Breaking News
Home / ਮੁੱਖ ਲੇਖ / ਜੋ ਬੀਜਿਆ ਹੈ, ਉਹੀ ਵੱਢ ਰਿਹਾ ਹੈ ਮਾਨ ‘ਬੱਤੀਆਂ ਵਾਲਾ’

ਜੋ ਬੀਜਿਆ ਹੈ, ਉਹੀ ਵੱਢ ਰਿਹਾ ਹੈ ਮਾਨ ‘ਬੱਤੀਆਂ ਵਾਲਾ’

ਡਾ. ਗੁਰਵਿੰਦਰ ਸਿੰਘ
ਹੁਣ ਇਹ ਕਹਿਣਾ ਭੋਰਾ-ਭਰ ਵੀ ਗ਼ਲਤ ਨਹੀਂ ਹੋਵੇਗਾ ਕਿ ਕਿਸੇ ਸਮੇਂ ‘ਪੰਜਾਬੀ ਦਾ ਮਾਣ’ ਕਿਹਾ ਜਾਣ ਵਾਲਾ ਗੁਰਦਾਸ ਮਾਨ, ਅੱਜ ‘ਪੰਜਾਬੀ ਦਾ ਅਪਮਾਨ’ ਬਣ ਚੁੱਕਿਆ ਹੈ। ਅਸਲ ਵਿਚ ਕੰਡੇ ਮਾਣ ਨੇ ਹੀ ਬੀਜੇ ਹਨ ਜੋ ਉਹ ਚੁਗ ਰਿਹਾ ਹੈ। ਗੁਰਦਾਸ ਮਾਨ ਦੇ ਵਿਰੋਧ ਦੀ ਮੁੱਖ ਵਜਾ ; ਪੰਜਾਬੀਆਂ ਸਮੇਤ, ਹੋਰਨਾਂ ਭਾਈਚਾਰਿਆਂ ਉੱਪਰ ਹਿੰਦੀ ਥੋਪਣ ਦੀ, ਸਮੂਹ ਘੱਟ ਗਿਣਤੀਆਂ ਦੀਆਂ ਭਾਸ਼ਾਵਾਂ ਨੂੰ ਰੋਲਣ ਦੀ, ਪੰਜਾਬੀ ਧੀਆਂ-ਭੈਣਾਂ ਦੀ ਮੌਜੂਦਗੀ ਵਿੱਚ ਸਟੇਜ ਤੋਂ ਗਾਲ਼ ਕੱਢ ਕੇ, ਪੰਜਾਬੀ ਮਾਂ ਬੋਲੀ ਦੀ ਬੇਅਦਬੀ ਕਰਨ ਦੀ, ਗੁਰੂ ਸਾਹਿਬਾਨ ਦੇ ਵੰਸ਼ਜ ਨਸ਼ੇੜੀ ਅਤੇ ਭੰਗ ਪੀਣਿਆਂ ਨੂੰ ਦੱਸਦੇ ਹੋਏ ਗੁਰੂਆਂ ਦਾ ਅਪਮਾਨ ਕਰਨ ਦੀ, ਕੇਪੀਐਸ ਗਿੱਲ ਵਰਗੇ ਬੁੱਚੜਾਂ ਨੂੰ ਪ੍ਰਮੋਟ ਕਰਨ ਦੀ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ‘ਚ ਧੱਕਣ ਦੀ ਤੇ ਮਾਸੂਮ ਬੱਚਿਆਂ ਦੇ ਮੂੰਹਾਂ ‘ਚ ਸਿਗਰਟਾਂ ਤੁੰਨਣ ਦੀ। ਇਹ ਸਾਰਾ ਕੁਝ ਸਟੇਟ ਦੇ ਇਸ਼ਾਰੇ ‘ਤੇ ਗੁਰਦਾਸ ਮਾਨ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਦੀ ਪੰਜਾਬੀ ਬੋਲੀ ਦੇ ਵਾਰਿਸਾਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕੀਤੀ। ਭਾਰਤ ਅੰਦਰ ਜਬਰੀ ਹਿੰਦੀ ਭਾਸ਼ਾ ਲਾਗੂ ਕਰਨ ਦੀ ਨੀਤੀ ਹਿੰਦੂਤਵੀ ਕੱਟੜਤਾ ਤੇ ਘੱਟ ਗਿਣਤੀਆਂ ਦੇ ਵਿਰੋਧ ਵਿੱਚ ਘੜੀ ਗਈ ਚਾਲ ਹੈ, ਜਿਸ ਦੀ ‘ਹਾਂ ਵਿੱਚ ਹਾਂ’ ਮਿਲਾਉਂਦੇ ਹੋਏ ਗੁਰਦਾਸ ਮਾਨ ਵੱਲੋਂ ‘ਹੁੰਗਾਰਾ’ ਭਰਿਆ ਜਾਣਾ, ਨਿਖੇਧੀਜਨਕ ਸੀ। ਅਜਿਹੀ ਬਿਆਨਬਾਜ਼ੀ ਤੇ ਟਿੱਪਣੀਆਂ ਨੇ ਪੰਜਾਬੀ ਪ੍ਰੇਮੀਆਂ ਦੇ ਦਿਲਾਂ ਨੂੰ ਭਾਰੀ ਸੱਟ ਮਾਰੀ।
ਉਸਦਾ ਵਿਰੋਧ ਕਰਨ ਵਾਲਿਆਂ ਵਿੱਚ ‘ਪੰਜਾਬੀ ਬੋਲੀ ਦੇ ਵਾਰਿਸ’ ਸੰਸਥਾ ਤੋਂ ਇਲਾਵਾ, ਕੈਨੇਡਾ ਤੋਂ ਸਾਊਥ ਏਸ਼ੀਅਨ ਰਿਵਿਊ ਅਤੇ ਜੀਵੇ ਪੰਜਾਬ ਅਦਬੀ ਫਾਊਂਡੇਸ਼ਨ, ‘ਮਾਂ ਬੋਲੀ ਪੰਜਾਬੀ ਦੇ ਵਾਰਿਸ’ ਪੰਜਾਬ, ‘ਪੰਜਾਬੀ ਸਾਹਿਤ ਸਭਾ ਮੁਢਲੀ ਰਜਿਸਟਰਡ’ ਐਬਟਸਫੋਰਡ, ਲੋਕ ਲਿਖਾਰੀ ਸਹਿਤ ਸਭਾ ਉੱਤਰੀ ਅਮਰੀਕਾ, ਮਿਸ਼ਨ ਪੰਜ ਆਬ ਕਲਚਰਲ ਕਲੱਬ, ਵਣਜਾਰਾ ਨੋਮੈਡ ਸੰਸਥਾ ਕੈਨੇਡਾ, ਪਾਕਿਸਤਾਨੀ ਪੰਜਾਬ ਨਾਲ ਸਬੰਧਤ ‘ਸਾਂਝ ਲੋਕ ਰਾਜ ਪਾਕ ਪਟਨ’, ‘ਵਾਰਿਸ ਸ਼ਾਹ ਪ੍ਰਚਾਰ ਤੇ ਪ੍ਰਸਾਰ ਪਰਿਆ’, ਆਸਿਫ਼ ਰਜ਼ਾ ‘ਮਾਂ ਬੋਲੀ ਰਿਸਰਚ ਸੈਂਟਰ’, ਸੁਫ਼ੀਕ ਬੱਟ ਲੋਕ ਸੁਜੱਗ’ ਸੰਸਥਾ, ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੋਸਾਇਟੀ ਅਤੇ ਨੌਰਥ ਅਮਰੀਕਾ ਸਿੱਖ ਅਲਾਇੰਸ ਤੋਂ ਇਲਾਵਾ ਪੰਜਾਬ ਦੀਆਂ ਬਹੁਤ ਸੰਸਥਾਵਾਂ ਵੀ ਸਰਗਰਮ ਸਨ। ਪੰਜਾਬੀ ਸੰਸਥਾਵਾਂ ਅਤੇ ਪੰਜਾਬੀ ਹਿਤੈਸ਼ੀ ਸ਼ਖਸੀਅਤਾਂ ਵੱਲੋਂ, ਉਸਦੇ ਵਿਰੋਧ ਦੇ ਕਾਰਨਾਂ ਨੂੰ ਸਮਝਣ ਲਈ ਪਿਛੋਕੜ ਦਾ ਘਟਨਾਕ੍ਰਮ ਜਾਣਨਾ ਜ਼ਰੂਰੀ ਹੈ।
ਬੱਤੀ ਵਾਲੀ ਸ਼ਰਮਨਾਕ ਤੇ ਗੈਰ-ਇਖਲਾਕੀ ਸ਼ਬਦਵਲੀ ਦਾ ਦੋਸ਼ੀ :
ਪੰਜ ਕੁ ਸਾਲ ਪਹਿਲਾਂ, ਐਬਸਫੋਰਡ ਕਨਵੈਨਸ਼ਨ ਹਾਲ ਦੇ ਬਾਹਰ ਸੈਂਕੜੇ ਪ੍ਰਦਰਸ਼ਨਕਾਰੀ ਗੁਰਦਾਸ ਮਾਨ ਦੇ ਸ਼ੋਅ ਦੇ ਵਿਰੋਧ ਵਿੱਚ ਇਕੱਠੇ ਹੋਏ। ਉਨ੍ਹਾਂ ਸ਼ਾਂਤਮਈ ਢੰਗ ਨਾਲ ਗੁਰਦਾਸ ਮਾਨ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਸ਼ਖ਼ਸੀਅਤ, ਪੰਜਾਬੀ ਲੇਖਕ ਚਰਨਜੀਤ ਸਿੰਘ ਸੁੱਜੋ, ਜਿਨ੍ਹਾਂ ਨੇ ਪੰਜਾਬੀ ਵਿੱਚ ਨਾਵਲ ‘ਮੌਤ ਦਾ ਰੇਗਿਸਤਾਨ’ ਲਿਖਿਆ ਹੈ, ਵੀ ਸ਼ਾਂਤਮਈ ਵਿਰੋਧ ਪ੍ਰਗਟਾ ਰਹੇ ਸਨ। ਵਿਰੋਧ ਦੇਖ ਕੇ ਬਹੁਤ ਸਾਰੇ ਲੋਕ ਮਨ ਬਦਲ ਰਹੇ ਸਨ ਅਤੇ ਆਪਣੀਆਂ ਟਿਕਟਾਂ ਪਾੜ ਰਹੇ ਸਨ। ਸ਼ੋਅ ਵੇਖਣ ਆਏ ਕੁਝ ਸੁਹਿਰਦ ਸੱਜਣਾਂ ਨੇ ਆਪਣੀਆਂ ਟਿਕਟਾਂ ਸਾਨੂੰ ਦਿੱਤੀਆਂ। ਉਹਨਾਂ ਵਿੱਚੋਂ ਦੋ ਟਿਕਟਾਂ ਚਰਨਜੀਤ ਸਿੰਘ ਸੁੱਜੋਂ ਅਤੇ ਉਹਨਾਂ ਦੇ ਸਹਿਯੋਗੀ ਨੂੰ ਦਿੱਤੀਆਂ ਗਈਆਂ। ਫੈਸਲਾ ਹੋਇਆ ਕਿ ਸੁਜੋਂ ਹੁਰੀਂ ਹਾਲ ਅੰਦਰ ਜਾਣਗੇ ਅਤੇ ਗੁਰਦਾਸ ਮਾਨ ਦਾ ਸ਼ਾਂਤਮਈ ਵਿਰੋਧ ਕਰਨਗੇ। ਉਹਨਾਂ ਤੋਂ ਇਲਾਵਾ ਕੁਝ ਹੋਰ ਪੰਜਾਬੀ ਹਿਤੈਸ਼ੀ ਵੀ ਹਾਲ ਵਿੱਚ ਰੋਸ ਪ੍ਰਗਟਾਉਣ ਲਈ ਪਹੁੰਚ ਚੁੱਕੇ ਸਨ। ਇਹਨਾਂ ਸਾਰਿਆ ਵੱਲੋਂ ਅੰਦਰ ਜਾ ਕੇ ਅਤੇ ਪੋਸਟਰ ਲੈ ਕੇ ਮਾਨ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਗੁਰਦਾਸ ਮਾਨ ਨੇ ਅਜੇ ਗਾਉਣਾ ਸ਼ੁਰੂ ਹੀ ਕੀਤਾ ਸੀ ਕਿ ਉਸਦੀ ਨਜ਼ਰ ਚਰਨਜੀਤ ਸਿੰਘ ਸੁਜੋਂ ਦੇ ਹੱਥ ਵਿੱਚ ਫੜੇ ਪੋਸਟਰ ‘ਤੇ ਪਈ ਜਿਸ ਤੇ ਲਿਖਿਆ ਹੋਇਆ ਸੀ ; ”ਮਾਂ ਬੋਲੀ ਪੰਜਾਬੀ ਦਾ ਗ਼ੱਦਾਰ : ਗੁਰਦਾਸ ਮਾਨ ਮੁਰਦਾਬਾਦ”। ਪ੍ਰਦਰਸ਼ਨ ਕਰ ਰਹੇ ਸੱਜਣਾਂ ਨੇ ਨਾ ਤਾਂ ਗਾਲ ਕੱਢੀ ਤੇ ਨਾ ਹੀ ਉਂਗਲੀ ਦਿਖਾਈ, ਜਿਵੇਂ ਕਿ ਗੁਰਦਾਸ ਮਾਨ ਨੇ ਇਲਜ਼ਾਮ ਲਗਾਇਆ ਹੈ, ਪਰ ਆਪਣੇ ਵਿਰੋਧ ਤੋਂ ਬੌਖ਼ਲਾਏ ਹੋਏ ਗੁਰਦਾਸ ਮਾਨ ਨੇ ਇਹ ਨਾ ਦੇਖਿਆ ਕਿ ਹਾਲ ਵਿੱਚ ਮੌਜੂਦ ਧੀਆਂ ਭੈਣਾਂ ਮਾਵਾਂ ਕੀ ਸੋਚਣਗੀਆਂ, ਉਸ ਨੇ ਕ੍ਰੋਧ ਵਿੱਚ ਪ੍ਰਦਰਸ਼ਨਕਾਰੀ ਦੇ ਹੱਥ ਵਿੱਚ ਫੜੇ ਪੋਸਟਰ ‘ਮਾਂ ਬੋਲੀ ਦਾ ਗੱਦਾਰ’ ਵੱਲ ਦੇਖਦਿਆਂ, ਨੀਚਤਾ ਵਾਲੀ ਭਾਸ਼ਾ ‘ਚ ਸਾਰੀਆਂ ਸੰਗਾਂ-ਸ਼ਰਮਾਂ ਲਾਹ ਕੇ, ਅਪਸ਼ਬਦ ਬੋਲੇ। ਗੁਰਦਾਸ ਮਾਨ ਨੇ ਸਟੇਜ ਤੋਂ ਅੰਨੇ ਕ੍ਰੋਧ ਵਿੱਚ ਬੋਲਦਿਆਂ ਕਿਹਾ, ”ਇਹਨੂੰ ਮਰੋੜ ਕੇ.. ਬੱਤੀ ਬਣਾ ਕੇ..ਲੈ ਲਾ…” ਏਨੀਂ ਸ਼ਰਮਨਾਕ, ਅਪਮਾਨਜਨਕ ਤੇ ਗੈਰ-ਇਖਲਾਕੀ ਸ਼ਬਦਵਲੀ! ਮਾਂ ਬੋਲੀ ਪੰਜਾਬੀ ਦਾ ਤਾਂ ਜੋ ਅਪਮਾਨ ਉਸ ਨੇ ਕੀਤਾ, ਸੋ ਕੀਤਾ, ਪਰ ਪੰਜਾਬੀ ਮਾਵਾਂ ਧੀਆਂ ਬੱਚੀਆਂ ਦੇ ਸਾਹਮਣੇ ਜੋ ਘਟੀਆ ਭਾਸ਼ਾ ਵਰਤੀ, ਇਸ ਦਾ ਕਲੰਕ ਉਸ ਦੇ ਮੱਥੇ ਤੋਂ ਮਿਟਣਾ ਅਸੰਭਵ ਹੈ ਅਤੇ ਉਸ ਦੀ ਪਛਾਣ ਹੁਣ ‘ਬੱਤੀ ਵਾਲੇ ਮਾਨ’ ਵਜੋਂ ਬਣ ਗਈ ਹੈ।
ਮਾਫ਼ੀ ਮੰਗ ਕੇ ਮੁਕਰਨ ਅਤੇ ਗ਼ਲਤੀ ਨੂੰ ਜਾਇਜ਼ ਠਹਿਰਾਉਣ ਦਾ ਦੋਸ਼ੀ : ਹੁਣ ਪਹਿਲੀ ਘਟਨਾ ਤੋਂ ਪੰਜ ਸਾਲਾਂ ਮਗਰੋਂ, ਗੁਰਦਾਸ ਮਾਨ ਅਮਰੀਕਾ ਸ਼ੋਅ ਦੇ ਤਿੱਖੇ ਵਿਰੋਧ ਨੂੰ ਵੇਖਦਿਆਂ, ਤਿਆਰ ਕੀਤੀ ਸਕ੍ਰਿਪਟ ਅਨੁਸਾਰ ਅੱਖਾਂ ਚੋਂ ਹੰਝੂ ਸੁੱਟਦਾ ਹੋਇਆ ਪਹਿਲਾ ਮਾਫੀ ਮੰਗਦਾ ਹੈ, ਪਰ ਅਗਲੇ ਹੀ ਪਲ ਮਾਨ ; ‘ਇੱਕ ਅੰਮ੍ਰਿਤ ਦੀ ਬੂੰਦ ਕਾਫੀ ਅੱਗ ਬੁਝਾਵਣ ਲਈ’ ਰਾਹੀਂ ਆਪਣੇ ਇੱਕ ਹੰਝੂ ਨੂੰ ਅੰਮ੍ਰਿਤ ਅਤੇ ਵਿਰੋਧੀਆਂ ਨੂੰ ਅੱਗ ਕਰਾਰ ਦਿੰਦਾ ਹੈ। ਅਸਲੀਅਤ ਵਿੱਚ ਉਹ ਵਿਰੋਧੀਆਂ ਨੂੰ ਹੀ ਗਲਤ ਸਾਬਤ ਕਰਦਾ ਹੋਇਆ ਸ਼ਰਤਾਂ ਤਹਿਤ ‘ਬਿਜ਼ਨਸ ਮਾਫੀ’ ਮੰਗ ਰਿਹਾ ਸੀ। ਗੁਰਦਾਸ ਮਾਨ ਦੀ ਡਰਾਮੇਬਾਜ਼ੀ ਨੂੰ ਨਾ ਸਮਝਣ ਵਾਲਿਆਂ ਨੇ ਤਰਸ ਖਾ ਕੇ ਕਹਿਣਾ ਸ਼ੁਰੂ ਕਰ ਦਿੱਤਾ, ”ਲਓ ਜੀ, ਹੁਣ ਗੁਰਦਾਸ ਮਾਨ ਨੇ ਮਾਫੀ ਮੰਗ ਲਈ ਹੈ, ਸਭ ਕੁਝ ਠੀਕ ਹੋ ਗਿਆ ਹੈ, ਛੱਡੋ ਵਿਰੋਧ ਨੂੰ!” ਪਰ ਇਹ ਮੁਲੰਮਾ ਦੋ ਦਿਨਾਂ ਵਿੱਚ ਹੀ ਲਹਿ ਗਿਆ, ਜਦੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਸ ਨੇ ਕਿਹਾ, ‘ਮੈਨੂੰ ਪ੍ਰਮੋਟਰਾਂ ਨੇ ਕਿਹਾ ਕਿ ਮਾਫੀ ਮੰਗ ਲਓ ਤੇ ਮੈਂ ਆਖਿਆ ; ‘ਕਿਸ ਗੱਲ ਦੀ ਮਾਫੀ’? ਕਹਿੰਦੇ, ‘ਜੋ ਤੁਸੀਂ ਕੈਨੇਡਾ ਵਿੱਚ ਸਟੇਜ ਤੋਂ ਜੋ ਕਿਹਾ (ਭਾਵ ਬੱਤੀ ਵਾਲੀ ਸ਼ਬਦਾਵਲੀ) ਉਸ ਦੇ ਵਾਸਤੇ ਮਾਫੀ ਮੰਗੋ।’ ਗੁਰਦਾਸ ਮਾਨ ਨੇ ਆਪਣੀ ਮੰਦੀ ਸ਼ਬਦਾਵਲੀ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ‘ਬੱਤੀ ਕਹਿਣ ਵਿੱਚ ਗਲਤ ਕੀ ਸੀ?’
