Breaking News
Home / ਨਜ਼ਰੀਆ / ਕੈਨੇਡਾ ਤੇ ਭਾਰਤ ਇਕ ਦੂਜੇ ਦੇ ਸਾਥੀ

ਕੈਨੇਡਾ ਤੇ ਭਾਰਤ ਇਕ ਦੂਜੇ ਦੇ ਸਾਥੀ

ਪਿਛਲੀ ਸਦੀ ਵੱਲ ਵੇਖੀਏ ਤਾਂ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਕਾਫੀ ਉਤਰਾਅ-ਚੜ੍ਹਾਅ ਰਿਹਾ ਹੈ। 1970 ਦੇ ਦਹਾਕੇ ਵਿਚ ਭਾਰਤ ਨੇ ਪਹਿਲਾ ਪ੍ਰਮਾਣੂ ਪ੍ਰੀਖਣ ਕੀਤਾ ਅਤੇ ਕੈਨੇਡਾ ਨੇ ਭਾਰਤ ਨਾਲ ਪ੍ਰਮਾਣੂ ਸਹਿਯੋਗ ਦੇ ਸਭ ਪ੍ਰੋਗਰਾਮ ਰੋਕ ਦਿੱਤੇ। ਇਸ ਪਿੱਛੋਂ 1990 ਦੇ ਦਹਾਕੇ ਵਿਚ ਵੀ ਭਾਰਤ ਨੇ ਪ੍ਰਮਾਣੂ ਪ੍ਰੀਖਣ ਕੀਤੇ ਪਰ ਹੁਣ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਬਹੁਤ ਤਬਦੀਲੀ ਆ ਚੁੱਕੀ ਹੈ। ਦੋਵਾਂ ਦੇਸ਼ਾਂ ਦੇ ਮੌਜੂਦਾ ਰਿਸ਼ਤਿਆਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਰਿਸ਼ਤਿਆਂ ਦੇ ਮੌਜੂਦਾ ਹਾਲ ਨੂੰ ਮੈਂ ਕਾਫੀ ਮਜ਼ਬੂਤ ਮੰਨਦਾ ਹਾਂ। ਹਰ ਰਿਸ਼ਤੇ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਇਹ ਕੋਈ ਗੈਰ-ਸਧਾਰਨ ਗੱਲ ਨਹੀਂ ਹੈ। ਸਾਡੇ ਦਰਮਿਆਨ ਕਈ ਗੱਲਾਂ ਇਕੋ ਜਿਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੈਨੇਡਾ ਅਤੇ ਭਾਰਤ ਇਕ-ਦੂਜੇ ਲਈ ਬਣੇ ਹਨ। ਜੇ ਤੁਸੀਂ ਸਿਆਸੀ ਰਿਸ਼ਤਿਆਂ ਨੂੰ ਵੇਖੋ ਤਾਂ ਇਹ ਕਾਫੀ ਮਜ਼ਬੂਤ ਚੱਲ ਰਹੇ ਹਨ। ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦਰਮਿਆਨ ਦੋ ਵਾਰ ਗੈਰ-ਰਸਮੀ ਮੁਲਾਕਾਤਾਂ ਹੋ ਚੁੱਕੀਆਂ ਹਨ। ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਦੇ ਦੌਰੇ ਲਈ ਪਹਿਲਾਂ ਹੀ ਸੱਦਾ ਦਿੱਤਾ ਹੋਇਆ ਹੈ। ਇਸ ਨੂੰ ਪ੍ਰਵਾਨ ਵੀ ਕਰ ਲਿਆ ਗਿਆ ਹੈ। ਅਗਲੇ ਹਫਤੇ ਸਾਡੇ ਕੁਦਰਤੀ ਸੋਮਿਆਂ ਬਾਰੇ ਮੰਤਰੀ ਭਾਰਤ ਆ ਰਹੇ ਹਨ। ਇਹ ਦੋਵਾਂ ਦੇਸ਼ਾਂ ਦਰਮਿਆਨ ਊਰਜਾ ਵਾਰਤਾ ਦਾ ਹੀ ਇਕ ਹਿੱਸਾ ਹੈ।
ਪ੍ਰਧਾਨ ਮੰਤਰੀ ਟਰੂਡੋ ਭਾਰਤ ਕਦੋਂ ਆ ਰਹੇ ਹਨ?
ਮੈਂ ਕੋਈ ਪੱਕੀ ਮਿਤੀ ਨਹੀਂ ਦੱਸ ਸਕਦਾ। ਅਸੀਂ ਇਸ ‘ਤੇ ਕੰਮ ਕਰ ਰਹੇ ਹਾਂ। ਜਿੰਨੀ ਜਲਦੀ ਹੋ ਸਕੇਗਾ, ਉਹ ਭਾਰਤ ਆਊਣਗੇ।
ਤੁਸੀਂ ਵੀ ਕੈਨੇਡਾ ‘ਚ ਭਾਰਤੀ ਮੂਲ ਦੇ ਹੋ। ਭਾਰਤ ਵਿਚ ਕੈਨੇਡਾ ਦੇ ਪ੍ਰਤੀਨਿਧੀ ਵਜੋਂ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਵੇਖਦੇ ਹੋ?
ਮੈਂ ਸੋਚਦਾ ਹਾਂ ਕਿ ਸਭ ਤੋਂ ਪਹਿਲਾਂ ਤਾਂ ਮੈਂ ਕੈਨੇਡਾ ਦਾ ਭਾਰਤ ਵਿਚ ਪ੍ਰਤੀਨਿਧੀ ਹਾਂ ਪਰ ਇਸਦੇ ਨਾਲ ਹੀ ਮੈਂ ਆਪਣੇ-ਆਪ ਨੂੰ ਭਾਰਤੀ ਵਿਰਾਸਤ ਦਾ ਹੋਣ ‘ਤੇ ਮਾਣ ਮਹਿਸੂਸ ਕਰਦਾ ਹਾਂ। ਦੂਜੀ ਗੱਲ ਇਹ ਹੈ ਕਿ ਭਾਰਤ ਦੇ ਭੂਗੋਲ ਸਬੰਧੀ, ਧਾਰਮਿਕ, ਭਾਸ਼ਾ ਤੇ ਸਭਿਆਚਾਰਕ ਵੰਨ ਸੁਵੰਨਤਾ ਆਦਿ ਸਬੰਧੀ ਜਾਣਕਾਰੀ ਹੋਣੀ ਕਾਫੀ ਮੱਦਦ ਕਰਦੀ ਹੈ। ਉਦਾਹਰਣ ਵਜੋਂ ਗੁਜਰਾਤੀ ਬੋਲਣਾ ਮੇਰੇ ਲਈ ਜ਼ਰੂਰੀ ਨਹੀਂ, ਪਰ ਮੈਂ ਜਦੋਂ ਗੁਜਰਾਤ ਜਾਂਦਾ ਹਾਂ ਤਾਂ ਮੈਨੂੰ ਮੱਦਦ ਮਿਲਦੀ ਹੈ। ਕਦੇ-ਕਦੇ ਆਪਣੇ ਮੰਤਰੀਆਂ ਲਈ ਅਨੁਵਾਦ ਕਰਕੇ ਬੋਲਦਾ ਹਾਂ। ਤੀਜੀ ਗੱਲ ਇਹ ਹੈ ਕਿ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕੈਨੇਡਾ ਵਿਖੇ ਹਰ ਕਿਸੇ ਨੂੰ ਸਫਲ ਹੋਣ ਦਾ ਮੌਕਾ ਮਿਲਦਾ ਹੈ। ਮੈਂ ਇੱਥੇ ਕੈਨੇਡਾ ਦੇ ਮਾਣ ਵਜੋਂ ਹਾਂ।
ਹੁਣੇ ਜਿਹੇ ਦੇ ਸਾਲਾਂ ਦੌਰਾਨ ਕਈ ਦੇਸ਼ਾਂ ਨੇ ਆਪਣੇ ਇਮੀਗਰੇਸ਼ਨ ਕਾਨੂੰਨ ਸਖਤ ਕੀਤੇ ਹਨ। ਕੈਨੇਡਾ ਦੇ ਇਮੀਗਰੇਸ਼ਨ ਕਾਨੂੰਨ ਕਿਸ ਤਰ੍ਹਾਂ ਵਿਕਸਿਤ ਹੋ ਰਹੇ ਹਨ?
ਸਾਡੇ ਸਿੱਖਿਆ ਮੰਤਰੀ ਨੇ ਹੁਣੇ ਜਿਹੇ ਹੀ ਕਿਹਾ ਹੈ ਕਿ ਕੈਨੇਡਾ ਦੀ ਕਾਮਯਾਬੀ ਨਵੀਆਂ ਖੋਜਾਂ ਕਾਰਨ ਹੋਈ ਹੈ, ਇਸ ਲਈ ਅਸੀਂ ਦੁਨੀਆ ਭਰ ਦੇ ਲੋਕਾਂ ਦਾ ਸਵਾਗਤ ਕਰਦੇ ਹਾਂ। ਕੈਨੇਡਾ ਲਈ ਭਾਰਤ ਸਭ ਤੋਂ ਵੱਡਾ ਇਮੀਗਰੇਸ਼ਨ ਦਾ ਸੋਮਾ ਹੈ। ਤੁਸੀਂ ਸ਼ਰਨਾਰਥੀ ਸੰਕਟ ਬਾਰੇ ਵੇਖੋ, ਅਸੀਂ ਕਿਹਾ ਕਿ ਅਸੀਂ 35 ਹਜ਼ਾਰ ਸ਼ਰਨਾਰਥੀਆਂ ਦਾ ਸਵਾਗਤ ਕਰਾਂਗੇ। ਅਸੀਂ ਸੀਰੀਆ ਦੇ ਸ਼ਰਨਾਰਥੀਆਂ ਦਾ ਸਵਾਗਤ ਕੀਤਾ। ਜੇ ਤੁਸੀਂ ਵਿਜ਼ਿਟਰਾਂ, ਬਿਜਨੈਸ, ਲੀਡਰਾਂ, ਵਿਦਿਆਰਥੀਆਂ, ਸੈਲਾਨੀਆਂ ਆਦਿ ਦੀ ਆਵਾਜਾਈ ਦੀ ਗਿਣਤੀ ਵੇਖੋ ਤਾਂ ਇਨ੍ਹਾਂ ਸਭ ਵਿਚ ਭਾਰੀ ਵਾਧਾ ਮਹਿਸੂਸ ਕਰੋਗੇ, ਦਹਾਈ ਦੀ ਫੀਸਦੀ ਵਿਚ। ਅਸੀਂ ਕਈ ਤਰ੍ਹਾਂ ਦੇ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਹਨ। ਉਦਾਹਰਣ ਵਜੋਂ ਅਸੀਂ ਸਟਾਰਟਅਪ ਵੀਜ਼ਾ ਪ੍ਰੋਗਰਾਮ ਤੇ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਵੀ ਸ਼ੁਰੂ ਕੀਤੇ ਹਨ, ਜਿਸ ਅਧੀਨ ਨਿਵਾਸ ਦੀ ਸਹੂਲਤ ਹਫਤਿਆਂ ਅੰਦਰ ਹੀ ਮਿਲ ਜਾਂਦੀ ਹੈ। ਕੈਨੇਡਾ ਵਿਚ ਬਾਹਰਲੇ ਲੋਕਾਂ ਦੀ ਗਿਣਤੀ ਪਿਛਲੇ ਦੋ ਸਾਲਾਂ ਵਿਚ ਚੋਖੀ ਵਧੀ ਹੈ, ਇਸ ਲਈ ਮੈਂ ਕਹਾਂਗਾ ਕਿ ਸਾਡੀ ਇਮੀਗ੍ਰੇਸ਼ਨ ਨੀਤੀ ਦੂਜੇ ਦੇਸ਼ਾਂ ਦੇ ਲੋਕਾਂ ਦਾ ਸਵਾਗਤ ਕਰਨ ਵਾਲੀ ਹੈ।
ਕੈਨੇਡਾ ਵਿਚ ਇਕ ਲੱਖ ਤੋਂ ਵੀ ਵੱਧ ਭਾਰਤੀ ਵਿਦਿਆਰਥੀ ਪੜ੍ਹਦੇ ਹਨ। ਕੈਨੇਡਾ ਆਖਰ ਭਾਰਤੀਆਂ ਲਈ ਕਿਉਂ ਦਿਲ ਖਿੱਚਵਾਂ ਹੈ?
ਮੈਂ ਸੋਚਦਾ ਹਾਂ ਕਿ ਇਸ ਪਿੱਛੇ ਮਿਲੇ ਜੁਲੇ ਕਾਰਨ ਹਨ। ਸੁਰੱਖਿਅਤ ਅਤੇ ਸਵਾਗਤ ਵਾਲਾ ਮਾਹੌਲ। ਉਥੇ ਬਹੁ-ਸਭਿਆਚਾਰਕ ਮਾਹੌਲ ਹੈ। ਸਿੱਖਿਆ ਦੀ ਗੁਣਵੱਤਾ ਵੀ ਬਹੁਤ ਵਧੀਆ ਹੈ। ਇਹ ਵੀ ਸੱਚਾਈ ਹੈ ਕਿ ਕੈਨੇਡਾ ਵਿਚ ਪੜ੍ਹਾਈ ਕਰਨੀ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਸਸਤੀ ਹੈ। ਇੱਥੇ ਪੜ੍ਹਾਈ ਦੇ ਨਾਲ ਵਰਕ ਪਰਮਿਟ ਵੀ ਮਿਲਦਾ ਹੈ।
ਮੈਂ ਹੁਣੇ ਜਿਹੇ ਪੜ੍ਹਿਆ ਹੈ ਕਿ ਤੁਸੀਂ ਗੁਜਰਾਤ ਨਿਵੇਸ਼ ਸੰਮੇਲਨ ਵਿਚ ਗਏ ਸੀ। ਕੀ ਤੁਸੀਂ ਪੰਜਾਬ ਸਬੰਧੀ ਕੁਝ ਕਰ ਰਹੇ ਹੋ, ਕਿਉਂਕਿ ਕੈਨੇਡਾ ਵਿਚ ਪੰਜਾਬੀ ਭਾਈਚਾਰੇ ਦੇ ਲੋਕ ਕਾਫੀ ਹਨ, ਇਸ ਲਈ ਕੀ ਤੁਸੀਂ ਇਸ ਸਬੰਧੀ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ ਹੈ, ਜਾਂ ਕੀ ਇਸ ਬਾਰੇ ਕੋਈ ਗੱਲਬਾਤ ਚੱਲ ਰਹੀ ਹੈ?
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਕੌਂਸਲੇਟ ਜਨਰਲ ਚੰਡੀਗੜ੍ਹ ‘ਚ ਹੈ। ਮੈਂ ਸੋਚਦਾ ਹਾਂ ਕਿ ਉਥੇ ਇਕ ਦੋ ਦੇਸ਼ਾਂ ਦੇ ਕੌਂਸਲੇਟ ਹੋਣਗੇ। ਦੂਜੀ ਗੱਲ ਇਹ ਹੈ ਕਿ ਸਾਡੇ ਦਰਮਿਆਨ ਸਿੱਖਿਆ ਸਹਿਯੋਗ,  ਵਪਾਰ ਅਤੇ ਨਿਵੇਸ਼ ਨੂੰ ਲੈ ਕੇ ਸਹਿਮਤੀ ਦੇ ਕਈ ਮੰਗ ਪੱਤਰ ਹਨ। ਤੀਜੀ ਗੱਲ ਇਹ ਹੈ ਕਿ ਮੈਂ ਉਥੇ ਦੌਰਾ ਕਰਕੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਆਦਿ ਨਾਲ ਮਿਲਿਆ ਹਾਂ। ਸਾਡੇ ਕੌਂਸਲੇਟ ਜਨਰਲ ਕਾਫੀ ਸਰਗਰਮ ਹਨ। ਜਦੋਂ ਪਿਛਲੇ ਸਾਲ ਉਥੇ ਨਿਵੇਸ਼ ਸੰਮੇਲਨ ਹੋਇਆ ਸੀ ਤਾਂ ਅਸੀਂ ਉਥੇ ਮੌਜੂਦ ਸੀ। ਯਕੀਨੀ ਤੌਰ ‘ਤੇ ਸਾਡੇ ਦਰਮਿਆਨ ਸਹਿਯੋਗ ਚੱਲਦਾ ਹੈ। ਕੈਨੇਡਾ-ਪੰਜਾਬ ਦਾ ਵਪਾਰਕ ਰਿਸ਼ਤਾ ਵੀ ਕਾਫੀ ਮਜ਼ਬੂਤ ਹੈ।
ਦੋਵਾਂ ਦੇਸ਼ਾਂ ਦਰਮਿਆਨ ਦੋ-ਪਾਸੜ ਨਿਵੇਸ਼, ਸਰਪ੍ਰਸਤੀ ਸਮਝੌਤੇ ਅਤੇ ਸਮੁੱਚੀ ਆਰਥਿਕ ਭਾਈਵਾਲੀ ਸਮਝੌਤੇ ‘ਤੇ ਗੱਲਬਾਤ ਚੱਲ ਰਹੀ ਹੈ। ਇਹ ਕਿਸ ਪੱਧਰ ਤੱਕ ਪਹੁੰਚੀ ਹੈ?
