ਤਲਵਿੰਦਰ ਸਿੰਘ ਬੁੱਟਰ
ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਬੇਮਿਸਾਲ ਸ਼ਹਾਦਤ ਦਾ ਲਾਸਾਨੀ ਸਾਕਾ ਹਰੇਕ ਮਨੁੱਖੀ ਹਿਰਦੇ ਨੂੰ ਪ੍ਰਭਾਵਿਤ ਕਰਨ ਵਾਲਾ ਹੈ, ਭਾਵੇਂ ਉਹ ਕਿਸੇ ਵੀ ਕੁਲ, ਜਾਤ, ਦੇਸ਼, ਖ਼ਿੱਤੇ, ਨਸਲ ਅਤੇ ਉਮਰ ਦਾ ਕਿਉਂ ਨਾ ਹੋਵੇ। ਇਹ ਅਦੁੱਤੀ ਗਾਥਾ ਜਿੱਥੇ ਜਬਰ-ਜ਼ੁਲਮ ਦਾ ਅਤਿ ਘਿਣਾਉਣਾ ਅਤੇ ਡਰਾਉਣਾ ਰੂਪ ਪੇਸ਼ ਕਰਦੀ ਹੈ, ਉੱਥੇ 7 ਅਤੇ 9 ਸਾਲ ਦੇ ਮਾਸੂਮ ਉਮਰ ਦੇ ਸਾਹਿਬਜ਼ਾਦਿਆਂ ਦੀ ਆਪਣੇ ਅਕੀਦੇ ਉੱਤੇ ਦ੍ਰਿੜ੍ਹਤਾ, ਸਿਦਕ, ਬਹਾਦਰੀ ਅਤੇ ਅਡੋਲਤਾ ਦੇ ਨਾਲ ਜੂਝ ਕੇ ਮਰਨ ਦੀ ਭਾਵਨਾ ਦਾ ਸਿਖਰ ਪ੍ਰਗਟ ਕਰਦਾ ਹੈ। ਸਦੀਆਂ ਤੋਂ ਹਿੰਦੁਸਤਾਨ ਦੇ ਕਵੀ, ਚਾਹੇ ਉਹ ਹਿੰਦੂ ਹੋਣ, ਚਾਹੇ ਮੁਸਲਮਾਨ, ਉਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਆਪਣੀ ਕਲਮ ਦੇ ਨਾਲ ਲਿਖਣ ਨੂੰ ਧੰਨਤਾ ਦੇ ਯੋਗ ਸਮਝਿਆ ਹੈ। ਹਿੰਦੀ ਦਾ ਪ੍ਰਸਿੱਧ ਕਵੀ ਮੈਥਲੀ ਸ਼ਰਨ ਗੁਪਤਾ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਦੀ ਮਹਾਨਤਾ ਪ੍ਰਗਟ ਕਰਦਿਆਂ ਲਿਖਦਾ ਹੈ:
ਜਿਸ ਕੁਲ ਜਾਤਿ ਦੇਸ਼ ਕੇ ਬੱਚੇ,
ਦੇ ਸਕਤੇ ਹੈਂ ਯੋਂ ਬਲੀਦਾਨ।
ਉਸ ਕਾ ਵਰਤਮਾਨ ਕੁਛ ਭੀ ਹੋ,
ਪਰ ਭਵਿੱਸ਼ਯ ਹੈਂ ਮਹਾਂ ਮਹਾਨ। (ਗੁਰੂ ਕੁਲ)
ਪ੍ਰਸਿੱਧ ਸਿੱਖ ਵਿਦਵਾਨ ਪ੍ਰੋ. ਹਰਪਾਲ ਸਿੰਘ ਪੰਨੂ ਲਿਖਦੇ ਹਨ ਕਿ ਇਕ ਵਾਰ ਉਨ੍ਹਾਂ ਨੂੰ ਅਮਰੀਕਾ ਵਿਚ ਯਹੂਦੀਆਂ ਦੇ ਇਕ ਪ੍ਰਾਇਮਰੀ ਸਕੂਲ ਵਿਚ ਛੋਟੇ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਵਿਰਸੇ ਬਾਰੇ ਦੱਸਣ ਵਾਸਤੇ ਬੁਲਾਇਆ ਗਿਆ। ਉਨ੍ਹਾਂ ਨੇ ਨਿੱਕੇ-ਨਿੱਕੇ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗਾਥਾ ਸੁਣਾਈ, ਜਿਸ ਨੂੰ ਬੱਚਿਆਂ ਨੇ ਸ਼ਾਂਤ ਅਤੇ ਇਕਾਗਰ-ਚਿੱਤ ਹੋ ਕੇ ਸੁਣਿਆ। ਇਸ ਦੌਰਾਨ ਉਨ੍ਹਾਂ ਵੇਖਿਆ ਕਿ ਇਕ ਨਿੱਕੇ ਜਿਹੇ ਬੱਚੇ ਦੀਆਂ ਅੱਖਾਂ ਵਿਚੋਂ ਲਗਾਤਾਰ ਤ੍ਰਿਪ-ਤ੍ਰਿਪ ਹੰਝੂ ਵਹਿ ਰਹੇ ਸਨ। ਸਾਖੀ ਸੁਣਾਉਣ ਉਪਰੰਤ ਜਦੋਂ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ, ਮੈਂ ਇਹ ਸੋਚ ਰਿਹਾ ਸੀ ਕਿ ਜਿਹੜੇ ਛੋਟੇ ਸ਼ਹਿਜਾਦੇ ਜਿੰਦਾ ਨੀਂਹਾਂ ਵਿਚ ਚਿਣੇ ਗਏ, ਉਨ੍ਹਾਂ ਦੋਵਾਂ ਵਿਚੋਂ ਇਕ ਮੈਂ ਹੋਣਾ ਚਾਹੀਦਾ ਸੀ।
ਇਹੀ ਕਾਰਨ ਹੈ ਕਿ ਦੋ ਮਾਸੂਮ ਸਾਹਿਬਜ਼ਾਦਿਆਂ ਦਾ ਧਰਮ ਪ੍ਰਤੀ ਸੱਚਾ ਨਿਸ਼ਚਾ ਪੀੜ੍ਹੀ-ਦਰ-ਪੀੜ੍ਹੀ ਸਿੱਖਾਂ ਲਈ ਮਿਸਾਲ ਬਣਦਾ ਆਇਆ ਹੈ। ਸਦੀਆਂ ਤੋਂ ਪੰਜਾਬ ਵਿਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੌਰਾਨ ਲੋਕ ਨਿੱਕੀਆਂ ਜਿੰਦਾਂ ਉੱਪਰ ਹੋਏ ਘੋਰ ਜ਼ੁਲਮ ਨੂੰ ਅਹਿਸਾਸ ਦੇ ਤਲ ‘ਤੇ ਹੰਢਾਉਣ ਦੀ ਕੋਸ਼ਿਸ਼ ਕਰਦਿਆਂ ਸਾਦਗੀ ਅਤੇ ਵੈਰਾਗ ਧਾਰਨ ਕਰਦੇ ਰਹੇ ਹਨ। ਘਰਾਂ ਵਿਚ ਭੁੰਜੇ ਜ਼ਮੀਨ ‘ਤੇ ਸਫ਼ ਵਿਛਾ ਕੇ ਸੌਂਦੇ। ਫ਼ਤਹਿਗੜ੍ਹ ਸਾਹਿਬ ਦੇ ਆਸ-ਪਾਸ ਦੇ ਇਲਾਕਿਆਂ ਦੀ ਮੁਕਾਮੀ ਰਵਾਇਤ ਰਹੀ ਹੈ ਕਿ ਔਰਤਾਂ ਚਿੱਟੀਆਂ ਚੁੰਨੀਆਂ ਅਤੇ ਮਰਦ ਚਿੱਟੀਆਂ ਪੱਗਾਂ ਬੰਨ੍ਹ ਕੇ ਸ਼ਹੀਦੀ ਸਭਾ ਵਿਚ ਆਉਂਦੇ ਸਨ। ਲੋਕ ਸਵੇਰੇ-ਸਵੇਰੇ ਸਰਹਿੰਦ ਦਾ ਨਾਂਅ ਨਹੀਂ ਲੈਂਦੇ ਸਨ। ਸ਼ਹੀਦੀ ਦਿਨਾਂ ‘ਚ ਘਰਾਂ ‘ਚ ਚੁੱਲ੍ਹੇ ਨਾ ਬਾਲੇ ਜਾਂਦੇ। ਘਰਾਂ ਦਾ ਸਾਰਾ ਦੁੱਧ ਇਕੱਠਾ ਕਰਕੇ ਫ਼ਤਹਿਗੜ੍ਹ ਸਾਹਿਬ ਸ਼ਹੀਦੀ ਸਭਾ ‘ਚ ਸੰਗਤ ਲਈ ਲਿਜਾਇਆ ਜਾਂਦਾ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਸੂਬਾ ਸਰਹਿੰਦ ਵਜ਼ੀਰ ਖਾਨ ਨੂੰ ਆਪਣੇ ਕੀਤੇ ਪਾਪਾਂ ਕਾਰਨ ਭਾਰੀ ਕਸ਼ਟਾਂ ਵਿਚੋਂ ਗੁਜ਼ਰਨਾ ਪਿਆ। ਉਸ ਨੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਚੌਧਰੀ ਕਪੂਰੇ ਬਰਾੜ ਦੇ ਕਹਿਣ ‘ਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੇ ਸ਼ਹੀਦੀ ਅਸਥਾਨ ‘ਤੇ ਥੜ੍ਹੇ ਦਾ ਨਿਰਮਾਣ ਕਰਵਾਇਆ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫ਼ਤਹਿ ਕਰਨ ਤੋਂ ਬਾਅਦ ਇਸ ਪਾਵਨ ਅਸਥਾਨ ਦੀ ਸੇਵਾ ਕਰਵਾਈ ਅਤੇ ਇੱਥੇ ਸੇਵਾ-ਸੰਭਾਲ ਲਈ ਕੁਝ ਸਿੰਘਾਂ ਨੂੰ ਨੀਯਤ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਹੀ ਸਰਹਿੰਦ ਦਾ ਨਾਂਅ ਬਦਲ ਕੇ ਫ਼ਤਹਿਗੜ੍ਹ ਸਾਹਿਬ ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਮੁਗ਼ਲਾਂ ਨੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਅਸਥਾਨ ਵੀ ਢਾਹ ਦਿੱਤਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਸਿੱਖ ਮਿਸਲਾਂ ਨੇ ਦਿੱਲੀ ਫ਼ਤਹਿ ਕਰਨ ਜਾਂਦੇ ਵਕਤ 14 ਜਨਵਰੀ 1764 ਈ. ਨੂੰ ਸਰਹਿੰਦ ਦੇ ਨਵਾਬ ਜੈਨ ਖਾਨ ਨੂੰ ਮਾਰ ਕੇ ਸਰਹਿੰਦ ਨੂੰ ਮੁੜ ਫ਼ਤਹਿ ਕਰ ਲਿਆ। ਉਨ੍ਹਾਂ ਨੇ ਇੱਥੋਂ ਦੇ ਬਜ਼ੁਰਗਾਂ ਕੋਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਅੱਖੀਂ ਡਿੱਠਾ ਬਿਰਤਾਂਤ ਸੁਣਿਆ ਅਤੇ ਉਨ੍ਹਾਂ ਕੋਲੋਂ ਹੀ ਠੰਢਾ ਬੁਰਜ, ਸ਼ਹੀਦੀ ਅਸਥਾਨ ਅਤੇ ਗੁ. ਜੋਤੀ ਸਰੂਪ ਸਾਹਿਬ ਵਾਲੇ ਅਸਥਾਨ ਦੀ ਨਿਸ਼ਾਨਦੇਹੀ ਕਰਵਾਈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਮੇਤ ਮਿਸਲਾਂ ਦੇ ਸਰਦਾਰਾਂ ਨੇ ਇਨ੍ਹਾਂ ਪਾਵਨ ਅਸਥਾਨਾਂ ਦੇ ਦਰਸ਼ਨ ਕੀਤੇ ਅਤੇ ਉੱਥੇ ਅਰਦਾਸ ਕਰਕੇ ਦੇਗ ਵਰਤਾਈ। ਫਿਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਵਿਖੇ ਥੜ੍ਹਾ ਸਾਹਿਬ ਦੀ ਉਸਾਰੀ ਕਰਕੇ ਉੱਪਰ ਚੌਂਕੀ ਰੱਖ ਕੇ ਚੰਦੋਆ ਤਾਣਿਆ। ਪੰਜ ਸ਼ਸਤਰ ਚੌਂਕੀ ਉੱਪਰ ਸਜਾ ਕੇ ਇਕ ਸਿੰਘ ਨੂੰ ਚੌਰ ਕਰਨ ਲਈ ਨੀਯਤ ਕੀਤਾ। ਕੁਝ ਸਮਾਂ ਬਾਅਦ ਸਿੱਖਾਂ ਨੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਨਿਸ਼ਾਨ ਸਾਹਿਬ ਝੁਲਾਇਆ। ਗਿਆਨੀ ਗਿਆਨ ਸਿੰਘ ‘ਪੰਥ ਪ੍ਰਕਾਸ਼’ ਵਿਚ ਇਉਂ ਲਿਖਦੇ ਹਨ:
ਜਥਾ ਜੋਗ ਸਭ ਨੇ ਧਨ ਦੀਓ। ਗੁਰਦ੍ਵਾਰਾ ਰਚ ਕਾਇਮ ਕੀਓ।
ਮੁੱਠਾ ਚੌਰ ਤਾਹਿ ਪੈ ਧਾਰਾ।
ਨਾਮ ਫਤੇਗੜ੍ਹ ਪੰਥ ਉਚਾਰਾ। (990)
ਬਾਅਦ ਵਿਚ ਪਟਿਆਲਾ ਰਿਆਸਤ ਦੇ ਮਹਾਰਾਜਾ ਬਾਬਾ ਆਲਾ ਸਿੰਘ, ਮਹਾਰਾਜਾ ਕਰਮ ਸਿੰਘ (ਬਾਬਾ ਆਲਾ ਸਿੰਘ ਦਾ ਪੜਪੋਤਰਾ) ਨੇ ਵੀ ਇਨ੍ਹਾਂ ਸ਼ਹੀਦੀ ਅਸਥਾਨਾਂ ਦੀ ਸੇਵਾ ਕਰਵਾਈ। ਉਨ੍ਹਾਂ ਨੇ ‘ਸਰਹਿੰਦ’ ਨੂੰ ਸਰਕਾਰੀ ਕਾਗ਼ਜ਼ਾਂ ਵਿਚ ‘ਫ਼ਤਹਿਗੜ੍ਹ ਸਾਹਿਬ’ ਲਿਖਣ ਦਾ ਹੁਕਮ ਕੀਤਾ। ਮਹਾਰਾਜਾ ਯਾਦਵਿੰਦਰ ਸਿੰਘ ਨੇ 1944 ਈਸਵੀ ਵਿਚ ਸ਼ਹੀਦੀ ਅਸਥਾਨ ਦੇ ਉੱਪਰ ਤਿੰਨ ਮੰਜ਼ਿਲਾ ਸੁੰਦਰ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਅਤੇ ਦਰਸ਼ਨੀ ਡਿਉਢੀ ਦੀ ਉਸਾਰੀ ਕਰਵਾਈ। ਉਨ੍ਹਾਂ ਇਸ ਸੇਵਾ ਵਿਚ ਖ਼ੁਦ ਸਿਰ ‘ਤੇ ਟੋਕਰੀ ਢੋਅ ਕੇ ਸੇਵਾ ਕੀਤੀ।
ਫ਼ਤਹਿਗੜ੍ਹ ਸਾਹਿਬ ਵਿਖੇ ਅੱਜ ਜਿਹੜੀ ਸ਼ਹੀਦੀ ਸਭਾ ਲੱਗਦੀ ਹੈ, ਇਸ ਦੀ ਆਰੰਭਤਾ ਪੰਥ ਦੇ ਮਹਾਨ ਵਿਦਵਾਨ ਤੇ ਵਿਆਖਿਆਕਾਰ ਗਿਆਨੀ ਠਾਕੁਰ ਸਿੰਘ ਅੰਮ੍ਰਿਤਸਰ ਵਾਲਿਆਂ ਦੀ ਪ੍ਰੇਰਨਾ ਨਾਲ ਹੋਈ ਸੀ। ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦੀ ਸਭਾ 11,12,13 ਪੋਹ 1944 ਬਿਕਰਮੀ ਮੁਤਾਬਿਕ 1888 ਈਸਵੀ ਨੂੰ ਹੋਈ। ਪਹਿਲੀ ਸ਼ਹੀਦੀ ਸਭਾ ‘ਚ ਗਿਣਤੀ ਦੀ ਸੰਗਤ ਹੀ ਪੁੱਜੀ। ਅਗਲੇ ਸਾਲਾਂ ਦੌਰਾਨ ਸੰਗਤ ਦੀ ਗਿਣਤੀ ਹਜ਼ਾਰਾਂ ਵਿਚ ਪੁੱਜ ਗਈ। ਲੰਗਰ ਦੀ ਸੇਵਾ ਰਿਆਸਤ ਪਟਿਆਲਾ, ਮੈਣ ਦੁਆਬਾ ਅਤੇ ਅੰਮ੍ਰਿਤਸਰ ਦੀ ਸੰਗਤ ਵਲੋਂ ਕੀਤੀ ਜਾਂਦੀ। ਪਟਿਆਲਾ ਭੁਜੰਗੀ ਸਭਾ ਦੇ ਵਿਦਿਆਰਥੀ ਪੋਹ ਦੀ ਹੱਢਚੀਰਵੀਂ ਠੰਢ ਵਿਚ ਪੁੱਜਦੀ ਸੰਗਤ ਨੂੰ ਇਸ਼ਨਾਨ ਕਰਵਾਉਣ ਲਈ ਤੜਕੇ 2 ਵਜੇ ਪਾਣੀ ਦੇ ਕੜਾਹੇ ਗਰਮ ਕਰਨੇ ਸ਼ੁਰੂ ਕਰਦੇ ਅਤੇ ਦਿਨ ਚੜ੍ਹਦੇ ਤੱਕ ਹਜ਼ਾਰਾਂ ਸੰਗਤਾਂ ਨੂੰ ਇਸ਼ਨਾਨ ਕਰਵਾਉਂਦੇ।
ਹੌਲੀ-ਹੌਲੀ ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ, ਜੋੜ ਮੇਲੇ ਦਾ ਰੂਪ ਧਾਰਨ ਕਰਦੀ ਗਈ। ਸੰਗਤਾਂ ਸ਼ਰਧਾ ਤੇ ਸਤਿਕਾਰ ਸਹਿਤ ਫ਼ਤਹਿਗੜ੍ਹ ਸਾਹਿਬ ਪੁੱਜਦੀਆਂ ਅਤੇ ਗੁਰਬਾਣੀ, ਗੁਰ-ਇਤਿਹਾਸ ਸਰਵਣ ਕਰਦਿਆਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦੀਆਂ। ਇਕ ਸਮਾਂ ਅਜਿਹਾ ਵੀ ਆ ਗਿਆ ਕਿ ਫ਼ਤਹਿਗੜ੍ਹ ਦੀ ਸ਼ਹੀਦੀ ਸਭਾ ਨੌਜਵਾਨਾਂ ਲਈ ਰੌਣਕ-ਮੇਲੇ ਦਾ ਰੂਪ ਧਾਰਨ ਕਰਨ ਲੱਗੀ। ਆਮ ਮੇਲਿਆਂ ਵਾਂਗ ਇੱਥੇ ਰਾਜਸੀ ਕਾਨਫ਼ਰੰਸਾਂ, ਸਰਕਸਾਂ, ਚੰਡੋਲ, ਸਿਨੇਮੇ, ਮੌਤ ਦੇ ਖੂਹ ਅਤੇ ਹੋਰ ਤਮਾਸ਼ੇ ਲੱਗਣ ਲੱਗੇ। ਸਾਲ 2004 ਵਿਚ ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਫ਼ਤਹਿਗੜ੍ਹ ਸਾਹਿਬ ਦੇ ਤਤਕਾਲੀ ਡਿਪਟੀ ਕਮਿਸ਼ਨਰ ਐੱਸ.