ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਸੋਮਵਾਰ ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਨੇੜਲੇ ਪਾਰਕ ਵਿਚ ਦੀਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਮਨਾਉਣ ਲਈ ਵਿਸ਼ੇਸ਼ ਪ੍ਰੋਗਰਾਮ ਗਿਆ। ਇਸ ਵਿਚ ਸਭਿਆਚਾਰਕ ਪ੍ਰੋਗਰਾਮ ਦੇ ਨਾਲ-ਨਾਲ ਖਾਣ-ਪੀਣ ਦਾ ਵੀ ਵਧੀਆ ਇੰਤਜ਼ਾਮ ਸੀ। ਨਵੇਂ ਉਸਰੇ ਇਸ ਇਲਾਕੇ ਵਿਚ ਵੱਖ-ਵੱਖ ਕੌਮਾਂ ਦੇ ਪਰਿਵਾਰ ਆ ਕੇ ਵਸੇ ਹੋਏ ਹਨ। ਭਾਰਤ ਅਤੇ ਪਾਕਿਸਤਾਨ ਨਾਲ ਸਬੰਧਿਤ ਬਹੁਤ ਸਾਰੇ ਇਲਾਕਿਆਂ ਦੇ ਪਿਛੋਕੜ ਵਾਲੇ ਲੋਕ ਇਸ ਇਲਾਕੇ ਨੂੰ ਵੰਨ ਸੁਵੰਨਾ ਰੂਪ ਰੰਗ ਦਿੰਦੇ ਹਨ। ਇਸੇ ਵਭਿੰਨਤਾ ਵਿਚੋਂ ਇਕਜੁੱਟਤਾ ਦਰਸਾਉਂਦਾ ਇਹ ਪ੍ਰੋਗਰਾਮ ਬੜਾ ਸਫਲ ਰਿਹਾ।
ਗੀਤਾਂ, ਕਵਿਤਾਵਾਂ, ਚੁਟਕਲਿਆਂ, ਬੁਝਾਰਤਾਂ, ਪੰਜਾਬੀ ਸਭਿਆਚਾਰ ਬਾਰੇ ਗੱਲਾਂ ਬਾਤਾਂ ਨਾਲ ਭਰਪੂਰ ਰੰਗਾ ਰੰਗ ਪ੍ਰੋਗਰਾਮ ਕੀਤਾ ਗਿਆ। ਕੁਝ ਦੇਰ ਪਹਿਲਾਂ ਹੀ ਗਠਿਤ ਹੋਏ ਇਸ ਕਲੱਬ ਦਾ ਇਹ ਤੀਜਾ ਸਫਲ ਪ੍ਰੋਗਰਾਮ ਸੀ ਜਿਸ ਵਿਚ 100 ਤੋਂ ਵੱਧ ਬੱਚਿਆਂ, ਮਹਿਲਾਵਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਭਾਗ ਲਿਆ। ਪ੍ਰੋਗਰਾਮ ਦੇ ਸ਼ੁਰੂ ਵਿਚ ਕਲੱਬ ਦੇ ਜਨਰਲ ਸਕੱਤਰ ਤਰਲੋਚਨ ਸਿੰਘ ਬਡਵਾਲ ਨੇ ਕਲੱਬ ਵਲੋਂ ਆਲੇ ਦੁਆਲੇ ਨੂੰ ਹੋਰ ਚੰਗੇਰਾ ਬਣਾਉਣ ਅਤੇ ਪਾਰਕ ਵਿਚ ਹੋਰ ਬਿਹਤਰ ਸਹੂਲਤਾਂ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ ਅਤੇ ਮੈਂਬਰਾਂ ਨੂੰ ਕਲੱਬ ਦੇ ਰਜਿਸਟਰ ਹੋ ਜਾਣ ‘ਤੇ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨਾਲ ਸੰਪਰਕ ਕਰਕੇ, ਬੈਠਣ ਲਈ ਵੱਧ ਗਿਣਤੀ ਵਿਚ ਹੋਰ ਚੰਗੇਰੇ ਬੈਂਚ ਲਿਆਂਦੇ ਜਾ ਚੁੱਕੇ ਹਨ ਅਤੇ ਪਾਰਕ ਦੀ ਸਫਾਈ ਲਈ ਵੀ ਉਚੇਚੇ ਪ੍ਰਬੰਧ ਕੀਤੇ ਗਏ ਹਨ। ਕਲੱਬ ਦੇ ਪ੍ਰਧਾਨ ਡਾ. ਬਲਜਿੰਦਰ ਸੇਖੋਂ ਨੇ ਆਪਣੇ ਵਿਚਾਰ ਰੱਖਦਿਆਂ, ਸੀਨੀਅਰ ਕਲੱਬ ਨੂੰ ਬਜ਼ੁਰਗਾਂ ਦੇ ਮਾਨਸਿਕ ਸਵਾਸਥ ਲਈ ਇੱਕ ਵਰਦਾਨ ਕਿਹਾ, ਜਿਥੇ ਆ ਕੇ ਉਹ ਇੱਕ ਦੂਜੇ ਨਾਲ ਗੱਲਬਾਤ ਕਰਦਿਆਂ, ਇੱਕ ਦੂਜੇ ਦੀਆਂ ਪ੍ਰੇਸ਼ਾਨੀਆਂ ਸੁਣ ਉਨ੍ਹਾਂ ਨੂੰ ਘਟਾਉਂਦੇ ਹਨ ਅਤੇ ਖੁਸ਼ੀ ਦੀਆਂ ਗੱਲਾਂ ਸਾਂਝੀਆਂ ਕਰ ਖੁਸ਼ੀ ਮਹਿਸੂਸ ਕਰਦੇ ਹਨ ਅਤੇ ਇਕੱਠੇ ਹੋ ਬੀਤੇ ਦੀਆਂ ਰੌਚਿਕ ਗੱਲਾਂ ਸੁਣਾ ਅਪਣੇ ਸਾਥੀਆਂ ਦਾ ਮਨਪ੍ਰਚਾਵਾ ਕਰਦੇ ਹਨ। ਸੁਖਵਿੰਦਰਜੀਤ ਸਿੰਘ ਨੇ ਸਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪਹਿਲਾਂ ਆਪ ਹੀ ਸੁਰੀਲੀ ਅਵਾਜ਼ ਵਿਚ ਇੱਕ ਗੀਤ ਗਾਇਆ। ਅਗਲਾ ਗੀਤ ਸ੍ਰੀਮਤੀ ਪੂਨਮ ਸਿੰਘ ਨੇ ਅਤੇ ਫੇਰ ਭੌਮਿਕ ਕੁਮਾਰ ਪਾਂਡੀਆ ਨੇ ਸੁਣਾਇਆ। ਸਾਰੇ ਗੀਤਾਂ ਵਿਚ ਨਵੀਂ ਤਕਨਾਲੋਜੀ ਦਾ ਸਹਾਰਾ ਲੈਂਦਿਆਂ ਚੰਗਾ ਸੰਗੀਤ ਇਨ੍ਹਾਂ ਗੀਤਾਂ ਦੇ ਨਾਲ ਵਜਦਾ ਰਿਹਾ ਜੋ ਬੜਾ ਵਧੀਆ ਲੱਗਿਆ। ਸ੍ਰੀਮਤੀ ਕਿਰਨ ਲਾਲ ਨੇ ਬੁਝਾਰਤਾਂ ਪਾਈਆਂ, ਜਿਸ ਨਾਲ ਪੰਜਾਬ ਦੇ ਪੁਰਾਣੇ ਸਭਿਆਚਾਰ ਦੀ ਯਾਦ ਤਾਜ਼ਾ ਹੋਈ। ਕਾਮਰੇਡ ਸੁਖਦੇਵ ਨੇ ਅਪਣੇ ਸੰਘਰਸ਼ਮਈ ਜੀਵਨ ਦੀਆਂ ਘਟਨਾਵਾਂ ਸਾਂਝੀਆਂ ਕੀਤੀਆਂ।
ਸਭਿਆਚਾਰਕ ਪ੍ਰੋਗਰਾਮ ਬਾਅਦ, ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੀ ਕੁਰਸੀ ਦੌੜ ਕਰਵਾਈ ਗਈ, ਜੋ ਬੜੀ ਰੌਚਿਕ ਰਹੀ। ਇਸ ਵਿਚ ਕਰਮਵਾਰ ਪਹਿਲੇ ਅਤੇ ਦੂਜੇ ਨੰਬਰ ਉਤੇ, ਬੱਚਿਆਂ ਵਿਚ ਤੇਜਸ ਬੇਡਵਾਨ ਅਤੇ ਆਰਵ ਪਾਂਡੀਆ, ਔਰਤਾਂ ਵਿਚ ਕਿਰਨ ਭਾਟੀਆ ਅਤੇ ਦਰਸ਼ਨਾ ਅਤੇ ਮਰਦਾਂ ਵਿਚ ਨਰਿੰਦਰ ਕੁਮਾਰ ਖੇਤਰਪਾਲ ਅਤੇ ਵਿਨੋਦ ਕੁਮਾਰ ਕਤੇਈ ਰਹੇ। ਜੇਤੂਆਂ ਨੂੰ ਇਨਾਮ ਵੰਡੇ ਗਏ। ਆਖਰ ਵਿਚ ਸਭ ਨੇ ਬੜੇ ਸੁਆਦੀ ਖਾਣੇ ਦਾ ਆਨੰਦ ਮਾਣਿਆਂ। ਇਸ ਕਲੱਬ ਬਾਰੇ ਹੋਰ ਜਾਣਕਾਰੀ ਲਈ ਜਨਰਲ ਸਕੱਤਰ ਤਰਲੋਚਨ ਸਿੰਘ ਬਡਵਾਲ (647 960 9841) ਨਾਲ ਸੰਪਰਕ ਕੀਤਾ ਜਾ ਸਕਦਾ ਹੈ।