”ਜਿਹੜੇ ਬੱਤੀ ਨੂੰ ਸਮਝਣ ਗਾਲ਼, ਉਹ ਪੰਜਾਬੀ ਤੋਂ ਕੰਗਾਲ”
”ਖਾ ਜੇ ਜੰਦਰਾ ਜਦੋਂ ਜੰਗਾਲ, ਬੱਤੀ ਦੇਣੀ ਪੈਂਦੀ ਆ”
ਸਾਧੂ ਸੰਤ ਸੇਕਦੇ ਧੂਣੇ, ਨਾ ਕੋਈ ਜਾਦੂ ਨਾ ਕੋਈ ਟੂਣੇ,
ਜੀਹਦੇ ਲੜਦੇ ਹੋਣ ਚਲੂਣੇ, ਬੱਤੀ ਦੇਣੀ ਪੈਂਦੀ ਆ”
ਗੁਰਦਾਸ ਮਾਨ ਨੇ ਗਲਤੀਆਂ ਦਾ ਪਛਤਾਵਾ ਤਾਂ ਕੀ ਕਰਨਾ ਸੀ, ਬਲਕਿ ਗਲਤੀਆਂ ‘ਤੇ ਪਰਦਾ ਪਾਉਣ ਲਈ ਉਸ ਨੇ ਇੱਕ ਹੋਰ, ਨੀਵੇਂ ਪੱਧਰ ਦਾ ਟੋਟਕਾ ਕੱਢ ਮਾਰਿਆ, ਜਿਸ ਵਿੱਚ ਆਪਣੇ ਕੀਤੇ ਗੁਨਾਹਾਂ ਦੀ ਉਹ ਪਰੋੜਤਾ ਕਰਦਾ ਹੈ। ਅਜਿਹੇ ਸ਼ਰਮਨਾਕ ਬਿਰਤਾਂਤ ਪਿੱਛੇ ਪੰਜਾਬੀ ਵਿਰੋਧੀ ਲਾਬੀ, ਮਨੂੰਵਾਦ ਅਤੇ ਬਿਪਰਵਾਦ ਅਤੇ ਪੰਜਾਬ ਵਿਰੋਧੀ ਸਾਜਿਸ਼ ਨਜ਼ਰ ਆਉਂਦੀ ਹੈ। ਦੂਜੇ ਪਾਸੇ ਮਾਫੀ ਮੰਗ ਕੇ ਮੁਕਰਨ ਅਤੇ ਆਪਣੀ ਕਹੀ ਗਲਤ ਗੱਲ ਨੂੰ ਠੀਕ ਠਹਿਰਾਉਣ ਵਾਲੀ ਗੁਰਦਾਸ ਮਾਨ ਦੀ ਘਟੀਆ ਸੋਚ ਨੇ, ਨਾ ਸਿਰਫ ਉਸ ਨੂੰ ਹੀ ਇੱਕ ਵਾਰ ਫੇਰ ਸ਼ਰਮਸ਼ਾਰ ਕੀਤਾ, ਬਲਕਿ ਉਸ ਦੀ ਮਾਫੀ ‘ਤੇ ਭਰੋਸਾ ਕਰਨ ਵਾਲਿਆਂ ਨੂੰ ਵੀ ਛਿੱਥੇ ਪਾ ਦਿੱਤਾ। ਗੁਰਦਾਸ ਮਾਨ ਦੀ ਹਲਕੇ ਪੱਧਰ ਦੀ ‘ਬੱਤੀ ਵਾਲੀ ਤੁਕਬੰਦੀ’ ਦਾ ਜਵਾਬ ਇਸ ਤਰ੍ਹਾਂ ਦੇਣਾ ਹੀ ਉਚਿਤ ਹੋਵੇਗਾ ;
”ਸੱਚ ਸੁਣੀਂ! ਮਰ ਜਾਣਿਆਂ, ਤੇਰਾ ਹੁੰਦਾ ਸੀ ਸਤਿਕਾਰ।
ਪਰ ਸ਼ੋਹਰਤ ਚੜ੍ਹੀ ਦਿਮਾਗ਼ ਨੂੰ, ਮੱਤ ਐਸੀ ਦਿੱਤੀ ਮਾਰ।
ਧੀਆਂ ਭੈਣਾਂ ਸਾਹਮਣੇ, ਤੂੰ ਦਿੱਤਾ ਅਦਬ ਵਿਸਾਰ।
ਬੇਅਦਬੀ ਦੀ ਸ਼ਬਦਾਵਲੀ, ਤੈਨੂੰ ਗਈ ਜਿਉਂਦੇ ਮਾਰ।
ਮੂੰਹ ਥੁੱਕਾਂ ਫਿੱਕੇ ਪੈਂਦੀਆਂ, ਸਿਰ ‘ਪਾਣਾਂ’ ਦੀ ਮਾਰ।

‘ਬੱਤੀ’ ਤੇਰੇ ਜਿਸਮ ‘ਚੋਂ, ‘ਬਣ ਬਰਛੀ’ ਹੋ ਗਈ ਪਾਰ।
ਅਰਸ਼ੋ ਫਰਸ਼ੀਂ ਸੁੱਟਿਆ, ਤੈਨੂੰ ਤੇਰੇ ਹੀ ਹੰਕਾਰ।
ਪੰਜਾਬੀ ਦੇ ਦੋਖੀਆ, ਤੂੰ ਕੀਤਾ ਪਿੱਠ ‘ਤੇ ਵਾਰ।
ਮਾਂ ਬੋਲੀ ਅਪਮਾਨ ਕੇ, ਦਿੱਤਾ ਗ਼ੈਰਾਂ ਨੂੰ ਸਤਿਕਾਰ।
ਤਾਹੀਓ ਤੇਥੋਂ ਖੋਹਿਆ, ਵਾਰਿਸ ਸ਼ਾਹ ਪੁਰਸਕਾਰ।

‘ਇੱਕੋ ਬੋਲੀ ਦੇਸ਼’ ਦੀ, ਦਿੱਤਾ ਨਾਅਰਾ ਜੋ ਸਰਕਾਰ।
ਜਾ ਕੇ ਦੇਸ-ਵਿਦੇਸ ਵਿੱਚ, ਕੀਤਾ ਤੂੰ ਪ੍ਰਚਾਰ।
ਪੰਜਾਬੀ ਦੇ ਗੱਦਾਰ ਨੂੰ, ਪੈਂਦੀ ਹੈ ਫਿਟਕਾਰ।
‘ਸੁੱਜੋਂ’ ਵਰਗੇ ਅਮਰ ਨੇ, ਮਾਂ ਬੋਲੀ ਦੇ ਸੇਵਾਦਾਰ।
‘ਬੱਤੀ ਮਾਨ’ ਗੱਦਾਰ ਦਾ, ਬੁਰਕਾ ਦੇਣ ਉਤਾਰ।

ਤੇਰਾ ਇਕ ਗੁਨਾਹ ਨਹੀਂ ਪਾਪੀਆ, ਹੈ ਲੰਮੀ ਬੜੀ ਕਤਾਰ।
ਸੀ ਬੁੱਚੜ ਦੇਸ ਪੰਜਾਬ ਦਾ, ਗਿੱਲ ਕੇਪੀ ਤੇਰਾ ਯਾਰ।
ਕਦੇ ‘ਚਿਲਮਾਂ ਪੀਣੇ’ ਸਾਧ ਨੂੰ, ਦੱਸੇਂ ਗੁਰੂਆਂ ਦਾ ਪਰਿਵਾਰ।
ਬਣੇ ‘ਕੰਜਰੀ ਲਾਡੀ ਸ਼ਾਹ ਦੀ’ ਸਰਬੰਸਦਾਨੀ ਤਾਈਂ ਵਿਸਾਰ॥
ਰਿਹਾ ਨਕਲੀਆਂ ਨੂੰ ਪ੍ਰਚਾਰਦਾ, ਛੱਡ ਅਸਲੀ ਦਾ ਦਰਬਾਰ।