ਕੇ. ਆਹਲੂਵਾਲੀਆ ਨੇ ਸਾਂਝੇ ਯਤਨਾਂ ਨਾਲ ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਨੂੰ ਮੁੜ ਸ਼ਰਧਾ ਤੇ ਸਤਿਕਾਰ ਦੇ ਪੁਰਬ ਦਾ ਰੂਪ ਦੇਣ ਲਈ, ਇਸ ਦੌਰਾਨ ਲੱਗਣ ਵਾਲੀਆਂ ਸਰਕਸਾਂ, ਚੰਡੋਲ ਤੇ ਹੋਰ ਤਮਾਸ਼ੇ ਬੰਦ ਕਰਵਾਏ। ਹੌਲੀ-ਹੌਲੀ ਸੰਗਤੀ ਚੇਤਨਾ ਵਧਣ ਨਾਲ ਰਾਜਸੀ ਕਾਨਫ਼ਰੰਸਾਂ ਵੀ ਬੰਦ ਹੋ ਗਈਆਂ। ਅੱਜ ਲੱਖਾਂ ਸੰਗਤਾਂ ਦੇਸ਼-ਦੇਸਾਂਤਰ ਤੋਂ ਇਕੱਤਰ ਹੋ ਕੇ ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਵਿਚ ਸ਼ਾਮਲ ਹੋਣ ਪੁੱਜਦੀਆਂ ਹਨ ਪਰ ਇਸ ਦੌਰਾਨ ਅਣਜਾਣਪੁਣੇ ‘ਚ ਕੁਝ ਨੌਜਵਾਨ ਟਰੈਕਟਰਾਂ, ਮੋਟਰਸਾਈਕਲਾਂ ਦੀ ਸਟੰਟਬਾਜੀ ਅਤੇ ਹੁੱਲੜਬਾਜੀ ਕਰਕੇ ਸ਼ਰਧਾ ਤੇ ਸਤਿਕਾਰ ਭਰੇ ਵਾਤਾਵਰਨ ਨੂੰ ਖ਼ਰਾਬ ਕਰਦੇ ਹਨ। ਇੱਥੇ ਨੌਜਵਾਨਾਂ ਦੇ ਮਾਪਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ‘ਨਿੱਕੀਆਂ ਜਿੰਦਾਂ, ਵੱਡੇ ਸਾਕੇ’ ਦੇ ਲਾਸਾਨੀ ਇਤਿਹਾਸ ਅਤੇ ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਦੇ ਕਰੁਣਾ, ਵੈਰਾਗ ਅਤੇ ਬੀਰਤਾ ਭਰੇ ਇਤਿਹਾਸ ਤੋਂ ਜਾਣੂ ਕਰਵਾਉਣ ਤਾਂ ਜੋ ਸਿੱਖ ਨੌਜਵਾਨ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਮਹਾਨ ਕੁਰਬਾਨੀਆਂ ਤੋਂ ਸੇਧ ਲੈ ਕੇ ਆਪਣੇ ਧਰਮ, ਵਿਰਸੇ ਅਤੇ ਸੰਸਕਾਰਾਂ ਦੇ ਪ੍ਰਪੱਕ ਧਾਰਨੀ ਬਣ ਸਕਣ।