Breaking News
Home / ਮੁੱਖ ਲੇਖ / ਸ਼੍ਰੋਮਣੀ ਅਕਾਲੀ ਦਲ ਦੇ 97ਵੇਂ ਸਥਾਪਨਾ ਦਿਵਸ ਲਈ ਵਿਸ਼ੇਸ਼

ਸ਼੍ਰੋਮਣੀ ਅਕਾਲੀ ਦਲ ਦੇ 97ਵੇਂ ਸਥਾਪਨਾ ਦਿਵਸ ਲਈ ਵਿਸ਼ੇਸ਼

ਅਕਾਲੀ ਲੀਡਰਸ਼ਿਪ ਅੱਗੇ ਭਰੋਸੇਯੋਗਤਾ ਦਾ ਸਵਾਲ!

ਤਲਵਿੰਦਰ ਸਿੰਘ ਬੁੱਟਰ

2020 ‘ਚ 100 ਸਾਲਾਂ ਦੀ ਹੋਣ ਜਾ ਰਹੀ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਸਿਆਸੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅੱਜ ਲੀਡਰਸ਼ਿਪ ਦੀ ਭਰੋਸੇਯੋਗਤਾ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। 14 ਦਸੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਵਿਸ਼ਾਲ ਪੰਥਕ ਇਕੱਠ ਵਿਚੋਂ ਹੋਂਦ ‘ਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਵਿਧਾਨ ਦੀ ਸਿਰਜਣਾ ਦੇ ਮੁੱਖ ਮੰਤਵ; ਗੁਰਦੁਆਰਿਆਂ ਦਾ ਇਮਾਨਦਾਰਾਨਾ ਸੰਗਤੀ ਪ੍ਰਬੰਧ ਕਾਇਮ ਕਰਨਾ, ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਅਤੇ ਅਨਮਤ ਦੇ ਹਮਲਿਆਂ ਦਾ ਪ੍ਰਹਾਰ ਕਰਨਾ, ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੁਆਰਾ ਸਥਾਪਤ ਨਿਆਰਾ ਤੇ ਸੁਤੰਤਰ ਕੌਮੀ ਹਸਤੀ ਵਾਲਾ ਪੰਥ ਤੇ ਦੇਸ਼ ਵਿਚ ਸਿੱਖਾਂ ਲਈ ਸਨਮਾਨਜਨਕ ਖ਼ੁਦਮੁਖਤਿਆਰ ਰਾਜਸੀ ਸਥਾਨ ਦੀ ਪ੍ਰਾਪਤੀ ਕਰਨਾ ਸੀ।

ਆਜ਼ਾਦੀ ਤੋਂ ਬਾਅਦ ਭਾਰਤ ਅੰਦਰ ਸਿੱਖਾਂ ਨਾਲ ਹੋ ਰਹੇ ਸਿਆਸੀ ਵਿਤਕਰਿਆਂ ਖ਼ਿਲਾਫ਼ ਵੀ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਸ਼ੀਲ ਰਿਹਾ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ‘ਚ 9 ਵਾਰੀ ਸ਼੍ਰੋਮਣੀ ਅਕਾਲੀ ਦਲ ਸੱਤਾ ‘ਚ ਤਾਂ ਆਇਆ, ਪਰ ਇਕ ਵੀ ਅਜਿਹਾ ਮਸਲਾ ਹੱਲ ਨਹੀਂ ਕਰਵਾ ਸਕਿਆ, ਜਿਨ੍ਹਾਂ ਲਈ ਕਦੇ ਇਹ ਮੋਰਚੇ ਲਗਾਉਂਦਾ ਰਿਹਾ ਹੈ। ਪੰਜਾਬੀ ਸੂਬੇ ਦੀ ਸਥਾਪਤੀ ਪਿੱਛੋਂ ਅਕਾਲੀ ਦਲ ਸੂਬੇ ਦੀ ਸ਼ਕਤੀਸਾਲੀ ਰਾਜਸੀ ਪਾਰਟੀ ਬਣ ਕੇ ਉਭਰਿਆ ਤੇ 1967, 1969, 1977, 1985, 1997, 2007 ਅਤੇ 2012 ਵਿਚ ਸਰਕਾਰਾਂ ਬਣਾਈਆਂ। ਸਾਲ 1985 ‘ਚ ਨਿਰੋਲ ਅਕਾਲੀ ਸਰਕਾਰ ਬਣੀ, ਜਦੋਂਕਿ 1997, 2007 ਅਤੇ 2012 ਵਿਚ ਭਾਜਪਾ ਨਾਲ ਗਠਜੋੜ ਕਰਕੇ ਇਸ ਨੇ ਸਰਕਾਰ ਚਲਾਈ। ਗੁਰਦੁਆਰਾ ਐਕਟ-1925 ਲਾਗੂ ਹੋਣ ਪਿੱਛੋਂ ਹੁਣ ਤੱਕ ਸ਼੍ਰੋਮਣੀ ਕਮੇਟੀ ‘ਤੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਹੈ।

‘ਪੰਜਾਬੀ ਸੂਬਾ’ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਇਤਿਹਾਸ ਦੀ ਸਭ ਤੋਂ ਨਮੋਸ਼ੀਜਨਕ ਹਾਰ ਦਾ ਸਾਹਮਣਾ ਲੰਘੀਆਂ ਫਰਵਰੀ 2017 ਦੀਆਂ ਸੂਬਾਈ ਚੋਣਾਂ ‘ਚ ਕਰਨਾ ਪਿਆ ਜਦੋਂ ਵਿਧਾਨ ਸਭਾ ਵਿਚ ਇਹ 15 ਸੀਟਾਂ ਤੱਕ ਸੀਮਤ ਹੋ ਗਿਆ ਅਤੇ ਵੋਟ ਪ੍ਰਤੀਸ਼ਤਤਾ ਵੀ 2012 ਦੀਆਂ ਸੂਬਾਈ ਚੋਣਾਂ ਦੇ 34.73% ਤੋਂ ਘੱਟ ਕੇ 25.2% ਰਹਿ ਗਈ। ਚੋਣਾਂ ਤੋਂ ਬਾਅਦ ਇਹ ਆਸ ਕੀਤੀ ਜਾ ਰਹੀ ਸੀ ਕਿ 1975 ਦੀ ਐਮਰਜੈਂਸੀ ਵਰਗੇ ਹਾਲਾਤਾਂ ‘ਚ ਵੀ ਜਮਹੂਰੀਅਤ ਲਈ ਡੱਟ ਕੇ ਪਹਿਰਾ ਦੇਣ ਵਾਲਾ ਅਕਾਲੀ ਦਲ ਆਪਣੀ ਹਾਰ ਦਾ ਖੁੱਲ੍ਹਦਿਲੀ ਨਾਲ ਆਤਮ ਚਿੰਤਨ ਕਰੇਗਾ। ਹੋਈਆਂ ਗ਼ਲਤੀਆਂ ਨੂੰ ਸਵੀਕਾਰ ਕਰਕੇ ਪਾਰਟੀ ਦੀ ਹਾਈਕਮਾਨ ਪੰਜਾਬ ਨੂੰ ਨਵੀਂ ਸਿਆਸੀ ਸੇਧ ਦੇਣ ਲਈ ਫ਼ੈਸਲਾਕੁੰਨ ਵਿਉਂਤਬੰਦੀ ਕਰੇਗੀ। ਪਰ ਲੱਗਦਾ ਹੈ ਕਿ ਪਾਰਟੀ ਨੇ ਵਿਧਾਨ ਸਭਾ ਚੋਣਾਂ ਹਾਰਨ ਤੋਂ 8-9 ਮਹੀਨਿਆਂ ਬਾਅਦ ਅਜੇ ਤੱਕ ਅਜਿਹਾ ਸੋਚਿਆ ਤੱਕ ਨਹੀਂ।

ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅੱਗੇ ਚੁਣੌਤੀ ਹੈ ਕਿ ਕਾਂਗਰਸ ਸਰਕਾਰ ਪ੍ਰਤੀ ਪੰਜਾਬ ਦੇ ਲੋਕਾਂ ਦਾ ਸ਼ੁਰੂਆਤੀ ਛਿਮਾਹੀ ਅੰਦਰ ਹੀ ਮੋਹ ਭੰਗ ਹੋਣ ਦੇ ਬਾਵਜੂਦ ਅਕਾਲੀ ਦਲ ਲੋਕਾਂ ਦੀ ਹਮਦਰਦੀ ਹਾਸਲ ਨਹੀਂ ਕਰ ਸਕਿਆ। ਬਲਕਿ ਅਕਾਲੀ ਦਲ ਨੂੰ ਲਗਾਤਾਰ 10 ਸਾਲ ਸੱਤਾ ‘ਚ ਰਹਿਣ ਅਤੇ ਰਾਜਨੀਤਕ ਤਰਜੀਹਾਂ ਕਾਰਨ ਆਪਣੇ ਬੁਨਿਆਦੀ ਖਾਸੇ ਤੇ ਪੰਥਕ ਸਰੋਕਾਰਾਂ ਦਾ ਤਿਆਗ਼ ਕਰਨ ਦਾ ਖਮਿਆਜ਼ਾ ਆਪਣੇ ‘ਪੰਥਕ ਆਧਾਰ’ ਤੋਂ ਬੇਦਾਵਾ ਮਿਲਣ ਦੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ। ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲੇ ਅਤੇ ਨਵੰਬਰ ’84 ਦੇ ਕਤਲੇਆਮ ਤੋਂ ਬਾਅਦ ਕਾਂਗਰਸ ਪ੍ਰਤੀ ਸਿੱਖਾਂ ਦੀ ਲਕੀਰ ਖਿੱਚਵੀਂ ਨਫਰਤ ਦਾ ਸਭ ਤੋਂ ਵੱਡਾ ਸਿਆਸੀ ਫ਼ਾਇਦਾ ਸ਼੍ਰੋਮਣੀ ਅਕਾਲੀ ਦਲ ਹੀ ਉਠਾਉਂਦਾ ਰਿਹਾ ਹੈ ਅਤੇ ਹੁਣ ਅਕਾਲੀ ਦਲ ਲਈ ਇਹ ਚਿੰਤਾ ਦਾ ਸਬੱਬ ਹੈ ਕਿ ਅਕਾਲੀ ਦਲ ਦਾ ਵੋਟ ਬੈਂਕ ਖੁਰ ਕੇ ਕਾਂਗਰਸ ਵੱਲ ਜਾ ਰਿਹਾ ਹੈ। ਦੋ ਮਹੀਨੇ ਪਹਿਲਾਂ ਹੋਈ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਉਪ ਚੋਣ ਨੇ ਅਕਾਲੀ ਦਲ ਦੀ ਪੰਥਕ ਪਛਾਣ ‘ਤੇ ਸਵਾਲੀਆ ਚਿੰਨ੍ਹ ਖੜ੍ਹਾ ਕਰ ਦਿੱਤਾ, ਜਿਸ ‘ਚ ਕਾਂਗਰਸ ਨੂੰ ਜਿਤਾਉਣ ‘ਚ ਵੱਡੀ ਭੂਮਿਕਾ ਸਿੱਖ ਬਹੁਗਿਣਤੀ ਵਾਲੇ ਪੇਂਡੂ ਅਤੇ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਹਲਕਿਆਂ ਨੇ ਨਿਭਾਈ।

ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਅਤੇ ਜਥੇਦਾਰ ਮੋਹਨ ਸਿੰਘ ਤੁੜ ਵਰਗੇ ‘ਪੰਥ ਵੱਸੇ ਮੈਂ ਉਜੜਾਂ’ ਦੇ ਧਾਰਨੀ ਅਸੂਲਪ੍ਰਸਤ ਤੇ ਸਮਰਪਿਤ ਆਗੂਆਂ ਦੀ ਅਗਵਾਈ ‘ਚ ਪਲਿਆ-ਫੁਲਿਆ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸਿਰਫ਼ ਇਕ ਪਰਿਵਾਰ ਦੀ ਸਿਆਸੀ ਸ਼ਕਤੀ ਦਾ ਹਸਤਾਖ਼ਰ ਬਣ ਕੇ ਰਹਿ ਗਿਆ ਹੈ। ਅਕਾਲੀ ਦਲ ਦੇ 1988 ‘ਚ 19ਵੇਂ ਪ੍ਰਧਾਨ ਬਣੇ ਪ੍ਰਕਾਸ਼ ਸਿੰਘ ਬਾਦਲ ਨੇ ਇਸ ਪਾਰਟੀ ਨੂੰ ਪਰਿਵਾਰ ਦੀ ਵਿਰਾਸਤ ਬਣਾ ਲਿਆ। ਖਾੜਕੂਵਾਦ ਵੇਲੇ, ਜਦੋਂ ਅਕਾਲੀ ਦਲ ਦੇ ਇਕੋ ਵੇਲੇ ਬਰਾਬਰ ਦੇ ਅੱਧੀ ਦਰਜਨ ਦੇ ਕਰੀਬ ਆਗੂਆਂ ਵਿਚਾਲੇ ਵਿਸ਼ਵਾਸ ਹਾਸਲ ਕਰਨ ਦੀ ਖਿੱਚੋਤਾਣ ਚੱਲ ਰਹੀ ਸੀ, ਉਸ ਦੌਰ ਵਿਚੋਂ ਵੀ ਸਿਆਸੀ ਕਲਾਬਾਜ਼ੀਆਂ ਸਦਕਾ ਉਭਰ ਕੇ ਸਦੀ ਦੇ ਮਜਬੂਤ ਸਿਆਸੀ ਸਿੱਖ ਆਗੂ ਬਣੇ ਪ੍ਰਕਾਸ਼ ਸਿੰਘ ਬਾਦਲ ਨੇ 31 ਜਨਵਰੀ 2008 ਨੂੰ ਪਾਰਟੀ ਦੇ 20ਵੇਂ ਪ੍ਰਧਾਨ ਵਜੋਂ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਵਿਰਾਸਤ ਸੌਂਪ ਦਿੱਤੀ।

ਸੁਖਬੀਰ ਸਿੰਘ ਬਾਦਲ ਨੇ ‘ਮਰਜੀਵੜੇ ਜਥੇਦਾਰਾਂ’ ਦੀ ਪਾਰਟੀ ਸਮਝੇ ਜਾਂਦੇ ਅਕਾਲੀ ਦਲ ਨੂੰ ਇਕ ‘ਚੀਫ਼ ਐਗਜ਼ਿਕਿਊਟਿਵ ਅਫ਼ਸਰ’ ਵਾਂਗ ਮਾਈਕਰੋ-ਮੈਨੇਜਮੈਂਟ ਦੁਆਰਾ ਚਲਾਉਣਾ ਸ਼ੁਰੂ ਕੀਤਾ ਅਤੇ ਇਸ ਵਿਚ ਕੁਝ ਵੱਡੀਆਂ ਤੇ ਬੁਨਿਆਦੀ ਤਬਦੀਲੀਆਂ ਕਰ ਦਿੱਤੀਆਂ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਹੋਂਦ ਨੂੰ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਵਲੋਂ 1996 ਦੀ ਮੋਗਾ ਕਾਨਫਰੰਸ ਦੌਰਾਨ ‘ਪੰਜਾਬੀ ਪਾਰਟੀ’ ਵਿਚ ਬਦਲ ਦੇਣ ਅਤੇ ਸੁਖਬੀਰ ਸਿੰਘ ਬਾਦਲ ਵਲੋਂ ਗੈਰ-ਸਿੱਖਾਂ ਨੂੰ ਰਵਾਇਤੀ ਪੰਥਕ ਪਾਰਟੀ ‘ਚ ਵੱਡੀ ਪੱਧਰ ‘ਤੇ ਦਾਖ਼ਲਾ ਦੇਣ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਰਾਜਨੀਤਕ ਘੇਰਾ ਅਤੇ ਸਰੋਕਾਰਾਂ ਦੀ ਵਿਆਪਕਤਾ ‘ਚ ਵਾਧਾ ਤਾਂ ਹੋਇਆ ਪਰ ਇਸ ਵਲੋਂ ਆਪਣੇ ਪੰਥਕ ਸਰੋਕਾਰਾਂ ਅਤੇ ਰਵਾਇਤੀ ਮੁੱਦਿਆਂ ਤੋਂ ਉੱਕਾ ਹੀ ਮੁੱਖ ਮੋੜ ਲੈਣਾ, ਇਸ ਦੇ ਵੋਟ ਬੈਂਕ (ਸਿੱਖਾਂ) ਨੇ ਸਵੀਕਾਰ ਨਹੀਂ ਕੀਤਾ।

ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਰਗੀਆਂ ਸਤਿਕਾਰਤ ਸਿੱਖ ਸੰਸਥਾਵਾਂ ਨੂੰ ਸਿਆਸਤ ਦੇ ਗਲਬੇ ਹੇਠਾਂ ਲੈਣ, ਅਕਾਲੀ ਸਰਕਾਰ ਦੌਰਾਨ ਬੇਰੋਕ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਪੂਰੀ ਤਰ੍ਹਾਂ ਅਕਾਲੀ ਦਲ ‘ਤੇ ਇਕ ਵਿਅਕਤੀ ਦਾ ਤਾਨਾਸ਼ਾਹੀ ਏਕਾਧਿਕਾਰ ਹੋਣ ਕਾਰਨ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਦੀ ਭਰੋਸੇਯੋਗਤਾ ਨੂੰ ਲੈ ਕੇ ਇਤਿਹਾਸ ਦੇ ਸਭ ਤੋਂ ਮਾੜੇ ਦੌਰ ਵਿਚੋਂ ਗੁਜ਼ਰ ਰਿਹਾ ਹੈ।

ਲੰਘੀਆਂ ਵਿਧਾਨ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ‘ਚ ਜਦੋਂ ਇਕ-ਦੋ ਟਕਸਾਲੀ ਆਗੂਆਂ ਨੇ ਪਾਰਟੀ ਦੀ ਬਿਹਤਰੀ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਪਾਰਟੀ ਦੀ ਅਗਵਾਈ ਸੰਭਾਲਣ ਦੀ ਅਪੀਲ ਕੀਤੀ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਅਗਵਾਈ ਦੀ ਸਮਰੱਥਾ ਅਤੇ ਕਮਜ਼ੋਰੀਆਂ ਨੂੰ ਖਿੜੇ ਮੱਥੇ ਸਵੀਕਾਰ ਕਰਨ ਦੀ ਥਾਂ ਨਾਰਾਜ਼ ਹੋ ਕੇ ਉਠ ਤੁਰੇ ਸਨ। ਅਕਾਲੀ ਦਲ ਦੇ ਪ੍ਰਧਾਨ ਅੰਦਰ ਦੂਜਿਆਂ ਦੀ ਸੁਣਨ ਦਾ ਮਾਦਾ ਨਾ ਹੋਣ ਅਤੇ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਨੂੰ ਆਪਣੀ ‘ਮਰਜ਼ੀ’ ਹੇਠਾਂ ਰੋਲਣ ਕਾਰਨ ਸਥਿਤੀ ਏਨੀ ਗੰਭੀਰ ਬਣ ਚੁੱਕੀ ਹੈ ਕਿ ਟਕਸਾਲੀ ਤੇ ਕੁਰਬਾਨੀਪ੍ਰਸਤ ਆਗੂ ਇਕ-ਇਕ ਕਰਕੇ ਪੰਥਕ ਸਿਆਸਤ ਵਿਚੋਂ ਸਾਹ-ਸੱਤ ਹੀਣ ਹੋ ਰਹੇ ਹਨ। ਇਸ ਦਾ ਸਿੱਟਾ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਆਪਣਾ ਰਵਾਇਤੀ ਪੰਥਕ ਚਿਹਰਾ ਕਾਇਮ ਕਰਨ ਲਈ ਅਤੇ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਚਲਾਉਣ ਲਈ ਪੰਥਕ ਜਜ਼ਬੇ ਅਤੇ ਧਾਰਮਿਕ ਅਨੁਭਵ ਵਾਲੇ ਆਗੂ ਨਹੀਂ ਲੱਭ ਰਹੇ। ਵੱਡੇ-ਵੱਡੇ ਪੰਥ ਸੰਕਟਾਂ ਤੇ ਮੋਰਚਿਆਂ ਨੂੰ ਫ਼ਤਹਿ ਕਰਨ ਵਾਲੇ ਪੰਥਕ, ਸਮਰਪਿਤ, ਤਿਆਗੀ ਤੇ ਰੌਸ਼ਨ ਦਿਮਾਗ਼ ਰਹੇ ਆਗੂਆਂ ਤੇ ਸੇਵਾਦਾਰਾਂ ਵਾਲੀ ਪਾਰਟੀ ਦਾ ਪ੍ਰਧਾਨ, ਅੱਜ ਆਪਣੇ ਦੁਆਲੇ ਘੇਰਾ ਪਾਈ ਖੜ੍ਹੀਆਂ ਸਿਧਾਂਤਹੀਣ, ਚਾਪਲੂਸ ਤੇ ਮੌਕਾਪ੍ਰਸਤ ਮੁੰਡੀਰਾਂ ਦੁਆਰਾ ਲਗਾਏ ਜਾ ਰਹੇ ‘ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਹੀ ਆਪਣੀ ਯੋਗਤਾ ਦੀ ਪ੍ਰੋੜਤਾ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਹਾਲਾਂਕਿ ਇਤਿਹਾਸ ‘ਚ ਅਕਾਲੀ ਲੀਡਰਸ਼ਿਪ ਬਹੁਤ ਵਾਰੀ ਭਰੋਸੇਯੋਗਤਾ ਦੇ ਸੰਕਟ ਵਿਚੋਂ ਲੰਘੀ ਪਰ ਪਾਰਟੀ ਅੰਦਰਲੀ ਜਮਹੂਰੀਅਤ ਅਤੇ ਨੈਤਿਕ ਕਦਰਾਂ-ਕੀਮਤਾਂ ‘ਚ ਦ੍ਰਿੜ੍ਹ ਆਗੂਆਂ ਕਾਰਨ ਅਕਾਲੀ ਦਲ ਹਰੇਕ ਮੁਸੀਬਤ ਵਿਚੋਂ ‘ਕੁਠਾਲੀ ‘ਚੋਂ ਕੁੰਦਨ ਵਾਂਗ ਚਮਕ ਕੇ’ ਨਿਕਲਦਾ ਰਿਹਾ ਹੈ। ਸੰਨ 1961 ‘ਚ ਪੰਜਾਬੀ ਸੂਬੇ ਲਈ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਵਲੋਂ ਰੱਖਿਆ ਮਰਨ ਵਰਤ ਵਿਚਾਲੇ ਛੱਡ ਦੇਣ ਤੋਂ ਬਾਅਦ ਉਨ੍ਹਾਂ ਦੀ ਵਿਰੋਧਤਾ ਵਧਣ ਲੱਗੀ ਤਾਂ ਸੰਤ ਫ਼ਤਹਿ ਸਿੰਘ ਨੇ ਵੱਖਰਾ ਅਕਾਲੀ ਦਲ ਬਣਾ ਲਿਆ ਸੀ। ਸੰਨ 1965 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ‘ਚ ਸੰਤ ਫ਼ਤਿਹ ਸਿੰਘ ਦੇ ਧੜ੍ਹੇ ਨੂੰ ਭਾਰੀ ਬਹੁਮਤ ਮਿਲਣ ਤੋਂ ਬਾਅਦ ਮਾਸਟਰ ਜੀ ਇਹ ਐਲਾਨ ਕਰਕੇ ਸਿਆਸਤ ਤੋਂ ਲਾਂਭੇ ਹੋ ਗਏ ਕਿ ਕੌਮ ਨੇ ਸੰਤ ਫ਼ਤਹਿ ਸਿੰਘ ਨੂੰ ਆਪਣਾ ਆਗੂ ਪ੍ਰਵਾਨ ਕਰ ਲਿਆ ਹੈ। ਸੰਨ 1972 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਬਰਦਸਤ ਹਾਰ ਹੋਈ ਤਾਂ ਕੁਝ ਅਕਾਲੀ ਆਗੂ ਇਸ ਹਾਰ ਨੂੰ ਸੰਤ ਫ਼ਤਿਹ ਸਿੰਘ ਦੀ ਲੀਡਰਸ਼ਿਪ ਦੀ ਹਾਰ ਆਖ ਕੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕਰਨ ਲੱਗੇ। ਆਖ਼ਰਕਾਰ ਸੰਤ ਫ਼ਤਹਿ ਸਿੰਘ ਨੇ ਪਾਰਟੀ ਦੀ ਭਲਾਈ ਲਈ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ। ਸੁਰਜੀਤ ਸਿੰਘ ਬਰਨਾਲਾ ਵਲੋਂ 1988 ‘ਚ ਬਤੌਰ ਮੁੱਖ ਮੰਤਰੀ ਹੁੰਦਿਆਂ ਸ੍ਰੀ ਦਰਬਾਰ ਸਾਹਿਬ ‘ਚ ਪੁਲਿਸ ਭੇਜਣ ਮਗਰੋਂ ਸੁਰਜੀਤ ਸਿੰਘ ਬਰਨਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਅਹੁਦੇ ਤੋਂ ਲਾਹ ਦਿੱਤਾ ਗਿਆ ਤਾਂ ਪ੍ਰਕਾਸ਼ ਸਿੰਘ ਬਾਦਲ ਵਰਗੇ ਆਗੂ ਨੂੰ ਆਪਣੀਆਂ ਸੰਭਾਵਨਾਵਾਂ ਤੇ ਸਮਰੱਥਾ ਦਿਖਾਉਣ ਦਾ ਮੌਕਾ ਮਿਲ ਗਿਆ।