ਚੰਗਾ ਹੋਇਆ ਪਰਖ ਲਿਆ, ਆਪੇ ਬਣਿਆ ਲੰਬਰਦਾਰ।
ਵਿੱਚ ਚੁਰਾਹੇ ਭੱਜਿਆ, ਇਹ ਦੋਹਰਾ ਕਿਰਦਾਰ।
ਝੂਠਾ ਕਰਦਾ ਕਦੇ ਨਾ, ਚਿੱਤ ਸੱਚੇ ਨਾਲ ਪਿਆਰ।
ਗੀਤਾਂ ਦੇ ਵਿੱਚ ਆ ਗਿਆ, ਸੱਚ ਅੰਦਰਲਾ ਬਾਹਰ।
‘ਚੜ੍ਹਦੀ ਕਲਾ’ ਵਿੱਚ ਜੀਂਵਦੇ, ‘ਪੰਜਾਬੀ ਦੇ ਪਹਿਰੇਦਾਰ।’

‘ਇੱਕ ਦੇਸ, ਇੱਕ ਬੋਲੀ’ ਦੇ ਏਜੰਡੇ ਤਹਿਤ ਪੰਜਾਬੀ ਨਾਲ ਗ਼ੱਦਾਰੀ ਦਾ ਦੋਸ਼ੀ : ਜਿਸ ਕਲਾਕਾਰ ਨੂੰ ਆਪਣੀ ‘ਮਾਂ ਬੋਲੀ ਪੰਜਾਬੀ ਨਾਲੋ ਮਾਸੀ’ ਦਾ ਜ਼ਿਆਦਾ ਹੇਜ ਹੋਵੇ, ਸਟੇਜ ਦੀ ਮਾਣ-ਮਰਯਾਦਾ ਅਤੇ ਸਟੇਜ ਤੋਂ ਚੰਗੇ ਸ਼ਬਦਾਂ ਦੀ ਵਰਤੋਂ ਕਰਨ ਦੀ ਵਜਾਏ ਆਪਣੀਆਂ ਧੀਆਂ ਭੈਣਾਂ ਮਾਵਾਂ ਬਜ਼ੁਰਗਾਂ ਦੇ ਸਾਹਮਣੇ ਅਪਸ਼ਬਦ ਬੋਲ ਕੇ, ਪੰਜਾਬੀ ਮਾਂ ਬੋਲੀ ਦੇ ਵਾਰਿਸਾਂ ਨੂੰ ਘਟੀਆ ਅਤੇ ਨੀਵੇਂ ਪੱਧਰ ਦੀ ਸ਼ਬਦਾਵਲੀ ਬੋਲ ਕੇ ਹੰਕਾਰ ਦੇ ਨਸ਼ੇ ਵਿੱਚ ਅਣਖ ਨੂੰ ਵੰਗਾਰਾਨ ਦੀ ਜੁਅਰਤ ਕਰੇ, ਪੰਜਾਬ ਦੇ ਵਾਰਿਸ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ।
ਭਾਰਤ ਅੰਦਰ ਰਾਸ਼ਟਰਵਾਦੀ- ਫਾਸ਼ੀਵਾਦੀ ਏਜੰਡੇ ਤਹਿਤ ਅਪਣਾਏ ਜਾ ਰਹੇ ਰਾਹ ‘ਇੱਕ ਦੇਸ਼ ਇੱਕ ਬੋਲੀ’ ਦੀ ਤਰਜ਼ ‘ਤੇ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ਬਦਾਂ ਨੂੰ ਲੈ ਕੇ ਕੈਨੇਡਾ ਵਸਦੇ ਪੰਜਾਬੀਆਂ ਵੱਲੋਂ ਹੀ ਉਸ ਦਾ ਤਿੱਖਾ ਵਿਰੋਧ ਹੋਇਆ। ਗੁਰਦਾਸ ਮਾਨ ਵੱਲੋਂ ਇੱਕ ਰੇਡੀਓ ਅਤੇ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ‘ਇੱਕ ਰਾਸ਼ਟਰ ਇਕ ਭਾਸ਼ਾ’ ਦੀ ਗੱਲ ਕਹਿ ਕੇ ਵਿਵਾਦ ਛੇੜਿਆ ਗਿਆ। ਆਪਣੀ ਗਲਤੀ ਨੂੰ ਸਹੀ ਸਾਬਤ ਕਰਨ ਲਈ ਗੁਰਦਾਸ ਮਾਨ ਦਾ ਇਹ ਨਿਰਾਧਾਰ ਤਰਕ ਕਿ ਉੱਤਰ ਤੋਂ ਲੈ ਕੇ ਦੱਖਣ ਤੱਕ, ਸਾਰੇ ਹਿੰਦੁਸਤਾਨ ਵਿੱਚ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਜਿਵੇਂ ਕਿ ਫਰਾਂਸ ਦੇ ਵਿੱਚ ਤੇ ਜਰਮਨੀ ਦੇ ਵਿੱਚ ਇੱਕ ਭਾਸ਼ਾ ਹੈ, ਬਿਲਕੁਲ ਬੇਤੁਕਾ ਸੀ। ਭਾਰਤ ਵਿੱਚ ਅੱਜ ਰਾਸ਼ਟਰੀ ਸੋਯਮ ਸੇਵਕ, ਸੰਘੀ ਤਾਕਤਾਂ ਅਜਿਹਾ ਕਰਨ ਦੀ ਕੋਸ਼ਿਸ਼ ‘ਚ ਹਨ ਅਤੇ ਅਤੇ ਉਨ੍ਹਾਂ ਫਾਸ਼ੀਵਾਦੀ ਨੀਤੀਆਂ ਨਾਲ ਦੱਖਣੀ ਭਾਰਤ ਵਿੱਚ ਵੀ ਹਿੰਦੀ ਨੂੰ ਲਾਗੂ ਕਰਨ ਦਾ ਤਹੱਈਆ ਕੀਤਾ ਹੋਇਆ ਹੈ, ਪਰ ਇਸ ਦੇ ਤਿੱਖੇ ਵਿਰੋਧ ਵਿੱਚ ਉੱਥੋਂ ਦੇ ਸਾਹਿਤਕਾਰ, ਕਲਾਕਾਰ, ਗਾਇਕ-ਗੀਤਕਾਰ ਸਭ ਇੱਕ-ਮੁੱਠ ਹਨ। ਗੁਰਦਾਸ ਮਾਨ ਕੈਨੇਡਾ ਦੀ ਸਥਿਤੀ ਦੇਖ ਸਕਦਾ ਸੀ ਕਿ ਇੱਥੋਂ ਦੇ ਹੀ ਇੱਕ ਸੂਬੇ ਕਿਊਬੈਕ ਵਿੱਚ ਫਰੈਂਚ ਭਾਸ਼ਾ ਦਾ ਬੋਲਬਾਲਾ ਹੈ ਤੇ ਉੱਥੇ ਧੱਕੇ ਨਾਲ ਕਿਸੇ ਹੋਰ ਭਾਸ਼ਾ ਨੂੰ ਲਾਗੂ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ‘ਇੱਕ ਦੇਸ਼ ਇੱਕ ਭਾਸ਼ਾ’ ਦੇ ਫਾਸੀਵਾਦੀ ਭਾਸ਼ਾਈ ਫਾਰਮੂਲੇ ਕਾਰਨ ਵਿਵਾਦਾਂ ‘ਚ ਘਿਰੇ ਗਾਇਕ ਗੁਰਦਾਸ ਮਾਨ ਖ਼ਿਲਾਫ਼ ਸਰੀ ਦੇ ਗਰੈਂਡ ਤਾਜ ਹਾਲ ‘ਚ ਸਾਹਿਤਕ ਤੇ ਸਮਾਜਿਕ ਜਥੇਬੰਦੀਆਂ ਦਾ ਵੱਡਾ ਇੱਕਠ ਹੋਇਆ, ਜਿਸ ਵਿੱਚ ਪਾਸ ਮਤਿਆਂ ‘ਚ ਮਾਨ ਦੀ ਆਪਣੇ ਸ਼ੋਅ ਦੌਰਾਨ ਵਰਤੀ ਗਾਲੀ -ਗਲੋਚ ਵਾਲੀ ਸ਼ਬਦਾਵਲੀ ਦੀ ਪੁਰਜ਼ੋਰ ਨਿੰਦਾ ਕੀਤੀ ਗਈ। ਈਰਖਾਲੂ ਅਤੇ ਸੜੀਅਲ ਸੋਚ ਦੇ ਮਾਲਕਾਂ ਨੇ ਇਸ ਵੱਡੇ ਇਕੱਠ ਨੂੰ ‘ਅਖੌਤੀ ਧਰਮ, ਸੱਭਿਆਚਾਰ ਅਤੇ ਬੋਲੀ ਦੇ ਠੇਕੇਦਾਰਾਂ ਦਾ ਹਜੂਮ’ ਕਿਹਾ, ਪਰ ਅਸਲ ਵਿੱਚ ਇਹ ਮਾਂ ਬੋਲੀ ਨੂੰ ਸਮਰਪਿਤ ਜਾਗਰੂਕ ਲੋਕਾਂ ਦੀ ਸੰਗਤ ਸੀ। ਇਸ ਇਕੱਤਰਤਾ ਵਿੱਚ ਵੱਡੀ ਤਾਦਾਦ ‘ਚ ਹਾਜ਼ਰ ਸਰੋਤਿਆਂ ਵੱਲੋਂ ਦੋਵੇਂ ਹੱਥ ਖੜ੍ਹੇ ਕਰਕੇ ‘ਗੁਰਦਾਸ ਮਾਨ ਦੇ ਬਾਈਕਾਟ’ ਦਾ ਫੈਸਲਾ ਲਿਆ ਗਿਆ। ਪੰਜਾਬੀ ਪ੍ਰੇਮੀਆਂ ਦੀਆਂ ਸ਼ਹਾਦਤਾਂ ਗੁਰਦਾਸ ਮਾਨ ਵਰਗੇ ਲੋਕਾਂ ਨੂੰ ਲਾਹਨਤਾਂ ਪਾ ਰਹੀਆਂ ਸਨ। ਜਿਸ ਪੰਜਾਬੀ ਬੋਲੀ ਲਈ ਅਨੇਕਾਂ ਸ਼ਹਾਦਤਾਂ ਹੋਈਆਂ, ਉਸ ਦੇ ਸਤਿਕਾਰ ਨੂੰ ਘੱਟੇ ਰੋਲਣ ਵਾਲੇ ਅਕਿਰਤਘਣ, ਪੰਜਾਬੀ ਬੋਲੀ ਦੇ ਗੱਦਾਰ ਹਨ ਤੇ ਇਤਿਹਾਸ ਵਿੱਚ ‘ਅਪਮਾਨ’ ਦੇ ਪਾਤਰ ਹਨ। ਗੁਰਦਾਸ ਮਾਨ ਨੂੰ ਕਿਸੇ ਵੇਲੇ ਪੰਜਾਬੀ ਗਾਇਕੀ ਲਈ ਮਿਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋ ਆਨਰੇਰੀ ਡਾਕਟਰੇਟ ਦੀ ਡਿਗਰੀ, ਵਾਪਸ ਲੈਣ ਦੀ ਵੀ ਪੁਰਜ਼ੋਰ ਮੰਗ ਕੀਤੀ ਗਈ। ਇਸ ਮੌਕੇ ‘ਤੇ ਕੈਨੇਡਾ ਦੀਆਂ ਪੰਜਾਬੀ ਸਾਹਿਤਿਕ ਜਥੇਬੰਦੀਆਂ ਤੋਂ ਇਲਾਵਾ ਪੰਜਾਬ ਤੋਂ ਆਏ ਸੀਨੀਅਰ ਪੱਤਰਕਾਰ ਮਰਹੂਮ ਮੇਜਰ ਸਿੰਘ, ਲੇਖਕ ਰਾਜਵਿੰਦਰ ਸਿੰਘ ਰਾਹੀ ਅਤੇ ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਸਰਦਾਰ ਚੇਤਨ ਸਿੰਘ ਵੀ ਮੌਜੂਦ ਸਨ।
ਗੁਰੂ ਸਹਿਬ ਨਾਲ ਨਸ਼ੇੜੀ ਅਤੇ ਡੰਮੀ ਦੀ ਤੁਲਨਾ ਦਾ ਦੋਸ਼ੀ : ਗੁਰਦਾਸ ਮਾਨ ਨੇ ਗੁਰੂ ਸਾਹਿਬ ਅਤੇ ਗੁਰਬਾਣੀ ਦਾ ਨਿਰਾਦਰ ਕਰਕੇ, ਹੋਰ ਵੀ ਸ਼ਰਮਨਾਕ ਕਾਰਾ ਕੀਤਾ। ਚਿਲਮਾਂ, ਸਿਗਰਟਾਂ ਬੀੜੀਆਂ ਪੀਣ ਤੇ ਨਸ਼ੇ ‘ਚ ਧੁੱਤ ਰਹਿ ਕਿ ਗੰਦੀਆਂ ਗਾਲ੍ਹਾਂ ਕੱਢਣ ਵਾਲੇ ਪਾਖੰਡੀ ਅਤੇ ਅਖੌਤੀ ਪੀਰ ਲਾਡੀ ਸ਼ਾਹ ਵਰਗਿਆਂ ਦੀ ਸਿਫ਼ਤ ਕਰਦਿਆਂ ਗੁਰਦਾਸ ਮਾਨ ਨੇ, ਉਨ੍ਹਾਂ ਨੂੰ ਗੁਰੂ ਅਮਰਦਾਸ ਜੀ ਦੇ ਵੰਸ਼ ਦਸਦਿਆਂ ਆਨੰਦ ਸਾਹਿਬ ਦੀ ਬਾਣੀ ਅਜਿਹੇ ਪਾਖੰਡੀ ਤੇ ਢੁਕਾ ਕੇ ਅਤੇ ਗੁਰੂ ਗ੍ਰੰਥ ਸਾਹਿਬ ਵਿਚਲੇ ਸ਼ਬਦਾਂ ਨਾਲ ਛੇੜ-ਛਾੜ ਕਰਕੇ, ਨਾ-ਕਾਬਲੇ ਬਰਦਾਸ਼ਤ ਗ਼ਲਤੀ ਕੀਤੀ। ਜਿਹੜੇ ਲਾਡੀ ਸ਼ਾਹ ਵਰਗਿਆਂ ਦਾ ਪੱਲਾ ਗੁਰਦਾਸ ਮਾਨ ਨੇ ਫੜਿਆ ਹੈ, ਉਨ੍ਹਾਂ ਦਾ ਗੁਰੂ ਘਰ ਦੇ ਨਾਲ ਕੋਈ ਵਾਸਤਾ ਹੀ ਨਹੀਂ, ਬਲਕਿ ਇਹ ਦੰਭੀ ਲੋਕ ਤਾਂ ਗੁਰੂ ਸਾਹਿਬ ਨਾਲੋਂ ਸਿੱਖਾਂ ਨੂੰ ਤੋੜ ਕੇ, ਗੁਰੂ-ਡੰਮ ਰਾਹੀਂ,ਪੰਜਾਬ ‘ਚ ਸਿੱਖੀ ਤੇ ਗੁਰਬਾਣੀ ਨੂੰ ਖੋਰਾ ਲਾ ਰਹੇ ਹਨ। ਗੁਰਦਾਸ ਮਾਨ ਕਿੱਥੇ ਨੱਕ ਰਗੜਦਾ ਹੈ ਤੇ ਕਿਸ ਦੇ ਦਰ ‘ਤੇ ਜਾ ਜਾ ਕੇ ਡਿੱਗਦਾ ਹੈ, ਇਹ ਉਸ ਦੇ ‘ਦਿਲ ਦਾ ਨਿੱਜੀ ਮਾਮਲਾ’ ਹੈ, ਉਸ ਦੇ ਨਿੱਜੀ ਜੀਵਨ ਨਾਲ ਕਿਸੇ ਦਾ ਕੋਈ ਸਰੋਕਾਰ ਨਹੀਂ, ਪਰ ਉਸ ਨੂੰ ਕੋਈ ਹੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇਸਤੇਮਾਲ ਲਾਡੀ ਸ਼ਾਹ ਜਾਂ ਉਸ ਦੇ ਅਖੌਤੀ ਗੁਰੂ ਪੀਰ ਦੇ ਸੋਹਿਲੇ ਗਾਉਣ ਅਤੇ ਸਿਫ਼ਤਾਂ ਕਰਨ ਲਈ ਕਰੇ।
ਭੰਗੀ ਦੀ ਤੁਲਨਾ ਕਰੇ, ਨਾਲ ਗੁਰੂ ਸਹਿਬਾਨ।
ਦੋਸ਼ੀ ਸਿੱਖ ਸਿਧਾਂਤ ਦਾ, ਕੌਮ ਧ੍ਰੋਹੀ ਮਾਨ।
ਹੋਰਨਾਂ ਗੀਤਕਾਰਾਂ ਦੀਆਂ ਸਾਹਿਤਕ ਲਿਖਤਾਂ ਦੀ ਚੋਰੀ ਦਾ ਦੋਸ਼ੀ : ਦੂਜਿਆਂ ਦੇ ਮਸ਼ਹੂਰ ਗੀਤਾਂ ਨੂੰ ਆਪਣੇ ਨਾਂ ਤੇ ਲਿਖਣ ਕਾਰਨ ਸਾਹਿਤਕ ਚੋਰੀ ਦਾ ਦੋਸ਼ੀ ਵੀ ਹੈ। ਇਹ ਗੱਲ ਸੱਚ ਹੈ ਜਿਸ ਬਾਰੇ ਖੋਜੀ ਸਾਹਿਤਕਾਰ ਅਸ਼ੋਕ ਬਾਂਸਲ ਲਿਖਦਾ ਹੈ…ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ 26 ਨਵੰਬਰ,1964 ਨੂੰ ਪਾਕਿਸਤਾਨੀ ਟੈਲੀਵਿਜ਼ਨ ਦੇ ਉਦਘਾਟਨੀ ਸਮਾਰੋਹ ਤੇ ਪਾਕਿਸਤਾਨ ਦੇ ਪ੍ਰਸਿੱਧ ਗਾਇਕ ਤੁਫ਼ੈਲ ਨਿਆਜ਼ੀ ਨੇ ‘ਗੀਤਕਾਰ ਚਾਨਣ ਗੋਬਿੰਦਪੁਰੀ’ ਦਾ ਗੀਤ ਜਿਸ ਦੇ ਬੋਲ ਸਨ : ”ਲਾਈ ਬੇਕਦਰਾਂ ਨਾਲ ਯਾਰੀ ਕਿ ਟੁੱਟਗੀ ਤੜੱਕ ਕਰਕੇ। ਚਾਨਣ ਗੋਬਿੰਦਪੁਰੀ ਦੇ ਇਸ ਗੀਤ ਦੀ ਮੂਲ ਲਿਖਤ ਉਹਨਾਂ ਦੀ ਪੁਸਤਕ ‘ਮਿੱਠੀਆਂ ਪੀੜਾਂ’ ਵਿਚ ਦਰਜ ਹੈ ਤੇ ਇਹ ਪੁਸਤਕ 1958 ਵਿਚ ਸ਼ਾਹਮੁਖੀ ਜ਼ਬਾਨ ਵਿਚ ਛਪੀ ਸੀ।” ਹੈਰਾਨੀ ਹੈ ਕਿ ਗੁਰਦਾਸ ਮਾਨ ਨੇ ਇਹ ਗੀਤ ਆਪਣੇ ਨਾਂ ਤੇ ਦਰਜ ਕਰ ਲਿਆ ਅਤੇ ਉਸ ਤੋਂ ਕਰੋੜਾਂ ਰੁਪਏ ਕਮਾਏ। ਇਥੇ ਹੀ ਬੱਸ ਨਹੀਂ, ਛੱਲਾ ਅਤੇ ਹੋਰ ਪ੍ਰਸਿੱਧ ਗੀਤ ਵੀ ਉਸ ਵੱਲੋਂ ਚੋਰੀ ਕੀਤੇ ਹੋਏ ਹਨ। ਦੁੱਖ ਇਸ ਗੱਲ ਦਾ ਹੈ ਕਿ ਪੰਜਾਬੀ ਸਾਹਿਤਕਾਰ ਅਤੇ ਮੀਡੀਆ ਇਸ ਗੱਲ ‘ਤੇ ਮੂੰਹ ‘ਚ ਘੁੰਗਣੀਆਂ ਪਾਈ ਬੈਠੇ ਹਨ।
ਸਾਰਾਂਸ਼ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ;
1) ਗੁਰਦਾਸ ਮਾਨ ਵੱਲੋਂ ਸਟੇਜ ‘ਤੇ ਧੀਆਂ, ਭੈਣਾਂ, ਮਾਵਾਂ ਬਜ਼ੁਰਗਾਂ ਦੇ ਸਾਹਮਣੇ ਅਪਸ਼ਬਦ ਬੋਲਣ ਤੋਂ ਬਾਅਦ ਵੀ, ਕੋਈ ਪਛਤਾਵਾ ਨਾ ਕਰਨਾ ਸ਼ਰਮਨਾਕ ਹੈ।
(2) ਗੁਰਦਾਸ ਮਾਨ ਵਲੋਂ ‘ਸਰਕਾਰ ਦੀ ਸ਼ਹਿ ‘ਤੇ ਇੱਕ ਦੇਸ਼ ਇੱਕ ਬੋਲੀ’ ਦਾ ਨਾਅਰਾ ਮਾਰਨਾ, ਆਪਣੀ ਮਾਂ ਬੋਲੀ ਪੰਜਾਬੀ ਦਾ ਨਿਰਾਦਰ ਹੈ। ਅਜਿਹਾ ‘ਸਰਕਾਰੀ ਬਿਰਤਾਂਤ’ ਸਿਰਜਣ ਕਾਰਨ ਹੀ ਨੌਜਵਾਨਾਂ ਨੇ ਕਿਸਾਨ ਸੰਘਰਸ਼ ਦੌਰਾਨ ਗੁਰਦਾਸ ਮਾਨ ਨੂੰ ਸਟੇਜ ਤੇ ਬੋਲਣ ਨਹੀਂ ਦਿੱਤਾ।
3) ਗੁਰਦਾਸ ਮਾਨ ਵੱਲੋਂ ਡੇਰਿਆਂ ‘ਤੇ ਜਾ ਕੇ ਨਸ਼ਾ ਕਰਨ ਵਾਲਿਆਂ ਨੂੰ ਪ੍ਰਮੋਟ ਕਰਨਾ, ਪੰਜਾਬ ਦੀ ਜਵਾਨੀ ਲਈ ਖਤਰਨਾਕ ਹੈ।
(4) ਗੁਰਦਾਸ ਮਾਨ ਵਲੋਂ ਹੁੱਕਾ ਤੇ ਸਿਗਰਟਾਂ ਪੀਣ ਵਾਲੇ ਲਾਡੀ ਸ਼ਾਹ ਨੂੰ ਗੁਰੂ ਅਮਰਦਾਸ ਜੀ ਦਾ ਵੰਸ਼ਜ ਕਹਿਣਾ, ਸਿੱਖਾਂ ਲਈ ਬਰਦਾਸ਼ਤ ਤੋਂ ਬਾਹਰ ਹੈ।
5) ਗੁਰਦਾਸ ਮਾਨ ਵੱਲੋਂ ਪੰਜਾਬ ਦੇ ਬੁੱਚੜ ਕੇ.ਪੀ.ਐੱਸ ਗਿੱਲ ਵਰਗਿਆਂ ਨੂੰ ਸਟੇਜ ‘ਤੇ ਪ੍ਰਮੋਟ ਕਰਨਾ ਅਤੇ ਬੁੱਚੜ ਗਿੱਲ ਵਰਗਿਆਂ ਵੱਲੋਂ 90ਵਿਆਂ ਵਿੱਚ ਅਜਿਹੇ ਦਰਬਾਰੀ ਗਵੱਈਆਂ ਨੂੰ ਉਤਸ਼ਾਹਤ ਕਰਕੇ, ਪੰਜਾਬ ਦੀ ਜਵਾਨੀ ਨੂੰ ਸ਼ਰਾਬ ਤੇ ਕਬਾਬ ਵੱਲ ਤੋਰਨਾ, ਚਿੰਤਾ ਦਾ ਵਿਸ਼ਾ ਹੈ।
ਅਹਿਮ ਤੱਥਾਂ ਦੀ ਰੌਸ਼ਨੀ ਵਿੱਚ ਗੁਰਦਾਸ ਮਾਨ ਦਾ ਵਿਰੋਧ ਮਹਿਜ਼ ਉਸਦਾ ਨਿਜੀ ਵਿਰੋਧ ਨਾ ਹੋ ਕੇ, ‘ਸਰਕਾਰੀ ਬਿਰਤਾਂਤ’ ਦਾ ਵਿਰੋਧ, ਪੰਜਾਬੀ ਬੋਲੀ ਦੀ ਦੁਰਗਤੀ ਅਤੇ ਬੇਹੁਰਮਤੀ ਦਾ ਵਿਰੋਧ, ਨੌਜਵਾਨ ਨੂੰ ਨਸ਼ਿਆਂ ਤੰਬਾਕੂਆਂ ਆਦਿ ਦੀ ਦਲਦਲ ਵਿੱਚ ਧੱਕਣ ਦਾ ਵਿਰੋਧ ਪੰਜਾਬ ਦੀ ਧਰਤੀ ਤੇ ਨਸ਼ੇੜੀ ਡੇਰੇਦਾਰਾਂ ਨੂੰ ਪ੍ਰਮੋਟ ਕਰਨ ਦਾ ਵਿਰੋਧ ਹੈ।
ਇਹ ਵਿਰੋਧ ਕੈਨੇਡਾ,ਅਮਰੀਕਾ, ਇੰਗਲੈਂਡ ਜਾਂ ਪੰਜਾਬ ਦੀ ਕਿਸੇ ਵਿਸ਼ੇਸ਼ ਸੰਸਥਾ ਵੱਲੋਂ ਨਾ ਹੋ ਕੇ, ਸਮੂਹ ਪੰਜਾਬੀਆਂ ਅਤੇ ਪੰਜਾਬੀ ਹਿਤੈਸ਼ੀਆਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਹੈ। ਗੁਰਦਾਸ ਮਾਨ ਦਾ ਵਿਰੋਧ ਜਾਰੀ ਰਹੇਗਾ ਅਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਗੁਰਦਾਸ ਮਾਨ ਵੱਲੋਂ ਸਰਕਾਰ ਦੇ ਫਾਸ਼ੀਵਾਦੀ ਏਜੰਡੇ ਨੂੰ ਤਿਲਾਂਜਲੀ ਦੇ ਕੇ, ਮਾਂ ਬੋਲੀ ਪੰਜਾਬੀ ਖਿਲਾਫ ਕੀਤੀਆਂ ਗਲਤ ਟਿੱਪਣੀਆਂ ਦਾ ਦੋਸ਼ ਨਹੀਂ ਕਬੂਲਦਾ ਅਤੇ ਆਪਣੇ ਮੂੰਹੋਂ ਕੱਢੇ ਪੰਜਾਬੀ ਵਿਰੋਧੀ ਸ਼ਬਦ ਰੱਦ ਕਰਕੇ, ਬੱਜਰ ਗੁਨਾਹਾਂ ਦਾ ਪਛਤਾਵਾ ਨਹੀਂ ਕਰਦਾ।
ਆਪਣੀ ਬੋਲੀ ਨਿੰਦ ਕੇ, ਮਾਣ ਦੀ ਰੱਖੇਂ ਆਸ?
ਮਾਰ ਕੇ ਕਿੰਞ ਜ਼ਮੀਰ ਨੂੰ, ਹੋਏਂ ਗੁਰਾਂ ਦਾ ਦਾਸ?
ਕੋਆਰਡੀਨੇਟਰ ਪੰਜਾਬੀ ਸਾਹਿਤ ਸਭਾ ਮੁਢਲੀ
ਐਬਟਸਫੋਰਡ ਬੀਸੀ ਕੈਨੇਡਾ

Check Also

ਪੰਜਾਬ, ਪੰਜਾਬੀ ਤੇ ਪੰਜਾਬੀਆਂ ਦਾ ਮਾਣ : ਲੋਕ ਕਵੀ ਗੁਰਦਾਸ ਰਾਮ ‘ਆਲਮ’

ਡਾ. ਗੁਰਵਿੰਦਰ ਸਿੰਘ ਪੰਜਾਬੀਆਂ ਦਾ ‘ਅਸਲੀ ਗੁਰਦਾਸ’ ਗੁਰਦਾਸ ਰਾਮ ਆਲਮ ਹੈ, ਜਿਸ ਨੇ ਪੰਜਾਬੀ ਮਾਂ …