Breaking News
Home / ਕੈਨੇਡਾ / ਅੰਮ੍ਰਿਤਸਰ ਦੀ ਡਿਪਟੀ ਡੀ.ਈ.ਓ. ਰੇਖਾ ਮਹਾਜਨ ਨੇ ਕੀਤਾ ਐੱਫ.ਬੀ.ਆਈ. ਤੇ ਕਈ ਹੋਰ ਸਕੂਲਾਂ ਦਾ ਦੌਰਾ਼

ਅੰਮ੍ਰਿਤਸਰ ਦੀ ਡਿਪਟੀ ਡੀ.ਈ.ਓ. ਰੇਖਾ ਮਹਾਜਨ ਨੇ ਕੀਤਾ ਐੱਫ.ਬੀ.ਆਈ. ਤੇ ਕਈ ਹੋਰ ਸਕੂਲਾਂ ਦਾ ਦੌਰਾ਼

ਬਰੈਂਪਟਨ/ਡਾ. ਝੰਡ : ਮਨੁੱਖ ਜਿੱਥੇ ਵੀ ਜਾਂਦਾ ਹੈ, ਉੱਥੋਂ ਦੇ ਆਲੇ-ਦੁਆਲੇ ਦੇ ਬਾਰੇ ਜਾਣਨ ਦੀ ਤੀਬਰ ਇੱਛਾ ਉਸ ਦੇ ਮਨ ਵਿਚ ਹੁੰਦੀ ਹੈ ਅਤੇ ਆਪਣੇ ਮਨ-ਭਾਉਂਦੇ ਖ਼ੇਤਰ ਵਿਚ ਤਾਂ ਉਹ ਹੋਰ ਵੀ ਵਧੇਰੇ ਦਿਲਚਸਪੀ ਲੈਂਦਾ ਹੈ। ਕੁਝ ਇਸ ਤਰ੍ਹਾਂ ਦਾ ਹੀ ਬੀਤੇ ਦਿਨੀਂ ਫ਼ਰੈੱਡਰਿਕ ਬੈਂਟਿੰਗ ਸਕੂਲ ਵਿਚ ਵੇਖਣ ਨੂੰ ਮਿਲਿਆ ਜਿੱਥੇ ਅੰਮ੍ਰਿਤਸਰ ਸ਼ਹਿਰ ਦੇ ਐਲੀਮੈਂਟਰੀ ਸਕੂਲਾਂ ਦੀ ਡਿਪਟੀ ਡੀ.ਈ.ਓ. ਰੇਖਾ ਮਹਾਜਨ ਜੋ ਆਪਣੇ ਪਤੀ ਪ੍ਰੋ. ਸੰਜੇ ਮਹਾਜਨ ਦੇ ਨਾਲ ਬਰੈਂਪਟਨ ਵਿਚ ਰਹਿੰਦੀ ਆਪਣੀ ਬੇਟੀ ਨੂੰ ਮਿਲਣ ਆਏ ਸਨ, ਇਕ ਦਿਨ ਆਪਣੇ ਪਤੀ ਨਾਲ ਇਸ ਸਕੂਲ ਵਿਚ ਆਏ। ਉਨ੍ਹਾਂ ਦੇ ਪਤੀ-ਦੇਵ ਇਸ ਸਕੂਲ ਦੇ ਪ੍ਰਿੰਸੀਪਲ ਸੰਜੀਵ ਧਵਨ ਦੇ ਪੁਰਾਣੇ ਦੋਸਤ ਹਨ ਜੋ ਉਸ ਦਿਨ ਉਨ੍ਹਾਂ ਨੂੰ 20 ਸਾਲਾਂ ਬਾਅਦ ਮਿਲੇ।
ਪ੍ਰਿੰਸੀਪਲ ਸੰਜੀਵ ਧਵਨ ਤੇ ਵਾਈਸ-ਪ੍ਰਿੰਸੀਪਲ ਨੀਲੋਫ਼ਰ ਧਵਨ ਵੱਲੋਂ ਉਨ੍ਹਾਂ ਦਾ ਨਿੱਘਾ ਸੁਆਗ਼ਤ ਕੀਤਾ ਗਿਆ। ਉਨ੍ਹਾਂ ਸ਼੍ਰੀਮਤੀ ਰੇਖਾ ਮਹਾਜਨ ਨੂੰ ਦੱਸਿਆ ਕਿ ਇਹ ਸਕੂਲ ਮਨਿਸਟਰੀ ਆਫ਼ ਐਜੂਕੇਸ਼ਨ ਆਫ਼ ਓਨਟਾਰੀਓ ਦੁਆਰਾ ਨਿਰਧਾਰਤ ਕੀਤੇ ਗਏ ਨਿਯਮਾਂ ਦੇ ਅਨੁਸਾਰ ਚੱਲ ਰਿਹਾ ਹੈ। ਸਕੂਲ ਵਿਚ ਬਾਕਾਇਦਾ ਅਨੁਸਾਸ਼ਨ ਰੱਖਿਆ ਜਾਂਦਾ ਹੈ। ਸਕੂਲ ਦੇ ਸ਼ੁਰੂ ਹੋਣ ਸਮੇਂ ਸਵੇਰੇ ਹਰੇਕ ਵਿਦਿਆਰਥੀ ਨੂੰ ਸਕੈਨਰ ਵਿੱਚੋਂ ਲੰਘਾਇਆ ਜਾਂਦਾ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਕਿਸੇ ਕਿਸਮ ਦੀ ਅਣ-ਅਧਿਕਾਰਤ ਵਸਤੂ ਜਾਂ ਨਸ਼ਾ ਵਗ਼ੈਰਾ ਆਪਣੇ ਨਾਲ ਨਾ ਲਿਜਾ ਸਕੇ। ਸਾਰੇ ਵਿਦਿਆਰਥੀਆਂ ਨੂੰ ਲਾਲ ਟੀ-ਸ਼ਰਟ ਅਤੇ ਕਾਲੀ ਪੈਂਟ ਯੂਨੀਫ਼ਾਰਮ ਵਜੋਂ ਪਹਿਨਣੀ ਜ਼ਰੂਰੀ ਹੈ। ਗਰੇਡ-8 ਤੱਕ ਕਿਸੇ ਵੀ ਵਿਦਿਆਰਥੀ ਨੂੰ ਕੈਲਕੂਲੇਟਰ ਵਰਤਣ ਦੀ ਆਗਿਆ ਨਹੀਂ ਹੈ। ਗਰੇਡ-1 ਤੋਂ ਹੀ ਬੱਚਿਆਂ ਦੇ ਬਾ-ਕਾਇਦਾ ਲਿਖਤੀ ਟੈੱਸਟ ਲਏ ਜਾਂਦੇ ਹਨ ਜੋ ਉਨ੍ਹਾਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਲਈ ਜ਼ਰੂਰੀ ਸਮਝੇ ਜਾਂਦੇ ਹਨ। ਸਕੂਲ ਵਿਚ ਸਿੱਖਿਆ ਦੇ ਨਾਲ਼ ਨਾਲ਼ ਖੇਡਾਂ ਅਤੇ ਹੋਰ ਐਕਸਟ੍ਰਾ ਕਰੀਕੁਲਰ ਐਕਟਿਵੀਟੀਜ਼ ਦਾ ਵੀ ਵਧੀਆ ਪ੍ਰਬੰਧ ਹੈ। ਸਵੇਰ ਦੀ ਸਭਾ ਵਿਚ ਰੋਜ਼ਾਨਾ ਸਾਰੇ ਵਿਦਿਆਰਥੀਆਂ ਦੀ ਇਕੱਤਰਤਾ ਕਰਕੇ ਉਨ੍ਹਾਂ ਨੂੰ ઑਅੱਜ ਦਾ ਵਿਚਾਰ਼ ਤੇ ਖ਼ਬਰਾਂ ਦੱਸੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ઑਡਿਜੀਟਲ ਐੱਕਸੈੱਸ਼ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਭਾਰਤੀ ਅਤੇ ਪੰਜਾਬੀ ਸੱਭਿਆਚਾਰ ਨਾਲ਼ ਵੀ ਜੋੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਸ਼ਬਦ-ਗਾਇਨ, ਲੋਕ-ਗੀਤ, ਗਿੱਧਾ, ਭੰਗੜਾ, ਯੋਗਾ ਆਦਿ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਮੁਕਾਬਲੇ ਦੇ ਸਮੇਂ ਵਿਚ ਵਿਦਿਆਰਥੀਆਂ ਦੇ ਸਰਬ-ਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਗਰੇਡ-12 ਤੋਂ ਬਾਅਦ ਕੈਨੇਡਾ ਅਤੇ ਅਮਰੀਕਾ ਦੀਆਂ ਨਾਮਵਰ ਯੂਨੀਵਰਸਿਟੀਆਂ ਵਿਚ ਦਾਖ਼ਲੇ ਲੈਣ ਲਈ ਤਿਆਰ ਕੀਤਾ ਜਾਂਦਾ ਹੈ। ‘ਪੇਰੈਟਸ-ਟੀਚਰ ਮੀਟ’ ਦੇ ਨਾਲ਼-ਨਾਲ ‘ਪੇਰੈਂਟਸ-ਪ੍ਰਿੰਸੀਪਲ ਮੀਟ’ ਵੀ ਹੁੰਦੀ ਹੈ ਜਿਸ ਵਿਚ ਪਿੰਸੀਪਲ ਧਵਨ ਵੱਲੋਂ ਮਾਪਿਆਂ ਨਾਲ ਨਿੱਜੀ ਤੌਰ ‘ਤੇ ਮਿਲਿਆ ਜਾਂਦਾ ਹੈ।
ਇਸ ਤੋਂ ਪਹਿਲਾਂ ਰੇਖਾ ਮਹਾਜਨ ਕੁਝ ਪਬਲਿਕ ਸਕੂਲਾਂ ਵਿਚ ਵੀ ਗਏ ਅਤੇ ਉੱਥੋਂ ਦੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਮਿਲ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਨ੍ਹਾਂ ਸਕੂਲਾਂ ਵਿਚ ਐਲੀਮੈਂਟਰੀ ਪੱਧਰ ਤੱਕ ਵਿਦਿਆਰਥੀਆਂ ਉੱਪਰ ਕਿਸੇ ਕਿਸਮ ਦਾ ਬੋਝ ਨਹੀਂ ਪਾਇਆ ਜਾਂਦਾ ਅਤੇ ਛੋਟੀਆਂ ਕਲਾਸਾਂ ਵਿਚ ਉਨ੍ਹਾਂ ਨੂੰ ਕੇਵਲ ‘ਪਲੇਅ-ਵੇਅ’ ਢੰਗ ਨਾਲ ਹੀ ਪੜ੍ਹਾਇਆ ਜਾਂਦਾ ਹੈ। ਉੱਪਰਲੀਆਂ ਕਲਾਸਾਂ ਵਿਚ ਜਾ ਕੇ ਹੀ ਉਨ੍ਹਾਂ ਨੂੰ ਕੁਝ ਹੋਮ-ਵਰਕ ਵਗ਼ੈਰਾ ਦਿੱਤਾ ਜਾਂਦਾ ਹੈ। ਸਰਕਾਰੀ ਸਕੂਲ ਜਿਨ੍ਹਾਂ ਨੂੰ ਇੱਥੇ ਪਬਲਿਕ ਸਕੂਲ ਕਿਹਾ ਜਾਂਦਾ ਹੈ, ਇਕ ਤੋਂ ਤਿੰਨ ਕਿਲੋਮੀਟਰ ‘ਤੇ ਉਪਲੱਭਧ ਹਨ ਅਤੇ ਇਨ੍ਹਾਂ ਵਿਚ ਅਧਿਆਪਕ ਵਿਦਿਆਰਥੀਆਂ ਦੇ ‘ਫੈਸਿਲੀਟੇਟਰ’ (ਸਹਾਇਕ) ਵਜੋਂ ਕੰਮ ਕਰਦੇ ਹਨ। ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ‘ਤੇ ਬਹੁਤੀ ਰੋਕ-ਟੋਕ ਨਹੀਂ ਹੈ। ਅਲਬੱਤਾ! ਬਹੁਤ ਸਾਰੇ ਸਕੂਲਾਂ ਵਿਚ ਅਨੁਸਾਸ਼ਨ ਹੈ। ਫਿਰ ਵੀ ਕਿਧਰੇ-ਕਿਧਰੇ ਕੋਈ ਮਾੜੀ ਘਟਨਾ ਵਾਪਰ ਜਾਂਦੀ ਹੈ।
ਉੱਪ-ਜ਼ਿਲਾ ਸਿੱਖਿਆ ਅਫ਼ਸਰ ਰੇਖਾ ਮਹਾਜਨ ਇੱਥੋਂ ਦੇ ਪਬਲਿਕ ਤੇ ਪ੍ਰਾਈਵੇਟ ਸਕੂਲਾਂ ਦੀ ਵਿਜ਼ਿਟ ਤੋਂ ਬਾਅਦ ਇਸ ਸਿੱਟੇ ‘ਤੇ ਪਹੁੰਚੇ ਕਿ ਇਨ੍ਹਾਂ ਕਿਸਮ ਦੇ ਸਕੂਲਾਂ ਦਾ ਆਪਸ ਵਿਚ ਤਾਂ ਮੁਕਾਬਲਾ ਕੀਤਾ ਜਾ ਸਕਦਾ ਹੈ ਪਰ ਇਨ੍ਹਾਂ ਦਾ ਪੰਜਾਬ ਜਾਂ ਭਾਰਤ ਦੇ ਸਕੂਲਾਂ ਨਾਲ ਕੋਈ ਮੁਕਾਬਲਾ ਸੰਭਵ ਨਹੀਂ ਹੈ। ਹਰੇਕ ਖ਼ਿੱਤੇ ਦੀਆਂ ਆਪੋ ਆਪਣੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਗੱਲ ਕਰਸਿਆਂ ਉਨ੍ਹਾਂ ਕਿਹਾ ਕਿ ਉੱਥੇ ਅੱਜਕੱਲ੍ਹ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਤੇ ਮੁਫ਼ਤ ਵਰਦੀਆਂ ਦਿੱਤੀਆਂ ਜਾਂਦੀਆਂ ਹਨ, ਕੋਈ ਫ਼ੀਸ ਨਹੀਂ ਹੈ, ਸੰਭਵ ਇਨਫ਼ਰਾਸਟਰੱਕਚਰ ਵੀ ਕੁਝ ਹੱਦ ਤੀਕ ਮੁਹੱਈਆ ਕਰਵਾਇਆ ਜਾ ਰਿਹਾ ਹੈ, ‘ਮੈਥ’ ਵਰਗੇ ਵਿਸ਼ੇ ਲਈ ‘ਪਹਾੜਿਆਂ’ ਉਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਬੱਚਿਆਂ ਨੂੰ ਖੇਡਾਂ ਵੱਲ ਧਿਆਨ ਦੇ ਕੇ ਬੱਚਿਆਂ ਦੇ ਸਰੀਰਕ ਬੌਧਿਕ ਵਿਕਾਸ ਵੱਲ ਧਿਆਨ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਐੱਫ਼.ਬੀ.ਆਈ. ਸਕੂਲ ਅਤੇ ਖ਼ਾਲਸਾ ਸਕੂਲਾਂ ਵੱਲੋਂ ਵਿਦਿਆਰਥੀਆਂ ਲਈ ਪੰਜਾਬੀ ਬੋਲੀ, ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੀਆਂ ਕਦਰਾਂ-ਕੀਮਤਾਂ ਕਾਇਮ ਰੱਖਣਾ ਬਹੁਤ ਹੀ ਮਹੱਤਵਪੂਰਨ ਅਤੇ ਸ਼ਲਾਘਾਯੋਗ ਕਦਮ ਹੈ ਅਤੇ ਉਹ ਇਸ ਤੋਂ ਬਹੁਤ ਹੀ ਪ੍ਰਭਾਵਿਤ ਹੋਏ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …