪਲ ਰਾਮ ਸਿੰਘ, ਉੱਘੇ ਪੰਜਾਬੀ ਲੇਖਕ ਪੂਰਨ ਸਿੰਘ ਪਾਂਧੀ, ਸਮਾਜ-ਸੇਵੀ ਗੁਰਦੇਵ ਸਿੰਘ ਮਾਨ, ਪ੍ਰੋ. ਨਿਰਮਲ ਸਿੰਘ ਧਾਰਨੀ, ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਤੱਗੜ ਅਤੇ ਮੀਤ-ਪ੍ਰਧਾਨ ਨਿਰਮਲ ਸਿੰਘ ਢੱਡਵਾਲ ਨੂੰ ਬੇਨਤੀ ਕੀਤੀ ਗਈ।
ਪ੍ਰੋਗਰਾਮ ਦੇ ਦੌਰਾਨ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਕਲੱਬ ਦੇ ਸਮੂਹ ਮੈਂਬਰਾਂ ਨੂੰ ਕੈਨੇਡਾ ਡੇਅ ਦੀਆਂ ਵਧਾਈਆਂ ਦਿੰਦਿਆਂ ਹੋਇਆਂ ਬਰੈਂਪਟਨ ਦੇ ਸੀਨੀਅਰਜ਼ ਦੇ ਲਈ ਕੁਝ ਮਹੀਨੇ ਬਾਅਦ ਸ਼ੁਰੂ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਗੁਰਦੇਵ ਸਿੰਘ ਮਾਨ ਹੋਰਾਂ ਨੇ ਆਪਣੇ ਸੰਬੋਧਨ ਵਿਚ ਕੈਨੇਡਾ-ਡੇਅ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਪੂਰਨ ਸਿੰਘ ਜੀ ਪਾਂਧੀ ਹੋਰਾਂ ਨੇ ਕੈਨੇਡਾ ਦੇ ਸਮੁੱਚੇ ਸਿਸਟਮ ਅਤੇ ਸਥਾਨਕ ਪ੍ਰਬੰਧ ਦੀ ਸ਼ਲਾਘਾ ਕਰਦਿਆਂ ਹੋਇਆਂ ਗੁਰਬਾਣੀ ਦੀਆਂ ਕਈ ਤੁਕਾਂ ਦੇ ਹਵਾਲੇ ਨਾਲ ਇਸ ਸਿਸਟਮ ਨੂੰ ਹੋਰ ਵੀ ਬਿਹਤਰ ਅਤੇ ਵਾਤਾਵਰਣ ਨੂੰ ਸਾਫ-ਸੁਥਰਾ ਬਨਾਉਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਪ੍ਰੋ. ਨਿਰਮਲ ਸਿੰਘ ਧਾਰਨੀ ਅਤੇ ਸਿਟੀ ਕਾਊਂਸਲਰ ਹਰਕੀਰਤ ਸਿੰਘ ਨੇ ਵੀ ਸੰਬੋਧਨ ਕੀਤਾ। ਚੱਲਦੇ ਪ੍ਰੋਗਰਾਮ ਦੌਰਾਨ ਕਲੱਬ ਦੇ ਨਵੇਂ ਮੈਂਬਰ ਸ਼ੁਕੀਨ ਸਿੰਘ ਵੱਲੋਂ ਆਪਣੀ ਕੈਨੇਡਾ ਡੇਅ ਸਬੰਧੀ ਦਿਲਚਸਪ ਕਵਿਤਾ ਬੁਲੰਦ ਆਵਾਜ਼ ਵਿਚ ਪੇਸ਼ ਕੀਤੀ ਗਈ। ਗੁਰਦੇਵ ਸਿੰਘ ਹੰਸਰਾ ਵੱਲੋਂ ਪੰਜਾਬ ਵਿਚ ਪਾਣੀ ਦੀ ਸਮੱਸਿਆ ਨੂੰ ਬਾਖ਼ੂਬੀ ਦਰਸਾਉਂਦੀ ਹੋਈ ਕਵਿਤਾ ਸੁਣਾਈ ਗਈ। ਪ੍ਰੋਗਰਾਮ ਦੇ ਅਖ਼ੀਰ ਵੱਲ ਵੱਧਦਿਆਂ ਪ੍ਰਿੰਸੀਪਲ ਰਾਮ ਸਿੰਘ ਨੇ ਆਪਣੇ ਪ੍ਰਧਾਨਗੀ-ਭਾਸ਼ਨ ਵਿਚ ਕੈਨੇਡਾ ਦੇ ਵਧੀਆ ਪ੍ਰਬੰਧ ਅਤੇ ਇੱਥੋਂ ਦੇ ਵਾਤਾਵਰਣ ਦੀ ਸ਼ੁੱਧਤਾ ਬਾਰੇ ਗੱਲ ਕਰਦਿਆਂ ਹੋਇਆਂ ਗੁਰਬਾਣੀ ਦੇ ਹਵਾਲਿਆਂ ਨਾਲ ਗਿਆਨ ਭਰਪੂਰ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ ਅਤੇ ਉਨ੍ਹਾਂ ਸਾਰਿਆਂ ਨੂੰ ਕੈਨੇਡਾ-ਡੇਅ ਦੀਆਂ ਵਧਾਈਆਂ ਦਿੱਤੀਆਂ। ਕਲੱਬ ਵੱਲੋਂ ਸਤਨਾਮ ਸਿੰਘ ਨੂੰ ਉਨ੍ਹਾਂ ਦੇ ਇਮਾਨਦਾਰੀ ਦੇ ਪੱਖ ਦੀ ਸਰਾਹਨਾ ਕਰਦਿਆਂ ਹੋਇਆਂ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਉਨ੍ਹਾਂ ਨੂੰ ਕਿਸੇ ਦੀ ਗੁਆਚੀ ਹੋਈ ਸੋਨੇ ਦੀ ਕੀਮਤੀ ਮੁੰਦਰੀ ਮਿਲੀ ਸੀ ਜੋ ਕਲੱਬ ਦੇ ਅਹੁਦੇਦਾਰਾਂ ਵੱਲੋਂ ਪੜਤਾਲ ਕਰਨ ਤੋਂ ਬਾਅਦ ਸਬੰਧਿਤ ਮਹਿਲਾ ਨੂੰ ਵਾਪਸ ਕੀਤੀ ਗਈ। ਅਖ਼ੀਰ ‘ਚ ਪ੍ਰਧਾਨ ਰਣਜੀਤ ਸਿੰਘ ਤੱਗੜ ਵੱਲੋਂ ਮਹਿਮਾਨਾਂ ਤੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

RELATED ARTICLES
POPULAR POSTS