ਪਿਛਲੇ ਤਿੰਨ ਦਹਾਕਿਆਂ, ਜਦੋਂ ਤੋਂ ਬਾਦਲ ਪਰਿਵਾਰ ਦੇ ਹੱਥ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਚੱਲ ਰਹੀ ਹੈ, ਉਦੋਂ ਤੋਂ ਇਸ ਦੀ ਲੀਡਰਸ਼ਿਪ ‘ਤੇ ਸਿਆਸੀ ਇੱਛਾਵਾਂ ਖ਼ਾਤਰ ਪਾਰਟੀ ਦੇ ਸਿਧਾਂਤਾਂ ਤੇ ਪੰਥਕ ਮਰਯਾਦਾਵਾਂ ਨੂੰ ਬਦਲ ਦੇਣ, ਅਕਾਲੀ ਰਾਜਨੀਤੀ ‘ਚ ਕਥਿਤ ਭ੍ਰਿਸ਼ਟਾਚਾਰ ਅਤੇ ਨੈਤਿਕ ਗਿਰਾਵਟ ਦੇ ਦੋਸ਼ ਲੱਗ ਰਹੇ ਹਨ ਪਰ ਇਸ ਦੇ ਬਾਵਜੂਦ ਅਕਾਲੀ ਦਲ ਵਿਚ ਕੋਈ ਬਦਲਵੀਂ ਲੀਡਰਸ਼ਿਪ ਵੀ ਪੈਦਾ ਨਹੀਂ ਹੋ ਰਹੀ।

ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਆਪਣੀ ਸਥਾਪਨਾ ਦੇ 97 ਵਰ੍ਹੇ ਪੂਰੇ ਕਰਨ ਜਾ ਰਿਹਾ ਹੈ, ਮੁੱਖ ਧਾਰਾ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਸਮਾਨਾਂਤਰ ਲਕੀਰ ਖਿੱਚ ਕੇ ਪਿਛਲੇ ਤਿੰਨ ਦਹਾਕਿਆਂ ਤੋਂ ਤੁਰੀ ਆ ਰਹੀ ਅਕਾਲੀ ਲੀਡਰਸ਼ਿਪ, ਜਿਨ੍ਹਾਂ ‘ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ਼੍ਰੋਮਣੀ ਅਕਾਲੀ ਦਲ (1920), ਯੂਨਾਈਟਿਡ ਅਕਾਲੀ ਦਲ, ਅਖੰਡ ਅਕਾਲੀ ਦਲ ਵਰਗੇ ਨਵੇਂ-ਪੁਰਾਣੇ ਦਲ ਵੀ ਸ਼ਾਮਲ ਹਨ, ਦੇ ਅੱਗੇ ਵੀ ਸਵਾਲ ਖੜ੍ਹਾ ਹੁੰਦਾ ਹੈ ਕਿ ਆਖ਼ਰਕਾਰ ਉਹ ਮੁੱਖ ਧਾਰਾ ਦੀ ਅਕਾਲੀ ਲੀਡਰਸ਼ਿਪ ਦੀਆਂ ਸਿਧਾਂਤਕ ਗ਼ਲਤੀਆਂ, ਕਮਜ਼ੋਰੀਆਂ ਦੇ ਬਾਵਜੂਦ ਆਪਣੀ ਯੋਗਤਾ ਦਿਖਾਉਣ ਤੇ ਸਿੱਖਾਂ ਦੀ ਭਰੋਸੇਯੋਗਤਾ ਹਾਸਲ ਕਿਉਂ ਨਹੀਂ ਕਰ ਸਕੇ? ਕੀ ਤਿੰਨ ਸਾਲ ਬਾਅਦ ਆਪਣੀ ਸਥਾਪਨਾ ਦੀ ਸ਼ਤਾਬਦੀ ਪੂਰੀ ਹੋਣ ਮੌਕੇ ਸ਼੍ਰੋਮਣੀ ਅਕਾਲੀ ਦਲ ਆਪਣੇ ਬੁਨਿਆਦੀ ਖਾਸੇ ਵਿਚ ਪਰਤ ਕੇ ਪੰਜਾਬ ਤੇ ਸਿੱਖ ਸਰੋਕਾਰਾਂ ਨੂੰ ਮੁਖਾਤਿਬ ਹੁੰਦਿਆਂ ਨਰੋਈ, ਇਮਾਨਦਾਰਾਨਾ, ਸਮਰਪਿਤ ਅਤੇ ਸੁਯੋਗ ਅਗਵਾਈ ਕਰਨ ਦੀ ਯੋਗਤਾ ਲੈ ਕੇ ਸਾਹਮਣੇ ਆਵੇਗਾ ਜਾਂ ਫਿਰ ਕਿਤੇ ਇਸ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਦਾ ਹਸ਼ਰ ਵੀ ਅੱਜ ਹਾਸ਼ੀਏ ‘ਤੇ ਬੈਠੇ ਖੱਬੇ ਪੱਖੀਆਂ ਵਾਲਾ ਤਾਂ ਨਹੀਂ ਹੋਣ ਜਾ ਰਿਹਾ? ਇਸ ਸਵਾਲ ਦਾ ਜਵਾਬ ਤਾਂ ਭਵਿੱਖ ਦੇ ਗਰਭ ‘ਚ ਹੈ ਪਰ ਅੱਜ ਦੀ ਘੜੀ ਇਹ ਸਵਾਲ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਆਪਣੇ ਇਤਿਹਾਸ ਵੱਲ ਝਾਤ ਮਾਰ ਕੇ ਆਪਾ ਚੀਨਣ ਦਾ ਮੌਕਾ ਜ਼ਰੂਰ ਦੇ ਰਿਹਾ ਹੈ।

Check Also

ਸਿੱਖ ਬੀਬੀਆਂ ਲਈ ਦਸਤਾਰ ਸਜਾਉਣ ਦਾ ਮਹੱਤਵ

ਤਲਵਿੰਦਰ ਸਿੰਘ ਬੁੱਟਰ ਪ੍ਰੋ. ਪੂਰਨ ਸਿੰਘ ਲਿਖਦੇ ਹਨ, ‘ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ਇਕ …