ਇਨ੍ਹਾਂ ਮਸਲਿਆਂ ‘ਤੇ ਗੱਲਬਾਤ ਚੱਲ ਰਹੀ ਹੈ। ਇਸ ਮਹੀਨੇ ਦੇ ਅੰਤ ਤੱਕ ਦੋਵਾਂ ਦੇਸ਼ਾਂ ਦੇ ਵਪਾਰ ਮੰਤਰੀਆਂ ਦੀ ਗੱਲਬਾਤ ਹੋਵੇਗੀ। ਇਸ ਦਾ ਦੋਵਾਂ ਦੇਸ਼ਾਂ ਦੀ ਆਰਥਿਕ ਹਾਲਤ ‘ਤੇ ਅਰਬਾਂ ਡਾਲਰ ਦਾ ਅਸਰ ਹੋਵੇਗਾ।
ਕੀ ਸਮਾਂ ਹੱਦ ਬਾਰੇ ਦੱਸ ਸਕਦੇ ਹੋ? 6 ਸਾਲ ਪਹਿਲਾਂ ਗੱਲਬਾਤ ਸ਼ੁਰੂ ਹੋਈ ਸੀ?
ਮੈਂ ਕੋਈ ਸਮਾਂ ਹੱਦ ਨਹੀਂ ਦੱਸ ਸਕਦਾ।
ਕੈਨੇਡਾ ਅਤੇ ਭਾਰਤ ਨੇ ਗੈਰ-ਫੌਜੀ ਪ੍ਰਮਾਣੂ ਸਹਿਯੋਗ ਸਮਝੌਤਾ ਕੀਤਾ ਹੈ। ਇਸ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾ ਰਿਹਾ ਹੈ?
ਕੈਨੇਡਾ ਅਤੇ ਭਾਰਤ ਦਰਮਿਆਨ ਹੁਣ ਵਪਾਰਕ ਅਦਾਨ-ਪ੍ਰਦਾਨ ਹੋ ਰਿਹਾ ਹੈ। ਅਸੀਂ ਪਹਿਲਾਂ ਹੀ ਭਾਰਤ ਨੂੰ ਯੂਰੇਨੀਅਮ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਅਸੀਂ ਸਭ ਤੋਂ ਵੱਡੇ ਸਪਲਾਇਰ ਹਾਂ। ਕੈਨੇਡਾ ਤੋਂ ਇਕ ਪ੍ਰਮਾਣੂ ਟੀਮ ਭਾਰਤ ਆਈ ਸੀ। ਦੋਵਾਂ ਦੇਸ਼ਾਂ ਦਰਮਿਆਨ ਪ੍ਰਮਾਣੂ ਸਹਿਯੋਗ ਲਈ ਸਾਂਝੀ ਟੀਮ ਕੰਮ ਸ਼ੁਰੂ ਕਰ ਚੁੱਕੀ ਹੈ।
ਕੀ ਕੈਨੇਡਾ ਦੀਆਂ ਕੰਪਨੀਆਂ ਭਾਰਤ ਵਿਚ ਪ੍ਰਮਾਣੂ ਬਿਜਲੀ ਘਰ ਲਾਉਣ ‘ਚ ਦਿਲਚਸਪੀ ਲੈ ਰਹੀਆਂ ਹਨ?
ਹਾਂ, ਭਾਰਤ ਵਿਚ 21 ਵਿਚੋਂ 19 ਬਿਜਲੀ ਘਰ ਕੈਨੇਡਾ ਦੀ ਤਕਨੀਕ ‘ਤੇ ਚੱਲ ਰਹੇ ਹਨ। ਯਕੀਨੀ ਤੌਰ ‘ਤੇ ਜੇ ਮੌਕਾ ਮਿਲਿਆ ਤਾਂ ਕੈਨੇਡਾ ਦੀਆਂ ਕੰਪਨੀਆਂ ਦਿਲਚਸਪੀ ਲੈਣਗੀਆਂ।
ਐਨ.ਐਸ.ਜੀ. ‘ਤੇ ਕੋਈ ਗੱਲਬਾਤ ਹੋਈ ਹੈ?
ਇਸ ਵਿਸ਼ੇ ‘ਤੇ ਸਾਡਾ ਰੁਖ ਬਿਲਕੁਲ ਸਪੱਸ਼ਟ ਹੈ ਅਤੇ ਭਾਰਤ ਨੂੰ ਸਾਡੀ ਪੂਰੀ ਹਮਾਇਤ ਹੈ। ਚਰਚਾ ਉਦੋਂ ਹੁੰਦੀ ਹੈ, ਜਦੋਂ ਅਸੀਂ ਹਮਾਇਤ ਨਹੀਂ ਦੇ ਰਹੇ ਹੁੰਦੇ।

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …