Parvasi News, Ontario
ਟੋਰਾਂਟੋ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ 4 ਮਿਲੀਅਨ ਡਾਲਰ ਦੇ ਡਰੱਗਜ਼ ਸੀਜ਼ ਕੀਤੇ ਹਨ। ਇੱਕ ਸਾਲ ਤੱਕ ਗੰਨਜ਼ ਤੇ ਗੈਂਗ ਸਬੰਧੀ ਚੱਲੀ ਜਾਂਚ ਦੌਰਾਨ ਅਜਿਹਾ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਪੋ੍ਰਜੈਕਟ ਟੁੰਡਰਾ ਅਕਤੂਬਰ 2020 ਵਿੱਚ ਸ਼ੁਰੂ ਹੋਇਆ ਤੇ ਇਸ ਦਰਮਿਆਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਉੱਤੇ ਹੁਣ ਕਈ ਚਾਰਜਿਜ਼ ਲਾਏ ਗਏ ਹਨ। ਇੱਕ ਰਲੀਜ਼ ਵਿੱਚ ਡਿਪਟੀ ਚੀਫ ਮਾਇਰੌਨ ਡੈਮਕਿਊ ਨੇ ਆਖਿਆ ਕਿ ਗੰਨ ਕ੍ਰਾਈਮ ਰੋਕਣ ਤੇ ਹਥਿਆਰਾਂ ਦੀ ਘਾਤਕ ਜੁਰਮਾਂ ਵਿੱਚ ਹੋਣ ਵਾਲੀ ਵਰਤੋਂ ਨੂੰ ਰੋਕਣ ਲਈ ਸਾਡੀ ਮਿਹਨਤ ਇਹ ਗ੍ਰਿਫਤਾਰੀਆਂ ਆਪ ਬਿਆਨਦੀਆਂ ਹਨ। ਉਨ੍ਹਾਂ ਦੱਸਿਆ ਕਿ ਸਾਡੀ ਸਮਰਪਿਤ ਗੰਨ ਤੇ ਗੈਂਗ ਟਾਸਕ ਫੋਰਸ ਨੇ ਆਪਣੇ ਸਕਿੱਲਜ਼ ਤੇ ਗਿਆਨ ਦੀ ਵਰਤੋਂ ਕਰਦਿਆਂ ਹੋਇਆਂ ਹੋਰ ਜਾਂਚ ਕਰਾਂਗੇ ਤੇ ਕਮਿਊਨਿਟੀ ਵਿੱਚੋਂ ਜੁਰਮ ਨੂੰ ਖ਼ਤਮ ਕਰਨ ਲਈ ਕੋਸਿ਼ਸ਼ ਕਰਾਂਗੇ।ਉਨ੍ਹਾਂ ਦੱਸਿਆ ਕਿ ਦੋ ਘਰਾਂ ਦੀ ਤਲਾਸ਼ੀ ਲਈ ਗਈ ਤੇ ਪੁਲਿਸ ਨੂੰ ਇੱਥੋਂ ਗੰਨਜ਼, ਡਰੱਗਜ਼-ਜਿਨ੍ਹਾਂ ਵਿੱਚ ਕੋਕੀਨ, ਕ੍ਰਿਸਟਲ ਮੈੱਥ ਤੇ ਫੈਂਟਾਨਿਲ ਆਦਿ ਸ਼ਾਮਲ ਸਨ, ਬਰਾਮਦ ਹੋਈਆਂ।ਇਸ ਤੋਂ ਇਲਾਵਾ ਮੁਜਰਮਾਨਾਂ ਗਤੀਵਿਧੀਆਂ ਨਾਲ ਕਮਾਈ ਗਈ 93000 ਡਾਲਰ ਦੀ ਨਕਦੀ ਵੀ ਪੁਲਿਸ ਨੂੰ ਹਾਸਲ ਹੋਈ। ਇਸ ਦੌਰਾਨ ਵ੍ਹਿਟਬੀ ਦੇ 33 ਸਾਲਾ ਸ਼ਾਨ ਤਰੀਨ, ਟੋਰਾਂਟੋ ਦੇ 31 ਸਾਲਾ ਰਿਜਵਾਨ ਘਾਰਡਾ ਨੂੰ 21 ਸਤੰਬਰ,2021 ਨੂੰ ਗ੍ਰਿਫਤਾਰ ਕੀਤਾ ਗਿਆ। ਟੋਰਾਂਟੋ ਦੇ 27 ਸਾਲਾ ਸਾਇਰ ਕੈਸਟਿਲੋਐਂਪਾਰੋ ਨੂੰ ਵੀ ਚਾਰਜ ਕੀਤਾ ਗਿਆ ਹੈ। ਤਿੰਨਾਂ ਦੋਸ਼ੀਆਂ ਨੂੰ 13 ਜਨਵਰੀ,2022 ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ।