Breaking News
Home / ਕੈਨੇਡਾ / 12 ਸਾਲਾਂ ਤੋਂ ਅਮਰੀਕਾ ਰਹਿ ਰਹੇ ਪੰਜਾਬੀ ਨੂੰ ਡਿਪੋਰਟ ਕਰਨ ਦੀ ਤਿਆਰੀ-ਯੂਬਾ ਸਿਟੀ ਵਿਚ ਫੜਿਆ ਗਿਆ

12 ਸਾਲਾਂ ਤੋਂ ਅਮਰੀਕਾ ਰਹਿ ਰਹੇ ਪੰਜਾਬੀ ਨੂੰ ਡਿਪੋਰਟ ਕਰਨ ਦੀ ਤਿਆਰੀ-ਯੂਬਾ ਸਿਟੀ ਵਿਚ ਫੜਿਆ ਗਿਆ

ਯੂਬਾ ਸਿਟੀ/ਹੁਸਨ ਲੜੋਆ ਬੰਗਾ : ਸੈਕਰਾਮੈਂਟੋ ਵਿਚ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਵਲੋਂ ਕੀਤੀ ਗਈ ਰੂਟੀਨ ਤਲਾਸ਼ੀ ਦੌਰਾਨ ਇਕ ਪੰਜਾਬ ਬਲਜੀਤ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਉਸ ਨੂੰ ਹੁਣ 3 ਮਹੀਨਿਆਂ ਵਿਚ ਡਿਪੋਰਟ ਕੀਤੇ ਜਾਣ ਦੀ ਤਿਆਰੀ ਹੈ। ਯੂਬਾ ਸਿਟੀ ਵਿਚ ਰਹਿੰਦੇ ਪੰਜਾਬ ਦੇ ਪਿੰਡ ਚੱਕ ਦੇਸ ਰਾਜ ਦਾ ਬਲਜੀਤ ਸਿੰਘ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਿਹਾ ਸੀ ਤੇ ਉਹ ਵਿਆਹਿਆ ਹੈ ਤੇ ਦੋ ਬਚਿਆਂ ਦਾ ਬਾਪ ਹੈ। ਉਸ ਨੂੰ ਸਰਕਾਰ ਨੂੰ ਲਗਾਤਾਰ ਰਿਪੋਰਟ ਕਰਨੀ ਹੁੰਦੀ ਹੈ ਕਿ ਉਹ ਕਿਥੇ ਮਿਲੇਗਾ ਤੇ ਉਹ ਆਈ ਸੀ ਈ ਨੂੰ ਭਰੋਸਾ ਦਿੰਦਾ ਸੀ ਕਿ ਉਹ ਇਕ ਸਨਮਾਨਯੋਗ ਜੀਵਨ ਬਤੀਤ ਕਰ ਰਿਹਾ ਹੈ। ਦਸਣਯੋਗ ਹੈ ਕਿ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਫੈਡਰਲ ਏਜੰਟਾਂ ਵਲੋਂ ਇਹ ਪਹਿਲੀ ਤਲਾਸ਼ੀ ਹੈ। ਬਲਜੀਤ ਸਿੰਘ ਦੀ ਪਤਨੀ ਕੇਟ ਸਿੰਘ ਨੇ ਦਸਿਆ ਕਿ ਇਸ ਵਾਰ ਉਹ ਕਾਫੀ ਚਿੰਤਤ ਸੀ ਤੇ ਇਸੇ ਕਰਕੇ ਉਹ ਦੇਰ ਤੱਕ ਘਰ ਨਹੀਂ ਸੀ ਆਇਆ। ਫੜੇ ਜਾਣ ਤੋਂ ਬਾਅਦ ਬਲਜੀਤ ਸਿੰਘ ਨੇ ਕਿਹਾ ਕਿ ਉਹ ਰੋ ਰਿਹਾ ਸੀ ਤੇ ਇਹ ਉਸ ਦੇ ਜੀਵਨ ਦਾ ਸਭ ਤੋਂ ਭੈੜਾ ਦਿਨ ਸੀ। ਹੁਣ ਉਸ ਨੂੰ 3 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਆਪਣੀ ਪਤਨੀ ਤੇ ਬੱਚਿਆਂ ਨੂੰ ਛੱਡ ਕੇ ਦੇਸ਼ ਛੱਡ ਜਾਵੇ। ਉਸ ਨੇ ਕਿਹਾ ਕਿ ਹੁਣ ਸਰਕਾਰਾਂ ਬਦਲ ਗਈਆਂ ਹਨ ਤੇ ਸਾਰਾ ਕੁਝ ਬਦਲ ਗਿਆ ਹੈ। ਰਿਪੋਰਟ ਅਨੁਸਾਰ ਹੁਣ ਬਲਜੀਤ ਸਿੰਘ 10 ਸਾਲ ਤੱਕ ਅਮਰੀਕਾ ਵਾਪਸ ਨਹੀਂ ਆ ਸਕਦਾ। ਦਿਲਚਸਪ ਗੱਲ ਇਹ ਹੈ ਕਿ ਬਲਜੀਤ ਸਿੰਘ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ ਤੇ ਉਸ ਨੇ ਪਿਛਲੇ 9 ਸਾਲਾਂ ਤੋਂ ਕੇਵਲ ਇਕ ਮਾਲਕ ਕੋਲ ਹੀ ਨੌਕਰੀ ਕੀਤੀ ਹੈ। ਉਸ ਦੇ ਵਕੀਲ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਗੈਰ ਅਪਰਾਧੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦਸਣਯੋਗ ਹੈ ਕਿ ਇਸ ਸਾਲ ਜਨਵਰੀ ਤੋਂ ਅਪ੍ਰੈਲ ਵਿਚਕਾਰ ਆਈ ਸੀ ਈ ਦੇ ਏਜੰਟਾਂ ਨੇ ਸਮੁੱਚੇ ਦੇਸ਼ ਵਿਚੋਂ ਕਰੀਬ 42000 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਪਿਛਲੇ ਸਾਲ 2016 ਦੇ ਇਸੇ ਸਮੇਂ ਦੇ ਮੁਕਾਬਲੇ 38 ਫੀਸਦੀ ਵਧ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚੋਂ ਕਰੀਬ 25 ਫੀਸਦੀ ਲੋਕਾਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ। ਬਲਜੀਤ ਸਿੰਘ ਦੇ ਜ਼ਿਲੇ ਦੀ ਪ੍ਰਤੀਨਿਧਤਾ ਕਰਦੇ ਕਾਂਗਰਸਮੈਨ ਜੌਨ ਗਾਰਾਮੈਂਡੀ ਨੇ ਆਈ ਸੀ ਈ ਨੂੰ ਅਪੀਲ ਕੀਤੀ ਹੈ ਕਿ ਬਲਜੀਤ ਸਿੰਘ ਦੇ ਡਿਪੋਰਟੇਸ਼ਨ ਵਿਚ ਹੋਰ ਸਮਾਂ ਦਿੱਤਾ ਜਾਵੇ। ਬਲਜੀਤ ਦੀ ਪਤਨੀ ਕੇਟ ਸਿੰਘੇ ਨੇ ਦਸਿਆ ਕਿ ਬਲਜੀਤ 2005 ਵਿਚ ਮੈਕਸੀਕੋ ਰਾਹੀਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਇਆ ਸੀ ਤੇ ਉਸ ਨੂੰ ਇਕ ਸਿੱਖ ਵਜੋਂ ਸਿਆਸੀ ਸ਼ਰਨ ਦੀ ਮੰਗ ਕੀਤੀ ਸੀ। ਪਰ ਉਹ ਕੇਸ ਹਾਰ ਗਿਆ ਤੇ ਉਸ ਨੂੰ ਡਿਪੋਰਟ ਕਰਨ ਦਾ ਆਖਰੀ ਆਦੇਸ਼ ਜਾਰੀ ਹੋ ਚੁਕੇ ਸਨ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …